ਆਖ਼ਰੀ ਸਲਾਮ

Mandeep Kaur Guraya

MAIN JATTI PUNJAB DI ..

''ਕੁੱਝ ਸੁਣਾਈ ਨਹੀਂ ਦਿੰਦਾ, ਜ਼ਰਾ ਉੱਚੀ ਬੋਲ," ਮੈਂ ਆਪਣੇ ਸਾਹਮਣੇ ਬੈਠੇ ਇੱਕ ਲੰਮੇ ਕੱਦ ਅਤੇ ਮਾੜੂਏ ਜਿਹੇ ਸਰੀਰ ਵਾਲੇ ਬੰਦੇ ਨੂੰ ਆਖਿਆ। ਉਹਦਾ ਹੁਲੀਆ ਬਿਮਾਰਾਂ ਵਾਲਾ ਸੀ ਅਤੇ ਉਹ ਦੇਖਣ ਤੋ ਵੀ ਅਮਲੀ ਹੀ ਲੱਗਦਾ ਸੀ। ਉਸਦਾ ਨਾਂ ਰਮਨ ਕੁਮਾਰ ਸੀ ਅਤੇ ਬੜਾ ਵੱਡਾ ਨਸ਼ੇੜੀ ਸੀ ਉਹ। ਮੇਰਾ ਇੱਕ ਅਫ਼ਸਰ ਉਹਨੂੰ ਮੈਨੂੰ ਮਿਲਾਉਣ ਲਈ ਲਿਆਇਆ ਸੀ। ''ਮੈਂ ਰਮਨ ਕੁਮਾਰ ਹਾਂ ਅਤੇ..." ਉਹਨੇ ਥੋੜ੍ਹਾ ਜ਼ੋਰ ਲਗਾਵਕੇ ਉੱਚੀ ਬੋਲਣ ਦੀ ਕੋਸ਼ਿਸ਼ ਤਾਂ ਕੀਤੀ ਪਰ ਫਿਰ ਵੀ ਉਸਦੀ ਆਵਾਜ਼ ਦੱਬੀ ਰਹਿ ਗਈ। ''ਤੇਰੀ ਆਵਾਜ਼ 'ਚ ਦਮ ਨਹੀਂ। ਕੀ ਗੱਲ ਆ ਬੜਾ ਢਿੱਲਾ ਬੋਲ ਰਿਹੈ? ਅੱਜ ਮਾਲ ਮੱਤਾ ਨਹੀਂ ਛਕਿਆ ਲੱਗਦਾ?" ਮੈਂ ਉਹਨੂੰ ਪੁੱਛਿਆ। ''ਹਾਂ ਜੀ, ਸਰ, ਜੇ ਇਜਾਜ਼ਤ ਹੋਵੇ ਤਾਂ ਮੈਂ ਕੈਪਸੂਲ ਖਾ ਲਵਾਂ," ਉਹਨੇ ਡਰਦੇ-ਡਰਦੇ ਪਰ ਮੇਰੇ ਵੱਲ ਬੜੇ ਗਹੁ ਨਾਲ ਦੇਖਦਿਆਂ ਹੌਲੀ ਜਿਹਾ ਕਿਹਾ। ''ਠੀਕ ਆ, ਖਾ ਲਾ," ਮੈਂ ਉਹਨੂੰ ਆਗਿਆ ਦੇ ਦਿੱਤੀ। ਮੈਂ ਆਪਣੇ ਅਰਦਲੀ ਨੂੰ ਘੰਟੀ ਮਾਰੀ ਅਤੇ ਰਮਨ ਲਈ ਪਾਣੀ ਲਿਆਉਣ ਲਈ ਆਖਿਆ। ਅਰਦਲੀ ਨੇ ਪਾਣੀ ਦਾ ਗਿਲਾਸ ਲਿਆ ਕੇ ਉਸਦੇ ਸਾਹਮਣੇ ਟੇਬਲ 'ਤੇ ਰੱਖ ਦਿੱਤਾ ਅਤੇ ਆਪ ਬਾਹਰ ਚਲਾ ਗਿਆ। ਰਮਨ ਕੁਮਾਰ ਨੇ ਕੈਪਸੂਲਾਂ ਦਾ ਪੱਤਾ ਕੱਢਿਆ ਅਤੇ ਪੱਤੇ ਵਿੱਚੋਂ ਸਾਰੇ ਦੇ ਸਾਰੇ ਦਸ ਕੈਪਸੂਲ ਕੱਢ ਕੇ ਪਾਣੀ ਨਾਲ ਫੱਕਾ ਮਾਰ ਲਿਆ। ਮੈਂ ਬੜਾ ਹੈਰਾਨ ਸੀ ਅਤੇ ਸੋਚ ਰਿਹਾ ਸੀ ਕਿ ਕਿਸੇ ਬਿਮਾਰ ਬੰਦੇ ਨੂੰ ਜੇਕਰ ਜਿਆਦਾ ਦਿਨ ਦਵਾਈ ਲੈਣੀ ਪੈ ਜਾਵੇ ਤਾਂ ਇੱਕ-ਦੋ ਕੈਪਸੂਲ-ਗੋਲੀਆਂ ਵੀ ਉਹਦੇ ਸੰਘੋਂ ਹੇਠਾਂ ਨਹੀਂ ਉਤਰਦੀਆਂ ਪਰ ਇਹ ਬੰਦਾ ਇਕੱਠੇ ਇੰਨੇ ਕੈਪਸੂਲ ਕਿਵੇਂ ਨਿਗਲ ਗਿਆ? ''ਤੂੰ ਇੰਨੇ ਕੈਪਸੂਲ ਇਕੱਠੇ ਕਿਉਂ ਖਾਧੇ, ਘੱਟ ਲੈ ਲੈਂਦਾ ?" ਮੈਂ ਉਹਨੂੰ ਸਵਾਲ ਕੀਤਾ। ''ਸਰ, ਤੁਸੀਂ ਘੱਟ ਦੀ ਗੱਲ ਕਰਦੇ ਹੋ, ਮੈਂ ਨੌਂ ਕੈਪਸੂਲ ਵੀ ਖਾ ਲੈਂਦਾ ਤਾਂ ਵੀ ਕੋਈ ਅਸਰ ਨਹੀਂ ਸੀ ਹੋਣਾ " ਉਹਨੇ ਆਪਣੇ ਰੋਜ਼ ਦੇ ਤਜਰਬੇ ਅਤੇ ਆਦਤ ਮੁਤਾਬਿਕ ਦੱਸਿਆ।
ਭਾਵੇਂ ਨਸ਼ਿਆਂ ਦੇ ਆਦੀ ਬੰਦਿਆਂ ਬਾਰੇ ਪਹਿਲਾਂ ਵੀ ਕਈ ਬੜੀਆਂ ਹੈਰਾਨਕੁਨ ਅਤੇ ਦੁਖਦਾਈ ਕਹਾਣੀਆਂ ਸੁਣੀਆਂ ਸਨ ਪਰ ਅੱਜ ਪਹਿਲੀ ਵਾਰ ਕਿਸੇ ਨਸ਼ੇੜੀ ਨਾਲ ਸਿੱਧਾ ਵਾਹ ਪਿਆ ਸੀ। ਅਰਦਲੀ ਨੂੰ ਇਹ ਕਹਿ ਕੇ ਕਿ ਕਿਸੇ ਹੋਰ ਨੂੰ ਅੰਦਰ ਨਾ ਆਉਣ ਦੇਵੇ ਮੈਂ ਉਹਦੇ ਨਾਲ ਗੱਲੀਂ ਲੱਗ ਗਿਆ।
''ਕਿੰਨੇ ਕੁ ਕੈਪਸੂਲ ਲੈ ਲੈਨੈ ਰੋਜ਼ ?"

