ਸ਼ੇਰ ਦੀ ਮਿੱਠੀ ਖੀਰ

Mandeep Kaur Guraya

MAIN JATTI PUNJAB DI ..
ਸੰਘਣੇ ਜੰਗਲ ਵਿਚ ਇਕ ਸ਼ਰਾਰਤੀ ਬਾਂਦਰ ਦੌੜਿਆ ਜਾਂਦਾ ਹੋਇਆ ਯਕਦਮ ਰੁਕ ਗਿਆ। ਉਸ ਨੂੰ ਕਿਸੇ ਪਾਸੇ ਤੋਂ ਬਣੀ ਹੋਈ ਖੀਰ ਦੀ ਖੁਸ਼ਬੋ ਆਈ ਸੀ। ਇਸ ਜੰਗਲ ਵਿਚ ਅੱਜ ਕਿਹੜੇ ਮਾਈ ਦੇ ਲਾਲ ਨੇ ਖੀਰ ਧਰ ਲਈ? ਇਉਂ ਸੋਚ ਕੇ ਉਸ ਨੇ ਆਲਾ-ਦੁਆਲਾ ਦੇਖਿਆ ਤਾਂ ਉਸ ਦੇ ਨੇੜੇ ਹੀ ਇਕ ਚੁੱਲ੍ਹੇ ਕੋਲ ਖੀਰ ਦਾ ਭਰਿਆ ਹੋਇਆ ਇਕ ਪਤੀਲਾ ਉਸ ਨੂੰ ਨਜ਼ਰ ਆਇਆ।
ਵਾਹ! ਆਹ ਤਾਂ ਕਮਾਲ ਹੋ ਗਈ। ਉਪਰੋਂ ਭੁੱਖ ਨੇ ਵੀ ਬਹੁਤ ਸਤਾਇਆ ਹੋਇਆ ਸੀ। ਫੇਰ ਉਸ ਨੇ ਆ ਦੇਖਿਆ ਨਾ ਤਾਅ, ਝੱਟ ਖੀਰ ਵਾਲਾ ਪਤੀਲਾ ਚੁੱਕਿਆ ਤੇ ਲਾਗੇ ਹੀ ਇਕ ਦਰੱਖਤ ਉਤੇ ਚੜ੍ਹ ਗਿਆ ਤੇ ਲੱਗਿਆ ਖੀਰ ਖਾਣ। ਅਜੇ ਉਸ ਨੇ ਅੱਧਾ ਕੁ ਪਤੀਲਾ ਹੀ ਖੀਰ ਦਾ ਖਾਧਾ ਹੋਵੇਗਾ ਕਿ ਸਾਹਮਣੀ ਗੁਫਾ ਵਿਚੋਂ ਜੰਗਲ ਦਾ ਬਾਦਸ਼ਾਹ ‘ਸ਼ੇਰ’ ਤੁਰਿਆ ਆਉਂਦਾ ਉਸ ਨੂੰ ਦਿਖਿਆ। ਸ਼ੇਰ ਸਿੱਧਾ ਚੁੱਲ੍ਹੇ ਕੋਲ ਆ ਕੇ ਰੁਕ ਗਿਆ। ਜਦੋਂ ਸ਼ੇਰ ਨੂੰ ਖੀਰ ਦਾ ਪਤੀਲਾ ਉਥੇ ਨਜ਼ਰ ਨਾ ਆਇਆ ਤਾਂ ਉਹ ਡੌਰ-ਭੌਰ ਜਿਹਾ ਹੋ ਗਿਆ। ਫਿਰ ਉਸ ਨੇ ਗੁੱਸੇ ’ਚ ਆ ਕੇ ਜ਼ੋਰ ਦੀ ਦਹਾੜ ਮਾਰ ਕੇ ਪੁੱਛਿਆ, ਕਿਸ ਦੀ ਮਜ਼ਾਲ ਐ, ਬਾਦਸ਼ਾਹ ਦੀ ਖੀਰ ਨੂੰ ਹੱਥ ਲਾਉਣ ਦੀ? ਸਾਹਮਣੇ ਆਵੇ।
