ਕਬੂਤਰ

Mandeep Kaur Guraya

MAIN JATTI PUNJAB DI ..
ਈਸਾ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਮਿਸਰ ਵਿਚ ਕਬੂਤਰਾਂ ਨੂੰ ਪਾਲੇ ਜਾਣ ਦਾ ਵੇਰਵਾ ਮਿਲਦਾ ਹੈ। ਕਾਲੀਦਾਸ ਨੇ ਵੀ ਚਿੱਟੇ ਰੰਗ ਦੇ ਕਬੂਤਰਾਂ ਨੂੰ ਪਾਲਿਆ ਸੀ। ਕਵੀ ਬਾਣਭੱਟ ਦੇ ਸਮੇਂ ਰਾਜੇ-ਮਹਾਰਾਜਿਆਂ ਵਿਚ ਕਬੂਤਰਾਂ ਨੂੰ ਪਾਲਣ ਦੀ ਰੀਤ ਸੀ। ਮੁਗਲ ਸਮਰਾਟ ਬਾਬਰ ਨੂੰ ਕਬੂਤਰ ਪਾਲਣ ਦਾ ਸ਼ੌਕ ਸੀ। ਅਕਬਰ ਖੁਦ ਵੀ ਕਬੂਤਰਾਂ ਨੂੰ ਪਾਲਣ ਅਤੇ ਉਨ੍ਹਾਂ ਨੂੰ ਉਡਾਉਣ ਦਾ ਸ਼ੌਕੀਨ ਸੀ। ਅਕਬਰ ਦੇ ਕੋਲ ਵੀਹ ਹਜ਼ਾਰ ਤੋਂ ਵੀ ਵੱਧ ਕਬੂਤਰ ਸਨ। ਇਨ੍ਹਾਂ ਕਬੂਤਰਾਂ ਨੂੰ ਸਿਖਲਾਈ ਦੇਣ ਦੇ ਲਈ ਬਾਕਾਇਦਾ ਉਸਤਾਦ ਹੁੰਦੇ ਸਨ ਅਤੇ ਉਨ੍ਹਾਂ ਨੂੰ ਕੁਝ ਸੰਕੇਤਾਂ ਦੀ ਭਾਸ਼ਾ ਦੀ ਸਿਖਲਾਈ ਦਿੱਤੀ ਜਾਂਦੀ ਸੀ।
ਜਹਾਂਗੀਰ ਨੂੰ ਕਬੂਤਰ ਪਾਲਣ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਬੇਹੱਦ ਸ਼ੌਕ ਸੀ। ਜਹਾਂਗੀਰ ਦੇ ਰਾਜ ਵਿਚ ਮਿਸਰ ਅਤੇ ਬਗਦਾਦ ਤੋਂ ਕਬੂਤਰਬਾਜ਼ ਆਇਆ ਕਰਦੇ ਸਨ। ਮੁਗਲ ਸਲਤਨਤ ਦੇ ਇਤਿਹਾਸਕ ਸ਼ਹਿਰਾਂ ਵਿਚ ਖਾਸਕਰ ਦਿੱਲੀ ਅਤੇ ਆਗਰਾ ਵਿਚ ਕਬੂਤਰਬਾਜ਼ੀ ਹੁੰਦੀ ਸੀ।
