ਕੀ ਸਿੱਖਾਂ ਨੂੰ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਦੇਣ&#26

ਕੀ ਸਿੱਖਾਂ ਨੂੰ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਦੇਣਾ ਚਾਹੀਦਾ ਹੈ?

ਸ਼੍ਰੋਮਣੀ ਅਕਾਲੀ ਦਲ ਵਿਚੋਂ ਬਗਾਵਤ ਕਰਨ ਵਾਲੇ ਸਾਬਕਾ ਖਜ਼ਾਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਕਦੇ ਵੀ ਆਪਣੇ ਆਪ ਨੂੰ ਸਿੱਖ ਸਿਧਾਂਤਾਂ ਦਾ ਪਹਿਰੇਦਾਰ ਜਾਂ ਸਿੱਖ ਮੰਗਾਂ ਦਾ ਨੁਮਾਇੰਦਾ ਨਹੀਂ ਆਖਿਆ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਅਤੇ ਹੋਰ ਕਈ ਪ੍ਰਮੁੱਖ ਅਕਾਲੀ ਨੇਤਾਵਾਂ ਨੇ ਵੀ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ‘ਖੰਡੇ ਦੀ ਪਹੁਲ’ ਲੈਣ ਤੋਂ ਬਾਅਦ ਆਪਣੇ ਕੇਸਾਂ ਦੀ ਬੇਅਦਬੀ ਕੀਤੀ ਹੈ ਜਿਸ ਕਾਰਨ ਉਹ ਕੁਰਹਿਤੀਆ ਸਿੱਖ ਹੈ ਇਸ ਲਈ ਉਸ ਨੂੰ ਸਿੱਖ ਸੰਗਤ ਤੋਂ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਮੱਕੜ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ‘‘ਅੰਮ੍ਰਿਤ ਭੰਗ ਕਰਨ ਵਾਲਾ ਹੁਣ ਕਿਸ ਮੂੰਹ ਨਾਲ ਸਿੱਖ ਵੋਟਾਂ ਮੰਗੇਗਾ’’ ਇਹਨਾਂ ਹੀ ਨੇਤਾਵਾਂ ਨੇ ਹੁਣ ਇਕ ਹੋਰ ਮੁੱਦੇ ਨੂੰ ਵੀ ਤੂਲ ਦਿੱਤੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੀ ਇਕ ਇੰਟਰਵਿਊ ਡੇਰਾ ਸੱਚਾ ਸੌਦਾ (?) ਦੇ ਅਖ਼ਬਾਰ ‘ਸੱਚ ਕਹੂੰ’ ਵਿਚ ਛਪੀ ਹੈ। ਕਿਉਂਕਿ ਡੇਰਾ ਮੁਖੀ ਨੂੰ ਗੁਰੂ ਗੋਬਿੰਦ ਸਿੰਘ ਜਿਹਾ ਲਿਬਾਸ ਪਹਿਨ ਕੇ ਸਿੱਖੀ ਸਿਧਾਂਤਾਂ ਦੀ ਨਕਲ ਕਰਨ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਹੋਇਆ ਹੈ ਇਸ ਲਈ ਮਨਪ੍ਰੀਤ ਸਿੰਘ ਦੇ ਪਿਤਾ ਦੀ ਵੀ ਜਵਾਬ ਤਲਬੀ ਕੀਤੀ ਜਾ ਸਕਦੀ ਹੈ।
ਇਹ ਗੱਲ ਵੀ ਠੀਕ ਜਾਪਦੀ ਹੈ ਕਿ ਜੇਕਰ ਮਨਪ੍ਰੀਤ ਸਿੰਘ ਬਾਦਲ ਨਵੀਂ ਪਾਰਟੀ ਦਾ ਗਠਨ ਕਰਕੇ ਕੱਲ੍ਹ ਨੂੰ ਸਤਾ ਵਿਚ ਆਉਂਦਾ ਹੈ ਤਾਂ ਉਹ ਸਿੱਖ ਮਸਲੇ ਅਤੇ ਹੋਰਨਾਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਪੂਰੀ ਰੁਚੀ ਨਹੀਂ ਦਿਖਾਵੇਗਾ। ਬਾਦਲ ਪਰਿਵਾਰ ਦੇ ਹੀ ਇਸ ਆਗੂ ਨੇ ਜਦੋਂ ਦੀ ਆਪਣੇ ਤੌਰ ’ਤੇ ਰਾਜਸੀ ਮੁਹਿੰਮ ਸ਼ੁਰੂ ਕੀਤੀ ਹੈ, ਉਸ ਸਮੇਂ ਤੋਂ ਹੀ ਉਹ ਸਾਰਾ ਅਕਾਲੀ ਦਲ ਉਸ ਪਿੱਛੇ ਹੱਥ ਧੋ ਕੇ ਪੈ ਗਿਆ ਹੈ। ਜੋ ਅਕਾਲੀ ਦਲ ’ਚ ਹੁੰਦੇ ਸਮੇਂ ਹਾਰਾਂ ਦੀ ਲੜੀਆਂ ਲੈ ਕੇ ਉਸ ਦੇ ਗਲ ਵਿਚ ਪਾਉਣ ਲਈ ਲਾਈਨ ਬਣਾਈ ਖੜ੍ਹਾ ਹੁੰਦਾ ਸੀ। ਅਕਾਲੀ ਦਲ ਨੇ ਹੀ ਬਾਦਲ ਸਾਹਿਬ ਦੀ ਨੂੰਹ ਹਰਸਿਮਰਤ ਕੌਰ ਵੱਲੋਂ ਬਠਿੰਡਾ ਸੀਟ ਜਿੱਤਣ ਲਈ ਜ਼ਿਲ੍ਹੇ ਦਾ ਇੰਚਾਰਜ ਵੀ ਲਾਇਆ ਸੀ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੂੰ ਮਾਤ ਦੇਣ ਲਈ ਸਰਸਾ ਡੇਰੇ ਦੇ ਪ੍ਰੇਮੀਆਂ ਦੀਆਂ ਵੋਟਾਂ ਵੀ ਅਕਾਲੀ ਦਲ ਨੇ ਹੀ ਲਈਆਂ ਸਨ ਜਦਕਿ ਬਠਿੰਡਾ ਜ਼ਿਲ੍ਹੇ ਵਿਚ ਹੀ ਪ੍ਰੇਮੀਆਂ ਨੇ ਸਿੱਖਾਂ ਦਾ ਸਭ ਤੋਂ ਵੱਧ ਹਿੰਸਕ ਵਿਰੋਧ ਕੀਤਾ ਸੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਅਧੀਨ ਆਉਂਦੇ ਮੈਡੀਕਲ ਕਾਲਜਾਂ ਵਿਚ ਭਰਵੱਟੇ ਕੱਟਣ ਵਾਲੀ ਲੜਕੀ ਨੂੰ ਦਾਖਲਾ ਦੇਣ ਤੋਂ ਨਾਂਹ ਕੀਤੀ ਸੀ (ਅਸੀਂ ਇਸ ਲੜਕੀ ਦੇ ਪੱਖ ਵਿਚ ਨਹੀਂ ਹਾਂ) ਕਮੇਟੀ ਦੇ ਉਸੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਭਰਵੱਟੇ ਛਾਂਗਣ ਵਾਲੀ ਹਰਸਿਮਰਤ ਕੌਰ ਬਾਦਲ ਦੀ ‘ਨੰਨ੍ਹੀ ਛਾਂ’ ਦੀ ਰਾਜਸੀ ਮੁਹਿੰਮ ਨੂੰ ਵੀ ਅਪਣਾਅ ਲਿਆ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਵਿਚ ਲੰਮਾਂ ਸਮਾਂ ਪ੍ਰਧਾਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਦੇ ਇੰਨੇ ਦੋਸ਼ ਹਨ ਕਿ ਇਨ੍ਹਾਂ ਲਈ ਇਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਸਿੱਖ ਰਹਿਤ ਮਰਿਆਦਾ ਦੇ ਉਲਟ ਸ੍ਰ. ਬਾਦਲ ਵੱਲੋਂ ਹਵਨ ਯੱਗ ਕਰਨੇ, ਮੰਦਰਾਂ ਵਿਚ ਜਾ ਕੇ ਪੂਜਾ ਕਰਨ, ਮੂਰਤੀਆਂ ਅੱਗੇ ਆਰਤੀ ਕਰਨ ਤੋਂ ਇਲਾਵਾ ਉਹ ਕਾਫ਼ੀ ਸਮੇਂ-ਸਮੇਂ ਤੋਂ ਸਿੱਖ ਵਿਰੋਧੀ ਪਾਰਟੀ ਭਾਜਪਾ ਦਾ ਸਕਾ-ਸਬੰਧੀ ਬਣਿਆ ਹੋਇਆ ਹੈ ਜਿਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਨੂੰ ਲਿਖਤੀ ਰੂਪ ਵਿਚ ਸਵੀਕਾਰ ਕੀਤਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਤਾ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਚਿਤਾਨੰਦ ਦੀ ਸਮਾਧ ’ਤੇ ਅਖੰਡ ਪਾਠ ਕਰਵਾਉਣ, ਹਰਸਿਮਰਤ ਕੌਰ ਵੱਲੋਂ ਸ਼ਿਵਲਿੰਗ ਦੀ ਪੂਜਾ ਕਰਨ ਅਤੇ ਦੋਨਾਂ ਸੱਸ ਨੂੰਹਾਂ ਵੱਲੋਂ ਡੇਰੇਦਾਰਾਂ ਦੀ ਚੌਂਕੀਆਂ ਭਰਨ ਦੀਆਂ ਖ਼ਬਰਾਂ ਲਗਾਤਾਰ ਪ੍ਰਕਾਸ਼ਿਤ ਹੋਈਆਂ ਹਨ। ਅਕਾਲੀ ਦਲ ਦਾ ਹੋਰ ਕੋਈ ਵੀ ਪ੍ਰਮੁੱਖ ਆਗੂ ਇਹ ਗੱਲ ਦਾਅਵੇ ਨਾਲ ਨਹੀਂ ਆਖ ਸਕਦਾ ਕਿ ਉਹ ਕਿਸੇ ਵੀ ਗੁਰੂ ਅਖਵਾਉਣ ਵਾਲੇ ਡੇਰੇਦਾਰ ਦੇ ਪੈਰਾਂ ਵਿਚ ਜਾ ਕੇ ਨਹੀਂ ਬੈਠਿਆ। ਅਕਾਲੀ ਵਜ਼ੀਰਾਂ ਵੱਲੋਂ ਰਮਾਇਣ ਦੇ ਪਾਠ ਕਰਵਾਉਣ ਅਤੇ ਤਿਲਕਧਾਰੀ ਬਣਨ ਦੀਆਂ ਖ਼ਬਰਾਂ ਵੀ ਨਾ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਿਸਦੀਆਂ ਹਨ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੂੰ।
ਇਸੇ ਤਰ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕੀਤਾ ਹੈ ਕਿ ਇਕ ਸਿੱਖ ਹੋਣ ਦੇ ਨਾਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਵਿਚ ਹਿੱਸਾ ਲੈਣਗੇ। ਉਹਨਾਂ ਇਹ ਗੱਲ ਵੀ ਜਨਤੱਕ ਰੂਪ ਵਿਚ ਹੀ ਆਖੀ ਹੈ ਕਿ ਇਹਨਾਂ ਚੋਣਾਂ ਸਮੇਂ ਡੇਰਾ ਸਰਸਾ ਦੇ ਪ੍ਰੇਮੀਆਂ, ਭਨਿਆਰਾ ਵਾਲਾ, ਆਸ਼ੂਤੋਸ਼, ਸਿੱਖੀ ਨਾਲੋਂ ਵਿਲੱਖਣਤਾ ਪੈਦਾ ਕਰ ਚੁੱਕੀਆਂ ਸੰਪਰਦਾਵਾਂ ਦਾ ਸਹਿਯੋਗ ਲੈਣਗੇ। ਅਕਾਲੀ ਦਲ ਹੁਣ ਤੱਕ ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਕਾਤਲ ਰਾਜਸੀ ਪਾਰਟੀ ਵਜੋਂ ਪ੍ਰਭਾਸਿਤ ਕਰਦਾ ਆਇਆ ਹੈ। ਹੋਰ ਛੋਟੀਆਂ-ਛੋਟੀਆਂ ਸਿੱਖ ਪਾਰਟੀਆਂ ਵਿਚ ਵੀ ਅਜੇ ਇੰਨੀ ਤਾਕਤ ਨਹੀਂ ਕਿ ਉਹ ਹਾਲ ਦੀ ਘੜੀ ਬਾਦਲ ਦਲ ਦੇ ਮਜ਼ਬੂਤ ਕਿਲੇ ਨੂੰ ਸਰ ਕਰ ਸਕਣ। ਹੁਣ ਸੋਚਣਾ ਬਣਦਾ ਹੈ ਕਿ ਜੇਕਰ ਪੰਜਾਬ ਦੋਨੋਂ ਮਜ਼ਬੂਤ ਰਾਜਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਸਿੱਖ ਸਿਧਾਂਤਾਂ ਦੀ ਅਣਦੇਖੀ ਕਰਦੀਆਂ ਹਨ ਤਾਂ ਫਿਰ ਆਮ ਸਿੱਖ ਇਹਨਾਂ ਪਾਰਟੀਆਂ ਦੇ ਮਜ਼ਬੂਤ ਹੱਥਾਂ ਨੂੰ ਸਿੱਖੀ ਦੀ ਸੰਘੀ ਤੋਂ ਢਿੱਲੇ ਕਰਵਾਉਣ ਲਈ ਕਿਉਂ ਨਾ ਕਿਸੇ ਤੀਸਰੇ ਬਦਲ ਦਾ ਸਾਥ ਦੇਣ?
