ਪ੍ਰਸਿੱਧ ਪੱਤਰਕਾਰ ਮਾਰਕ ਟਲੀ ਨਾਲ ਇੱਕ ਮੁਲਾਕਾਤ

Saini Sa'aB

K00l$@!n!
ਬੀ.ਬੀ.ਸੀ. ਦੀ ਦਿੱਲੀ ਸ਼ਾਖਾ ਦੇ ਸਾਬਕਾ ਮੁੱਖੀ ਅਤੇ ਸੰਵਾਦਦਾਤਾ ਸ਼੍ਰੀ ਮਾਰਕ ਵਿਲੀਅਮ ਟਲੀ ਪੱਤਰਕਾਰੀ ਦੇ ਇੱਕ ਸਿਰਮੌਰ ਅਤੇ ਸੁਨਿਹਰੀ ਹਸਤਾਖਰ ਹਨ। ਉਹਨਾਂ ਬਾਰੇ ਆਖਿਆ ਜਾਂਦਾ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਦੀ ਖਬਰ ’ਤੇ ਰਾਜੀਵ ਗਾਂਧੀ ਨੇ ਉਨਾ ਚਿਰ ਤੱਕ ਵਿਸ਼ਵਾਸ਼ ਨਹੀਂ ਸੀ ਕਰਿਆ ਜਿੰਨਾ ਚਿਰ ਤੱਕ ਉਸਨੇ ਮਾਰਕ ਦੀ ਜ਼ੁਬਾਨੀ ਦੀ ਇਹ ਖਬਰ ਨਹੀਂ ਸੀ ਸੁਣੀ। ਮਾਰਕ 24 ਅਕਤੂਬਰ 1935 ਨੂੰ ਕਲਕੱਤੇ ਵਿੱਖੇ ਜਨਮੇ ਅਤੇ 9 ਸਾਲ ਦੀ ਉਮਰ ਵਿੱਚ ਇੰਗਲੈਂਡ ਆ ਗਏ। ਇੱਥੇ ਹੀ ਉਹਨਾਂ ਦੀ ਪਰਵਰਿਸ਼ ਹੋਈ ਤੇ ਇਥੋਂ ਹੀ ਉਨ੍ਹਾਂ ਨੇ ਤਾਲੀਮ ਹਾਸਿਲ ਕੀਤੀ। ਸਿਖਿਆ ਗ੍ਰਹਿਣ ਕਰਨ ਉਪਰੰਤ ਉਹਨਾਂ ਭਾਰਤ ਜਾ ਕੇ ਨੌਕਰੀ ਹੀ ਨਹੀਂ ਕੀਤੀ, ਸਗੋਂ ਸਦਾ ਲਈ ਇੰਗਲੈਂਡ ਛੱਡ ਕੇ ਭਾਰਤ ਨੂੰ ਅਪਨਾਇਆ ਹੈ। ਇਸ ਤਰ੍ਹਾਂ ਉਹ ਉਨ੍ਹਾਂ ਭਾਰਤੀਆਂ ਲਈ ਪ੍ਰਸ਼ਨਚਿੰਨ ਦੇ ਰੂਪ ਵਿੱਚ ਖੜ੍ਹੇ ਹੋ ਗਏ ਹਨ, ਜੋ ਭਾਰਤ ਤੋਂ ਬਾਹਰ ਜਾ ਕੇ ਵਧੀਆ ਭਵਿੱਖ ਦੀ ਹਾਮੀ ਭਰਦੇ ਹਨ। ਮਾਰਕ ਟਲੀ ਅੰਗਰੇਜ਼ੀ ਜ਼ੁਬਾਨ ਤੋਂ ਇਲਾਵਾ ਦੇਵਨਾਗਰੀ ਲਿੱਪੀ ਦੇ ਵੀ ਗਿਆਤਾ ਹਨ ਅਤੇ ਉਹ ਹਿੰਦੀ ਬਹੁਤ ਵਧੀਆ ਪੜ੍ਹ, ਲਿਖ ਅਤੇ ਬੋਲ ਲੈਂਦੇ ਹਨ। 15 ਅਗਸਤ 1960 ਨੂੰ ਉਹਨਾਂ ਦੀ ਸ਼ਾਦੀ ਫਰੈਂਸਿਸ ਮਾਰਗਰਟ ਨਾਲ ਹੋਈ ਤੇ ਜਿਨ੍ਹਾਂ ਤੋਂ ਉਹਨਾਂ ਦੇ ਦੋ ਬੇਟੇ ਵਿਲੀਅਮ ਸੈਮਿਉਲ ਨਿਕਲਸਨ, ਪੈਟਰਿਕ ਹੈਨਰੀ ਅਤੇ ਦੋ ਬੇਟੀਆਂ ਸਾਹਰਾ ਜਿਲੀਅਨ ਅਤੇ ਐਮਾ ਹਨ। 