ਇਤਿਹਾਸ ਵਿਚ ਕਬੂਤਰਾਂ ਨੇ ਸੁਨੇਹੇ ਪਹੁੰਚਾ ਕੇ ਮਨੁੱਖ ਦੀ ਬੜੀ ਸੇਵਾ ਕੀਤੀ ਹੈ। ਕਬੂਤਰਾਂ ਨੇ ਦੂਰ-ਦੂਰ ਤੱਕ ਸਮਾਚਾਰਾਂ ਨੂੰ ਪਹੁੰਚਾਇਆ ਹੈ। ‘ਨਿਊਯਾਰਕ ਈਵਨਿੰਗ ਜਨਰਲ’ ਨੇ ਸਿਖਲਾਈ ਵਾਲੇ ਕਬੂਤਰਾਂ ਨੂੰ ਪਾਲਿਆ ਸੀ। ਇਹ ਕਬੂਤਰ ਇਸ ਤਰ੍ਹਾਂ ਸਿਖਾਏ ਗਏ ਸਨ ਕਿ ਉਹ ਯੁੱਧ ਦੇ ਦੌਰਾਨ ਦੀਆਂ ਤਸਵੀਰਾਂ ਖਿੱਚ ਕੇ ਲਿਆ ਦਿੰਦੇ ਸਨ। ਇਹ ਫੋਟੋ ਖਿੱਚ ਕੇ ਕੋਈ ਅੱਸੀ ਕਿਲੋਮੀਟਰ ਦੀ ਰਫਤਾਰ ਨਾਲ ਉੱਡ ਕੇ ਅਖਬਾਰ ਦੇ ਦਫਤਰ ਵਿਚ ਫੋਟੋ ਲਿਆ ਕੇ ਦਿੰਦੇ ਸਨ।
ਇਕ ਵਾਰ ਓਲੰਪਿਕ ਖੇਡਾਂ ਦੌਰਾਨ ਦੁਨੀਆਂ ਭਰ ਦੇ ਪੱਤਰਕਾਰ ਅਤੇ ਕੈਮਰਾਮੈਨ ਆਪਣੀਆਂ ਅਖਬਾਰਾਂ ਦੇ ਲਈ ਸਮੱਗਰੀ ਇਕੱਠੀ ਕਰਨ ਵਿਚ ਲੱਗੇ ਸਨ। ਹਰ ਕੋਈ ਇਕ ਨਾਲੋਂ ਇਕ ਆਧੁਨਿਕ ਸਾਧਨਾਂ ਦੀ ਮਦਦ ਨਾਲ ਚਿੱਤਰ ਇਕੱਠੇ ਕਰ ਰਿਹਾ ਸੀ। ਪਰ ਇਕ ਕੈਮਰਾਮੈਨ ਸਿਰਫ ਕਬੂਤਰ ਦੀ ਮਦਦ ਲੈ ਰਿਹਾ ਸੀ। ਪਾਣੀ ਦੀਆਂ ਖੇਡਾਂ ਦੀਆਂ ਤਸਵੀਰਾਂ ਖਿੱਚਣ ਦੇ ਲਈ ਉਹ ਖੁਦ ਇਕ ਕਿਸ਼ਤੀ ’ਤੇ ਸਵਾਰ ਸੀ। ਜਿਉਂ ਹੀ ਉਸ ਦੇ ਕੈਮਰੇ ਵਿਚ ਫਿਲਮ ਪੂਰੀ ਹੋ ਜਾਂਦੀ ਸੀ ਉਹ ਕਬੂਤਰ ਦੇ ਗਲ ਵਿਚ ਫਿਲਮ ਬੰਨ੍ਹ ਕੇ ਉਡਾ ਦਿੰਦਾ। ਕਬੂਤਰ ਉਸ ਨੂੰ ਅਖਬਾਰ ਦੇ ਦਫਤਰ ਪਹੁੰਚਾ ਦਿੰਦਾ।
ਉੜੀਸਾ ਦੇ ਜ਼ਿਲ੍ਹਾ ਦਫਤਰਾਂ ਅਤੇ ਪੁਲੀਸ ਚੌਕੀਆਂ ’ਤੇ ਇਹੋ ਜਿਹੇ ਸਿਖਲਾਈ ਪ੍ਰਾਪਤ ਕਬੂਤਰਾਂ ਨੂੰ ਰੱਖਿਆ ਜਾਂਦਾ ਸੀ। ਇੱਥੇ ਸਿਖਲਾਈ ਪ੍ਰਾਪਤ ਕਬੂਤਰਾਂ ਨੇ ਮੁਸ਼ਕਲਾਂ ਵਿਚ ਫਸੇ ਲੋਕਾਂ ਨੂੰ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਕਬੂਤਰਾਂ ਨੇ ਮੱਲਾਹਾਂ ਦੀ ਵੀ ਕਾਫੀ ਸਹਾਇਤਾ ਕੀਤੀ ਹੈ। 