ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ&#25

Status
Not open for further replies.

→ ✰ Dead . UnP ✰ ←

→ Pendu ✰ ←
Staff member
ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀਤਾ ਗਿਆ?

(ਡਾਕਟਰ ਹਰਜਿੰਦਰ ਸਿੰਘ ਦਿਲਗੀਰ)


(ੳ) ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਦਸਮਗ੍ਰੰਥ ਵਿਚ ਕੀ ਹੈ? ਇਸ ਵਿਚਲੀਆਂ ਕਵਿਤਾਵਾਂ ਵਿਚ ਮੁਖ ਇਹ ਹਨ:

1. ਚੰਡੀ/ਦੁਰਗਾ/ਭਗਵਤੀ ਦੀ ਸਿਫ਼ਤ ਵਿਚ 3 ਵਾਰਾਂ (74-127 ਤਕ, 54 ਸਫ਼ੇ)
2. ਹਿੰਦੂ ਅਵਤਾਰਾਂ ਦੀਆਂ ਸਿਫ਼ਤਾਂ, ਚੌਬੀਸ ਅਵਤਾਰ, ਬ੍ਰਹਮਾ ਅਵਤਾਰ, ਰੁਦ੍ਰ ਅਵਤਾਰ (155-709, 555 ਸਫ਼ੇ), ਯਾਨਿ (54+555) 609 ਸਫ਼ਿਆਂ ਵਿਚ ਕਾਲਪਨਿਕ ਹਿੰਦੂ ਅਵਤਾਰਾਂ, ਦੇਵੀ-ਦੇਵਤਿਆਂ ਦੀਆਂ ਕਹਾਣੀਆਂ ਹਨ ਤੇ ਉਨ੍ਹਾਂ ਦੇ ਕਾਰਨਾਮਿਆਂ ਅਤੇ ਤਾਕਤ ਦੀਆਂ ਸਿਫ਼ਤਾਂ ਕੀਤੀਆਂ ਗਈਆਂ ਹਨ।
3. ਸ਼ਸਤ੍ਰ ਨਾਮ ਮਾਲਾ (717-808, 92 ਸਫ਼ੇ); ਯਾਨਿ ਪੁਰਾਣੇ ਜ਼ਮਾਨੇ ਦੇ ਸ਼ਸਤਰਾਂ ਦੀਆਂ ਸਿਫ਼ਤਾਂ ਹਨ।
4. ਚਰਿਤਰੋਪਾਖਯਾਨ (809-1388, 580 ਸਫ਼ੇ)+ਹਕਾਇਤਾਂ (1394-1428, 35 ਸਫ਼ੇ), ਕੁਲ 615 ਸਫ਼ੇ ਹਨ, ਯਾਨਿ ਕੰਜਰ ਔਰਤਾਂ ਦੀਆਂ ਕਹਾਣੀਆਂ।
5. ਬਚਿਤਰ ਨਾਟਕ (39-73, 35 ਸਫ਼ੇ), ਜਿਸ ਵਿਚ ਪਹਿਲਾ ਅੱਧਾ ਹਿੱਸਾ ਮਿਥਹਾਕਸ ਗੱਪਾਂ ਤੇ ਦੂਜਾ ਅੱਧਾ ਹਿੱਸਾ 1685 ਤੋਂ 1696 ਤਕ ਦੀਆਂ ਘਟਨਾਵਾਂ ਹਨ।
6. ਫੁਟਕਲ (709-712, 4 ਸਫ਼ੇ), ਜ਼ਫ਼ਰਨਾਮਾ (1389-94, 6 ਸਫ਼ੇ),
7. ਜਾਪੁ, ਸਵੈਯੇ, ਅਕਾਲ ਉਸਤਤ (1-38).

ਇੰਞ ਇਸ ਅਖੋਤੀ ਦਸਮਗ੍ਰੰਥ ਵਿਚ 609 ਸਫ਼ੇ ਕਾਲਪਨਿਕ ਹਿੰਦੂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਨਾਲ (ਤੇ ਬਚਿਤਰ ਨਾਟਕ ਦੇ ਪਹਿਲੇ 20 ਸਫ਼ੇ ਵੀ ਹਿੰਦੂ ਮਿਥਹਾਸ ਦੀਆਂ ਗੱਪਾਂ ਦੀਆਂ ਕਹਾਣੀਆਂ ਹਨ), 615 ਸਫ਼ੇ ਕੰਜਰ ਔਰਤਾਂ ਦੇ ਕਾਰਨਾਮਿਆਂ ਨਾਲ, 92 ਸਫ਼ੇ ਪੁਰਾਣੇ ਹਥਿਆਰਾਂ ਬਾਰੇ ਹਨ। ਕੁਲ ਮਿਲਾ ਕੇ (609 + 615 + 20 + 92) 1346 ਸਫ਼ੇ, ਯਾਨਿ 96%, ਅਜਿਹੇ ਹਨ ਜਿਨ੍ਹਾਂ ਦਾ ਸਿੱਖ ਧਰਮ ਨਾਲ, ਰੂਹਾਨੀਅਤ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ।ਇਨ੍ਹਾਂ ਸਫ਼ਿਆਂ ਵਿਚ ਨਾ ਰੱਬ ਦੀ ਗੱਲ ਹੈ, ਨਾ ਗੁਰੂ ਦੀ, ਨਾ ਨਾਮ ਜਪਣ ਦੀ, ਨਾ ਧਰਮ ਦੀ, ਨਾ ਰੂਹ ਦੀ। ਕਿੰਨੀ ਸ਼ਰਮ ਦੀ ਗੱਲ ਹੈ ਕਿ ਕੁਝ ਲੋਕ ਇਸ ਦਾ ਮੁਕਾਬਲਾ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਹਨ ਅਤੇ ਇਸ ਕਿਤਾਬ ਨੂੰ ਉਸ ਦੇ ਬਰਾਬਰ ਰਖਦੇ ਹਨ। ਇਹ ਲੋਕ ਕਿਹੜਾ ਮੂੰਹ ਲੈ ਕੇ ਗੁਰੂ ਦੀ ਦਰਗਾਹ ਵਿਚ ਪੇਸ਼ ਹੋਣਗੇ? ਇਸ ਤੋਂ ਵੱਡਾ ਪਾਪ ਹੋਰ ਕੀ ਹੋ ਸਕਦਾ ਹੈ? ਇਸ ਤੋਂ ਵੱਡਾ ਪਾਪ ਹੋਰ ਕੋਈ ਨਹੀਂ ਹੋ ਸਕਦਾ!

(ਅ) ਦੂਜਾ ਅਹਿਮ ਸਵਾਲ ਹੈ ਹਰ ਇਕ ਸਿੱਖ ਦੇ ਮਨ ਵਿਚ ਆਉਂਦਾ ਹੈ ਕਿ ਜੇ ਇਹ ਦਸਮਗ੍ਰੰਥ ਸਿੱਖਾਂ ਦਾ ਗ੍ਰੰਥ ਸੀ ਤਾਂ ਕਦੇ ਕਿਸੇ ਸਿੱਖ ਰਾਜੇ ਨੇ ਇਸ ਦਾ ਨਾਂ ਨਹੀਂ ਲਿਆ; ਸਿੰਘ ਸਭਾ ਲਹਿਰ (ਦੋਵੇਂ ਗਰੁੱਪ) ਨੇ ਇਸ ਨੂੰ ਪ੍ਰਚਾਰਿਆ ਨਹੀਂ; ਅਕਾਲੀ ਦਲਾਂ ਨੇ ਇਸ ਦੀ ਕਦੇ ਗੱਲ ਨਹੀਂ ਕੀਤੀ ਸੀ; ਹੋਰ ਤਾਂ ਹੋਰ ਪਹਿਲਾਂ ਕਿਸੇ ਡੇਰੇ (ਸਣੇ ਭਿੰਡਰਾਂ ਗੁਰੱਪ ਦੇ ਡੇਰੇ: ਚੌਕ ਮਹਿਤਾ, ਸੰਗਰਾਵਾਂ, ਸੱਤੋਵਾਲੀ, ਲੰਮਾ ਜੱਟਪੁਰਾ) ਨੇ ਇਸ ਅਖੌਤੀ ਗ੍ਰੰਥ ਵਾਸਤੇ ਕਦੇ ਵੀ, ਜ਼ਰਾ-ਮਾਸਾ ਵੀ, ਮੁਹਿੰਮ ਕਿਉਂ ਨਹੀਂ ਚਲਾਈ ਸੀ? ਇਸ ਦਾ ਪ੍ਰਚਾਰ 2006 ਵਿਚ ਕਿਉਂ ਸ਼ੁਰੂ ਹੋਇਆ?

ਇਸ ਦੇ ਦੋ ਮੁਖ ਕਾਰਨ ਹਨ:

(1) ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਦੀ ਸਾਜ਼ਿਸ਼

2004 ਵਿਚ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਿਆਰ ਹੋਣ ਦੀ ਚੌਥੀ ਸ਼ਤਾਬਦੀ ਮਨਾਈ ਸੀ ਅਤੇ 2008 ਵਿਚ ਇਸ ਦੀ ਗੁਰਗੱਦੀ ਦੀ ਤੀਜੀ ਸ਼ਤਾਬਦੀ ਮਨਾਉਣ ਜਾ ਰਹੇ ਸਨ। ਇਸ ਨਾਲ ਦੁਨੀਆਂ ਭਰ ਦੇ ਲੋਕਾਂ ਵਿਚ ‘ਸ਼ਬਦ ਗੁਰੂ’ ਦੀ ਅਹਮੀਅਤ ਦਾ ਪ੍ਰਚਾਰ ਹੋਣਾ ਸੀ। ‘ਸ਼ਬਦ ਗੁਰੂ’ ਦਾ ਫ਼ਲਸਫ਼ਾ ਦੁਨੀਆਂ ਵਿਚ ਕਿਸੇ ਧਰਮ ਕੋਲ ਨਹੀਂ ਅਤੇ ਧਰਮ ਅਤੇ ਫ਼ਲਸਫ਼ੇ ਵਿਚ ਇਸ ਤੋਂ ਉਪਰ ਕੋਈ ਗੱਲ ਨਹੀਂ ਹੋ ਸਕਦੀ। ਇਸ ਨੂੰ ਛੁਟਿਆਉਣ ਵਾਸਤੇ ਦੁਨੀਆਂ ਭਰ ਵਿਚ ਸਾਜ਼ਸਾਂ ਘੜੀਆਂ ਗਈਆਂ ਸਨ।

ਸਭ ਤੋਂ ਪਹਿਲੀ ਸਾਜ਼ਸ਼ ਖਾਲਸੇ ਦੀ ਤੀਜੀ ਸ਼ਤਾਬਦੀ (1999) ਤੋਂ ਇਕ ਦਮ ਬਾਅਦ ਘੜੀ ਗਈ ਸੀ ਜਿਸ ਹੇਠ ਸਿੱਖਾਂ ਵਿਚ ਸਾਧਾਂ ਦੇ ਵੱਗ ਪੈਦਾ ਕੀਤੇ ਗਏ; ਉਨ੍ਹਾਂ ਦਾ ਪ੍ਰਚਾਰ ਤੇ ਪਰਸਾਰ ਕੀਤਾ ਗਿਆ; ਮੀਡੀਆ ਅਤੇ ਸਿੱਖ ਵਿਰੋਧੀ ਅਦਾਰਿਆਂ ਰਾਹੀਂ ਉਨ੍ਹਾਂ ਨੂੰ ਸਿੱਖਾਂ ਵਿਚ ਕਾਇਮ ਕਰਨ ਵਾਸਤੇ ਸਾਰਾ ਜ਼ੋਰ ਲਾਇਆ ਗਿਆ। ਸਾਧਾਂ ਦਾ ਜਿੰਨਾ ਪ੍ਰਚਾਰ ਇਸ ਕਾਲ ਵਿਚ ਹੋਇਆ ਸੀ ਉਹ ਪਹਿਲਾਂ ਕਦੇ ਨਹੀਂ ਹੋਇਆ ਸੀ ਅਤੇ ਇਸ ਦਾ ਸਿਰਫ਼ ਇਕੋ-ਇਕ ਕਾਰਨ ਸੀ: “ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂਆਂ ਦੇ ਸ਼ਰੀਕ ਪੈਦਾ ਕੀਤੇ ਜਾਣ; ਦੂਜਾ ਸਿੱਖਾਂ ਦਾ ਸਰਮਾਇਆ ਇਨ੍ਹਾਂ ਸਾਧਾਂ ਦੇ ਡੇਰਿਆਂ ‘ਤੇ ਪੁੱਜੇ ੳਤੇ ਸਿੱਖ ਗੁਰਦੁਆਰਿਆਂ ਨੂੰ ਛੱਡ ਕੇ ਡੇਰਿਆਂ ਨਾਲ ਜੁੜ ਜਾਣ। ਇਸ ਪ੍ਰਾਜੈਕਟ ਵਿਚ ਸਾਰੀਆਂ ਸਿੱਖ ਦੁਸ਼ਮਣ ਧਿਰਾਂ ਨੇ ਰੋਲ ਅਦਾ ਕੀਤਾ ਅਤੇ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ । ਅਜ ਪੰਜਾਬ ਵਿਚ ਘਟੋ ਘਟ 25 ਡੇਰੇ ਅਜਿਹੇ ਹਨ ਜਿਨ੍ਹਾਂ ਦੀ ਆਮਦਨੀ ਦਰਬਾਰ ਸਾਹਿਬ ਤੋਂ ਕਿਤੇ ਵਧ ਹੈ ਅਤੇ 500 ਡੇਰੇ ਅਜਿਹੇ ਹਨ ਜਿਨ੍ਹਾਂ ਦੀ ਆਮਦਨ ਬਹੁਤ ਵੱਡੇ ਤਵਾਰੀਖ਼ੀ ਗੁਰਦੁਆਰਿਆਂ ਤੋਂ ਵੀ ਵਧ ਹੈ। ਪੰਜਾਬ ਦੇ ਸ਼ਹਿਰਾਂ ਅਤੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿਚ 15000 ਦੇ ਕਰੀਬ ਗੁਰਦਆਰੇ ਹਨ ਪਰ ਡੇਰਿਆਂ ਦੀ ਗਿਣਤੀ ਇਨ੍ਹਾਂ ਤੋਂ ਕਿਤੇ ਵਧ ਹੈ। ਦੂਜਾ ਇਨ੍ਹਾਂ ਦੀਆਂ ਜ਼ਮੀਨਾਂ ਅਤੇ ਆਮਦਨਾਂ ਗੁਰਦੁਆਰਿਆਂ ਦੀਆਂ ਕੁਲ ਆਮਦਨਾਂ ਤੋਂ ਬਹੁਤ ਹੀ ਵਧ ਹਨ। ਸਿੱਖਾਂ ਨੂੰ ਗੁਰਦੁਆਰਿਆਂ ਤੋਂ ਡੇਰਿਆਂ ਵਿਚ ਲੈ ਜਾਣਾ ਸਿੱਖ ਦੁਸ਼ਮਣਾਂ ਦੀ ਬਹੁਤ ਬਹੁਤ ਵੱਡੀ ਕਾਮਯਾਬੀ ਹੈ। ਰਾਧਾ ਸੁਆਮੀ, ਨਾਮਧਾਰੀ, ਨੂਰਮਹਿਲੀਆ, ਸਰਸਾ ਡੇਰਾ, ਭਨਿਆਰਾ ਵਗ਼ੈਰਾ ਦੀਆਂ ਕਾਰਵਾਈਆਂ ਇਸ ਸਾਜ਼ਸ਼ ਤੋਂ ਵਖਰੀਆਂ ਹਨ।