''ਕੀ ਕਰੀਏ, ਸਰ, ਦਸ-ਗਿਆਰਾਂ ਪੱਤੇ ਰੋਜ਼ ਲੈਣੇ ਪੈਂਦੇ ਆ, ਫਿਰ ਜਾ ਕੇ ਕਿਤੇ ਕੰਮ ਚੱਲਦੈ। ਮੈਂ ਰੋਟੀ ਤੋਂ ਬਿਨਾਂ ਤਾਂ ਰਹਿ ਸਕਨਾ ਪਰ ਕੈਪਸੂਲਾਂ ਬਿਨਾਂ ਨਹੀਂ ਰਹਿ ਸਕਦਾ " ਚਿਹਰੇ 'ਤੇ ਤਰਸ ਦੇ ਭਾਵ ਲਿਆਉਂਦਿਆਂ ਉਹਨੇ ਸ਼ਰਮਾਉਂਦੇ ਹੋਏ ਦੱਸਿਆ। ਮੈਨੂੰ ਲੱਗਿਆ ਕਿ ਇਹ ਤਾਂ ਕੈਪਸੂਲਾਂ ਨਾਲ ਹੀ ਢਿੱਡ ਭਰ ਲੈਂਦਾ, ਰੋਟੀ ਲਈ ਤਾਂ ਜਗ੍ਹਾ ਹੀ ਨਹੀਂ ਬਚਦੀ ਹੋਣੀ । ਇੰਨੇ ਕੈਪਸੂਲ ਖਾ ਕੇ ਵੀ ਇਹ ਜ਼ਿੰਦਾ ਹੈ, ਇਹ ਗੱਲ ਮੇਰੀ ਸੋਚ ਅਤੇ ਸਮਝ ਤੋਂ ਬਾਹਰ ਦੀ ਸੀ।
''ਇੱਕ ਪੱਤਾ ਕਿੰਨੇ ਦਾ ਆਉਂਦਾ ? "
''ਦਸ ਰੁਪਏ ਦਾ ਸਰ" ਉਹਨੇ ਤੁਰੰਤ ਜਵਾਬ ਦਿੱਤਾ।
''ਇਹਦਾ ਮਤਲਬ ਇਹ ਹੋਇਆ ਕਿ ਤੂੰ ਇੱਕ ਦਿਨ ਵਿੱਚ ਸੌ ਰੁਪਏ ਤੋਂ ਵੱਧ ਦੇ ਕੈਪਸੂਲ ਖਾ ਜਾਨਾ? ਇੰਨਾ ਖਰਚਾ ਕਿੱਥੋਂ ਕਰਦਾ ਏਂ? ਕੀ ਕੰਮ ਕਰਦੈਂ ਤੂੰ?" ਮੈਂ ਉਹਨੂੰ ਪੁੱਛਿਆ ।
''ਮੈਂ ਕੋਈ ਕੰਮ ਨਹੀਂ ਕਰਦਾ ਅਤੇ ਨਾ ਹੀ ਕੁਝ ਕਰ ਸਕਦਾਂ। ਯਾਰ-ਦੋਸਤ, ਜਿੰਨ੍ਹਾਂ ਮੈਨੂੰ ਨਸ਼ਿਆਂ 'ਤੇ ਲਾਇਆ ਸੀ, ਸਾਰੇ ਯਾਰੀ ਛੱਡ ਗਏ ਆ। ਬੱਸ ਹੁਣ ਭੈਣ-ਭਰਾਵਾਂ ਕੋਲੋਂ ਜਬਰਦਸਤੀ ਤੇ ਡਰਾ ਧਮਕਾ ਕੇ ਪੈਸੇ ਲੈਨਾ ਤੇ ਆਪਣਾ ਨਸ਼ਿਆਂ ਦਾ ਝੱਸ ਪੂਰਾ ਕਰਦਾਂ। ਕੱਲ੍ਹ ਮੇਰੀ ਭੈਣ ਨੇ ਸੌ ਰੁਪਏ ਦਿੱਤੇ ਸੀ ਅਤੇ ਕਿਹਾ ਸੀ ਕਿ ਇਸ ਤੋਂ ਬਾਦ ਮੈਂ ਤੈਨੂੰ ਕੋਈ ਪੈਸਾ ਨਹੀਂ ਦੇਣਾ। ਤੂੰਂ ਹੁਣ ਮੇਰੇ ਘਰ ਨਾ ਵੜੀਂ। ਅੱਜ ਤੋਂ ਅਸੀਂ ਤੇਰੇ ਕੁਛ ਨ੍ਹੀ ਲੱਗਦੇ ਤੇ ਤੂੰ ਸਾਡਾ ਕੁਛ ਨ੍ਹੀ ਲੱਗਦਾ।" ਉਸ ਦੀਆਂ ਗੱਲਾਂ ਬਾਤਾਂ ਤੋਂ ਉਹ ਮੈਨੂੰ ਟੁੱਟਿਆ-ਟੁੱਟਿਆ ਜਿਹਾ ਲੱਗਾ।
''ਤੇਰੇ ਮਾਤਾ-ਪਿਤਾ ਅਤੇ ਭਰਾ ਕਿੱਥੇ ਰਹਿੰਦੇ ਹਨ? ਉਹ ਤੇਰੀ ਮਦਦ ਨਹੀਂ ਕਰਦੇ?" ਮੈਂ ਉਸਦੇ ਪਰਿਵਾਰ ਬਾਰੇ ਜਾਨਣਾ ਚਾਹਿਆ।
''ਕੁਛ ਪੁੱਛੋ ਨਾ, ਮੇਰੇ ਨਸ਼ਿਆਂ ਕਰ ਕੇ ਸਾਡੇ ਪਰਿਵਾਰ ਦੀ ਬੜੀ ਦੁਰਗਤੀ ਹੋਈ। ਉਹ ਮੇਰੇ ਤੋਂ ਬੜੇ ਤੰਗ ਸਨ। ਮੈਜ਼ ਉਹਨਾਂ ਦਾ ਸੱਭ ਕੁਛ ਨਸ਼ਿਆਂ 'ਚ ਉਡਾ ਦਿੱਤਾ ਸੀ। ਪੈਸੇ ਨਾ ਮਿਲਣੇ ਤਾਂ ਮੈਂ ਘਰ 'ਚੋਂ ਗਹਿਣਾ-ਗੱਟਾ, ਭਾਂਡਾ-ਟੀਂਡਾ ਜੋ ਦਾਅ ਲੱਗਣਾ ਵੇਚ ਸੁੱਟਣਾ। ਆਂਢੀਆਂ-ਗੁਆਂਢੀਆਂ ਦੀ ਕੋਈ ਚੀਜ਼ ਅੜਿੱਕੇ ਆਈ, ਉਹ ਨਾ ਛੱਡਣੀ। ਗੱਲ ਕੀ, ਜਿੱਥੋਂ ਵੀ ਕੋਈ ਚੀਜ਼ ਮਿਲੀ, ਬਿਲੇ ਲਾ 'ਤੀ। ੳਾਪਣੇ-ਪਰਾਏ 'ਚ ਮੈਨੂੰ ਫ਼ਰਕ ਨਜ਼ਰ ਆਉਣਾ ਬੰਦ ਹੋ ਗਿਆ ਸੀ। ਘਰਦਿਆਂ ਪੈਸੇ ਦੇਣ ਤੋਂ ਨਾਂਹ ਕਰਨੀ ਤਾਂ ਮੈਂ ਕੁੱਟ-ਮਾਰ ਅਤੇ ਭੰਨ ਤੋੜ ਤੇ ਉਤਰ ਆਉਣਾ। ਅੱਖਾਂ ਅੱਗੇ ਅਜਿਹਾ ਨ੍ਹੇਰਾ ਛਾ ਜਾਣਾ ਕੇ ਮਾਂ-ਪਿਉ ਤੱਕ ਦਾ ਲਿਹਾਜ਼ ਵੀ ਨਾ ਕਰਨਾ, ਉਹ ਵੀ ਕਈ ਵਾਰ ਮੇਰੇ ਕੋਲੋਂ ਕੁੱਟੇ ਗਏ ਸੀ। ਡਰਦਿਆਂ ਮਾਰਿਆਂ ਉਹਨਾਂ ਕਿਤੋਂ ਨਾ ਕਿਤੋਂ ਪੈਸਿਆਂ ਦਾ ਇੰਤਜ਼ਾਮ ਕਰਨਾ, ਫਿਰ ਮੈਂ ਉਹਨਾਂ ਦੀ ਜਾਨ ਛੱਡਣੀ। ਰਿਸ਼ਤੇਦਾਰਾਂ ਅਤੇ ਗਲੀ-ਮੁਹੱਲੇ ਦੇ ਲੋਕਾਂ ਨੇ ਸਾਡੇ ਨਾਲੋਂ ਸਾਰੇ ਨਾਤੇ ਤੋੜ ਲਏ। ਏਸੇ ਪਰੇਸ਼ਾਨੀ ਕਰਕੇ ਮੇਰੇ ਮਾਤਾ-ਪਿਤਾ ਬਿਮਾਰ ਰਹਿਣ ਲੱਗ ਪਏ ਅਤੇ ਅਖੀਂਰ ਦੋਵੇਂ ਗੁਜ਼ਰ ਗਏ। ਮੇਰੇ ਭਰਾ ਨੂੰ ਕੋਈ ਰਿਸ਼ਤਾ ਨਾ ਹੋਵੇ ਕਿ ਅਸੀਂ ਨਸ਼ੱਈਆਂ ਦੇ ਟੱਬਰ ਵਿੱਚ ਕੁੜੀ ਨ੍ਹੀ ਵਿਆਹੁਣੀ। ਪਿਛਲੇ ਸਾਲ ਬੜੀ ਮੁਸ਼ਕਿਲ ਨਾਲ ਉਹਦਾ ਵਿਆਹ ਹੋਇਆ। ਹੁਣ ਉਹ ਮੇਰੇ ਤੋਂ ਡਰਦਾ ਇਸੇ ਸ਼ਹਿਰ ਵਿੱਚ ਕਿਤੇ ਲੁਕ ਛਿਪ ਕੇ ਰਹਿੰਦਾ ਆ। ਮੈਨੂੰ ਉਹਦੇ ਪਤੇ-ਟਿਕਾਣੇ ਦਾ ਕੋਈ ਪਤਾ ਨ੍ਹੀਂ," ਇਹ ਦੱਸਦਿਆਂ ਉਹਦਾ ਗਲਾ ਭਰ ਆਇਆ ਸੀ ਪਰ ਉਹਨੇ ਬੜੀ ਤੇਜ਼ੀ ਨਾਲ ਆਪਣੇ ਆਪ ਨੂੰ ਸੰਭਾਲ ਲਿਆ।
''ਤੂੰਜ਼ ਪੜ੍ਹਿਆ-ਲਿਖਿਆ ਲੱਗਦੈਂ, ਕੋਈ ਕੰਮ-ਕਾਰ ਕਿਉਂ ਨ੍ਹੀ ਕਰ ਲੈਂਦਾ?" ਮੈਨ ਤੇਰੇ ਲਈ ਕਿਸੇ ਕੰਮ ਦਾ ਇੰਤਜ਼ਾਮ ਕਰਵਾ ਦਿੰਨਾ," ਮਦਦ ਕਰਨ ਦੀ ਨੀਅਤ ਨਾਲ ਮੈਂ ਉਹਨੂੰ ਆਖਿਆ।
''ਹਾਂ ਜੀ, ਸਰ, ਮੈਂ ਲਾਅ ਗਰੈਜੂਏਟ ਆਂ, ਪਰ ਕੀ ਦੱਸਾਂ? ਬੱਸ ਨਸ਼ਿਆਂ ਨੇ ਮੇਰੀ ਮੱਤ ਮਾਰ ਲਈ ਆ। ਇਹਨਾਂ ਮੈਨੂੰ ਕਿਸੇ ਕੰਮ ਜੋਗਾ ਨਹੀਂ ਛੱਡਿਆ। ਕੈਪਸੂਲਾਂ ਬਿਨਾਂ ਤਾਂ ਹੁਣ ਮੇਰਾ ਚੱਲਣਾ ਫਿਰਨਾ ਵੀ ਮੁਸ਼ਕਿਲ ਹੋ ਗਿਆ। ਸਰ, ਮੇਰੀ ਮਦਦ ਕਰੋ, ਮੈਨੂੰ ਜੇਲ੍ਹ ਭੇਜ ਦਿਓ।"
''ਤੂੰ ਕੋਈ ਕਰਾਈਮ ਨਹੀਂ ਕੀਤਾ। ਮੈਂ ਤੈਨੂੰ ਜੇਲ੍ਹ ਕਿਵੇਂ ਭੇਜ ਦੇਵਾਂ? ਜਿਸਨੇ ਕੋਈ ਅਪਰਾਧ ਕੀਤਾ ਹੋਵੇ ਤੇ ਜਿਸਦੇ ਖ਼ਿਲਾਫ਼ ਕੋਈ ਮੁਕੱਦਮਾ ਦਰਜ ਹੋਵੇ ਸਿਰਫ ਉਸ ਨੂੰ ਹੀ ਪੁਲਿਸ ਜੇਲ੍ਹ ਭੇਜਦੀ ਆ", ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
''ਮੇਰੇ ਤੇ ਵੀ ਕੋਈ ਛੋਟਾ-ਮੋਟਾ ਕੇਸ ਬਣਾ ਦਿਓ, ਮੇਹਰਬਾਨੀ ਕਰੋ, ਸਰ," ਜੇਲ੍ਹ ਜਾਣ ਲਈ ਉਹ ਬੜੀ ਜ਼ਿੱਦ ਕਰਨ ਅਤੇ ਤਰਲੇ ਲੈਣ ਲੱਗ ਪਿਆ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਜੇਲ੍ਹ ਜਾਣ ਦਾ ਇਸ ਦਾ ਕੀ ਮਤਬਲ ਹੋ ਸਕਦਾ ਹੈ? ''ਜੇਲ੍ਹ ਤੂੰ ਕਿਉਂ ਜਾਣਾ ਚਾਹੁੰਦਾ ਏਮ ਉੱਥੇ ਜਾ ਕੇ ਕੀ ਕਰੇਂਗਾ?" ਮੈਂ ਬੜੀ ਹਮਦਰਦੀ ਨਾਲ ਉਹਨੂੰ ਪੁੱਛਿਆ।
''ਕੋਈ ਕੰਮ ਕਰਨ ਦੇ ਲਾਇਕ ਮੈਂ ਰਿਹਾ ਨ੍ਹੀ ਤੇ ਕੈਪਸੂਲ ਖ਼ਰੀਦਣ ਲਈ ਪੈਸੇ ਮਿਲਣ ਦੀ ਮੈਨੂੰ ਹੁਣ ਕਿਤਿਉਂ ਵੀ ਕੋਈ ਆਸ ਨ੍ਹੀ ਬਚੀ। ਜੇਲ੍ਹ ਵਿੱਚ ਜਾ ਕੇ ਇਹ ਮੈਨੂੰ ਮੁਫ਼ਤ 'ਚ ਮਿਲ ਜਾਣਗੇ ਤੇ ਇਸ ਤਰ੍ਹਾਂ ਮੇਰੇ ਕੁਝ ਦਿਨ ਹੋਰ ਲੰਘ ਜਾਣਗੇ। ਸਰ, ਮੇਰੀ ਬੇਨਤੀ ਹੈ, ਮੈਨੂੰ ਜੇਲ੍ਹ ਜ਼ਰੂਰ ਭੇਜ ਦਿਓ।"
ਮੈਂ ਉਹਨੂੰ ਜੇਲ੍ਹ ਭੇਜਣ ਤੋਂ ਆਪਣੀ ਅਸਮਰਥਤਾ ਜਤਾਈ ਤਾਂ ਉਹ ਨਿੰਮੋਝੂਣਾ ਜਿਹਾ ਹੋ ਗਿਆ ਤੇ ਨੀਵੀਜ਼ ਪਾ ਕੇ ਕਿਸੇ ਡੂੰਘੀ ਸੋਚ ਵਿੱਚ ਖੁੱਭ ਗਿਆ ਲੱਗਦਾ ਸੀ। ''ਜੇਲ੍ਹ 'ਚ ਤੈਨੂੰ ਫਰੀ ਕੈਪਸੂਲ ਕੌਣ ਦੇਊਗਾ ?" ਮੈਂ ਉਹਨੂੰ ਪੁੱਛਿਆ।
''ਮੈਂ ਪਹਿਲਾਂ ਵੀ ਦੋ-ਤਿੰਨ ਵਾਰੀ ਜੇਲ੍ਹ ਜਾ ਚੁੱਕਾਂ। ਜੇਲ ਦੇ ਡਾਕਟਰ ਸਰਕਾਰੀ ਖਰਚੇ 'ਤੇ ਦਵਾਈਆਂ ਖ਼ਰੀਦ ਕੇ ਨਸ਼ੇੜੀਆਂ ਨੂੰ ਦੇ ਦਿੰਦੇ ਆ। ਮੇਰੇ ਵਰਗੇ ਉੱਥੇ ਜ਼ਮੀਨ ਤੇ ਪੁੱਠੇ-ਸਿੱਧੇ ਹੋ ਕੇ ਜਦੋਂ ਲੇਟੇ ਮਾਰਦੇ ਤੇ ਬੱਸ ਹੁਣੇ ਜਾਨ ਨਿਕਲੀ ਦਾ ਨਾਟਕ ਕਰਦੇ ਤਾਂ ਉਹ ਡਰ ਜਾਂਦੇ ਤੇ ਸਾਡੇ ਲਈ ਕੈਪਸੂਲ, ਗੋਲੀਆਂ ਦਾ ਇੰਤਜ਼ਾਮ ਕਰਨਾ ਉਹਨਾਂ ਦੀ ਮਜਬੂਰੀ ਬਣ ਜਾਂਦੀ ਏ" ਉਹਨੇ ਦੱਸਿਆ।
''ਤੂੰ ਅੱਛੇ ਪਰਿਵਾਰ ਤੋਂ ਲੱਗਦੈਂ। ਤੈਨੂੰ ਨਸ਼ਿਆਂ ਦੀ ਆਦਤ ਪਈ ਕਿਵੇਂ, ਦੱਸੇਗਾ?" ਮੈਂ ਉਹਨੂੰ ਨਿਗਾਹ 'ਤਾਂਹ ਕਰਕੇ ਗੱਲ ਕਰਨ ਲਈ ਕਿਹਾ।
''ਮੈਂ ਜਦੋਂ ਯੂਨੀਵਰਸਿਟੀ 'ਚ ਪੜ੍ਹਦਾ ਸਾਂ, ਮੇਰੇ ਕੁੱਝ ਜਮਾਤੀਆਂ ਕੋਲ ਬਾਹਰੋਜ਼ ਦੋ-ਤਿੰਨ ਮੁੰਡੇ ਆਉਂਦੇ ਸਨ ਤੇ ਉਹਨਾਂ ਕੰਟੀਨ 'ਤੇ ਬੈਠ ਕੇ ਘੰਟਿਆਂਬੱਧੀ ਗੱਪਾਂ ਮਾਰਦੇ ਰਹਿਣਾ। ਬੜੇ ਬੇਪਰਵਾਹ ਅਤੇ ਮਸਤ ਜਿਹੇ ਲੱਗਿਆ ਕਰਨ ਉਹ। ਬੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਉਹਨਾਂ ਨੇ। ਮਾੜੀ ਕਿਸਮਤ ਨੂੰ ਉਹ ਮੇਰੇ ਨੇੜੇ ਤੇ ਮੈਂ ਉਹਨਾਂ ਦੇ ਥੋੜ੍ਹਾ-ਥੋੜ੍ਹਾ ਨੇੜੇ ਹੋਣ ਲੱਗ ਪਿਆ। ਮੇਰੀ ਉਹਨਾਂ ਨਾਲ ਇਸ ਨੇੜਤਾ ਦਾ ਹੀ ਨਤੀਜਾ ਹੈ ਇਹ, ਸਰ।" ਉਹਨੇ ਜਲਦੀ ਨਾਲ ਗੱਲ ਨਿਬੇੜਨ ਦੀ ਕੋਸ਼ਿਸ਼ ਕੀਤੀ। ਇੰਝ ਲੱਗਦਾ ਸੀ ਜਿਵੇਂ ਉਹਨੂੰ ਆਪਣੀ ਗ਼ਲਤੀ 'ਤੇ ਬਹੁਤ ਵੱਡਾ ਪਛਤਾਵਾ ਹੋ ਰਿਹਾ ਹੋਵੇ ਤੇ ਉਹ ਇਸ ਘਟਨਾ-ਚੱਕਰ ਨੂੰ ਯਾਦ ਕਰ ਕੇ ਹੋਰ ਦੁਖੀ ਨਾ ਹੋਣਾ ਚਾਹੁੰਦਾ ਹੋਵੇ।
''ਡਰ ਨਾ, ਜ਼ਰਾ ਖੁੱਲ੍ਹ ਕੇ ਦੱਸ।" ਮੈਂ ਉਹਨੂੰ ਨਿਸ਼ਚਿੰਤ ਹੋ ਕੇ ਸਾਰੀ ਗੱਲ ਖੋਲ੍ਹਣ ਲਈ ਪ੍ਰੇਰਦੇ ਹੋਏ ਕਿਹਾ। ਅਰਦਲੀ ਨੂੰ ਮੈਂ ਉਹਦੇ ਲਈ ਚਾਹ ਅਤੇ ਨਾਲ ਕੁਝ ਖਾਣ ਵਾਸਤੇ ਲਿਆਉਣ ਲਈ ਵੀ ਕਹਿ ਦਿੱਤਾ ਸੀ। ਨੌਜਵਾਨਾਂ ਵਿੱਚ ਨਸ਼ਿਆਂ ਦੀ ਲਤ ਦੇ ਕਾਰਨ ਜਾਨਣ ਲਈ ਮੈਂ ਬੜਾ ਉਤਾਵਲਾ ਸਾਂ ਅਤੇ ਇਸ ਬੀਮਾਰੀ ਦੀ ਜੜ੍ਹ ਤੱਕ ਜਾਣਾ ਚਾਹੁੰਦਾ ਸਾਂ। ਮੈਨੂੰ ਲੱਗਾ ਕਿ ਨਸ਼ਿਆਂ ਦੇ ਇਸ ਕੋਹੜ ਬਾਰੇ ਇਸ ਤੋਂ ਵੱਧ ਸ਼ਾਇਦ ਹੀ ਕੋਈ ਹੋਰ ਨਾ ਜਾਣਦਾ ਹੋਵੇ। ਸੋ ਮੈਂ ਇਸ ਅਵਸਰ ਨੂੰ ਅਜਾਈਂ ਨਹੀਂ ਗੁਆਉਣਾ ਚਾਹੁੰਦਾ ਸਾਂ।
''ਮਾਤਾ-ਪਿਤਾ ਅਤੇ ਭੈਣ-ਭਰਾਵਾਂ ਦਾ ਮੈਂ ਬਹੁਤ ਲਾਡਲਾ ਸਾਂ। ਕ੍ਰਿਕਟ ਖੇਡਣ ਦਾ ਮੈਨੂੰ ਬਹੁਤ ਸ਼ੌਕ ਸੀ ਅਤੇ ਸਕੂਲ ਦੀ ਕ੍ਰਿਕਟ ਟੀਮ ਦਾ ਮੈਂ ਦੋ ਸਾਲ ਕੈਪਟਨ ਵੀ ਰਿਹਾ ਸਾਂ। ਪੜ੍ਹਨ ਵਿੱਚ ਵੀ ਮੈਂ ਬੜਾ ਹੁਸ਼ਿਆਰ ਸਾਂ। ਸਕੂਲ ਅਤੇ ਕਾਲਜ ਵਿੱਚ ਬੜੇ ਅੱਛੇ ਨੰਬਰ ਲੈ ਕੇ ਪਾਸ ਹੁੰਦਾ ਰਿਹਾਂ। ਕਈ ਮੁੰਡੇ ਉੱਥੇ ਵੀ ਨਸ਼ੇ ਕਰਦੇ ਸਨ। ਮੈਨੂੰ ਵੀ ਉਹਨਾਂ ਬੜਾ ਜ਼ੋਰ ਲਾਉਣਾ ਪਰ ਮੈਂ ਉਦੋਂ ਆਪਣੇ ਆਪ ਨੂੰ ਬੜੀ ਹਿੰਮਤ ਨਾਲ ਉਹਨਾਂ ਦੀ ਸੁਸਾਇਟੀ 'ਚ ਫਸਣੋਂ ਬਚਾ ਲਿਆ ਸੀ। ਯੂਨੀਵਰਸਿਟੀ ਆਇਆ। ਸਾਲ ਕੁ ਤਾਂ ਚੰਗਾ ਨਿਕਲਿਆ। ਪਰ ਇੱਥੇ ਕੁਝ ਨਸ਼ੇ ਖਾਣ ਵਾਲੇ ਮੁੰਡਿਆਂ ਦੇ ਝਾਂਸੇ ਵਿੱਚ ਆ ਗਿਆ। ਦੇਖਾ-ਦੇਖੀ ਮੈਂ ਵੀ ਕਦੇ-ਕਦਾਈਂ ਥੋੜ੍ਹੀ-ਥੋੜ੍ਹੀ ਸਮੈਕ ਲੈਣੀ ਸ਼ੁਰੂ ਕਰ ਦਿੱਤੀ। ਫਿਰ ਮੇਰੀ ਕੁਝ ਇਹੋ ਜਿਹੀਆਂ ਕੁੜੀਆਂ ਨਾਲ ਦੋਸਤੀ ਵੀ ਹੋ ਗਈ ਜੋ ਨਸ਼ੇ ਲੈ ਕੇ ਗ਼ਲਤ ਕੰਮ ਕਰਦੀਆਂ ਸਨ। ਉਹਨਾਂ ਦੀ ਸੈਕਸ ਲਈ ਵਧੇਰੇ ਮੰਗ ਨੂੰ ਪੂਰਾ ਕਰਨ ਲਈ ਮੈਂ ਜ਼ਿਆਦਾ ਸਮੈਕ ਲੈਣ ਲੱਗ ਪਿਆ ਅਤੇ ਹੌਲੀ-ਹੌਲੀ ਇਸ ਦਾ ਆਦੀ ਹੋ ਗਿਆ। ਮਨ ਵਿੱਚ ਕਈ ਵਾਰ ਆਉਣਾ ਕਿ ਇਹ ਆਦਤ ਚੰਗੀ ਨਹੀਂ, ਇਹਨੂੰ ਛੱਡ ਦੇਵਾਂ ਪਰ ਸਮੈਕ ਦਾ ਨਸ਼ਾ ਹੀ ਕੁਛ ਇਹੋ ਜਿਹਾ ਹੈ ਕਿ ਬੰਦਾ ਛੱਡਣਾ ਵੀ ਚਾਹਵੇ ਫਿਰ ਵੀ ਇਹਨੂੰ ਛੱਡ ਨਹੀਂ ਸਕਦਾ। ਸਮੈਕ ਪੀ ਕੇ ਆਦਮੀ ਦੇ ਮਨ ਦੀ ਅਵੱਸਥਾ ਕੁਛ ਐਸੀ ਹੋ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਇੱਕ ਅਲੱਗ ਕਿਸਮ ਦੀ ਦੁਨੀਆਂ ਵਿੱਚ ਮਹਿਸੂਸ ਕਰਦਾ ਹੈ, ਜਿੱਥੇ ਕੋਈ ਕੰਮ ਨ੍ਹੀ, ਕੋਈ ਚਿੰਤਾ ਨ੍ਹੀ, ਬੱਸ, ਆਨੰਦ ਹੀ ਆਨੰਦ।" ਉਹਨੇ ਮੇਰੀ ਗੱਲ ਮੰਨ ਕੇ ਸਾਰਾ ਰਾਜ਼ ਖੋਲ੍ਹ ਕੇ ਰੱਖ ਦਿੱਤਾ।
