ਰੰਗੀ ਵੱਸਦੇ

bhandohal

Well-known member
ਸਾਨੂੰ ਆਉਂਦੇ-ਜਾਂਦੇ ਦੱਸਿਓ ਪੰਜਾਬ ਵਾਲੀ ਗੱਲ।

ਮਾਝੇ ਮਾਲਵੇ ਤੇ ਮਿੱਠੜੇ ਦੁਆਬ ਵਾਲੀ ਗੱਲ।

ਸਾਡਾ ਅੰਬਰਸਰ ਵੱਸੇ ਤੇ ਲਾਹੌਰ ਸੋਹਣਾ ਹੱਸੇ,

ਰਹੇ ਦਿਲਾਂ ਵਿਚ ਜਾਗਦੀ ਗੁਲਾਬ ਵਾਲੀ ਗੱਲ।

ਅਸੀਂ ਕਿਵੇਂ ਗਏ ਵੰਡੇ ਅਸੀਂ ਕਿਵੇਂ ਗਏ ਵੱਢੇ?

ਆਓ ਰਲ-ਮਿਲ ਸੋਚੀਏ ਹਿਸਾਬ ਵਾਲੀ ਗੱਲ।

ਕੇਹੀ ਚੰਦਰੀ ਸੰਤਾਲੀ ਵੱਜੀ ਦਿਲਾਂ 'ਚ ਦੁਨਾਲੀ,

ਰੁੜ੍ਹੀ ਰੇਤਿਆਂ 'ਚ ਰਾਵੀ ਤੇ ਚਨਾਬ ਵਾਲੀ ਗੱਲ।

ਸਾਨੂੰ ਬੜਾ ਰੋਣ ਆਏ ਜਦੋਂ ਝੂਣ ਕੇ ਜਗਾਵੇ,

ਆਵੇ ਯਾਦ ਜਦੋਂ ਟੁੱਟਗੀ ਰਬਾਬ ਵਾਲੀ ਗੱਲ।

ਨਾ ਕਬੀਰ ਧੰਦੀ ਸੁਣੀ ਨਾ ਹੀ ਨਾਨਕ ਦੇ ਬੋਲ,

ਸਾਡੇ ਮਨ ਹੀ ਮੰਨੀ ਝੂਠੇ ਖ਼ਾਬ ਵਾਲੀ ਗੱਲ।

ਛੱਡ ਦਿੱਤਾ ਫੇਰ ਦੇਸ ਲੱਥੇ ਆਣ ਪਰਦੇਸ,

ਤਾਹੀਏਂ ਪੀਲੇ ਭੂਕ ਹੋਏ ਹੋਈ ਦਾਬ ਵਾਲੀ ਗੱਲ।

ਅਸੀਂ ਕਿਵੇਂ ਭਲਾ ਜੀਂਦੇ ਇਨ੍ਹਾਂ ਮਾਰੂਥਲਾਂ ਵਿਚ?

ਜੇ ਨਾ ਜ਼ਿੰਦਗੀ 'ਚ ਹੁੰਦੀ ਜੀ ਸ਼ਬਾਬ ਵਾਲੀ ਗੱਲ।

ਜਦੋਂ ਮਹਿਫ਼ਲੀਂ ਸੀ ਲੜੀ ਸਾਡੀ ਥੋਡੇ ਨਾਲ ਅੱਖ,

ਅਸੀਂ ਭੁੱਲੇ ਨਾ ਜੀ ਕਦੇ ਉਹ ਜਨਾਬ ਵਾਲੀ ਗੱਲ।

ਲੱਖ ਹੋਏ ਹਾਂ ਖਰਾਬ ਸੁਣੇ ਬੋਲ ਤੇ ਕੁ-ਬੋਲ,

ਸਾਡੇ ਨਾਲ ਨਾਲ ਤੁਰੀ ਜੀ ਸ਼ਰਾਬ ਵਾਲੀ ਗੱਲ।

ਲੋਕੀਂ ਚੰਗੇ ਹੋਣ ਲਈ ਨੇ ਮਖੌਟੇ ਲੱਖ ਪਾਉਂਦੇ,

ਅਸਾਂ ਕੋਠੇ ਚੜ੍ਹ ਦੱਸੀ 'ਹਾਂ ਖਰਾਬ' ਵਾਲੀ ਗੱਲ।

ਧੋਖਾ ਖੁਦ ਨੂੰ ਵੀ ਦੇਵੋਂ ਕਦੇ ਆਏ ਨਹੀਂ ਬਾਜ਼,

ਕੀਤੀ ਲੱਖ ਲੋਕਾਂ ਮੂੰਹ 'ਤੇ ਖਿਜ਼ਾਬ ਵਾਲੀ ਗੱਲ।

ਸੂਟ ਮੰਗਵਾਂ ਤੇ ਟਾਈ ਲੋਕ ਵੇਖਦੇ ਹੀ ਰਹਿਗੇ,

ਅਸਾਂ ਬੂਟ 'ਚ ਛੁਪਾਈ ਉਹ ਜੁਰਾਬ ਵਾਲੀ ਗੱਲ।

ਅਸੀਂ ਆਸਾਂ ਵਾਲੇ ਉੱਚੇ ਉੱਚੇ ਲਾਏ ਸੀ ਅੰਬਾਰ,

ਉਹੀਓ ਬਣ ਗਏ ਅਸਾਂ ਲਈ ਤਿਜ਼ਾਬ ਵਾਲੀ ਗੱਲ।

ਅਸੀਂ ਅੱਖਰਾਂ ਦੀ ਖੇਡ, ਖੇਡ ਖੇਡ ਵੀ ਨਾ ਹੰਭੇ,

ਸਾਥੋਂ ਮਸਾਂ ਤੋੜ ਚੜ੍ਹੀ ਜੀ ਕਿਤਾਬ ਵਾਲੀ ਗੱਲ।

ਅਸੀਂ ਨਿੱਕੇ-ਨਿੱਕੇ ਕਿੰਨੇ ਕਾਹਲੇ ਕਦਮਾਂ ਨਾ ਚੱਲੇ,

ਚੱਲੀ ਪੈਰਾਂ ਵਿਚੋਂ ਕਿਰ ਉਹ ਸ਼ਤਾਬ ਵਾਲੀ ਗੱਲ।

ਸਾਨੂੰ ਆਉਂਦੇ-ਜਾਂਦੇ ਦੱਸਿਓ ਪੰਜਾਬ ਵਾਲੀ ਗੱਲ।

ਰੰਗੀ ਵੱਸਦੇ ਤੇ ਹੱਸਦੇ ਗੁਲਾਬ ਵਾਲੀ ਗੱਲ!!

ਪ੍ਰੋ: ਸ਼ੇਰ ਸਿੰਘ ਕੰਵਲ
 
Top