ਦੂਜੀ ਸਾਜ਼ਿਸ਼ 2006 ਵਿਚ ਘੜੀ ਗਈ ਜਿਸ ਹੇਠ ਅਖੋਤੀ ਦਸਮਗ੍ਰੰਥ ਨਾਂ ਦੀ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆਉਣ ਦੀ ਕਰਤੂਤ ਕੀਤੀ ਗਈ। 13 ਨਵੰਬਰ 2006 ਦੇ ਦਿਨ ਦਿਆਲਪੁਰਾ ਭਾਈਕਾ ਵਿਚ ਦਸਮਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਪਾਠ ਕੀਤੇ ਗਏ ਤੇ ਗੁਰੂ ਦਾ ਇਕ ਹੋਰ ਸ਼ਰੀਕ ਪੈਦਾ ਕੀਤਾ ਗਿਆ। ਇਕ ਪਾਸੇ ਰੱਬ, ਨਾਮ, ਭਗਤੀ ਦਾ ਪਾਠ ਹੋ ਰਿਹਾ ਸੀ ਤੇ ਦੁਜੇ ਪਾਸੇ ਰਾਮ, ਕ੍ਰਿਸ਼ਨ, ਰੁਦਰ, ਨੇਹਕਲੰਕੀ, ਵਿਸ਼ਨੂ ਤੇ ਦੁਰਗਾ ਦੀਆਂ ਸਿਫ਼ਤਾਂ ਉਚਾਰੀਆਂ ਜਾ ਰਹੀਆਂ ਸਨ ਤੇ ਜਾਂ ਫਿਰ ਕਾਮ, ਭੋਗ ਕਰਨ ਦੇ ਵੱਖ-ਵੱਖ ਆਸਨਾਂ ਅਤੇ ਸਾਜ਼ਸ਼ਾਂ ਘੜਨ ਦੇ ਤਰੀਕਿਆਂ ਦਾ ਪਾਠ ਕੀਤਾ ਜਾ ਰਿਹਾ ਸੀ। ਕੇਸ ਦਾੜ੍ਹੀ ਰੱਖ ਕੇ, ਪੱਗਾਂ ਬੰਨ੍ਹ ਕੇ ਇਸ ਕੰਜਰ ਹਰਕਤ ਕਰਨ ਵਾਲਿਆਂ ਨੂੰ ਜ਼ਰਾ ਮਾਸਾ ਵੀ ਸ਼ਰਮ ਨਾ ਆਈ। ਪਰ, ਉਨ੍ਹਾਂ ਦੀ ਰੂਹ ਵਿਚ ਮੱਸਾ ਰੰਘੜ ਦਾ ਵਾਸਾ ਹੋ ਚੁਕਾ ਸੀ; ਉਨ੍ਹਾਂ ਦੇ ਅੰਦਰ ਕਾਮੀ ਦੇਵਤਿਆਂ ਦੀਆਂ ਰੂਹਾਂ ਦਾ ਡੇਰਾ ਵਸ ਚੁਕਾ ਸੀ। ਗੁਰੂ ‘ਤੇ ਇਸ ਤੋਂ ਵੱਡਾ ਹਮਲਾ ਕੀ ਹੋ ਸਕਦਾ ਸੀ?

2 ਖਾਲਿਸਤਾਨ ਦੀ ਗੱਲ ਖ਼ਤਮ ਕਰਨ ਦੀ ਸਾਜ਼ਿਸ਼

ਇਸ ਦਸਮ ਗ੍ਰੰਥ ਨਾਂ ਦੀ ਕਿਤਾਬ ਨੂੰ ਸਿੱਖਾਂ ਵਿਚ ਪ੍ਰਚਾਰਨ ਦਾ ਦੂਜਾ ਕਾਰਨ ਇਹ ਸੀ ਕਿ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਖਾਲਿਸਤਾਨ, ਆਜ਼ਾਦ ਸਿੱਖ ਮੁਲਕ, ਖ਼ੁਦਮੁਖ਼ਤਿਆਰੀ ਦਾ ਹਿਮਾਇਤੀ ਸੀ; ਉਦੋਂ ਤਾਂ 99% ਸਿੱਖ ਆਜ਼ਾਦੀ ਚਾਹੁੰਦੇ ਸਨ (ਹੁਣ ਇਹ ਗਿਣਤੀ ਬਹੁਤ ਘਟ ਹੈ, ਕਿਉਂ ਘਟੀ ਹੈ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਇਕ ਵਖਰਾ ਤੇ ਵੱਡਾ ਲੇਖ ਲਿਖਾਂਗਾ)।
ਸਿੱਖਾਂ ਵਿਚ ਖ਼ੁਦਮੁਖ਼ਤਿਆਰੀ ਦੀ ਮੰਗ ਦੇ ਪਿੱਛੇ ਮੁਖ ਕਾਰਨ ਇਹ ਸੀ ਕਿ ਉਹ ਆਪਣੇ ਆਪ ਨੂੰ ਵੱਖਰਾ ਧਰਮ, ਵਖਰੀ ਕੌਮ ਤੇ ਵਖਰੀ ਨਸਲ ਮੰਨਦੇ ਹਨ। ਇਨ੍ਹਾਂ ਨੂੰ ਖ਼ੁਦਮੁਖ਼ਤਿਆਰੀ ਅਤੇ ਖਾਲਿਸਤਾਨ ਤੋਂ ਹਟਾਉਣ ਵਾਸਤੇ ‘ਸਿੱਖਾਂ ਵਿਚ ਵਖਰੇਪਣ ਤੇ ਨਿਆਰੇਪਣ ਦਾ ਅਹਿਸਾਸ’ ਖ਼ਤਮ ਕਰਨ ਵਾਸਤੇ ਇਕ ਪਾਸੇ ਖ਼ੁਫ਼ੀਆ ਅਤੇ ਦੂਜੇ ਪਾਸੇ ਜ਼ਾਹਰਾ ਲਹਿਰ ਚਲਾਈ ਗਈ ਸੀ। ਪਿਛਲੇ 50 ਸਾਲ ਤੋਂ ਹੀ, ਪਰ ਖਾਸ ਕਰ ਕੇ 1997 ਤੋਂ ਬਾਦਲ ਸਰਕਾਰ ਦੇ ਵੇਲੇ ਤੋਂ, ਆਰ.ਐਸ.ਐਸ., ਹਿੰਦੂ ਪ੍ਰੀਸ਼ਦ, ਭਾਰਤੀ ਜਨਤਾ ਪਾਰਟੀ, ਸ਼ਿਵ ਸੈਨਾ ਤੇ ਹੋਰ ਫ਼ਿਰਕੂ ਹਿੰਦੂ ਪਾਰਟੀਆਂ, ਜਮਾਤਾਂ ਅਤੇ ਅਦਾਰਿਆਂ ਨੇ ਸਿੱਖਾਂ ਨੂੰ ਹਿੰਦੂ ਕਹਿਣ ਤੇ ਪ੍ਰਚਾਰਨ ਦੀ ਮੁਹਿੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਰੱਖੀ ਸੀ।ਪਰ ਦੂਜੇ ਪਾਸੇ ਸਿੱਖ ਮਿਸ਼ਨਰੀਆਂ, ਵਿਦਵਾਨਾਂ ਅਤੇ ਪ੍ਰਚਾਰਕਾਂ ਨੇ ਇਸ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ 1981 ਦੇ ‘ਸਿੱਖ ਵਖਰੀ ਕੌਮ ਹੈ’ ਦੇ ਐਲਾਨ-ਨਾਮੇ ਨੂੰ ਖ਼ੂਬ ਪਰਚਾਰਿਆ- ਇਸ ਨਾਲ ਇਹ ਫ਼ਿਰਕੂ ਹਿੰਦੂ ਪੱਤਾ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ।