''ਤੂੰ ਪੜ੍ਹਿਆ-ਲਿਖਿਆ ਏਂ, ਜਦੋਂ ਤੈਨੂੰ ਪਤਾ ਸੀ ਸਮੈਕ ਬੜੀ ਮਾੜੀ ਚੀਜ਼ ਆ, ਤੂੰ ਛੱਡ ਕਿਉਂ ਨਾ ਦਿੱਤੀ?" ਮੈਂ ਉਹਨੂੰ ਸਵਾਲ ਕੀਤਾ। ''ਸਰ, ਕੋਸ਼ਿਸ਼ ਤਾਂ ਕਈ ਵਾਰ ਕੀਤੀ। ਨਸ਼ਿਆਂ ਦੀ ਆਦਤ ਬੜੀ ਨਾਮੁਰਾਦ ਬੀਮਾਰੀ ਆ। ਇਹਦੇ ਤੋਂ ਖਹਿੜਾ ਛੁਡਾਉਣਾ ਕੋਈ ਸੌਖਾ ਕੰਮ ਨਹੀਂ। ਮਾਂ ਨੇ ਬੜੇ ਤਰਲੇ ਲੈਣੇ, ਰਿਸ਼ਤੇਦਾਰਾਂ ਨੇ ਬਹੁਤ ਸਮਝਾਉਣਾ, ਕਈ ਵਾਰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਵੀ ਕਰਵਾਇਆ ਪਰ ਕੋਈ ਫ਼ਾਇਦਾ ਨਾ ਹੋਇਆ। ਮੈਂ ਕਿਸੇ ਦੀ ਇੱਕ ਨਾ ਮੰਨੀ ਸਗੋਂ ਉਲਟਾ ਮੈਂ ਅੱਗੇ ਹੀ ਅੱਗੇ ਵੱਧਦਾ ਗਿਆ। ਦੋ ਸੌ ਤੋਂ ਤਿੰਨ ਸੌ ਤੱਕ ਦੀ ਸਮੈਕ ਰੋਜ਼ ਪੀ ਜਾਣੀ। ਇੰਨੇ ਪੈਸਿਆਂ ਦਾ ਇੰਤਜ਼ਾਮ ਕਰਨਾ ਔਖਾ ਹੋ ਗਿਆ, ਤਾਂ ਫਿਰ ਕੈਪਸੂਲ ਲੈਣ ਲੱਗ ਪਿਆ। ਫਿਰ ਇੱਕ ਇਹੋ ਜਿਹੀ ਸਟੇਜ ਆ ਗਈ ਕਿ ਕਿੰਨੇ-ਕਿੰਨੇ ਕੈਪਸੂਲ ਖਾ ਜਾਣੇ, ਉਹਨਾਂ ਨਾਲ ਵੀ ਕੁਛ ਨਾ ਬਣਨਾ, ਫਿਰ ਟੀਕੇ ਲਾਉਣ ਲੱਗ ਪਿਆ। ਟੀਕੇ ਲਾ-ਲਾ ਸਾਰਾ ਸਰੀਰ ਵਿੰਨ੍ਹ ਲਿਆ। ਇੱਕ ਦਿਨ ਕੰਪਨੀ ਬਾਗ 'ਚ ਮੈਂ ਅਤੇ ਮੇਰੇ ਇੱਕ ਦੋਸਤ ਨੇ ਇਕੱਠਿਆਂ ਆਪਣੇ ਆਪ ਨੂੰ ਨਸ਼ੇ ਦੇ ਟੀਕੇ ਲਗਾ ਲਏ। ਉਹਨੂੰ ਪਤਾ ਨ੍ਹੀ ਕੀ ਹੋਇਆ? ਟੀਕਾ ਲਾਉਂਦਿਆਂ ਸਾਰ ਹੀ ਉਹ ਫੁੜਕ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਨਾਲ ਹੀ ਉਹਦੀ ਜਾਨ ਨਿਕਲ ਗਈ ਸੀ। ਮੈਂ ਬਹੁਤ ਘਬਰਾ ਗਿਆ ਤੇ ਡਰ ਗਿਆ। ਟੀਕੇ ਲਾਉਣੇ ਬੰਦ ਕਰ ਦਿੱਤੇ ਤੇ ਫਿਰ ਕੈਪਸੂਲਾਂ 'ਤੇ ਆ ਗਿਆ। ਜਦੋਂ ਸਾਰੇ ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਜਵਾਬ ਦੇ ਗਏ ਤਾਂ ਕੈਪਸੂਲ ਖ਼ਰੀਦਣੇ ਵੀ ਔਖੇ ਹੋ ਗਏ। ਛੋਟੀਆਂ-ਮੋਟੀਆਂ ਚੋਰੀਆਂ ਕਰ ਕੇ ਕੰਮ ਸਾਰਦਾ ਰਿਹਾਂ। ਪਰ ਹੁਣ ਅੱਕ ਗਿਆਂ। ਮੇਰੀ ਕੁਛ ਮਦਦ ਜ਼ਰੂਰ ਕਰੋ ਸਰ। ਸਾਰੀ ਗੱਲਬਾਤ ਦੌਰਾਨ ਨਸ਼ਿਆਂ ਤੋਂ ਤੰਗ ਆਉਣ ਦੀ ਗੱਲ ਤਾਂ ਉਹਨੇ ਕਈ ਵਾਰ ਕੀਤੀ ਪਰ ਇਹਨਾਂ ਨੂੰ ਛੱਡਣ ਦੀ ਇੱਛਾ ਕਦੇ ਵੀ ਜ਼ਾਹਿਰ ਨਹੀਂ ਸੀ ਕੀਤੀ।
