ਸ਼ਿਕਾਰੀ

Mandeep Kaur Guraya

MAIN JATTI PUNJAB DI ..

ਬੱਕਰੀ ਦੇ ਬੱਚੇ, ਮੇਮਣੇ ਅਤੇ ਵੱਛੇ ਦੀ ਦੋਸਤੀ ਹੋ ਗਈ। ਇਕ ਦਿਨ ਬੱਕਰੀ ਦੇ ਬੱਚੇ ਨੇ ਕਿਹਾ, ''ਭਾਈਓ ਕੀ ਤੁਸੀਂ ਸੂਰਜ ਨੂੰ ਕਦੇ ਪਹਾੜੀਆਂ ਪਿੱਛੇ ਅਸਤ ਹੁੰਦੇ ਦੇਖਿਆ ਹੈ?'' ਉਨ੍ਹਾਂ ਸਾਰਿਆਂ ਨੇ ਕਿਹਾ, ''ਹਾਂ ਅਸੀਂ ਸੂਰਜ ਨੂੰ ਪਹਾੜੀਆਂ ਪਿੱਛੇ ਅਸਤ ਹੁੰਦੇ ਦੇਖਿਆ ਹੈ।'' ਫਿਰ ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਦੇਖਾਂਗੇ ਕਿ ਸੂਰਜ ਕਿੱਥੇ ਰਹਿੰਦਾ ਹੈ। ਇਕ ਦਿਨ ਉਹ ਤਿੰਨੇ ਆਪਣੇ ਇੱਜੜ ਨੂੰ ਛੱਡ ਕੇ ਦੌੜ ਗਏ। ਸਫਰ ਲੰਬਾ ਸੀ। ਅਚਾਨਕ ਇਕ ਨਾਲਾ ਉਨ੍ਹਾਂ ਦੇ ਰਸਤੇ ਵਿਚ ਆ ਗਿਆ। ਇਸ ਨੂੰ ਕਿਵੇਂ ਪਾਰ ਕੀਤਾ ਜਾਵੇ? ਬੱਕਰੀ ਦੇ ਬੱਚੇ ਨੇ ਕਿਹਾ, ''ਕੋਈ ਗੱਲ ਨਹੀਂ ਇਸਦਾ ਹੱਲ ਵੀ ਲੱਭ ਲੈਂਦੇ ਹਾਂ।'' ਉਨ੍ਹਾਂ ਵਿਚੋਂ ਦੋ ਨੇ ਕਿਹਾ, ''ਸਾਨੂੰ ਤਾਂ ਡਰ ਲੱਗਦਾ ਹੈ।'' ਬੱਕਰੀ ਦੇ ਬੱਚੇ ਨੇ ਪਲਾਂ ਵਿਚ ਹੀ ਨਾਲਾ ਪਾਰ ਕਰ ਲਿਆ। ਉਸ ਤੋਂ ਬਾਅਦ ਮੇਮਣੇ ਨੇ ਛਾਲ ਮਾਰ ਦਿੱਤੀ। ਵੱਛਾ ਉਥੇ ਦਾ ਉਥੇ ਹੀ ਖੜ੍ਹਾ ਰਹਿ ਗਿਆ, ਪਰ ਫਿਰ ਉਸਨੇ ਵੀ ਛਾਲ ਮਾਰ ਦਿੱਤੀ। ਧੜੱਮ ਦੀ ਆਵਾਜ਼ ਆਈ ਤੇ ਵੱਛਾ ਪਾਣੀ ਵਿਚ ਡਿੱਗ ਗਿਆ। ਉਸ ਦੇ ਦੋਸਤਾਂ ਨੇ ਉਸਨੂੰ ਬਾਹਰ ਕੱਢ ਲਿਆ। ਬੱਕਰੀ ਦੇ ਬੱਚੇ ਨੇ ਕਿਹਾ, ''ਅਸੀਂ ਤੇਰੀ ਜਾਨ ਬਚਾਈ ਹੈ, ਤੈਨੂੰ ਸਾਡੀ ਭਲਾਈ ਦਾ ਬਦਲਾ ਚੁਕਾਉਣਾ ਚਾਹੀਦਾ ਹੈ। ਸਾਨੂੰ ਆਪਣੀ ਪਿੱਠ 'ਤੇ ਬਿਠਾ ਕੇ ਪਹਾੜੀ ਤਕ ਲੈ ਜਾਣਾ ਚਾਹੀਦਾ ਹੈ।
ਉਹ ਹਾਸਾ-ਮਜ਼ਾਕ ਕਰਦੇ ਹੋਏ ਚਲਦੇ ਗਏ। ਉਹ ਥੋੜ੍ਹੀ ਵਾਟ ਅੱਗੇ ਗਏ ਤਾਂ ਉਨ੍ਹਾਂ ਨੂੰ ਇਕ ਥੈਲਾ ਮਿਲਿਆ। ਉਸ ਥੈਲੇ ਵਿਚ ਚਾਰ ਜਾਵਨਰਾਂ ਚੀਤਾ, ਭਾਲੂ, ਭੇੜੀਆ ਅਤੇ ਲੂੰਬੜੀ ਦੀਆਂ ਖੱਲਾਂ ਸਨ। ਬੱਕਰੀ ਦਾ ਬੱਚਾ ਥੈਲਾ ਲੈ ਕੇ ਅੱਗੇ ਚੱਲ ਪਿਆ। ਉਹ ਪਹਾੜੀ ਕੋਲ ਪਹੁੰਚ ਗਏ। ਉਥੇ ਉਨ੍ਹਾਂ ਨੇ ਤੰਬੂ ਲੱਗਿਆ ਦੇਖਿਆ। ਉਸ ਵਿਚੋਂ ਗੀਤ-ਸੰਗੀਤ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਤੰਬੂ ਵਿਚ ਪਾਰਟੀ ਚੱਲ ਰਹੀ ਸੀ। ਚੀਤਾ ਸ਼ਰਬਤ ਪੀ ਰਿਹਾ ਹੈ, ਭਾਲੂ ਹਲਵਾ ਖਾ ਰਿਹਾ ਹੈ, ਭੇੜੀਆ ਪਕਵਾਨ ਚੱਟ ਰਿਹਾ ਹੈ ਅਤੇ ਲੂੰਬੜੀ ਸਾਜ ਵਜਾ ਰਹੀ ਹੈ। ਤਿੰਨੇ ਦੋਸਤ ਤੰਬੂ ਵਿਚ ਗਏ, ਪਰ ਵਰਾਂਡੇ ਵਿਚ ਹੀ ਖੜ੍ਹੇ ਰਹਿ ਗਏ। ਉਨ੍ਹਾਂ ਨੇ ਸੋਚਿਆ ਕਿ ਉਹ ਤਾਂ ਮੁਸੀਬਤ ਵਿਚ ਫਸ ਗਏ ਹਨ। ਜੰਗਲੀ ਜਾਨਵਰਾਂ ਨੇ ਜਦ ਉਨ੍ਹਾਂ ਨੂੰ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਚਮਕ ਆ ਗਈ। ਲੂੰਬੜੀ ਚਲਾਕੀ ਨਾਲ ਬੋਲੀ, ''ਜੀ ਆਇਆਂ ਨੂੰ'' ਮੇਮਨਾ ਤੇ ਵਛਾ ਡਰ ਕੇ ਪਿਛੇ ਹੱਟ ਗਏ | ਬੱਕਰੀ ਦੇ ਬੱਚੇ ਨੇ ਕਿਹਾ, ''ਪਹਿਲਾਂ ਮੇਰਾ ਗੀਤ ਸੁਣੋ।'' ਚੀਤਾ ਗੁੱਸੇ ਨਾਲ ਬੋਲਿਆ, ''ਤੁਸੀਂ ਕੌਣ ਹੋ? ਜੋ ਸਵਾਲ ਕਰ ਰਹੇ ਹੋ। ਤੁਹਾਡੀ ਇਹ ਮਜਾਲ! ''ਅਸੀਂ ਵੱਡੇ ਸ਼ਿਕਾਰੀ ਹਾਂ'', ਬੱਕਰੀ ਦੇ ਬੱਚੇ ਨੇ ਕਿਹਾ। ''ਕਿੱਥੇ ਜਾ ਰਹੇ ਹੋ?'' ਭਾਲੂ ਵੀ ਗਰਜਿਆ।
''ਮਾਲ ਲੈ ਕੇ ਬਾਜ਼ਾਰ ਜਾ ਰਹੇ ਹਾਂ।'' ''ਕਿਹੜਾ ਮਾਲ?'' ਭੇੜੀਆ ਬੋਲਿਆ।
''ਜਾਨਵਰਾਂ ਦੀਆਂ ਖੱਲਾਂ''
''ਤੁਸੀਂ ਇਹ ਕਿਥੋਂ ਲਿਆਏ ਹੋ?'' ਲੂੰਬੜੀ ਨੇ ਸਵਾਲ ਕੀਤਾ। ''ਤੁਹਾਡੇ ਭੈਣ-ਭਰਾਵਾਂ ਦੀਆਂ ਲਾਹੀਆਂ ਨੇ, ''ਬੱਕਰੀ ਨੇ ਜਵਾਬ ਦਿੱਤਾ ਅਤੇ ਚਾਰੇ ਖੱਲਾਂ ਥੈਲੇ ਵਿਚੋਂ ਬਾਹਰ ਕੱਢ ਕੇ ਰੱਖ ਦਿੱਤੀਆਂ। ਇਹ ਦੇਖ ਕੇ ਸਾਰੇ ਜਾਨਵਰ ਦੰਗ ਰਹਿ ਗਏ। ਜਦੋਂ ਉਨ੍ਹਾਂ ਨੂੰ ਆਪਣੀ ਜਾਨ ਖਤਰੇ ਵਿਚ ਲੱਗੀ ਤਾਂ ਉਹ ਨੌਂ ਦੋ ਗਿਆਰਾਂ ਹੋ ਗਏ।
ਹੁਣ ਤਿੰਨੇ ਦੋਸਤ ਬੜੇ ਪ੍ਰਸੰਨ ਸਨ। ਪਰ ਹੁਣ ਉਨ੍ਹਾਂ ਨੇ ਸੂਰਜ ਨੂੰ ਲੱਭਣ ਦਾ ਫੈਸਲਾ ਰੱਦ ਕਰ ਦਿੱਤਾ। ਉਨ੍ਹਾਂ ਦਾਅਵਤ ਦਾ ਸਾਮਾਨ ਬੜੇ ਮਜ਼ੇ ਨਾਲ ਖਾਧਾ ਤੇ ਆਪਣੇ ਇੱਜੜ ਵਿਚ ਵਾਪਸ ਚਲੇ ਗਏ।
 
Top