(ੲ) ਥਰਡ ਏਜੰਸੀ ਦੀ ਪਲਾਨਿੰਗ

ਇਸ ਨਿਸ਼ਾਨੇ ਦੀ ਪੂਰਤੀ ਵਾਸਤੇ ਸਿੱਖ ਦੁਸ਼ਮਣ ‘ਥਰਡ ਏਜੰਸੀ’ ਨੇ ਬਹੁਤ ਸੂਖਮ ਹਥਿਆਰ ਵਰਤਣ ਦੀ ਪਲਾਨ ਬਣਾਈ; ਉਹ ਸੀ ਦਸਮਗ੍ਰੰਥ ਦਾ ਪ੍ਰਚਾਰ।

ਦਸਮ ਗ੍ਰੰਥ ਪ੍ਰਚਾਰਨ ਦਾ ਮਕਸਦ ਕਾਲਪਨਿਕ ਹਿੰਦੂ ਅਵਤਾਰਾਂ ਦੀਆਂ ਕਥਾ ਕਹਾਣੀਆਂ, ਉਨ੍ਹਾਂ ਦੇ ਕਾਰਨਾਮੇ, ਉਨ੍ਹਾਂ ਦੀ ਤਾਕਤ, ਉਨ੍ਹਾਂ ਦੀਆਂ ਸਿਫ਼ਤਾਂ ਸੁਣਾਉਣਾ ਅਤੇ ਇਨ੍ਹਾਂ ਦੇਵੀ ਦੇਵਤਿਆਂ ਵਾਸਤੇ ਸਿੱਖਾਂ ਵਿਚ ਸ਼ਰਧਾ ਭਰਨਾ। ਇਸ ਮਕਸਦ ਦੀ ਪੂਰਤੀ ਵਾਸਤੇ ਕਈ ਅਹਿਮ ਐਕਸ਼ਨ ਕੀਤੇ ਗਏ, ਜਿਨ੍ਹਾਂ ਵਿਚੋਂ ਕੁਝ ਇਹ ਹਨ:

1. ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਧਰਮ ਹੈ ਅਤੇ ਦਸਮਗ੍ਰੰਥ ਸਿਆਸਤ; ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਹੈ ਅਤੇ ਦਸਮਗ੍ਰੰਥ ਅਕਾਲ ਤਖ਼ਤ; ਗੁਰੂ ਗ੍ਰੰਥ ਸਾਹਿਬ ਵਿਚ ਸ਼ਾਂਤੀ ਹੈ ਅਤੇ ਦਸਮਗ੍ਰੰਥ ਵਿਚ ਰੋਹ ਹੈ; ਯਾਨਿ ਦਸਮਗ੍ਰੰਥ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਅਪੂਰਨ ਹੈ। ਦਸਮਗ੍ਰੰਥ ਵਿਚ 95% ਕੀ ਹੈ, ਇਹ ਮੈਂ ਸ਼ੁਰੂ ਵਿਚ ਦਸ ਆਇਆ ਹਾਂ), ਪਰ ਇਨ੍ਹਾਂ ਨੇ ਦਸਮਗ੍ਰੰਥ ਨੂੰ ਸਿਰਫ਼ ਇਕ ਸੌਂਤਨ ਹੀ ਨਹੀਂ ਸਗੌਂ ਮਹਾਰਾਣੀ ਦੇ ਰੂਪ ਵਿਚ ਪੇਸ਼ ਕੀਤਾ ਗਿਆ।
2. ਇਹ ਪ੍ਰਚਾਰ ਕੀਤਾ ਗਿਆ ਕਿ ਦਸਮਗ੍ਰੰਥ ਦਾ ਇਕ ਪਾਠ ਗੁਰੂ ਗ੍ਰੰਥ ਸਾਹਿਬ ਦੇ 10, 20, 100 ਪਾਠ ਦੇ ਬਰਾਬਰ ਹੈ, ਯਾਨਿ ਗੁਰੂ ਗ੍ਰੰਥ ਸਾਹਿਬ ਛੋਟਾ ਹੈ।
3. ਗੁਰਦੁਆਰਿਆਂ ਵਿਚ, ਖ਼ਾਸ ਕਰ ਕੇ ਦਰਬਾਰ ਸਾਹਿਬ ਵਿਚ, ਅਖੋਤੀ ਦਸਮਗ੍ਰੰਥ ਦੀਆਂ ਕਵਿਤਾਵਾਂ ਨੂੰ ਕੀਰਤਨ ਵਜੋਂ ਗਾਉਣਾ ਸ਼ੁਰੂ ਕੀਤਾ ਗਿਆ। ਦਸਮਗ੍ਰੰਥ ਵਿਚੋਂ ਕਵਿਤਾਵਾਂ ਨਾ ਗਾਉਣ ਵਾਲੇ ਰਾਗੀਆਂ ਨੂੰ ਦਰਬਾਰ ਸਾਹਿਬ ਵਿਚ ਕੀਰਤਨ ਦੇਣਾ ਅਣਐਲਾਨੇ ਤੌਰ ‘ਤੇ ਬੰਦ ਕੀਤਾ ਗਿਆ।
4. ਸਾਧ ਟੋਲੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਬੰਦ ਕਰਵਾ ਕੇ ਜਾਂ ਘਟਾ ਕੇ ਉਨ੍ਹਾਂ ਨੂੰ ਸਸਤੀਆਂ ਕਵਿਤਾਵਾਂ ਤੇ ਗਾਣਿਆਂ ਦਾ ‘ਕੀਰਤਨ’ ਸ਼ੁਰੂ ਕਰਵਾਇਆ ਗਿਆ। ਅੱਜ 90% ਸਾਧ ਕਵਿਤਾਵਾਂ ਸੁਣਾਉਂਦੇ ਹਨ, ਗੁਰਬਾਣੀ ਦਾ ਕੀਰਤਨ ਨਹੀਂ ਕਰਦੇ ਅਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਕਹਿੰਦੇ ਹਨ ਕਿ ਗੁਰਬਾਣੀ ਮੁਸ਼ਕਿਲ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇ ਕਵਿਤਾਵਾਂ ਸਮਝ ਆ ਜਾਂਦੀਆਂ ਹਨ; ਫਿਰ ਹੋਰ ਪਾਪ ਇਹ ਕਰਦੇ ਹਨ ਕਿ ਕਵਿਤਾਵਾਂ ਨੂੰ ‘ਕੱਚੀ ਬਾਣੀ’ ਕਹਿ ਕੇ ਬਾਣੀ ਦੇ ਨੇੜੇ ਦਾ ਦਰਜਾ ਦੇ ਦੇਂਦੇ ਹਨ।।
5. ਹੁਣ ਕਈ ਗੁਰਦੁਅਰਿਆਂ ਵਿਚ ਅਖੋਤੀ ਦਸਮਗ੍ਰੰਥ ਦਾ ‘ਪ੍ਰਕਾਸ਼’ ਵੀ ਕਰ ਦਿੱਤਾ ਗਿਆ। ਪਹਿਲਾਂ ਸਿਰਫ਼ ਕਾਂਗਰਸ ਸਰਕਾਰ ਦੇ ਪ੍ਰਬੰਧ ਹੇਠਲੇ ਨੰਦੇੜ ਅਤੇ ਪਟਨਾ ਵਿਚ ਦਸਮਗ੍ਰੰਥ ਪਿਆ ਹੋਇਆ ਸੀ ਜਾਂ ਦਿੱਲੀ ਦੇ ਸਰਕਾਰੀ ਸਾਧ ਵਿਰਸਾ ਸਿੰਘ ਦੇ ਡੇਰੇ ‘ਤੇ ਸੀ। ਪਰ 2006 ਤੋਂ ਬਾਅਦ ‘ਥਰਡ ਏਜੰਸੀ’ ਰਾਹੀਂ ਚੌਕ ਮਹਿਤਾ ਅਤੇ ਹੋਰ ਕਈ ਡੇਰਿਆਂ ਵਿਚ ਇਸ ਦਾ ਪ੍ਰਕਾਸ਼ ਕਰਵਾ ਦਿੱਤਾ ਗਿਆ ਹੈ।
ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਹ ਤਰੀਕੇ ਵਰਤ ਕੇ ਤੋੜਿਆ ਗਿਆ ਹੈ।


ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ (ਬਾਕੀ ਸ਼ਹੀਦ) ਅਤੇ ਦਸਮਗ੍ਰੰਥ

ਕੁਝ ਭੋਲੇ ਲੋਕ (ਅਤੇ ਆਰ.ਐਸ.ਐਸ. ਦੇ ਏਜੰਟ ਅਤੇ ਸ਼ਰਾਰਤੀ ਲੋਕ ਖ਼ਾਸ ਕਰ ਕੇ) ਇਹ ਪ੍ਰਚਾਰ ਕਰਦੇ ਹਨ ਕਿ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਾ ਦਸਮਗ੍ਰੰਥ ਦੇ ਹਿਮਾਇਤੀ ਸਨ, ਇਸ ਕਰ ਕੇ ਉਸ ਨੂੰ ਕਬੂਲ ਕਰਨਾ ਚਾਹੀਦਾ ਹੈ। ਪਹਿਲੀ ਗੱਲ ਤਾਂ ਗਿਆਨੀ ਜਰਨੈਲ ਸਿੰਘ ਜੀ ਜੱਥਾ ਭਿੰਡਰਾਂ-ਮਹਿਤਾ ਦਾ ਹਿੱਸਾ ਸਨ ਤੇ ਇਹ ਜੱਥਾ ਗਿਆਨੀ ਗੁਰਬਚਨ ਸਿੰਘ ਦਾ ਕਾਇਮ ਕੀਤਾ ਹੋਇਆ ਸੀ। ਉਨ੍ਹਾਂ ਦੇ ਚੇਲੇ ਹੋਣ ਕਾਰਨ ਇਹ ਸਾਰੇ ਅੱਖਾਂ ਬੰਦ ਕਰ ਕੇ ਉਸ ਗੱਲ 'ਤੇ ਅਮਲ ਕਰਦੇ ਸੀ (ਅਤੇ ਕਰਦੇ ਹਨ) ਜਿਹੜੀ ਗੱਲ ਗਿਆਨੀ ਗੁਰਬਚਨ ਸਿੰਘ ਨੇ ਕਹਿ/ਲਿਖ ਦਿੱਤੀ। ਯਾਨਿ, ਉਹ ਇਨ੍ਹਾਂ ਵਾਸਤੇ ਗੁਰੂ ਹੀ ਨਹੀਂ, ਬਲ ਕਿ ਰੱਬ ਹੈ।ਗਿਆਨੀ ਜਰਨੈਲ ਸਿੰਘ ਜੀ ਵੱਲੋਂ ਦਸਮਗ੍ਰੰਥ ਦੀ ਹਿਮਾਇਤ ਕਰਨ ਦਾ ਕਾਰਨ ਇਹੀ ਸੀ। ਦੂਜਾ, ਗਿਆਨੀ ਜਰਨੈਲ ਸਿੰਘ ਜੀ ਬਹੁਤਾ ਪੜ੍ਹੇ ਲਿਖੇ ਨਹੀਂ ਸਨ ਤੇ ਇਸ ਕਰ ਕੇ ਇਸ ਕਿਤਾਬ (ਦਸਮਗ੍ਰੰਥ) ਨੂੰ ਪੜ੍ਹ ਨਹੀਂ ਸਕੇ ਹੋਣਗੇ ਤੇ ਇਸੇ ਕਰ ਕੇ ਇਸ ਹਿੰਦੂ ਗ੍ਰੰਥਾਂ ਦੇ ਤਰਜਮੇ ਅਤੇ ਚਰਿਤ੍ਰੋਪਾਖਯਾਨ ਵਰਗੇ ਗੰਦ ਮੰਦ ਨੂੰ ਰੱਦ ਨਾ ਕਰ ਸਕੇ। ਜੇ ਉਹ ਪੜ੍ਹ ਲੈਂਦੇ ਤਾਂ ਸਾਇਦ ਉਹ ਇਸ ਕੂੜ ਕਬਾੜੇ ਨੂੰ ਗੁਰੂ ਦੀ ਰਚਨਾ ਨਾ ਕਹਿੰਦੇ।ਇਕ ਹੋਰ ਗਪੌੜਾ ਇਹ ਪਰਚਾਰਿਆ ਜਾ ਰਿਹਾ ਹੈ ਕਿ ਜੂਨ 1984 ਵਿਚ ਸ਼ਹੀਦ ਹੋਣ ਵਾਲੇ ਇਸ ਗ੍ਰੰਥ ਦੇ ਹਿਮਾਇਤੀ ਸਨ ਜਾਂ ਇਸ ਨੂੰ ਪੜ੍ਹ ਕੇ ਸ਼ਹੀਦ ਹੋਏ ਸਨ। ਇਹ ਵੀ ਨਿਰੀ ਗੱਪ ਹੈ। ਜਿਹੜੇ ਜੂਨ 1984 ਵਿਚ ਸ਼ਹੀਦ ਹੋਏ ਸਨ, ਉਨ੍ਹਾਂ ਵਿਚੋਂ 90% ਨੇ ਇਸ ਕਿਤਾਬ ਨੂੰ (ਜਾਪੁ, ਸਵੈਯੇ, ਚੌਪਈ, ਅਕਾਲ ਉਸਤਤ ਤੇ ਇਕ ਦੋ ਹੋਰ ਛੱਡ ਕੇ, ਯਾਨਿ 90%) ਕਦੇ ਨਹੀਂ ਪੜ੍ਹਿਆ ਸੀ। ਸ਼ਹੀਦ ਹੋਣ ਵਾਲਿਆਂ ਵਿਚੋਂ ਅੱਧਿਆਂ ਨੂੰ ਤਾਂ ਮੈਂ ਨਿਜੀ ਤੌਰ 'ਤੇ ਜਾਣਦਾ ਸੀ। ਉਂਞ ਇਸ ਤੋਂ ਇਹ ਸਵਾਲ ਵੀ ਉਠਦਾ ਹੈ ਕਿ ਨੌਵੇਂ ਗੁਰੂ ਤਕ ਸ਼ਹੀਦ ਹੋਣ ਵਾਲਿਆਂ ਨੇ ਤਾਂ ਇਹ ਹਰਗਿਜ਼ ਨਹੀਂ ਪੜ੍ਹਿਆ ਹੋ ਸਕਦਾ, ਸੋ ਉਨ੍ਹਾਂ ਨੂੰ ਤਾਂ ਇਹ ਬੁਰਛਾਗਰਦ ਸਿੱਖ ਹੀ ਨਹੀਂ ਮੰਨਣਗੇ; ਇੰਞ ਤਾਂ ਇਹ ਲੋਕ ਨੌਂ ਗੁਰੂਆਂ ਨੂੰ ਵੀ ਸਿੱਖ ਨਹੀਂ ਮੰਨਣਗੇ।


