ਹੈ ਸੱਚੀ ਗੱਲ/ਬਾਬਾ ਬੇਲੀ

KARAN

Prime VIP
ਹੈ ਸੱਚੀ ਗੱਲ, ਤੇਰੇ ਨਖਰੇ ਲਿਹਾਜ਼ਾਂ ਤਾਰਦੇ ਵੀ ਸਨ,
ਮੇਰੀ ਉਸ ਪਿਆਸ ਦੇ ਸਿਰ ਤੋਂ ਨਿਆਜ਼ਾਂ ਵਾਰਦੇ ਵੀ ਸਨ,
ਤੇਰੇ ਸ਼ਰਬਤ-ਭਰੇ ਮਟਕੇ, ਆਵਾਜ਼ਾਂ ਮਾਰਦੇ ਵੀ ਸਨ,
ਤੇਰੇ ਜੇ ਸੁੱਚੜੇ ਜੋਬਨ ਦਾ ਫਿਰ ਵੀ ਜਾਮ ਨਹੀਂ ਪੀਤਾ,
ਕਦੇ ਤੂੰ ਸੋਚ ਕੇ ਵੇਖੀਂ,
ਮੈਂ ਏਦਾਂ ਕਿਉਂ ਨਹੀਂ ਕੀਤਾ.............

ਰਸਤੇ ਔਕੜਾਂ ਜੇ ਸਨ, ਉਹਨਾਂ ਨੂੰ ਸਹਿ ਵੀ ਸਕਦਾ ਸੀ,
ਜ਼ਰੂਰਤ ਪੈਣ ‘ਤੇ ਸਿਖਰਾਂ ਤੋਂ ਥੱਲੇ ਲਹਿ ਵੀ ਸਕਦਾ ਸੀ,
ਕਿ ਜੋ ਤੂੰ ਸਮਝਦੀ ਮੁਸ਼ਕਿਲ, ਉਹ ਗੱਲਾਂ ਕਹਿ ਵੀ ਸਕਦਾ ਸੀ,
ਨਫੇ-ਨੁਕਸਾਨ ਦਾ ਸੌਦਾ, ਮੈਂ ਓਦੋਂ ਤੋਲਿਆ ਕਿਉਂ ਨਈਂ,
ਕਦੇ ਤੂੰ ਸੋਚ ਕੇ ਵੇਖੀਂ,
ਮੈਂ ਓਦੋਂ ਬੋਲਿਆ ਕਿਉਂ ਨਈਂ...........

ਜਦੋਂ ਸਮਿਆਂ ਦਾ ਹਰ ਇਕ ਪਲ, ਮੇਰੀ ਮੁੱਠੀ ਦਾ ਬੰਦੀ ਸੀ,
ਵਹੀ ਤਕਦੀਰ ਦੀ, ਮਰਜ਼ੀ ਮੁਤਾਬਿਕ ਖੁਦ ਹੀ ਰੰਗੀ ਸੀ,
ਮੇਰੀ ਹੀ ਜਿੱਤ ਦੀ ਖਾਤਿਰ, ਭਖੇ ਮੈਦਾਨ ਜੰਗੀ ਸੀ,
ਮੈਂ ਖੁਦ ਹੀ ਐਨ ਮੌਕੇ ‘ਤੇ, ਤਿੱਖੀ ਤਲਵਾਰ ਕਿਉਂ ਭੰਨੀ?
ਕਦੇ ਤੂੰ ਸੋਚ ਕੇ ਵੇਖੀਂ,
ਓਦੋਂ ਮੈਂ ਹਾਰ ਕਿਉਂ ਮੰਨੀ........................

ਮੇਰੀ ਹਰਕਤ ਤੋਂ ਜੋ ਉੱਠੇ, ਉਹ ਕਾਂਬੇ ਜਾਇਜ਼ ਨੇ ਤੇਰੇ,
ਉਹ ਸ਼ਿਕਵੇ ਜਾਇਜ਼ ਨੇ ਤੇਰੇ, ਉਲਾਂਭੇ ਜਾਇਜ਼ ਨੇ ਤੇਰੇ,
ਕਿ ਜੋ ਸੱਵਾਲ ਮੇਰੇ ਲਈ ਤੂੰ ਸਾਂਭੇ ਜਾਇਜ਼ ਨੇ ਤੇਰੇ,
ਤੂੰ ਫਿਰ ਵੀ ਬੈਠ ਨਾ ਏਥੇ, ਤੇਰੇ ਤੋਂ ਉੱਠ ਨਹੀਂ ਹੋਣਾ,
ਜਦੋਂ ਤੂੰ ਸੋਚ ਵੇਖੇਂਗੀ,
ਤਾਂ ਕੁਝ ਵੀ ਪੁੱਛ ਨਹੀਂ ਹੋਣਾ.................

Baba Beli ( ਬਾਬਾ ਬੇਲੀ )
 
Top