ਉਹਨੇ ਕਈ ਹੋਰ ਨਸ਼ੱਈਆਂ ਦੀਆਂ ਲੂੰ ਕੰਡੇ ਖੜੇ ਕਰ ਦੇਣ ਵਾਲੀਆਂ ਕਹਾਣੀਆਂ ਵੀ ਮੈਨੂੰ ਸੁਣਾਈਆਂ। ਉਹਦੀਆਂ ਗੱਲਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਅਤੇ ਮੈਂ ਸੋਚੀਂ ਪੈ ਗਿਆ। ਨਸ਼ੇ ਲੈਣ ਵਾਲਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਮਾਜਿਕ ਅਤੇ ਆਰਥਿਕ ਦੁਰਦਸ਼ਾ ਉਹਨੇ ਜਿਸ ਤਰ੍ਹਾਂ ਬਿਆਨ ਕੀਤੀ ਸੀ, ਜਾਪਿਆ ਕਿ ਸੱਚੀਂ ਸਭ ਨੂੰ ਸੋਚਣ ਅਤੇ ਕੁਝ ਕਰਨ ਦੀ ਲੋੜ ਹੈ ਤਾਂ ਹੀ ਸਮਾਜ ਨੂੰ ਨਸ਼ਿਆਂ ਦੇ ਦੈਂਤ ਤੋਂ ਬਚਾਇਆ ਜਾ ਸਕਦਾ ਏ। ਨਹੀਂ ਤਾਂ ਰਮਨ ਦੇ ਕੈਪਸੂਲ ਨਿਗਲਣ ਵਾਂਗੂੰ ਇਹ ਸਾਡੇ ਸਮਾਜ਼ ਦੀ ਜਵਾਨੀ ਅਤੇ ਭਵਿੱਖ ਨੂੰ ਬੜੀ ਬੁਰੀ ਤਰ੍ਹਾਂ ਨਿਗਲ ਜਾਵੇਗਾ ਅਤੇ ਸਾਰੇ ਸਮਾਜਿਕ ਤਾਣੇ ਬਾਣੇ ਦਾ ਨਾਸ਼ ਮਾਰ ਦੇਵੇਗਾ।
''ਨਸ਼ਾ ਵਿਰੋਧੀ ਸਟਾਫ " ਬਣਾਕੇ ਅਸੀ ਪਹਿਲਾਂ ਹੀ ਨਸ਼ੇ ਵੇਚਣ ਵਾਲਿਆਂ ਦੀ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੇ ਸਾਂ। ਮੈ ਰਮਨ ਕੁਮਾਰ ਨੂੰ ਇਸ ਸਟਾਫ ਦੇ ਇੰਚਾਰਜ਼ ਨਾਲ ਮਿਲਾ ਦਿੱਤਾ ਕਿਉਕਿ ਰਮਨ ਕੋਲ ਬਹੁਤ ਸਾਰੇ ਸਵਾਲਾਂ, ਨੌਜਵਾਨ ਮੁੰਡੇ ਨਸ਼ਿਆਂ ਤੇ ਕਿਉ ਅਤੇ ਕਿਵੇ ਲੱਗਦੇ ਹਨ ? ਨਸ਼ੇ ਖਰੀਦਣ ਲਈ ਉਹ ਪੈਸਿਆਂ ਦਾ ਜੁਗਾੜ ਕਿਸ ਤਰ੍ਹਾਂ ਕਰਦੇ ਹਨ ? ਕੌਣ ਲੋਕੀ ਨਸ਼ੇ ਵੇਚਦੇ ਹਨ? ਨਸ਼ੇ ਖਾਣ ਅਤੇ ਵੇਚਣ ਵਾਲੇ ਦੋਵੇ, ਪੁਲਿਸ ਤੋ ਡਰਦੇ ਕਿਉ ਨਹੀ ? ਪੁਲਿਸ ਉਹਨਾਂ ਦਾ ਸਿਕੰਜ਼ਾ ਕੱਸਣ ਤੋ ਕਿਉ ਝਿਜਕਦੀ ਹੈ?, ਆਦਿ ਸਵਾਲਾਂ ਦੇ ਜਵਾਬ ਉਸ ਕੋਲੋ ਮਿਲ ਸਕਦੇ ਸਨ। ਇਹ ਜਾਣਕਾਰੀ ਸਾਡੀ ਨਸ਼ਿਆਂ ਵਿਰੁਵਿੱਢੀ ਮੁਹਿੰਮ ਦੀ ਕਾਮਯਾਬੀ ਲਈ ਬਹੁਤ ਅਹਿਮ ਸੀ। ਦਰਅਸਲ ਰਮਨ ਕੁਮਾਰ ਦਾ ਸਾਡੇ ਕੋਲ ਆਉਣ ਦਾ ਕਾਰਨ ਵੀ ਸਾਡੀ ਇਹ ਮੁਹਿੰਮ ਹੀ ਸੀ। ਨਸ਼ਿਆਂ ਦੀ ਸਪਲਾਈ ਲਾਈਨ ਕੱਟਣ ਦੀ ਨੀਤੀ ਤੇ ਅਸੀ ਬੜੀ ਸਖ਼ਤੀ ਨਾਲ ਅਮਲ ਕਰ ਰਹੇ ਹਾਂ। ਬਹੁਤ ਥੋੜੇ ਅਰਸੇ ਵਿੱਚ ਹੀ ਅਸੀ ਸ਼ਹਿਰ 'ਚ ਸਮੈਕ ਵੇਚਣ ਵਾਲੇ ਸੱਠ ਸੱਤਰ ਬੰਦਿਆਂ ਨੂੰ ਜ਼ੇਲ੍ਹ ਭੇਜ ਚੁੱਕੇ ਸਾਂ, ਤੇ ਬਾਕੀ ਭੱਜੇ ਹੋਏ ਸਨ। ਕੈਮਿਸਟਾਂ ਨੂੰ ਕਾਇਦੇ ਕਾਨੂੰਨ ਅਨੁਸਾਰ ਦਵਾਈਆਂ ਵੇਚਣ ਦੀ ਸਾਡੀ ਸਲਾਹ ਵੀ ਕਾਫੀ ਕੰਮ ਆਈ ਸੀ। ਉਹਨਾਂ 'ਚੋ ਬਹੁਤਿਆਂ ਨੇ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਸੀ। ਗਲੀ ਮੁਹੱਲਿਆਂ ਵਿੱਚ ਵੀ ਕੈਮਿਸਟ ਹੁਣ ਚੋਰੀ ਛਿੱਪੇ ਹੀ ਗੋਲੀਆਂ ਕੈਪਸੂਲ ਵੇਚਦੇ ਸਨ। ਨਸ਼ੱਈਆਂ ਨੂੰ ਭਾਜੜਾਂ ਪਈਆਂ ਹੋਈਆਂ ਸਨ।