ਦਸਮਗ੍ਰੰਥ ਦਾ ਅਸਰ ਕੀ ਹੋਵੇਗਾ?

ਥਰਡ ਏਜੰਸੀ ਦੀ ਪਲਾਨ ਸੀ ਕਿ ਦਸਮਗ੍ਰੰਥ ਦੇ ਪ੍ਰਚਾਰ ਤੇ ਪ੍ਰਸਾਰ ਮਗਰੋਂ ਹੌਲੀ-ਹੌਲੀ ਸਿੱਖਾਂ ਵਿਚ ਹਿੰਦੂ ਦੇਵੀ ਦੇਵਤਿਆਂ ਵਾਸਤੇ ਸ਼ਰਧਾ ਆਪਣੇ-ਆਪ ਬਣਦੀ ਜਾਵੇਗੀ ਅਤੇ 10-20 ਸਾਲ ਤਕ ਕੁਝ ਗੁਰਦੁਆਰਿਆਂ ਵਿਚ ਰਾਮ ਕ੍ਰਿਸ਼ਨ ਦੀਆਂ ਮੂਰਤੀਆਂ ਕਾਇਮ ਕਰਨ ਦਾ ਰਸਤਾ ਸਾਫ਼ ਹੋ ਜਾਵੇਗਾ (ਇਸ ਦੀ ਸ਼ੁਰੂਆਤ ਮਨੀਕਰਨ, ਲਛਮਣਚੇਲਾ ਰਾਮ ਦੇ ਡੇਰੇ ਅਤੇ ਚਮਨ ਲਾਲ ਦੇ ਡੇਰੇ ਤੋਂ ਕਰ ਦਿੱਤੀ ਗਈ ਹੈ)।
ਇਸ ਦਾ ਬਹਾਨਾ ਇਹ ਬਣਾਇਆ ਜਾਵੇਗਾ ਕਿ “ਵੇਖੋ ਜੀ ਦਸਮਗ੍ਰੰਥ ਵਿਚ ਇਨ੍ਹਾਂ ਦੇਵੀ ਦੇਵਤਿਆਂ ਦਾ ਜ਼ਿਕਰ ਹੈ।” ਨਿਰਮਲਾ ਡੇਰਿਆਂ ਦੀ ਰਹਿਰਾਸ ਵਿਚ ਤਾਂ ਪਹਿਲਾਂ ਹੀ ਇਨ੍ਹਾਂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਦਾ ‘ਪਾਠ’ ਹੋਣਾ ਸ਼ੁਰੂ ਹੋ ਚੁਕਾ ਹੈ, ਮਿਸਾਲ ਵਜੋਂ:

ਰਾਮ ਵਾਸਤੇ:
ਦੋਹਰਾ: ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ॥ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ॥1॥
ਚੌਪੲ:॥
ਜੋ ਇਹ ਕਥਾ ਸੁਨੈ ਅਰੁ ਗਾਵੈ॥ ਦੂਖ ਪਾਪ ਤਿਹ ਨਿਕਟ ਨਾ ਆਵੈ॥

ਵਿਸ਼ਨੂ ਵਾਸਤੇ:
ਬਿਸਨ ਭਗਤ ਕੀ ਏ ਫਲ ਹੋਈ॥ ਆਧਿ ਬਯਾਧਿ ਛ੍ਵੈ ਸਕੈ ਨ ਕੋਈ॥ ਤ੍ਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ॥ ਭੁਲ ਪਰੀ ਲਹੁ ਲੇਹੁ ਸੁਧਾਰਾ॥2॥ਦੋਹਰਾ: ਨੇਤ੍ਰ ਤੁੰਗ ਕੇ ਚਰਨ ਤਰ ਸਤੁਦ੍ਰਵ ਤੀਰ ਤਰੰਗ॥ ਸ੍ਰੀ ਭਗਵਤ ਪੂਰਨ ਕੀਯੋ ਰਘੁਬਰ ਕਥਾ ਪ੍ਰਸੰਗ॥3(ਰਾਮ ਅਵਤਾਰ, ਬੰਦ 858-862)

ਮਾਤਾ (ਸ਼ਿਵ ਦੀ ਵਹੁਟੀ ਪਾਰਬਤੀ) ਵਾਸਤੇ:
ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖੀਅਨ ਕੋ ਛੈ ਕਰਤਾ॥26॥
ਸ੍ਰੀ ਅਸਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਲਾ॥ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥ 27॥(ਚਰਿਤਰੋਪਾਖਯਾਨ, ਚਰਿਤ੍ਰ 405, ਬੰਦ 26-27)

