ਰਿਹਾਂ ਤੈਨੂੰ ਮੈਂ ਅਰਜ਼ ਗੁਜ਼ਾਰ

ਤੂੰ ਤੇ ਤੇਰਾ ਪਰਿਵਾਰ, ਗੁਰੂ ਗੋਬਿੰਦ ਸਿੰਘ
ਗਿਐਂ ਸਾਡੇ ਉੱਤੋਂ ਵਾਰ, ਗੁਰੂ ਗੋਬਿੰਦ ਸਿੰਘ
ਨਾਂ ਸ਼ਬਦ ਨਾਂ ਹੀ ਵਿਚਾਰ, ਗੁਰੂ ਗੋਬਿੰਦ ਸਿੰਘ
ਤੇਰਾ ਕੀ ਆਖਾਂ ਕਿਰਦਾਰ, ਗੁਰੂ ਗੋਬਿੰਦ ਸਿੰਘ

ਸਭ ਤੋਂ ਪਹਿਲਾਂ ਹੈ ਸਤਿਕਾਰ, ਗੁਰੂ ਗੋਬਿੰਦ ਸਿੰਘ
ਸਜਣ ਬਹੁਤੇ, ਪਹਿਲ ਦਾਤਾਰ, ਗੁਰੂ ਗੋਬਿੰਦ ਸਿੰਘ
ਤੇਰੀ ਦਾਤ, ਬਿਨ੍ਹਾ ਦਸਤਾਰ, ਗੁਰੂ ਗੋਬਿੰਦ ਸਿੰਘ
ਸਾਨੂੰ ਕੌਣ ਕਹਿੰਦਾ, ਸਰਦਾਰ, ਗੁਰੂ ਗੋਬਿੰਦ ਸਿੰਘ

ਪਰ ਭੁਲ੍ਹ ਕੇ ਤੇਰਾ ਉਪਕਾਰ, ਗੁਰੂ ਗੋਬਿੰਦ ਸਿੰਘ
ਕਈ ਬਣ ਰਹੇ ਹਾਂ ਗਦਾਰ, ਗੁਰੂ ਗੋਬਿੰਦ ਸਿੰਘ
ਨਸ਼ੇ ਲਾਏ ਤੇ ਹੋਏ ਕੁੜੀਮਾਰ, ਗੁਰੂ ਗੋਬਿੰਦ ਸਿੰਘ
ਪਰ "ਸਿੰਘ" ਨਾਮ ਪਿੱਛੇ ਬਰਕਰਾਰ, ਗੁਰੂ ਗੋਬਿੰਦ ਸਿੰਘ

ਲਟਾਂ ਖੁਲ੍ਹੀਆਂ ਤੇ ਧੀ ਲੀਹੋਂ ਪਾਰ, ਗੁਰੂ ਗੋਬਿੰਦ ਸਿੰਘ
ਇਜ਼ੱਤ ਹੋਈ ਜਾਵੇ ਤਾਰ-ਤਾਰ, ਗੁਰੂ ਗੋਬਿੰਦ ਸਿੰਘ
"ਕੌਰਾਂ" ਦੀ ਥਾਂ ਲੱਗੇ ਹੁਣ ਸੰਧੂ ਹਜ਼ਾਰ, ਗੁਰੂ ਗੋਬਿੰਦ ਸਿੰਘ
ਰਿਹਾ ਨਾ ਭਾਗ ਕੌਰ ਦਾ ਪਿਆਰ, ਗੁਰੂ ਗੋਬਿੰਦ ਸਿੰਘ

ਰਿਹਾਂ ਤੈਨੂੰ ਮੈਂ ਅਰਜ਼ ਗੁਜ਼ਾਰ, ਗੁਰੂ ਗੋਬਿੰਦ ਸਿੰਘ
ਬੁਰੇ ਰਾਹਾਂ ਨੂੰ ਪਾਦੋ ਤੁਸੀਂ ਮਾਰ, ਗੁਰੂ ਗੋਬਿੰਦ ਸਿੰਘ
ਤੇਰਾ ਖਾਲਸਾ ਹੋਵੇ ਜੱਗ-ਜਾਹ੍ਰ, ਗੁਰੂ ਗੋਬਿੰਦ ਸਿੰਘ
ਰਹੇ ਚੜਦੀ ਕਲਾ ਦੇ ਵਿੱਚ ਯਾਰ, ਗੁਰੂ ਗੋਬਿੰਦ ਸਿੰਘ

Gurjant Singh
 
Top