ਰਮਨ ਨੂੰ ਮੈ ਕਾਫੀ ਸਮਝਾਇਆ ਅਤੇ ਪ੍ਰੇਰਿਆ ਕਿ ਉਹ ਸਾਡੀ ਮੁਹਿੰਮ ਦਾ ਹਿੱਸਾ ਬਣ ਜਾਵੇ ਅਤੇ ਨਸ਼ੇ ਵੇਚਣ ਵਾਲਿਆਂ ਤੱਕ ਪਹੁੰਚਣ ਵਿੱਚ ਸਾਡੀ ਮਦਦ ਕਰੇ। ਉਹ ਰਾਜ਼ੀ ਹੋ ਗਿਆ ਸੀ ਪਰ ਇੱਕ ਸ਼ਰਤ ਉਸ ਰੱਖ ਦਿੱਤੀ ਸੀ ਕਿ ਸਾਨੂੰ ਉਸ ਦੀ ਕੈਪਸੂਲਾਂ ਦੀ ਮੰਗ ਪੂਰੀ ਕਰਨੀ ਪਿਆ ਕਰੇਗੀ। ਨਸ਼ਾ ਵਿਰੋਧੀ ਸਟਾਫ ਦੇ ਇੰਚਾਰਜ਼ ਨੂੰ ਮੈ ਇਹ ਵੀ ਸਮਝਾ ਦਿੱਤਾ ਸੀ ਕਿ ਹੁਣ ਰਮਨ ਕੁਮਾਰ ਦੀ ਹਾਲਤ ਐਸੀ ਹੈ ਕਿ ਉਹ ਨਸ਼ਿਆਂ ਤੋਜ਼ ਬਿਨ੍ਹਾਂ ਨ੍ਹੀ ਰਹਿ ਸਕਦਾ, ਉਹਦੇ ਕੋਲੋ ਕੰਮ ਲੈਣ ਲਈ ਕੈਪਸੂਲ ਵਗੈਰਾ ਲੈ ਦਿਆ ਕਰੋ, ਪੈਸੇ ਮੈ ਦੇ ਦਿਆਂ ਕਰਾਂਗਾ। ਦੂਸਰਾ ਨਸ਼ਾ ਛੁਡਾਉਣ ਵਾਲੇ ਕਿਸੇ ਡਾਕਟਰ ਨਾਲ ਗੱਲ ਕਰਕੇ ਇਹਦੀ ਨਸ਼ਿਆਂ ਦੀ ਆਦਤ ਵੀ ਛੁਡਵਾਉਣ ਦੀ ਕੋਸ਼ਿਸ਼ ਕਰੋ।
ਨਸ਼ਾ ਵਿਰੋਧੀ ਸਟਾਫ ਦਾ ਇੰਚਾਰਜ਼ ਉਹਨੂੰ ਕਈ ਨਸ਼ਾ ਛੁਡਾਊ ਕੇਦਰਾਂ ਵਿੱਚ ਲੈ ਕੇ ਗਿਆ। ਸਭ ਉਹਨੂੰ ਦੇਖਕੇ ਹੀ ਜਵਾਬ ਦੇ ਦਿੰਦੇ ਕਿਉਕਿ ਉਹ ਪਹਿਲਾਂ ਵੀ ਕਈ ਕਈ ਵਾਰੀ ਉਹਨਾਂ ਕੋਲ ਦਾਖਲ ਰਹਿਕੇ ਨਸ਼ੇ ਛੱਡਣ ਦੀ ਕੋਸ਼ਿਸ਼ ਕਰ ਚੁੱਕਾ ਸੀ, ਪਰ ਇੱਕ ਤਾਂ ਉਸ ਵਿੱਚ ਇੱਛਾ ਸ਼ਕਤੀ ਦੀ ਘਾਟ ਕਾਰਨ ਉਹ ਨਸ਼ੇ ਛੱਡ ਨਹੀ ਸੀ ਸਕਿਆ ਅਤੇ ਦੂਸਰਾ ਬਹੁਤੇ ਨਸ਼ੇ ਛੁਡਾਊ ਕੇਦਰ ਬੱਸ ਨਾਂ ਦੇ ਹੀ ਸਨ। ਡਾਕਟਰੀ ਸੁਵਿਧਾਵਾਂ ਅਤੇ ਤਜ਼ਰਬੇ ਦੀ ਘਾਟ ਕਾਰਨ ਵੀ ਇਹਨਾਂ ਦੀ ਕਾਮਯਾਬੀ ਦੀ ਦਰ ਲਗਭਗ ਨਾ ਮਾਤਰ ਹੀ ਸੀ। ਕਈ ਨਸ਼ਾ ਛੁਡਾਊ ਹਸਪਤਾਲ ਲੋਕਾਂ ਦੀ ਛਿੱਲ ਲਾਹੁਣ ਦੇ ਜ਼ਰੀਏ ਤੋਜ਼ ਵੱਧ ਕੁਝ ਵੀ ਨਹੀ ਸਨ। ਸਾਡਾ ਸਟਾਫ ਕਾਫੀ ਦੇਰ ਉਹਨੂੰ ਕੈਪਸੂਲ ਲੈ ਕੇ ਦਿੰਦਾ ਰਿਹਾ। ਇੱਕ ਦਿਨ ਸਵੇਰੇ ਸਵੇਰੇ ਹੀ ਉਹ ਸਟਾਫ ਵਿੱਚ ਆ ਗਿਆ। ਨਸ਼ਿਆਂ ਦੀ ਕਾਫੀ ਤੋਟ ਲੱਗੀ ਜਾਪਦੀ ਸੀ ਉਹਨੂੰ। ਉਹਨੂੰ ਸਟਾਫ ਇੰਚਾਰਜ਼ ਨਾ ਮਿਲਿਆ ਤੇ ਹੋਰ ਕਿਸੇ ਨੇ ਉਹਦੀ ਕੋਈ ਮਦਦ ਨਾ ਕੀਤੀ। ਉਹ ਨਿਰਾਸ਼ ਹੋ ਕੇ ਚਲਾ ਗਿਆ ਪਰ ਜਾਂਦਾ ਹੋਇਆ ਸੰਤਰੀ ਵੱਲ ਹੱਥ ਹਿਲਾਉਦਾ ਹੋਇਆ ਕਹਿ ਗਿਆ, ''ਚੰਗਾ ਫਿਰ, ਯਾਰਾਂ ਦੀ ਆਖਰੀ ਸਲਾਮ "।
 
Top