ਇੰਞ ਅਖੌਤੀ ਦਸਮਗ੍ਰੰਥ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਸਿੱਖਾਂ ਤੇ ਹਿੰਦੂਆਂ ਵਿਚਲਾ ਫ਼ਰਕ ਹੌਲੀ-ਹੌਲੀ ਮਿਟ ਜਾਵੇਗਾ ਅਤੇ ਸਿੱਖਾਂ ਵਿਚ ਨਿਆਰਾਪਣ ਅਤੇ ਖ਼ੁਦਮੁਖ਼ਤਿਆਰੀ, ਖਾਲਿਸਤਾਨ, ਵਖਰਾ ਮੁਲਕ, ਵਖਰੀ ਕੌਮ ਦਾ ਨਾਂ ਨਿਸ਼ਾਨ ਮਿਟ ਜਾਵੇਗਾ ਕਿਉਂਕਿ ਜਦ ਦੇਵੀ ਦੇਵਤੇ ਇਕ ਹਨ ਤਾਂ ਫ਼ਰਕ ਕਾਹਦਾ? ਇਹ ਸੂਖਮ ਹਥਿਆਰ ਕਾਮਯਾਬ ਹੋਇਆ ਅਤੇ ਥਰਡ ਏਜੰਸੀ ਨੇ ਆਪਣੇ ਏਜੰਟਾਂ ਰਾਹੀਂ ਦਸਮਗ੍ਰੰਥ ਨੂੰ ਸਿੱਖਾਂ ਵਿਚ ਕਾਇਮ ਕੀਤਾ ਹੈ। ਇਹ ਨਹੀਂ ਕਿ ਦਸਮਗ੍ਰੰਥ ਦੇ ਸਾਰੇ ਪ੍ਰਚਾਰਕ ਥਰਡ ਏਜੰਸੀ ਦੇ ਤਨਖ਼ਾਹਦਾਰ ਹਨ, ਕੁਝ ਬੇਸਮਝ ਤੇ ਮੂਰਖ ਵੀ ਹਨ ਜਿਨ੍ਹਾਂ ਦੇ ‘ਬਰੇਨਵਾਸ਼’ ਕਰ ਕੇ ਉਨ੍ਹਾਂ ਨੂੰ ਨੀਮ ਹਿੰਦੂ ਸੋਚ ਵੱਲ ਟੋਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲਗ ਰਿਹਾ ਕਿ ਉਹ ਕਿਵੇਂ ਸਿੱਖ ਦੁਸ਼ਮਣ ਏਜੰਸੀਆਂ ਦੀ ਚਾਲ ਵਿਚ ਫਸ ਕੇ ਸਿੱਖੀ ਨੂੰ ਖ਼ਤਮ ਕਰ ਕੇ ਹਿੰਦੂ ਮੁਖਧਾਰਾ ਦਾ ਹਿੱਸਾ ਬਣ ਰਹੇ ਹਨ।

ਥਰਡ ਏਜੰਸੀਆਂ ਦੀਆਂ ਕੁਝ ਕਾਮਯਾਬੀਆਂ

ਥਰਡ ਏਜੰਸੀ ਦਾ ਸਭ ਤੋਂ ਵੱਡਾ ਹਾਸਿਲ (ਕਾਮਯਾਬੀ) ਇਹ ਹੈ ਕਿ ਦਸਸਮਗ੍ਰੰਥੀ ਟੋਲਾ ਖਾਲਿਸਤਾਨ ਦੀ ਗੱਲ ਕਰਨੋਂ ਤਕਰੀਬਨ ਹਟ ਹੀ ਗਿਆ ਹੈ। ਉਨ੍ਹਾਂ ਦੀ 99% ਤਾਕਤ ਦਸਮਗ੍ਰੰਥ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਜਾਂ ਗੁਰੂ ਗਰੰਥ ਸਾਹਿਬ ਦੇ ਹਿਮਾਇਤੀਆਂ (ਯਾਨਿ ਦਸਮਗ੍ਰੰਥ ਦੇ ਵਿਰੋਧੀਆਂ) ਦੇ ਖ਼ਿਲਾਫ਼ ਪ੍ਰਚਾਰ ਕਰਨ ਵਾਸਤੇ ਲਗਦੀ ਹੈ ਅਤੇ ਐਵੇਂ ਦਿਖਾਵੇ ਵਾਸਤੇ ਜ਼ਰਾ ਮਾਸਾ ਖਾਲਿਸਤਾਨ ਦਾ ਨਾਂ ਲੈ ਲੈਂਦੇ ਹਨ; ਕਈ ਤਾਂ ਖਾਲਿਸਤਾਨ ਦਾ ਜ਼ਰਾ-ਮਾਸਾ ਨਾਂ ਵੀ ਬਿਲਕੁਲ ਹੀ ਨਹੀਂ ਲੈਂਦੇ।

ਦੂਜਾ ਇਹ ਲੋਕ ਸਿੱਖੀ ਦੇ ਅਸਲੇ, ਸਿੱਖ ਜੀਵਨ ਜਾਚ, ਸਿੱਲ਼ੀ ਦੇ ਲਾਸਾਨੀਪਣ ਦੀ ਤਾਂ ਬਿਲਕੁਲ ਗੱਲ ਹੀ ਨਹੀਂ ਕਰਦੇ। ਉਨ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਬ੍ਰਾਹਮਣੀ ਤੇ ਕਰਮ ਕਾਂਡੀ ਹੋ ਚੁਕੀਆਂ ਹਨ। ਉਨ੍ਹਾਂ ਨੇ ਗੁਰਦੁਆਰਿਆਂ ਨੂੰ ‘ਸਿੱਖ ਮੰਦਰ’ ਬਣ ਲਿਆ ਹੈ ਤੇ ਉਥੇ ਜੋਤਾਂ ਜਗਦੀਆਂ ਹਨ, ‘ਖੰਡ ਪਾਠ’ ਹੁੰਦੇ ਹਨ, 90 ਤਰ੍ਹਾਂ ਦੇ ਲੰਗਰ ਲਗਦੇ ਹਨ, ਨਗਰ ਕੀਰਤਨ ਦੇ ਨਾਂ ‘ਤੇ ਵੱਡੇ-ਵੱਡੇ ਜਲੂਸ ਕੱਢੇ ਜਾਂਦੇ ਹਨ, ਵੱਡੇ ਵੱਡੇ ਕੀਰਤਨ ਦਰਬਾਰ ਤੇ ਅਖੌਤੀ-ਸੰਤ ਸਮਾਗਮ ਹੁੰਦੇ ਹਨ; ਇਸ ਦਿਖਾਵੇ ਅਤੇ ਡਰਾਮੇ ਵਿਚ ਕੌਮ ਦਾ ਸਾਰਾ ਪੈਸਾ ਤੇ ਤਾਕਤ ਖ਼ਤਮ ਕੀਤੀ ਜਾ ਰਹੀ ਹੈ ਤੇ ਸਿੱਖ ਨੂੰ ਉਲਝਾ ਕੇ, ਭੁਚਲਾ ਕੇ, ਗੁਮਾ ਕੇ ਕਰ ਕੇ ਸਿੱਖਾਂ ਨੂੰ ਅਸਲ ਸਿੱਖੀ ਤੋਂ ਦੂਰ ਕਰ ਦਿੱਤਾ ਗਿਆ ਹੈ। ਇਨ੍ਹਾਂ ਚੌਧਰੀਆਂ ਨੇ ਆਪਣੇ ਇੰਤਜ਼ਾਮ ਹੇਠਲੇ ਗੁਰਦੁਆਰੇ ਇਕ ਕਿਸਮ ਦੀਆਂ ਮਾਫ਼ੀਆ ਕਮੇਟੀਆਂ ਦੀਆਂ ਧਾਰਮਿਕ ਕਲੱਬਾਂ ਬਣਾ ਦਿੱਤੇ ਹਨ।

