ਸੁਨੰਦਾ ਦੀ ਮੌਤ ਗੈਰ-ਕੁਦਰਤੀ

[JUGRAJ SINGH]

Prime VIP
Staff member
ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਰਾਜ ਮੰਤਰੀ ਸ਼ਸ਼ੀ ਥਰੂਰ ਜਿਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਬੀਤੀ ਰਾਤ ਦਿੱਲੀ ਦੇ ਇਕ ਪੰਜ ਤਾਰਾ ਹੋਟਲ ਦੇ ਇਕ ਕਮਰੇ ਵਿਚ ਮਿ੍ਤਕ ਪਾਈ ਗਈ ਦੀ ਲਾਸ਼ ਦਾ ਅੱਜ ਇਥੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿਚ ਪੋਸਟ- ਮਾਰਟਮ ਕੀਤਾ ਗਿਆ | ਏਮਜ਼ ਦੇ ਡਾਕਟਰਾਂ ਨੇ ਦੱਸਿਆ ਕਿ ਪੁਸ਼ਕਰ ਦੀ ਮੌਤ ਗੈਰ-ਕੁਦਰਤੀ ਅਚਨਚੇਤ ਹੋਈ ਹੈ ਅਤੇ ਉਸ ਦੇ ਸਰੀਰ 'ਚੋਂ ਜ਼ਹਿਰ ਨਹੀਂ ਮਿਲੀ | 'ਏਮਜ਼' ਫੌਰੈਂਸਿਕ ਮੁਖੀ ਡਾ. ਸੁਧੀਰ ਗੁਪਤਾ ਨੇ ਦੱਸਿਆ ਕਿ ਸਰੀਰ ਵਿਚ ਕੋਈ ਜ਼ਹਿਰੀਲਾ ਪਦਾਰਥ ਹੋਣ ਸਬੰਧੀ ਲਏ ਗਏ ਨਮੂਨਿਆਂ 'ਚ ਕਿਸੇ ਵੀ ਤਰ੍ਹਾਂ ਦਾ ਜ਼ਹਿਰ ਨਹੀਂ ਪਾਇਆ ਗਿਆ | ਇਹ ਮਾਮਲਾ ਗੈਰ-ਕੁਦਰਤੀ ਅਚਨਚੇਤ ਮੌਤ ਦਾ ਮਾਮਲਾ ਹੈ | ਡਾਕਟਰਾਂ ਨੇ ਇਹ ਵੀ ਕਿਹਾ ਕਿ ਸਰੀਰ ਤੇ ਕੁਝ ਜ਼ਖ਼ਮ ਹਨ, ਇਹ ਜ਼ਖ਼ਮ ਕਿਸ ਕਿਸਮ ਦੇ ਹਨ ਇਸ ਬਾਰੇ ਉਨ੍ਹਾਂ ਨੇ ਕੋਈ ਪ੍ਰਗਟਾਵਾ ਨਹੀਂ ਕੀਤਾ |
ਇਸ ਹਫਤੇ ਦੇ ਸ਼ੁਰੂ 'ਚ ਹੋਈ ਸੀ ਡਾਕਟਰੀ ਜਾਂਚ
ਤਿਰੂਵਨੰਤਪੁਰਮ-ਬੀਤੀ ਰਾਤ ਦਿੱਲੀ ਦੇ ਇਕ ਹੋਟਲ ਵਿਚ ਮਿ੍ਤਕ ਪਾਈ ਗਈ ਸੁਨੰਦਾ ਪੁਸ਼ਕਰ ਦੇ ਇਕ ਹਫਤਾ ਪਹਿਲਾਂ ਇਥੇ ਇਕ ਵਿਸ਼ੇਸ਼ ਸਹੂਲਤਾਂ ਨਾਲ ਲੈਸ ਇਕ ਹਸਪਤਾਲ ਵਿਚ ਲੜੀਵਾਰ ਟੈਸਟ ਕੀਤੇ ਗਏ ਸਨ |
ਸ਼ਸ਼ੀ ਥਰੂਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ
ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਸ਼ਸ਼ੀ ਥਰੂਰ ਜਿਨ੍ਹਾਂ ਨੂੰ ਦਿਲ ਦੀਆਂ ਤਕਲੀਫਾਂ ਕਾਰਨ ਬੀਤੀ ਰਾਤ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ, ਨੂੰ ਅੱਜ ਸਵੇਰੇ 10 ਵਜੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ |
ਸਸਕਾਰ ਕਰ ਦਿੱਤਾ
ਸੁਨੰਦਾ ਪੁਸ਼ਕਰ ਦੇ ਮਿ੍ਤਕ ਦੇਹ ਦਾ ਉਸ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਸੁਨੰਦਾ ਪੁਸ਼ਕਰ ਦੇ 21 ਸਾਲਾ ਲੜਕੇ ਸ਼ਿਵ ਮੈਨਨ ਨੇ ਚਿਖਾ ਨੂੰ ਅੱਗ ਦਿਖਾਈ | ਪੁਸ਼ਕਰ ਦਾ ਪਤੀ ਸ਼ਸ਼ੀ ਥਰੂਰ, ਉਸ ਦਾ ਪਿਤਾ ਅਤੇ ਭਰਾ ਸਮੇਤ ਹੋਰ ਪਰਿਵਾਰਕ ਮੈਂਬਰ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਮੌਜੂਦ ਸਨ |
ਸੋਨੀਆ ਥਰੂਰ ਦੇ ਘਰ ਪੁੱਜੀ
ਇਸੇ ਦੌਰਾਨ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅੱਜ ਸ਼ਾਮ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੇ ਘਰ ਪਹੁੰਚੀ ਤੇ ਸੁਨੰਦਾ ਪੁਸ਼ਕਰ ਦੀ ਮੌਤ 'ਤੇ ਉਨ੍ਹਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ |
ਪਟਿਆਲਾ ਛਾਉਣੀ 'ਚ ਸਖ਼ਤ ਸੁਰੱਖਿਆ ਪ੍ਰਬੰਧ
ਪਟਿਆਲਾ, (ਏਜੰਸੀ)-ਫ਼ੌਜੀ ਅਧਿਕਾਰੀਆਂ ਨੇ ਸੁਨੰਦਾ ਪੁਸ਼ਕਰ, ਜਿਸ ਦੀ ਕੱਲ੍ਹ ਲੀਲਾ ਹੋਟਲ 'ਚ ਲਾਸ਼ ਮਿਲੀ ਸੀ, ਦੇ ਪਰਿਵਾਰ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਛਾਉਣੀ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ | ਸੁਨੰਦਾ ਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ | ਜ਼ਿਕਰਯੋਗ ਹੈ ਕਿ ਕਰਨਲ ਦਾਸ ਜੋ ਕਿ ਕਸ਼ਮੀਰ ਨਾਲ ਸਬੰਧ ਰੱਖਦੇ ਹਨ, ਇਥੇ ਪਟਿਆਲਾ ਛਾਉਣੀ ਵਿਖੇ ਆਪਣੇ ਪੁੱਤਰ ਕਰਨਲ ਰਾਜੇਸ਼ ਪੁਸ਼ਕਰ ਨਾਲ ਰਹਿ ਰਹੇ ਹਨ |
 
Top