ਇਉਂ ਸੁਣ ਕੇ ਦਰੱਖਤ ਉਪਰ ਬੈਠੇ ਬਾਂਦਰ ਦੇ ਹੱਥੋਂ, ਇਕ ਵਾਰ ਤਾਂ ਪਤੀਲਾ ਡਿੱਗਣ ਵਾਲਾ ਹੋ ਗਿਆ, ਪਰ ‘ਉਹ’ ਜਲਦੀ ਨਾਲ ਹੀ ਸੰਭਲ ਕੇ ਬੋਲਿਆ, ‘‘ਬਾਦਸ਼ਾਹ ਸਲਾਮਤ! ਇਹ ਗਲਤੀ ਮੈਥੋਂ ਹੋ ਗਈ ਹਜ਼ੂਰ।’’ ਏਨੀ ਦੇਰ ’ਚ ਉਸ ਨੇ ਅੱਧੇ ਖਾਲੀ ਜਿਹੇ ਪਤੀਲੇ ਨੂੰ ਦਰੱਖਤ ਦੇ ਟਾਹਣੇ ਵਿਚ ਫਸਾ ਦਿੱਤਾ। ‘‘ਤੇਰੀ ਇਹ ਮਜ਼ਾਲ, ਤੂੰ ਹੇਠ ਉਤਰ ਕੇਰਾਂ’’ ਸ਼ੇਰ ਗੜਕਿਆ। ਇਕ ਵਾਰ ਤਾਂ ਬਾਂਦਰ ਦੇ ਹੋਸ਼ ਉਡ ਗਏ ਕਿ ਅੱਜ ਬੁਰੇ ਫਸੇ। ਪਰ ਉਸ ਨੇ ‘‘ਆਇਆ ਜਨਾਬ ਜੀ’’ ਕਹਿ ਕੇ ਅਗਲੇ ਦਰੱਖਤ ਉਪਰ ਛਾਲ ਮਾਰ ਦਿੱਤੀ।
‘ਉਏ ਬੇਸ਼ਰਮ ਕੀ ਕਰਦਾ ਐਂ, ਥੱਲੇ ਉਤਰ।’’ ਸ਼ੇਰ ਨੂੰ ਭੁੱਖ ਨੇ ਸਤਾਇਆ ਹੋਣ ਕਰਕੇ ਬਹੁਤਾ ਗੜਕ ਨਹੀਂ ਸਕਿਆ।
ਪਰ ਬਾਂਦਰ ਸੀ ਜਿਹੜਾ ਅੱਗੇ ਹੀ ਅੱਗੇ ਜਾਈ ਗਿਆ ਅਤੇ ਸ਼ੇਰ ਉਸ ਦੇ ਪਿੱਛੇ-ਪਿੱਛੇ ਦੌੜਿਆ ਚਲਾ ਗਿਆ। ਬਾਂਦਰ ਦਰੱਖਤਾਂ ਦੇ ਉਪਰੋਂ-ਉਪਰੀ ਹੁੰਦਾ ਹੋਇਆ ਕਾਫੀ ਦੂਰ ਨਿਕਲ ਗਿਆ ਸੀ। ਇਸ ਤਰ੍ਹਾਂ ਦੋਵੇਂ ਬਹੁਤ ਦੇਰ ਭੱਜਣ ਤੋਂ ਬਾਅਦ ਕਾਫੀ ਥੱਕ ਵੀ ਚੁੱਕੇ ਸਨ।