ਥਰਡ ਏਜੰਸੀ ਦੀ ਤੀਜੀ ਵੱਡੀ ਕਾਮਯਾਬੀ ਸਿੱਖਾਂ ਵਿਚ ਸੰਗਰਾਂਦਾ, ਮੱਸਿਆ ਅਤੇ ਪੂਰਨਮਾਸੀਆਂ ਨੂੰ “ਸਿੱਖ ਧਾਰਮਿਕ ਦਿਹਾੜੇ” ਵਜੋਂ ਕਾਇਮ ਕਰਨ ਦੀ ਹੋਈ ਹੈ। 2003 ਵਿਚ ਇਕ ਕੈਲੰਡਰ ਰਾਹੀਂ ਚਾਲਾਕੀ ਨਾਲ ‘ਸਿੱਖਾਂ ਦੀਆਂ ਸੰਗਰਾਂਦਾਂ’ ਕਾਇਮ ਕਰ ਦਿੱਤੀਆਂ ਗਈਆਂ ਅਤੇ ਇਨ੍ਹਾਂ ਸੰਗਰਾਂਦਾ ਵਗ਼ੈਰਾ ਨੂੰ ਸਿੱਖ ਪੁਰਬ ਗਰਦਾਨ ਕੇ ਅਕਾਲ ਤਖ਼ਤ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀਂ ਬਲਕਿ ਕੁਝ ਮਿਸ਼ਨਰੀ ਕਾਲਜਾਂ ਅਤੇ ਆਪਣੇ ਆਪ ਨੂੰ ਲਾਸਾਨੀ ਸਿੱਖੀ ਦੇ ਅਲੰਬਰਦਾਰ ਅਖਵਾਉਣ ਵਾਲਿਆਂ ਦੀ ਮਨਜ਼ੂਰੀ ਵੀ ਦਿਵਾ ਦਿੱਤੀ ਗਈ ਸੀ। ਉਸ ਨਾਲ ਇਕ ਨਵਾਂ ਬਿਕਰਮੀ ਸੰਮਤ ਦਾ ਭਾਈ ਕਾਇਮ ਕਰ ਦਿੱਤਾ ਗਿਆ ਸੀ (ਹੁਣ ਉਸ ਨੂੰ ਤਕਰੀਬਨ ਖ਼ਤਮ ਕਰ ਕੇ ਪੁਰਾਣਾ ਸ਼ੁਰੂ ਕਰ ਦਿੱਤਾ ਗਿਆ ਹੈ)।


ਦਸਮਗ੍ਰੰਥ ਨੇ ਸਚਮੁਚ ਜੀਵਨ ਬਦਲਿਆ

ਇਸ ਦਸਮਗ੍ਰੰਥ ਦੀ ਇਕ ਸਿਫ਼ਤ ਤਾਂ ਮੰਨਣੀ ਪਵੇਗੀ ਕਿ ਇਸ ਦਾ ਅਸਰ ਬਹੁਤ ਜ਼ਬਰਦਸਤ ਹੈ; ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਨੂੰ ਪੜ੍ਹਨ ਜਾਂ ਮੰਨਣ ਵਾਲਿਆਂ ਜ਼ਿੰਦਗੀ ਵਿਚ ਬੜੀ ਵੱਡੀ ਤਬਦੀਲੀ ਆਈ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਵਿਚ ਨਾਮ, ਭਗਤੀ, ਪਿਆਰ, ਮਿਠਾਸ, ਨਿਮਰਤਾ ਦੀਆਂ ਗੱਲਾਂ ਹਨ ਉਥੇ ਅਖੌਤੀ ਦਸਮਗ੍ਰੰਥ ਵਿਚ ਨਫ਼ਰਤ, ਗੁੱਸਾ, ਸਾਜ਼ਸ਼ਾਂ, ਠੱਗੀ, ਬੇਈਮਾਨੀ, ਹਮਲੇ, ਲੜਾਈਆਂ, ਗੁੰਡਾਗਰਦੀ, ਕਾਮ ਤੇ ਵਿਭਚਾਰ ਤੇ ਕੰਜਰਪੁਣਾ, ਪਾਪ, ਕੂੜ ਦੀਆਂ ਗੱਲਾਂ ਹਨ; ਅਤੇ, ਅਖੌਤੀ ਦਸਮਗ੍ਰੰਥ ਨੂੰ ਮੰਨਣ ਵਾਲਿਆਂ ਦੇ ਜੀਵਨ ਵਿਚ ਇਹ ਸਾਰਾ ਕੁਝ ਪੂਰੀ ਤਰ੍ਹਾਂ ਸਮਾ ਗਿਆ ਹੈ; ਉਹ ਧਮਕੀਆਂ, ਹਮਲੇ, ਨਫ਼ਰਤ ਦੀ ਬੋਲੀ, ਸਾਜ਼ਸ਼ਾਂ, ਬੇਈਮਾਨੀਆਂ ਵਿਚ ਸੜ-ਗਲ ਰਹੇ ਹਨ। ਕਿਤੇ ਡਾ ਦਿਲਗੀਰ ਨੂੰ ਕਤਲ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿਤੇ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਧਮਕਾਇਆ ਜਾ ਰਿਹਾ ਹੈ, ਕਿਤੇ ਕਾਲਾ ਅਫ਼ਗ਼ਾਨਾ, ਜਿਊਣਵਾਲਾ, ਦਰਸ਼ਨ ਸਿੰਘ ਰਾਗੀ ਤੇ ਸਰਬਜੀਤ ਸਿੰਘ ਧੂੰਦਾ ਦੇ ਖ਼ਿਲਾਫ਼ ਜੰਗ ਛੇੜੀ ਹੋਈ ਹੈ; ਅਤੇ, ਇੰਦਰ ਸਿੰਘ ਘੱਗਾ ਤਾਂ ਇਨ੍ਹਾਂ ਦੇ ਗੁੰਡਿਆਂ ਹੱਥੋਂ ਦੋ ਵਾਰ ਨੱਕ ਭੰਨਾ ਚੁਕਾ ਹੈ। ਇੰਞ ਹੀ ਅਖੌਤੀ ਦਸਮਗ੍ਰੰਥ ਦੇ ਹਿਮਾਇਤੀ ਕਿਤੇ (ਧਨਵੰਤ ਸਿੰਘ ਪੱਲੀ ਝਿੱਕੀ, ਅਮਰ ਸਿੰਘ ਬੜੂੰਦੀ, ਦਲਜੀਤ ਸਿੰਘ ਸ਼ਿਕਾਗੋ, ਮਾਨ ਸਿੰਘ ਪਿਹੋਵਾ) ਰੇਪ ਅਤੇ ਉਧਾਲੇ ਦੇ ਕੇਸਾਂ ਤੇ ਦੋਸ਼ਾਂ ਵਿਚ ਫਸੇ ਹੋਏ ਹਨ, ਕਿਤੇ ਜ਼ਮੀਨ ਨੂੰ ਹੜਪਣ ਦੇ, ਕਿਤੇ ਕਤਲ ਦੀ ਸਾਜ਼ਸ਼ ਦੇ; ਯਾਨਿ ਇਸ ਅਖੌਤੀ ਦਸਮਗ੍ਰੰਥ ਨੂੰ ਪੜ੍ਹਨ ਵਾਲੇ ਚਰਿਤਰੋਪਾਖਯਾਨ ਵਰਗਾ ਜੀਵਨ ਜੀਅ ਰਹੇ ਹਨ। ਸੋ, ਅਖੌਤੀ ਦਸਮਗ੍ਰੰਥ ਨੇ ਕਮਾਲ ਦੀ ਦੇਣ ਦਿੱਤੀ ਹੈ। ਕਦੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲੇ ਵੀ ਧਮਕੀਆਂ, ਗੁੰਡਾਗਰਦੀ, ਸਾਜ਼ਸ਼ਾਂ ਕਰਦੇ ਹਨ? ਨਹੀਂ, ਇਕ ਵੀ ਘਟਨਾ ਅਜਿਹੀ ਨਹੀਂ –- ਇਹ ਸਭ ਅਖੌਤੀ ਦਸਮਗ੍ਰੰਥ ਦੀ ਹੀ ‘ਮਹਾਨ’ ਦੇਣ ਹੈ।Facebook To / latest Jo ajj Kal Charcha Chal Rahi hein
 
Status
Not open for further replies.
Top