1960 ਵਿਚ ਕਟਕ ਵਿਚ ਜਦ ਹੜ੍ਹ ਆਇਆ ਸੀ ਅਤੇ ਸੰਚਾਰ ਦੇ ਸਾਰੇ ਸੂਤਰ ਖਤਮ ਹੋ ਚੁੱਕੇ ਸਨ ਤਦ ਕਬੂਤਰਾਂ ਨੇ ਹੀ ਸੁਨੇਹਾ ਪਹੁੰਚਾਇਆ ਸੀ। ਉੜੀਸਾ ਵਿਚ ਪਿਛਲੇ ਕਈਆਂ ਸਾਲਾਂ ਤੋਂ ਇਹ ਸੇਵਾ ਬੰਦ ਕਰ ਦਿੱਤੀ ਗਈ ਹੈ।
ਅਸਲ ਵਿਚ ਕਬੂਤਰਾਂ ਨੂੰ ਹਰੇਕ ਧਰਮ ਦੇ ਲੋਕ ਮੰਨਦੇ ਹਨ। ਈਸਾਈ ਮੰਨਦੇ ਹਨ ਕਿ ਕਬੂਤਰ ਦੇਵਤਿਆਂ ਦਾ ਦੂਤ ਹੈ। ਮੁਸਲਮਾਨ ਇਸ ਨੂੰ ਸੱਯਦ ਦਾ ਰੂਪ ਮੰਨਦੇ ਹਨ। ਇਸੇ ਤਰ੍ਹਾਂ ਹਿੰਦੂ ਧਰਮ ਵਿਚ ਵੀ ਕਬੂਤਰ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ ਗਈ ਹੈ। ਕਈ ਜਨਤਕ ਸਮਾਰੋਹਾਂ ਵਿਚ ਕਬੂਤਰਾਂ ਨੂੰ ਉਡਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਅਸਲ ਵਿਚ ਕਬੂਤਰ ਕਿਸੇ ਵੀ ਪ੍ਰਕਾਰ ਦੀ ਕੋਈ ਹਿੰਸਾ ਨਹੀਂ ਕਰਦਾ। ਇਹੀ ਕਾਰਨ ਹੈ ਕਿ ਮੰਦਰਾਂ, ਮਸਜਿਦਾਂ ਅਤੇ ਗਿਰਜਾਘਰਾਂ ਆਦਿ ਵਿਚ ਕਬੂਤਰ ਆਪਣਾ ਠਿਕਾਣਾ ਬਣਾਉਂਦੇ ਹਨ। ਸਾਡੇ ਦੇਸ਼ ਵਿਚ ਕਈ ਥਾਵਾਂ ਇਹੋ ਜਿਹੀਆਂ ਹਨ ਜਿੱਥੇ ਹਰ ਰੋਜ਼ ਹੀ ਅਣਗਿਣਤ ਕਬੂਤਰਾਂ ਨੂੰ ਦਾਣਾ ਚੁਗਾਇਆ ਜਾਂਦਾ ਹੈ। ਇਹ ਕਬੂਤਰ ਇਹੋ ਜਿਹੀਆਂ ਥਾਵਾਂ ’ਤੇ ਵੱਡੀ ਗਿਣਤੀ ਵਿਚ ਦੇਖੇ ਜਾ ਸਕਦੇ ਹਨ। ਕਬੂਤਰਾਂ ਦੀ ਇਕ ਹੋਰ ਖੂਬੀ ਹੈ ਕਿ ਨਰ ਅਤੇ ਮਾਦਾ ਇਕ ਵਾਰ ਜੋੜਾ ਬਣਾਉਂਦੇ ਹਨ ਤਾਂ ਫਿਰ ਸਾਰੀ ਜ਼ਿੰਦਗੀ ਇਕੱਠੇ ਹੀ ਰਹਿੰਦੇ ਹਨ।