ਪੰਜਾਬ ਦੇ ਰਾਜਸੀ ਪਿੜ੍ਹ ਵਿਚ ਮਨਪ੍ਰੀਤ ਸਿੰਘ ਬਾਦਲ ਨੂੰ ਤੀਜੀ ਧਿਰ ਵਜੋਂ ਉਭਰਨਾ ਸਮੇਂ ਦੀ ਵੱਡੀ ਲੋੜ ਵੀ ਹੈ। ਉਸ ਨੂੰ ਰਾਜਸੀ ਖੇਤਰ ਵਿਚ ਸਮਝਦਾਰ ਆਗੂ ਵਜੋਂ ਵੀ ਦੇਖਿਆ ਜਾ ਰਿਹਾ ਹੈ। ਰਾਜਸੀ ਤਾਕਤ ਵਜੋਂ ਆਪਣੀ ਵੱਖਰੀ ਪਛਾਣ ਬਣਾਉਣ ਲਈ ਉਸ ਨੇ ਪੰਜਾਬ ਦੀਆਂ ਉਹਨਾਂ ਮੰਗਾਂ ਨੂੰ ਲੋਕਾਂ ਤੱਕ ਲਿਆਂਦਾ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਵਿਸਾਰ ਦਿੱਤਾ ਸੀ। ਅਜਿਹੇ ਸਮੇਂ ਪੰਜਾਬ ਨੂੰ ਆਰਥਕ ਅਤੇ ਸਮਾਜਕ ਤੌਰ ’ਤੇ ਮਜ਼ਬੂਤ ਕਰਨ ਲਈ ਮਨਪ੍ਰੀਤ ਸਿੰਘ ਵਰਗੇ ਆਗੂ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਥਾਪਿਤ ਕਰਨਾ ਸਭ ਦੇ ਭਲੇ ਵਿਚ ਹੀ ਰਹੇਗਾ, ਭਾਵੇਂ ਉਹ ਸਿੱਖ ਸਿਧਾਂਤਾਂ ਦਾ ਸਿੱਧਾ ਤਰਜਮਾਨ ਵੀ ਨਾ ਹੋਵੇ। ਇਸ ਸਮੇਂ ਤੇਜ਼ੀ ਨਾਲ ਬਦਲ ਰਹੇ ਰਾਜਸੀ ਤਾਣੇ-ਬਾਦੇ ਨੂੰ ਸਿੱਖੀ ਦੇ ਭਲੇ ਵਿਚ ਤੋਰਨ ਲਈ ਸਭ ਨੂੰ ਉਹਨਾਂ ਤਾਕਤਾਂ ਦੇ ਹੱਥ ਮਜ਼ਬੂਤ ਕਰਨੇ ਪੈਣੇ ਹਨ ਜੋ ਤਾਕਤਾਂ ਸਿੱਖ ਵਿਰੋਧੀਆਂ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਰੱਖਦੀਆਂ ਹਨ। ਜੇਕਰ ਅਕਾਲ ਤਖ਼ਤ ਦਾ ਜਥੇਦਾਰ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਵੀ ਇਸ ਤਰ੍ਹਾਂ ਕਰਨ ਦੀ ਆਗਿਆ ਨਹੀਂ ਦਿੰਦੇ ਤਾਂ ਵੀ ਸਾਨੂੰ ਇਹਨਾਂ ਦੇ ਬਿਆਨਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਇਸ ਢੁਕਵੇਂ ਸਮੇਂ ਦਾ ਸਿੱਖਾਂ ਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।
 
Top