Ak47_Riskykz
Rambo
ਕਈ ਫ਼ਿਲਮੀ ਐਕਟਰ ਵੀ ਉਸ ਦੇ ਅਨਿਨ ਭਗਤ
ਭਾਰਤ 'ਚ ਸਰਗਰਮ ਹੋ ਕੇ ਦੇਸ਼-ਵਿਦੇਸ਼ 'ਚ ਆਪਣਾ ਅੰਧ-ਵਿਸ਼ਵਾਸ਼ੀ ਜਾਲ ਫੈਲਾਉਣ ਵਾਲੇ ਹਜ਼ਾਰਾਂ ਸਾਧ-ਬੂਬਨਿਆਂ ਦੀ ਭੀੜ 'ਚ ਕਈ ਸਾਧਣੀਆਂ ਵੀ ਸ਼ਾਮਲ ਹਨ। ਅਜਿਹੀ ਹੀ ਹੁਸ਼ਿਆਰਪੁਰ ਦੀ ਮੂਲ ਵਾਸੀ ਰਾਧੇ ਮਾਂ ਦਾ ਅੱਜਕੱਲ੍ਹ ਮਹਾਂਰਾਸ਼ਟਰ ਵਿੱਚ ਪੂਰਾ ਸਿੱਕਾ ਚੱਲ ਰਿਹਾ ਹੈ। ਸੁਖਵਿੰਦਰ ਕੌਰ ਨਾਂ ਇਹ ਔਰਤ ਦੋ ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ। ਇਸ ਦਾ ਵਿਆਹ ਮੋਹਨ ਸਿੰਘ ਨਾਲ ਹੋਇਆ ਸੀ। ਇਸ ਮਗਰੋਂ ਸੁਖਵਿੰਦਰ ਦੀ ਮੁਲਾਕਾਤ ਸ਼ਿਵ ਮੰਦਰ ਦੇ ਕੋਲ ਰਹਿੰਦੇ ਮਹੰਤ ਰਾਮਦੀਨ ਦਾਸ ਨਾਲ ਹੋਈ। ਉਸ ਨੇ ਇਸ ਕਾਰਜ ਵੱਲ ਲਾਇਆ। ਕਿਹਾ ਜਾ ਰਿਹਾ ਹੈ ਕਿ ਉਹ ਲੋਕਾਂ ਦੀਆਂ ਵਿਅਕਤੀਗਤ, ਵਪਾਰਕ ਅਤੇ ਪਰਿਵਾਰਿਕ ਔਕੜਾਂ ਨੂੰ ਦੂਰ ਕਰਨ ਲੱਗੀ ਹੋਈ ਹੈ। ਉਸ ਦਾ ਜਲਵਾ ਦੇਸ਼ ਵਿਦੇਸ਼ ਵਿੱਚ ਫੈਲਿਆ ਹੋਇਆ ਹੈ। ਮੁੰਬਈ ਵਿੱਚ ਉਸ ਦੇ ਵੱਡੇ ਵੱਡੇ ਸਮਾਗਮ ਹੋ ਰਹੇ ਹਨ ।
ਇੱਕ ਨਿੱਜੀ ਟੀਵੀ ਚੈਨਲ ਨੇ ਉਸ ਦੇ ਕਾਫੀ ਵੀਡਿਓ ਦਿਖਾਏ ਹਨ, ਜਿਸ ਵਿੱਚ ਉਹ ਭਗਤਾਂ ਨਾਲ ਨੱਚਦੀ ਹੈ। ਇੱਕ ਵੀਡਿਓ ਵਿੱਚ ਤਾਂ ਇੱਕ ਸਰਦਾਰ ਉਸ ਨੂੰ ਗੋਦੀ ਵਿੱਚ ਚੁੱਕ ਕੇ ਵੀ ਨੱਚਦਾ ਦਿਖਾਇਆ ਗਿਆ ਹੈ। ਇਸ ਚੈਨਲ ਨੇ ਕਈ ਅਜਿਹੇ ਵੀਡੀਓ ਵੀ ਨਸ਼ਰ ਕੀਤੇ ਹਨ, ਜਿਨ੍ਹਾਂ 'ਚ ਵਿਖਾਇਆ ਗਿਆ ਹੈ ਕਿ ਇਹ ਸੁਖਵਿੰਦਰ ਕੌਰ ਉਰਫ ਰਾਦੇ ਮਾਂ ਆਪਣੇ ਭਗਤਾਂ ਦਾ ਸਿਰ ਫੜ ਕੇ ਜਬਰੀ ਆਪਣੇ 'ਚਰਨਾਂ' 'ਚ ਮੱਥਾ ਟਿਕਵਾਉਂਦੀ ਹੈ ਤੇ ਫਿਰ ਆਪਣੀ ਖੱਬੀ ਜਾਂ ਸੱਜੀ ਲੱਤ ਉਨ੍ਹਾਂ ਦੀ ਪਿੱਠ 'ਤੇ ਰੱਖਦੀ ਹੈ ਤੇ ਖੁਦ ਨੂੰ ਉਵੇਂ ਪੇਸ਼ ਕਰਦੀ ਹੈ ਜਿਵੇਂ ਦੁਰਗਾ ਮਾਂ ਕਿਸੇ ਰਾਖਸ਼ ਨੂੰ ਪੈਰਾਂ ਹੇਠ ਲਿਤਾੜਦੀ ਹਿੰਦੂ ਕਥਾਵਾਂ 'ਚ ਦਰਸਾਈ ਜਾਂਦੀ ਹੈ।