ਕਬੂਤਰਾਂ ਦੀਆਂ ਕਈ ਕਿਸਮਾਂ ਕਬੂਤਰਾਂ ਦੇ ਸ਼ੌਕੀਨਾਂ ਨੇ ਵਿਕਸਿਤ ਕੀਤੀਆਂ ਹਨ, ਜਿਵੇਂ ਕਿ ਗੋਲਾ, ਸ਼ੀਰਾਜੀ, ਲੋਟਨ, ਗਿਰਹਬਾਜ਼, ਲੱਕਾ ਆਦਿ। ਜੰਗਲੀ ਕਬੂਤਰ ਸਾਡੇ ਇੱਥੇ ਹਰ ਥਾਂ ਮਿਲ ਜਾਂਦਾ ਹੈ। ਇਹ ਬਹੁਤਾ ਕਰ ਕੇ ਇਨਸਾਨੀ ਵਸਤੂਆਂ ਅਤੇ ਇਨਸਾਨਾਂ ਦੇ ਘਰਾਂ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ। ਸ਼ਹਿਰਾਂ ਵਿਚ ਭੀੜ ਵਾਲੇ ਇਲਾਕਿਆਂ ਵਿਚ ਇਹ ਬੜੇ ਮਜ਼ੇ ਨਾਲ ਰਹਿ ਲੈਂਦੇ ਹਨ।
ਕਬੂਤਰ ਦੀ ਇਕ ਕਿਸਮ ਜੋ ਕਿ ਦੇਸ਼ ਵਿਚ ਦੇਖਣ ਨੂੰ ਮਿਲਦੀ ਹੈ, ਉਹ ਹੈ ਚੱਟਾਨੀ ਕਬੂਤਰ ਕਿਉਂਕਿ ਇਹ ਪਹਾੜਾਂ ਦੀਆਂ ਚੱਟਾਨਾਂ ਦੀਆਂ ਦਰਾੜਾਂ ਵਿਚ ਵੀ ਰਹਿੰਦਾ ਹੈ, ਸ਼ਾਇਦ ਇਸੇ ਕਾਰਨ ਇਸ ਦਾ ਇਹ ਨਾਂ ਪਿਆ ਹੋਵੇਗਾ। ਇਸ ਦੇ ਸਰੀਰ ਦਾ ਰੰਗ ਰਾਖ ਵਰਗਾ ਹੁੰਦਾ ਹੈ ਅਤੇ ਧੌਣ ਚਮਕਦਾਰ ਹਰੇ, ਪੀਲੇ ਅਤੇ ਮਹਾਵਰੀ ਰੰਗ ਦੀ ਹੁੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਜਦ ਇਸ ਦੀ ਧੌਣ ’ਤੇ ਰੋਸ਼ਨੀ ਪੈਂਦੀ ਹੈ ਤਾਂ ਇਹ ਰੰਗ ਛਿਪਦੇ ਅਤੇ ਉਭਰਦੇ ਰਹਿੰਦੇ ਹਨ।
ਇਨ੍ਹਾਂ ਦਾ ਔਲਾਦ ਪੈਦਾ ਕਰਨ ਦਾ ਕੰਮ ਸਾਰਾ ਸਾਲ ਚਲਦਾ ਰਹਿੰਦਾ ਹੈ। ਮਾਦਾ ਇਕ ਵਾਰ ਵਿਚ ਦੋ ਅੰਡੇ ਦਿੰਦੀ ਹੈ। ਇਹ ਆਲ੍ਹਣਾ ਨਹੀਂ ਬਣਾਉਂਦੀ ਬਲਕਿ ਕਿਸੇ ਵੀ ਸੁਰੱਖਿਅਤ ਥਾਂ ’ਤੇ ਅੰਡੇ ਦੇ ਦਿੰਦੀ ਹੈ। ਨਰ ਅਤੇ ਮਾਦਾ ਮਿਲ ਕੇ ਅੰਡੇ-ਬੱਚਿਆਂ ਦੀ ਦੇਖ-ਭਾਲ ਕਰਦੇ ਹਨ।

-- ਨਿਰਮਲ ਪ੍ਰੇਮੀ
 
Top