ਏਨੀ ਦੇਰ ’ਚ ਅੱਗੇ ਜਾ ਕੇ ਬਾਂਦਰ ਨੂੰ ਸਾਹਮਣੇ ਇਕ ਪਹਾੜੀ ਦਿਖਾਈ ਦਿੱਤੀ। ਬਾਂਦਰ ਸ਼ੇਰ ਨੂੰ ਝਕਾਨੀ ਜਿਹੀ ਦੇ ਕੇ ਪਹਾੜੀ ’ਤੇ ਛਾਲ ਮਾਰ ਕੇ ਚੜ੍ਹ ਗਿਆ ਤੇ ਫਟਾ-ਫਟ ਸਿਖਰ ’ਤੇ ਪਹੁੰਚ ਗਿਆ। ਉਪਰ ਜਾ ਕੇ ਕੀ ਦੇਖਦੈ ਕਿ ਇਕ ਕਿਸੇ ਫੌਜੀ ਅਫਸਰ ਦੀ ਕੁਰਸੀ ਤੇ ਮੇਜ਼ ਪਿਆ ਹੈ। ਮੇਜ਼ ਉਪਰ ਫੌਜੀ ਅਫਸਰ ਦੀਆਂ ਐਨਕਾਂ, ਅਖਬਾਰ, ਟੋਪੀ ਅਤੇ ਰੂਲ ਪਏ ਸਨ। ਫੌਜੀ ਅਫਸਰ ਸ਼ਾਇਦ ਕਿਧਰੇ ਘੁੰਮਣ ਗਿਆ ਹੋਇਆ ਹੈ, ਤਾਂ ਬਾਂਦਰ ਨੂੰ ਝੱਟ ਸ਼ੇਰ ਤੋਂ ਬਚਣ ਲਈ ਇਕ ਵਿਉਂਤ ਸੁਝ ਗਈ। ਉਸ ਨੇ ਐਨਕ ਚੁੱਕ ਕੇ ਆਪਦੇ ਲਾ ਲਈ, ਟੋਪੀ ਸਿਰ ਉਤੇ ਧਰ ਲਈ ਅਤੇ ਅਖਬਾਰ ਨੂੰ ਹੱਥਾਂ ’ਚ ਫੜ ਕੇ ਇਉਂ ਬੈਠ ਗਿਆ, ਜਿਵੇਂ ਅਖਬਾਰ ਨੂੰ ਬਹੁਤ ਹੀ ਧਿਆਨ ਨਾਲ ਪੜ੍ਹ ਰਿਹਾ ਹੋਵੇ!!
ਅਗਲੇ ਹੀ ਪਲ ਥੱਕਿਆ, ਟੁੱਟਿਆ, ਭੁੱਖਾ ਅਤੇ ਹੰਭਿਆ ਹੋਇਆ ਸ਼ੇਰ ਉਸ ਦੀ ਕੁਰਸੀ ਦੇ ਬਰਾਬਰ ਬੜਾ ਔਖਾ ਪੁੱਜਾ। ਬਾਂਦਰ ਨੇ ਟੇਢੀ ਅੱਖ ਨਾਲ ਐਨਕ ਦੇ ਵਿਚ ਦੀ ਹੀ ਸ਼ੇਰ ਨੂੰ ਆਪਣੇ ਵੱਲ ਆਉਂਦੇ ਦੇਖ ਲਿਆ ਸੀ।
‘‘ਸ਼ੇਰ ਜਦੋਂ ਉਸ ਦੇ ਕੋਲ ਆਇਆ ਤਾਂ ਬਾਂਦਰ ਨੇ ਪੁੱਛਿਆ, ਤੁਸੀਂ ਅੱਜ ਕਿਵੇਂ ਦਰਸ਼ਨ ਦਿੱਤੇ ਬਾਦਸ਼ਾਹ ਜੀਉ, ਇਧਰ?’’