ਰਾਧੇ ਮਾਂ ਭਗਤਾਂ ਦੇ ਇਕੱਠ 'ਚ ਸ਼ਰੇਆਮ ਆਪਣੇ ਕੁਝ ਭਗਤਾਂ ਨੂੰ ਚਪੇੜਾਂ ਵੀ ਮਾਰਦੀ ਹੈ। ਇਕ ਸਖ਼ਸ਼ ਨੂੰ ਆਪਣਾ ਹੱਥ ਵਿਖਾਉਂਦੀ ਹੋਈ ਉਹ ਪੁੱਛਦੀ ਹੈ ਕਿ ਇਸ ਵਿੱਚ ਤੈਨੂੰ ਕੀ ਦਿੱਸਦਾ ਹੈ। ਭਗਤ ਆਖਦਾ ਹੈ - 'ਮਾਂ ਕੁਝ ਵੀ ਨਹੀਂ', ਤੇ ਰਾਧੇ ਮਾਂ ਨੂੰ ਗੁੱਸਾ ਆਉਂਦਾ ਹੈ ਉਹ ਉਸ ਭਗਤ 'ਤੇ ਚਪੇੜਾਂ ਦਾ ਮੀਂਹ ਵਰ੍ਹਾ ਦਿੰਦੀ ਹੈ। ਉਹ ਆਪਣੀਆਂ ਕਈ ਭਗਤਣੀਆਂ ਨੂੰ ਵੀ ਕੁੱਟ ਚੁੱਕੀ ਹੈ। ਆਪਣੇ ਕਿਸੇ-ਕਿਸੇ ਮਰਦ (ਖਾਸ ਕਰ ਨੌਜਵਾਨ) ਭਗਤ ਦੇ ਕੇਸ 'ਚ ਕੁਝ ਫੁਸਫਸਾਉਂਦੀ ਵੀ ਵੀਡੀਓ 'ਚ ਵਿਖਾਈ ਗਈ ਹੈ।
ਟੀ.ਵੀ. ਚੈਨਲ 'ਤੇ ਦਿਖਾਈ ਵੀਡੀਓ 'ਚ ਜੋ ਦਰਬਾਰ ਵਿਖਾਇਆ ਗਿਆ ਸੀ, ਉਸ 'ਚ ਰਾਧੇ ਮਾਂ ਨੇ ਦੁਰਗਾ ਮਾਂ ਦੀ ਫੋਟੋ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਂਝੀ ਫੋਟੋ ਵੀ ਲਾਈ ਹੋਈ ਸੀ। ਦਰਬਾਰ 'ਚ ਚੱਲ ਰਹੇ ਭਜਨਾਂ 'ਤੇ ਚੁਟਕੀਆਂ ਵਜਾ-ਵਜਾ ਕੇ ਤੇ ਨੈਣ ਮਟਕਾਅ-ਮਟਕਾਅ ਕੇ ਨੱਚਦੀ ਰਾਧੇ ਮਾਂ ਦੀ ਊਲ-ਜਲੂਲ ਹਰਕਤਾਂ ਖਿਲਾਫ਼ ਉਸ ਦੇ ਕਈ ਭਗਤਾਂ ਨੇ ਹੁਣ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ, ਪਰ ਇਹ ਗਿਣਤੀ ਬੜੀ ਘੱਟ ਹੈ, ਉਸ ਦਾ ਬਚਾਅ ਕਰਨ ਵਾਲਿਆਂ ਦੀ ਕਮੀ ਨਹੀਂ, ਜੋ ਕਹਿੰਦੇ ਹਨ ਕਿ ਸੀਤਾ ਮਈਆ ਨੂੰ ਵੀ ਅਗਨੀ ਪ੍ਰੀਖਿਆ ਦੇਣੀ ਪਈ ਸੀ। ਇਸ ਰਾਧੇ ਮਾਂ ਨੇ ਦਿੱਲੀ ਵਿੱਚ ਇੱਕ ਪਰਿਵਾਰ ਦੇ ਘਰ 2002 ਵਿੱਚ 17 ਦਿਨ ਲਾਏ ਸਨ। ਉਸ ਪਰਿਵਾਰ ਦੀ ਔਰਤ ਦੱਸਦੀ ਹੈ ਕਿ ਇਹ ਆਪਣੇ ਸਹਿਯੋਗੀ ਰਾਹੀਂ ਮਿਲਣ ਆਏ ਸ਼ਰਧਾਲੂਆਂ ਬਾਰੇ ਪਹਿਲਾਂ ਵੀ ਪਤਾ ਕਰ ਲੈਂਦੀ ਸੀ ਤਾਂ ਫਿਰ ਸੰਗਤ ਵਿੱਚ ਬੈਠੇ ਹੋਏ ਲੋਕਾਂ ਨੂੰ ਆਪਣੇ ਕਮਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਨਾਲ ਦੇਖ ਲੈਂਦੀ ਸੀ । ਰਾਤ ਨੂੰ ਸ਼ਰਧਾਲੂਆਂ ਨੂੰ ਇਹ ਕਹਿ ਕੇ ਸਾਵਧਾਨ ਕਰਦੀ ਕਿ ਰਾਤ ਨੂੰ ਸ਼ੇਰ ਆਉਣਗੇ, ਤੁਸੀਂ ਘਬਰਾ ਨਾ ਜਾਣਾ, ਕਿਉਂਕਿ ਉਹ ਖੁਦ ਨੂੰ ਦੁਰਗਾ ਦਾ ਰੂਪ ਮੰਨਦੀ ਹੈ। ਪਰ ਅਸਲੀਅਤ ਇਹ ਹੈ ਕਿ ਅੱਧੀ ਰਾਤ ਦੇ ਕਰੀਬ ਸੁੱਤੇ ਲੋਕਾਂ ਨੂੰ ਟੇਪ ਰਿਕਾਰਡਰ ਵਿੱਚੋਂ ਸ਼ੇਰ ਦੀਆਂ ਆਵਾਜ਼ਾਂ ਸੁਣਾ ਕੇ ਡਰਾ ਦਿੰਦੀ ਸੀ ।
ਟੀਵੀ ਚੈਨਲ ਨੇ ਇਕ ਹੋਰ ਵੀਡਿਓ ਦਿਖਾਇਆ ਜਿਸ ਵਿੱਚ ਟੀ-ਸ਼ਰਟ ਅਤੇ ਜੀਨਸ ਪਾ ਕੇ ਨੱਚਦੀ ਹੈ। ਘਰ ਦੀ ਮਾਲਕਣ ਦੱਸਦੀ ਹੈ ਕਿ ਇਹ ਆਪਣੇ ਕਮਰੇ ਵਿੱਚੋਂ ਬਾਹਰ ਆ ਕੇ ਜਿੱਥੇ ਮਰਦ ਬੈਠੇ ਹੁੰਦੇ ਉੱਥੇ ਫਿਲਮੀ ਤਰਜ਼ਾਂ 'ਤੇ ਠੁਮਕੇ ਮਾਰਦੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੇ ਭਗਤਾਂ 'ਚ ਅਮੀਰਾਂ ਦੀ ਗਿਣਤੀ ਵੱਧ ਹੈ। ਕਈ ਫ਼ਿਲਮੀ ਐਕਟਰ ਵੀ ਉਸ ਦੇ ਅਨਿਨ ਭਗਤ ਹਨ, ਜੋ ਉਸ ਨੂੰ ਮੋਟਾ ਚੜ੍ਹਾਵਾ ਚੜ੍ਹਾਉਂਦੇ ਹਨ। 40-45 ਕੁ ਸਾਲ ਦੀ ਇਹ ਸਾਧਣੀ ਦੇ ਮੁੰਡੇ ਕੋਲ ਮਰਸਡੀਜ਼ ਵਰਗੀਆਂ ਕਈ ਮਹਿੰਗੀਆਂ ਗੱਡੀਆਂ ਹਨ। ਭਾਰਤ 'ਚ ਆਮ ਲੋਕਾਂ ਨੂੰ ਤਾਂ ਰੋਟੀ ਨਹੀਂ ਲੱਭਦੀ, ਪਰ ਅਜਿਹੇ ਪਾਖੰਡੀ ਲੋਕ ਦੰਦੀ ਸੋਨਾ ਦਲਦੇ ਹਨ। ਇਹ ਐਨਾ ਕੌੜਾ ਸੱਚ ਇਸ ਕਰਕੇ ਹਜ਼ਮ ਕਰਨਾ ਪੈਂਦਾ ਹੈ, ਕਿਉਂਕਿ ਭਾਰਤ ਦੀ ਸਿਆਸਤ 'ਤੇ ਕਾਬਜ਼ ਬਹੁਤੇ ਲੋਕ ਅਜਿਹੇ ਪਾਖੰਡੀਆਂ ਦਾ ਪਾਲਣਹਾਰੇ ਹਨ।