‘‘ਤੁਸੀਂ ਕੋਈ ਬਾਂਦਰ ਤਾਂ ਨ੍ਹੀਂ ਆਉਂਦਾ ਦੇਖਿਆ ਇਧਰ?’’ ਸ਼ੇਰ ਦੀ ਇਹ ਆਵਾਜ਼ ਮਸਾਂ ਨਿਕਲ ਰਹੀ ਸੀ। ‘‘ਇਕ ਮਿੰਟ ਰੁਕੋ ਹੁਣੇ ਦੱਸਦਾ ਹਾਂ ਇਸ ਅਖਬਾਰ ਵਿਚੋਂ ਪੜ੍ਹ ਕੇ।’’ ਬਾਂਦਰ, ਅਖਬਾਰ ਨੂੰ ਅੱਖਾਂ ਮੂਹਰੇ ਕਰਦਾ ਹੋਇਆ ਬੋਲਿਆ। ‘‘ਸ਼ੇਰ’’ ਅਖਬਾਰ ਵੱਲ ਅੱਖਾਂ ਪਾੜ-ਪਾੜ ਝਾਕਣ ਲੱਗਿਆ। ਦੱਸੋ-ਦੱਸੋ ਜਲਦੀ ਦੱਸੋ, ਬੜਾ ਪ੍ਰੇਸ਼ਾਨ ਕੀਤੈ ਅੱਜ ਉਸ ਬਾਂਦਰ ਦੇ ਬੱਚੇ ਨੇ। ‘‘ਸ਼ੇਰ’’ ਕੁਰਸੀ ਕੋਲ ਨੂੰ ਹੁੰਦਾ ਹੋਇਆ ਬੋਲਿਆ।
ਅਖਬਾਰ ਦੀ ਖਬਰ ਹੈ ਕਿ ਹੁਣੇ-ਹੁਣੇ ਇਕ ਬਾਂਦਰ ਜੰਗਲ ਦੇ ਬਾਦਸ਼ਾਹ ਦੀ ਮਿੱਠੀ ਖੀਰ ਖਾ ਕੇ ਅਤੇ ਪਤੀਲੇ ਨੂੰ ਦਰੱਖਤ ’ਤੇ ਟੰਗ ਕੇ ਦਰੱਖਤਾਂ ਦੇ ਉਪਰ ਦੀ ਹੁੰਦਾ ਹੋਇਆ ਪਤਾ ਨਹੀਂ ਕਿਧਰ ਖਿਸਕ ਗਿਆ। ਕਿਤੇ ਉਸੇ ਬਾਂਦਰ ਬਾਰੇ ਤਾਂ ਨਹੀਂ ਪੁੱਛ ਰਹੇ ਤੁਸੀਂ? ਬਾਂਦਰ ਨੇ ਅਖਬਾਰ ਅੱਖਾਂ ਤੋਂ ਪਰ੍ਹੇ ਕਰਦੇ ਹੋਏ ਨੇ ਪੁੱਛਿਆ। ਇਉਂ ਸੁਣ ਕੇ ਸ਼ੇਰ ਦੀ ਸੱਤੀਂ ਕੱਪੜੀਂ ਅੱਗ ਲੱਗ ਗਈ। ਬਾਦਸ਼ਾਹ ਦੀ ਬੇਇੱਜ਼ਤੀ, ਅਖਬਾਰ ਵਾਲਿਆਂ ਦੀ ਇਹ ਹਿੰਮਤ? ਜਿਨ੍ਹਾਂ ਨੇ ਏਨੀ ਛੇਤੀ ਅਖਬਾਰ ’ਚ ਇਹ ਖਬਰ ਛਾਪ ਕੇ ਬਾਦਸ਼ਾਹ ਨਾਲ ਪੰਗਾ ਲਿਐ, ਬਾਂਦਰ ਨੂੰ ਤਾਂ ਖੈਰ ਮੈਂ ਕਿਸੇ ਦਿਨ ਫਿਰ ਦੇਖ ਲਵਾਂਗਾ, ਪਹਿਲਾਂ ਅਖਬਾਰ ਵਾਲਿਆਂ ਨੂੰ ਪੁੱਛ ਆਵਾਂ ਕਿ ਤੁਸੀਂ ਬਾਦਸ਼ਾਹ ਦੀ ਬੇਇਜ਼ਤੀ ਕਰਨ ਵਾਲੇ ਹੁੰਦੇ ਕੌਣ ? ਇਉਂ ਕਹਿ ਕੇ ਸ਼ੇਰ ਭੁੱਖੇ ਢਿੱਡ ’ਤੇ ਹੱਥ ਧਰ ਕੇ ਵਾਪਸ ਮੁੜ ਗਿਆ।
ਬਾਂਦਰ ਨੇ ਝੱਟ ਟੋਪੀ, ਅਖਬਾਰ ਤੇ ਐਨਕ ਟੇਬਲ ’ਤੇ ਰੱਖੇ ਅਤੇ ਇਕ ਲੰਬਾ ਜਿਹਾ ਡਕਾਰ ਮਾਰ ਕੇ ਆਪਣੇ ਭਰੇ ਹੋਏ ਢਿੱਡ ਉਤੇ ਹੱਥ ਫੇਰਦਾ ਹੋਇਆ ਦੂਸਰੇ ਪਾਸੇ ਨੂੰ ਦੌੜ ਗਿਆ।

-ਰਵਿੰਦਰ ਰੁਪਾਲ
 
Top