1959 ਵਿੱਚ ਉਹਨਾਂ ਕੈਂਬਰਿਜ ਯੂਨੀਵਰਸਿਟੀ ਤੋਂ ਐਮ ਏ ਕੀਤੀ ਅਤੇ ਉਹ ਐਨ ਯੂ ਜੇ ਦੇ ਮੈਂਬਰ ਵੀ ਹਨ। 1964 ਵਿੱਚ ਉਹ ਬੀ.ਬੀ.ਸੀ. ਦੇ ਸੰਪਰਕ ਵਿੱਚ ਆਏ ਤੇ 1972 ਵਿੱਚ ਉਹਨਾਂ ਨੂੰ ਇਸੇ ਸੰਸਥਾ ਦਾ Chief of Bureau ਥਾਪਿਆ ਗਿਆ। 1994 ਵਿੱਚ ਉਹ ਸਵੈ ਇਛਾ ਨਾਲ ਬੀ.ਬੀ.ਸੀ. ਨੂੰ ਅਸਤੀਫਾ ਦੇ ਗਏ ਤੇ ਹੁਣ ਆਜ਼ਾਦ ਤੌਰ ’ਤੇ ਟੀਵੀ ਚੈਨਲਾਂ ਅਤੇ ਰੇਡਿਉ ਲਈ ਕੰਮ ਕਰ ਰਹੇ ਹਨ। ਅਗਰ ਸ਼੍ਰੀ ਟਲੀ ਨੂੰ ਮਿਲੇ ਇਨਾਮਾਂ, ਸਨਮਾਨਾਂ ਨੂੰ ਇਕੱਠੇ ਕਰਨ ਲੱਗ ਜਾਇਏ ਤਾਂ ਕਈ ਗੱਡੇ ਭਰ ਜਾਣਗੇ। ਪਰ ਉਹਨਾਂ ਵਿੱਚੋਂ ਪ੍ਰਮੁੱਖ Broadcasting Press Guild Award, ਰਿਚਅਡ ਡਿੰਬਲੀ ਅਵਾਰਡ 1985, OBE 1985 ਅਤੇ ਹਾਲ ਹੀ ਵਿੱਚ ਬੀ.ਬੀ.ਸੀ. ਏਸ਼ੀਆ ਮੇਗਾ ਮੇਲਾ (ਬਰਮਿੰਘਮ) ’ਤੇ ਦਿੱਤਾ ਗਿਆ Life time achievement award ਹਨ। ਮਾਰਕ ਟਲੀ ਨੇ ਬੰਗਲਾ ਦੇਸ਼ ਦੀ ਜੰਗ, ਭੂਟੋ ਨੂੰ ਫਾਂਸੀ, ਇੰਦਰਾ ਗਾਂਧੀ ਦੀ ਐਮਰਜੈਂਸੀ, ਭਾਰਤ ਦੇ ਦੋਨਾਂ ਪ੍ਰਧਾਨ ਮੰਤਰੀਆਂ ਦੀ ਹੱਤਿਆ, ਭੋਪਾਲ ਗੈਸ ਲੀਕ, ਬਾਬਰੀ ਮਸਜਿਦ, ਉਪਰੇਸ਼ਨ ਬਲੈਕ ਥੰਡਰ, ਸਾਕਾ ਨੀਲਾ ਤਾਰਾ ਅਤੇ ਕੁੰਭ ਦਾ ਮੇਲਾ ਆਦਿ ਮਸ਼ਹੂਰ ਖਬਰਾਂ ਤੋਂ ਇਲਾਵਾਂ ਬਹੁਤ ਸਾਰੀਆਂ ਸਮਾਜਿਕ ਅਤੇ ਸਿਆਸੀ ਗਤੀਵਿਧੀਆਂ ਨੂੰ ਨਸ਼ਰ ਕੀਤਾ ਹੈ। ਹਿੰਦੁਸਤਾਨੀ ਸਿਆਸਤ ਦਾ ਉਹਨਾਂ ਨੇ ਡੂੰਘਾ ਅਧਿਐਨ ਕੀਤਾ ਹੈ। ਉਹਨਾਂ ਦੁਆਰਾ ਲਿਖੀਆਂ ਪੁਸਤਕਾਂ Life of Jesus, From Raj to Rajiv, Heart of India, No full stop in India ਆਦਿ ਹਨ। ਆਪਣੇ ਸਹਾਇਕ ਸਤੀਸ਼ ਜੈਕਬ ਦੇ ਸਹਿਯੋਗ ਨਾਲ ਸਾਕਾ ਨੀਲਾ ਤਾਰਾ ਉਂਤੇ ਲਿਖੀ ਉਹਨਾਂ ਦੀ ਵਿਵਾਦਗ੍ਰਸਤ ਪੁਸਤਕ Amritsar: Mrs Ghandhi’s Last Battle ਨੂੰ ਕੁੱਝ ਸਿੱਖ ਪੰਥਕ ਜਥੇਬੰਦੀਆਂ ਵੱਲੋਂ ਐਂਟੀ ਸਿੱਖ ਕਿਤਾਬ ਵੀ ਗਰਦਾਨਿਆ ਗਿਆ ਹੈ। ਕੁਝ ਵਰ੍ਹੇ ਪਹਿਲਾਂ ਉਹ ਸੰਖੇਪ ਦੌਰੇ ਉਂਤੇ ਇੰਗਲੈਂਡ ਆਏ ’ਤੇ ਲੰਡਨ ਵਿੱਚ ਉਹਨਾਂ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ ਲੰਮੀ ਮੁਲਾਕਾਤ ਦੇ ਚੋਣਵੇਂ ਅੰਸ਼ ਪੇਸ਼ ਕਰ ਰਹੇ ਹਾਂ। ਇੰਟਰਵਿਊ ਕਿਉਂਕਿ ਇੰਗਲੀਸ਼ ਵਿੱਚ ਹੋਈ ਸੀ, ਇਸ ਲਈ ਉਸਦਾ ਅਨੁਵਾਦ ਕਰਦਿਆਂ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਤੱਥ ਜਾਂ ਵਿਚਾਰ ਨੂੰ ਤੋੜਿਆ ਮਰੋੜਿਆ ਨਾਲ ਜਾਵੇ। ਮੇਰੇ ਆਪਣੇ ਨਿਜੀ ਵਿਚਾਰ ਕੀ ਹਨ। ਉਹਨਾਂ ਨੂੰ ਮੈਂ ਆਪਣੇ ਤੱਕ ਹੀ ਸੀਮਿਤ ਰੱਖਿਆ ਹੈ ਤੇ ਅੰਸ਼ਕ ਮਾਤਰ ਵੀ ਇਸ ਮੁਲਾਕਾਤ ਵਿੱਚ ਦਖਲਅੰਦਾਜ਼ੀ ਨਹੀਂ ਕਰਨ ਦਿੱਤੀ। ਮੈਂ ਸੌ ਪ੍ਰਤੀਸ਼ਤ ਨਿਰਪੱਖ ਹੋ ਕੇ ਇਸ ਮੁਲਾਕਾਤ ਨੂੰ ਕਰਨ ਦਾ ਦਾਵਾ ਕਰਦਿਆਂ ਮਾਣ ਮਹਿਸੂਸ ਕਰਦਾ ਹਾਂ। ਮਿਹਰਬਾਨੀ ਕਰਕੇ ਮੇਰੇ ਵਿਚਾਰਾਂ ਨੂੰ ਪੁੱਛੇ ਗਏ ਸਵਾਲਾਂ ਵਿੱਚੋਂ ਖੋਜਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸ਼੍ਰੀ ਮਾਨ ਟਲੀ ਵੱਲੋਂ ਵਰਤੇ ਗਏ ਹੂ-ਬਾ-ਹੂ ਸ਼ਬਦਾਂ ਨੂੰ ਇਟੈਲਿਕ ਅਰਥਾਤ ਟੇਡੇ ਅੱਖਰਾਂ ਵਿੱਚ ਦੇ ਰਹੇ ਹਾਂ। -ਬਲਰਾਜ ਸਿੰਘ ਸਿੱਧੂਬਲਰਾਜ ਸਿੱਧੂ: ਇੰਟਰਵਿਉ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮਾਰਕ ਆਪਣੀ ਪੁਸਤਕ ਉੱਪਰ ਹੱਥ ਰੱਖ ਕੇ ਕਸਮ ਖਾਉ ਕਿ ਮੈਂ ਜੋ ਕਹੂੰਗਾ ਸੱਚ ਕਹੂੰਗਾ, ਸਿਰਫ ਸੱਚ ਕਹੂੰਗਾ ਤੇ ਸੱਚ ਤੋਂ ਸਿਵਾਏ ਕੁੱਝ ਨਹੀਂ ਕਹੁੰਗਾ?ਮਾਰਕ ਟਲੀ: ਮੈਂ ਜੋ ਕਹੂੰਗਾ ਸੱਚ ਕਹੂੰਗਾ, ਸਿਰਫ ਸੱਚ ਕਹੂੰਗਾ ਤੇ ਸੱਚ ਤੋਂ ਸਿਵਾਏ ਕੁੱਝ ਨਹੀਂ ਕਹੁੰਗਾ!? ਮਾਰਕ ਅੱਜ ਤੁਸੀਂ ਪੱਤਰਕਾਰੀ ਦੀ ਸਿਖਰ ਦੇ ਜਿਸ ਮੁਕਾਮ ਉੱਤੇ ਖੜ੍ਹੇ ਹੋ, ਇਸ ਮੰਜ਼ਿਲ ਤੱਕ ਪਹੁੰਚਣ ਦੇ ਸਫਰ ਦੀ ਇਬਤਦਾ ਕਦੋਂ ਤੇ ਕਿਥੋਂ ਹੋਈ?- ਇਸ ਦਾ ਢੁੱਕਵਾਂ ਜੁਆਬ ਦੇਣ ਲਈ ਬਿਹਤਰ ਇਹੀ ਹੋਵੇਗਾ ਕਿ ਮੈਂ ਆਪਣੇ ਪਿਛੋਕੜ ਤੋਂ ਗੱਲ ਆਰੰਭ ਕਰਾਂ। ਪੱਤਰਕਾਰੀ ਵਿੱਚ ਪ੍ਰਵੇਸ਼ ਕਰਨਾ ਮੇਰੇ ਲਈ ਪੁਨਰ ਨਿਰਧਾਰਤ ਨਹੀਂ ਸੀ। ਬਲਕਿ ਹਾਦਸਨ ਵਾਪਰੀ ਇੱਕ ਕਿਰਿਆ ਸੀ। ਮੈਂ ਇਸ ਖੇਤਰ ਵਿੱਚ ਦਾਖਲ ਹੋਣ ਦਾ ਕਦੇ ਸੁਪਨਾ ਵੀ ਨਹੀਂ ਸੀ ਲਿਆ। ਬਚਪਨ ਤੋਂ ਹੀ ਮੇਰੀ ਪਾਦਰੀ ਬਣਨ ਦੀ ਤੀਬਰ ਇੱਛਾ ਸੀ। ਯੂਨੀਵਰਸਿਟੀ ਤੋਂ ਲੋੜੀਂਦੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਮੈਂ ਪਾਦਰੀ ਦੀ ਸਿਖਲਾਈ ਵਾਸਤੇ Theological ਕਾਲਜ਼ (ਅਧਿਆਤਕਮ ਅਤੇ ਪਰਮਾਰਥਕ ਕੇਂਦਰ, ਜਿੱਥੇ ਧਰਮ ਸ਼ਾਸ਼ਤਰ ਅਥਵਾ ਧਰਾਮਿਕ ਤੱਤਾਂ ਬਾਰੇ ਸਿੱਖਿਆ ਦਿੱਤੀ ਜਾਦੀ ਹੈ।) ਵਿੱਚ ਦਾਖਲਾ ਵੀ ਲਿਆ ਸੀ। ਉਥੇ ਜਾਣ ’ਤੇ ਮੈਨੂੰ ਚਾਨਣ ਹੋਇਆ ਕਿ ਮੈਂ ਪਾਦਰੀ ਨਹੀਂ ਬਣ ਸਕਦਾ। ਕਿਉਂਕਿ ਮੇਰੀ ਜੀਵਨ ਜਾਚ ਮੈਨੂੰ ਪਾਦਰੀ ਦੇ ਪੇਸ਼ੇ ਤੋਂ ਵਿਪਰੀਤ ਦਿਸ਼ਾ ਵੱਲ ਖਿੱਚ ਕੇ ਲਿਜ਼ਾਂਦੀ ਸੀ। ਮੇਰਾ ਆਇਯਾਸ਼ ਮਨ ਚਰਚ ਨਾਲੋਂ ਵਧੇਰੇ ਪੱਬਾਂ ਕਲੱਬਾਂ ਵੱਲ ਦੌੜਦਾ ਸੀ। ਤੇ ਮੈਂ ਆਪਣੀ ਤਰਜ਼ੇ-ਜ਼ਿੰਦਗੀ ਬਦਲ ਨਹੀਂ ਸੀ ਸਕਦਾ। ਇਸ ਪਾਸਿਉਂ ਬੇਮੁੱਖ ਹੋ ਕੇ ਮੈਂ ਚਾਰ ਕੁ ਵਰ੍ਹੇ ਬਜ਼ੁਰਗਾਂ ਦੀ ਸੇਵਾ-ਸੰਭਾਲ ਲਈ ਬਣੇ ਇੱਕ ਆਸ਼ਰਮ ਵਿੱਚ ਨੌਕਰੀ ਕੀਤੀ। ਉਸ ਤੋਂ ਬਾਅਦ 1964 ਦੀ ਗੱਲ ਹੈ ਇਹ ਜਦੋਂ ਮੈਨੂੰ ਬੀ.ਬੀ.ਸੀ. ਦੇ ਨਿਜੀ ਵਿਭਾਗ ਵਿੱਚ ਇੱਕ ਨੌਕਰੀ ਮਿਲ ਗਈ। ਪਰ ਉਸ ਨੌਕਰੀ ਤੋਂ ਮੈਂ ਛੇਤੀ ਹੀ ਅੱਕ ਗਿਆ। ਮੈਨੂੰ ਬਾਬੂ ਜਿਹਾ ਬਣ ਕੇ ਦਫਤਰ ਵਿੱਚ ਬਹਿਣਾ ਮੂਲ ਨਹੀਂ ਸੀ ਭਾਉਂਦਾ ਹੁੰਦਾ। ਦੂਸਰਾ ਮੈਂ ਦੂਰ ਰਹਿੰਦਾ ਹੁੰਦਾ ਸੀ ਤੇ ਮੈਨੂੰ ਰੋਜ਼ ਲੰਡਨ ਆਉਣ ਦਾ ਯੱਭ ਵੀ ਰਹਿੰਦਾ ਸੀ। ਇਉਂ ਮੈਂ ਉਸ ਨੌਕਰੀ ਤੋਂ ਖਾਸਾ ਹੀ ਔਖਾ ਹੋ ਗਿਆ ਸੀ। ਫਿਰ 1965 ਵਿੱਚ ਦਿੱਲੀ ਵਿਖੇ ਬੀ.ਬੀ.ਸੀ. ਲੰਡਨ ਦੇ ਸਹਾਇਕ ਨੁਮਾਇੰਦੇ ਦੀ ਅਸਾਮੀ ਖਾਲੀ ਹੋਈ ਤਾਂ ਮੈਂ ਉਸ ਵਾਸਤੇ ਆਪਣੀ ਦਰਖਾਸਤ ਦੇ ਦਿੱਤੀ। ਮੈਂ ਲੰਡਨ ਤੋਂ ਅੱਕਿਆ ਪਿਆ ਸੀ। ਮੈਨੂੰ ਮੇਰੇ ਸਕੇ ਸੰਬੰਧੀ ਹਿੰਦੁਸਤਾਨ ਜਾਣ ਤੋਂ ਵਰਜਦੇ ਸੀ। ਸਭ ਦਾ ਖਿਆਲ ਸੀ ਕਿ ਮੈਂ ਉਥੇ ਟਿਕ ਨਹੀਂ ਪਾਊਂਗਾ। ਲੇਕਿਨ ਮੈਂ ਆਪਣੀ ਜਨਮ ਭੂਮੀ ਦੇਖਣਾ ਚਾਹੁੰਦਾ ਸੀ। ਉਸ ਨੌਕਰੀ ਦੀ ਮਿਆਦ ਤਿੰਨ ਸਾਲ ਸੀ। ਮੈਂ ਕਿਹਾ ਮੈਂ ਔਖਾ-ਸੌਖਾ ਤਿੰਨ ਸਾਲ ਤਾਂ ਪਗਾਉਂਗਾ। ਉਸ ਤੋਂ ਪਸਚਾਤ ਜੋ ਹੋਊ ਦੇਖੀ ਜਾਊ।

? ਤੇ ਉਹਨਾਂ ਤਿੰਨਾਂ ਸਾਲਾਂ ਦੇ ਕਿਆਮ ਤੋਂ ਬਾਅਦ ਤੁਸੀਂ ਭਾਰਤ ਵਿੱਚ ਕਿਵੇਂ ਟਿਕੇ ਰਹੇ?- ਇੰਗਲੈਂਡ ਤੋਂ ਭਾਰਤ ਜਾਣ ਲਈ ਪੱਟੇ ਪਹਿਲੇ ਕਦਮ ਤੋਂ ਹੀ ਮੈਨੂੰ ਬਹੁਤ ਔਖਾ ਹੋਣਾ ਪਿਆ। ਉਹਨਾਂ ਦਿਨਾਂ ਵਿੱਚ ਪੂਰੇ ਪੰਦਰਾਂ ਘੰਟੇ ਮੇਰੇ ਉਡਾਨ ਵਿੱਚ ਹੀ ਖਰਚ ਹੋ ਗਏ ਸਨ। ਜ਼ਹਾਜ ਤਹਿਰਾਨ, ਫਰੈਂਕਫਰਟ ਆਦਿਕ ਅਨੇਕਾਂ ਸਥਾਨਾਂ ਉੱਤੇ ਰੁੱਕ-ਰੁੱਕ ਕੇ ਦਿੱਲੀ ਪਹੁੰਚਿਆ ਸੀ। ਮੈਂ ਬਹੁਤ ਫਿਕਰਮੰਦ ਅਤੇ ਘਬਰਾਇਆ ਹੋਇਆ ਸੀ। ਮੈਨੂੰ ਧੜਕਾ ਲੱਗਿਆ ਹੋਇਆ ਸੀ ਕਿ ਮੇਰਾ ਸਭ ਕੁੱਝ ਛੱਡ ਛਡਾ ਕੇ ਭਾਰਤ ਆਉਣ ਦਾ ਕੀ ਪਰਿਣਾਮ ਨਿਕਲੇਗਾ? ਮੇਰੇ ਜ਼ਿਹਨ ਦੀ ਜ਼ਰਖੇਜ਼ ਜ਼ਮੀ ’ਤੇ ਅੱਜ ਵੀ ਹੁਸੀਨ ਪਲ ਕਿਸੇ ਸੱਜਰੀ ਲਿਖੀ ਇਬਾਰਤ ਵਾਂਗ ਤਾਜ਼ਾ ਰੂਪ ਵਿੱਚ ਅੰਕਿਤ ਹਨ, ਜਦੋਂ ਪਹਿਲੇ ਹੀ ਦਿਨ ਦਿੱਲੀ ਹੋਟਲ ਦੇ ਬਰਾਂਡੇ ਵਿੱਚ ਖੜ੍ਹਾ ਮੈਂ ਆਲੇ-ਦੁਆਲੇ ਨੂੰ ਨਿਹਾਰ ਰਿਹਾ ਸੀ। ਦੂਰੋਂ ਮਾਲੀ ਦੇ ਘਰੋਂ ਪੱਕਦੇ ਖਾਣੇ ਦੀ ਮਹਿਕ ਪੌਣਾਂ ਵਿੱਚ ਰਲ੍ਹ ਕੇ ਮੇਰੇ ਤੱਕ ਆਈ ਸੀ। ਮਿੱਟੀ ਦੀ ਭਿੰਨੀ-ਭਿੰਨੀ ਖੁਸ਼ਬੂ ਵਿੱਚੋਂ ਮੈਨੂੰ ਅਪਣੱਤ ਅਤੇ ਪਿਆਰ ਦਾ ਝਲਕਾਰਾ ਮਹਿਸੂਸ ਹੋਇਆ ਸੀ। ਮੈਂ ਆਪਦੇ ਆਪ ਨੂੰ ਸਿਰ ਤੋਂ ਪੈਰਾਂ ਤੱਕ ਸਿਮਰਤੀਆਂ ਦੇ ਵਾ-ਵਰੋਲੇ ਵਿੱਚ ਘਿਰਿਆ ਅਨੁਭਵ ਕਰਿਆ ਸੀ। ਬਚਪਨ ਦੀਆਂ ਉਹ ਤਮਾਮ ਯਾਦਾਂ ਜਿਨ੍ਹਾਂ ਨੂੰ ਤਿਲਾਜ਼ਲੀ ਦੇ ਕੇ ਮੈਂ ਭਾਰਤ ਵਿੱਚ ਹੀ ਛੱਡ ਗਿਆ ਸਨ, ਉਹ ਸਭ ਯਾਨੀ ਮੇਰੇ ਨਾਲ ਫਿਰ ਆ ਬਗਲਗੀਰ ਹੋ ਗਈਆਂ ਸਨ। ਧਰਤੀ ਦਾ ਚੱਪਾ-ਚੱਪਾ ਮੈਨੂੰ ਖੁਸ਼ਾਮਦੀਦ ਆਖ ਰਿਹਾ ਸੀ। ਮੇਰੇ ਅੰਤਰਮਨ ਨੂੰ ਜਾਪਿਆ ਸੀ ਕਿ ਉਸ ਜਗ੍ਹਾ ਭਵਿੱਖ ਮੇਰੇ ਲਈ ਕੋਈ ਨਾਇਯਾਬ ਨਜ਼ਰਾਨਾਂ ਛੁਪਾਈ ਬੈਠਾ ਹੈ। ਇਸ ਤਰ੍ਹਾਂ ਮੈਂ ਉਥੇ ਦਾ ਹੀ ਹੋ ਕੇ ਰਹਿ ਗਿਆ ਹਾਂ ਤੇ ਹੁਣ ਨੌਕਰੀ ਛੱਡਣ ਉਪਰੰਤ ਵੀ ਉਥੋਂ ਆਉਣ ਨੂੰ ਦਿਲ ਨਹੀਂ ਕਰਦਾ।

? ਉਸ ਦੌਰ ਵਿੱਚ ਟੈਲੀਵਿਜ਼ਨ ਤਾਂ ਬਹੁਤੇ ਪ੍ਰਚੱਲਤ ਨਹੀਂ ਸੀ ਹੋਏ, ਤੁਸੀਂ ਸਿਰਫ ਰੇਡਿਉ ਤੱਕ ਹੀ ਮਹਿਦੂਦ ਰਹੇ ਹੋਵੋਂਗੇ?- ਨਹੀਂ ਐਸੀ ਗੱਲ ਨਹੀਂ ਹੈ। ਇਧਰ ਇੰਗਲੈਂਡ ਵਿੱਚ ਟੈਲੀਵਿਜ਼ਲ ਕਾਫੀ ਮਕਬੂਲ ਹੋ ਚੁੱਕਿਆ ਸੀ। ਮੈਨੂੰ ਰੇਡਿਉ ਅਤੇ ਟੈਲੀਵਿਜ਼ਨ ਦੋਨਾਂ ਉੱਤੇ ਬਰਾਬਰ ਪੇਸ਼ ਹੋਣ ਦਾ ਮੌਕਾ ਮਿਲਦਾ ਰਿਹਾ ਹੈ। ਪਰ ਮੈਂ ਜ਼ਿਆਦਾ ਤਰਜੀਹ ਰੇਡਿਉ ਨੂੰ ਹੀ ਦਿੱਤੀ ਹੈ। ਕਿਉਂਕਿ ਮੈਂ ਸਮਝਦਾ ਹਾਂ ਮੇਰੀ ਆਵਾਜ਼ ਮੇਰੀ ਦਿੱਖ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ।? ਤੁਹਾਡਾ ਪਾਲਣਪੋਸ਼ਨ ਬਰਤਾਨੀਆ ਵਿੱਚ ਹੋਇਆ ਤੇ ਇੱਕ ਅੰਗਰੇਜ਼ ਹੋਣ ਦੇ ਨਾਤੇ ਤੁਹਾਨੂੰ ਭਾਰਤ ਵਿੱਚ ਰਹਿ ਕੇ ਨੌਕਰੀ ਕਰਨੀ ਕਾਫੀ ਔਖੀ ਲੱਗੀ ਹੋਵੇਗੀ?- ਨਹੀਂ ਬਿਲਕੁੱਲ ਨਹੀਂ। ਇਹੀ ਤਾਂ ਭਾਰਤ ਦੀ ਖੂਬੀ ਹੈ ਇਹ ਹਰ ਕਿਸਮ ਦੇ ਲੋਕਾਂ ਨੂੰ ਆਪਣੇ ਵਿੱਚ ਜ਼ਜਬ ਕਰਨ ਦੀ ਸਮਰੱਥਾ ਰੱਖਦਾ ਹੈ। ਮੈਂ ਆਪਣੇ ਜੀਵਨ ਦਾ ਮਹੱਤਵਪੂਰਨ ਅਤੇ ਕੀਮਤੀ ਸਮਾਂ ਭਾਰਤ ਵਿੱਚ ਹੰਢਾਇਆ ਹੈ, ਜ਼ਿੰਦਗੀ ਦੇ ਕਿਸੇ ਵੀ ਪੜਾਅ ਉਂੱਤੇ ਮੈਨੂੰ ਉਥੇ ਰਹਿੰਦਿਆਂ ਕਦੇ ਵੀ ਉਪਰਾਪਨ ਜਾਂ ਬੇਗਾਨਗੀ ਮਹਿਸੂਸ ਨਹੀਂ ਹੋਈ। ਭਾਰਤੀ ਲੋਕ ਬਹੁਤ ਹੀ ਮਿਲਣਸਾਰ ਹਨ। ਸ਼ਤੀਸ਼ ਅਤੇ ਸਈਅਦ ਨਕਬੀ ਤੋਂ ਇਲਾਵਾ ਮੇਰੇ ਬਹੁਤ ਸਾਰੇ ਦੋਸਤ ਹਨ ਉਥੇ।

? ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਤੁਸੀਂ ਅਨੇਕਾਂ ਵਾਰ ਮਿਲੇ ਹੋ? ਉਹਨਾਂ ਨਾਲ ਤੁਹਾਡੀ ਪਹਿਲੀ ਅਤੇ ਆਖਰੀ ਮੁਲਾਕਤ ਕਦੋਂ ਹੋਈ ਸੀ ਤੇ ਤੁਹਾਡੇ ਉੱਤੇ ਉਹਨਾਂ ਦਾ ਕੀ ਪ੍ਰਭਾਵ ਪਿਆ ਸੀ?- ਪਹਿਲੀ ਮੁਲਾਕਾਤ ਬਾਰੇ ਤਾਂ ਮੈਨੂੰ ਠੀਕ-ਠੀਕ ਯਾਦ ਨਹੀਂ। ਪਰ ਉਹ ਸ਼੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਤੋਂ ਬਹੁਤ ਵਰ੍ਹੇ ਪਹਿਲਾਂ ਦੀ ਗੱਲ ਹੈ। ਆਖਰੀ ਵਾਰ ਮੈਂ ਉਸਨੂੰ ਸਾਕਾ ਨੀਲਾ ਤਾਰਾ ਤੋਂ ਦੋ ਦਿਨ ਪੂਰਬ ਮਿਲਿਆਂ ਸੀ। ਰਹੀ ਗੱਲ ਪ੍ਰਭਾਵ ਦੀ ਤਾਂ ਮੈਨੂੰ ਉਹ ਬਹੁਤ ਰੋਹਬਦਾਰ ਦਿੱਖ ਦਾ ਮਾਲਕ ਲੱਗਿਆ ਸੀ। ਡਰ ਆਉਂਦਾ ਸੀ ਮੈਨੂੰ ਉਹਤੋਂ। ਹਠਧਰਮੀ ਤੇ ਸਿੱਧੇ, ਸਪਸ਼ਟ ਉੱਤਰ ਦੇਣ ਅਤੇ ਸਪਾਟ ਬਿਆਨੀ ਵਾਲਾ ਮਨੁੱਖ ਸੀ। ਫਜ਼ੂਲ ਦੇ ਪ੍ਰਸ਼ਨ ਪੁੱਛੇ ਜਾਣੇ ਉਹ ਪਸੰਦ ਨਹੀਂ ਸੀ ਕਰਦਾ। ਛੇਤੀ ਖਿੱਝ ਜਾਂਦਾ ਸੀ।

? ਭਿੰਡਰਾਵਾਲੇ ਵੱਲੋਂ ਸ਼੍ਰੀ ਅਕਾਲ ਤਖਤ ਵਿੱਚ ਬੇਸ ਬਣਾਉਣ ਪਿਛੇ ਉਸਦਾ ਕੀ ਮਨਸੂਬਾ ਸੀ? ਉਸ ਨੇ ਇਸ ਕਾਰਜ ਲਈ ਸ਼੍ਰੀ ਹਰਮੰਦਰ ਸਾਹਿਬ ਨੂੰ ਹੀ ਕਿਉਂ ਚੁਣਿਆ? ਕੀ ਉਹ ਸ਼੍ਰੀ ਦਰਬਾਰਾ ਸਾਹਿਬ ’ਤੇ ਹੋਣ ਵਾਲੇ ਹਮਲੇ ਬਾਰੇ ਆਸਮੰਦ ਅਤੇ ਉਸਦੇ ਨਤੀਜਿਆਂ ਤੋਂ ਆਗਾਹ ਸੀ?- ਇੱਕ ਤਪ ਸਥੱਲ ਅਤੇ ਧਾਰਮਿਕ ਸਥਾਨ ਨੂੰ ਯੁੱਧ ਖੇਤਰ ਬਣਾਉਣ ਪਿਛੇ ਉਸ ਦੀ ਕੀ ਯੋਜਨਾ ਸੀ ਮੈਂ ਇਹ ਤਾਂ ਨਹੀਂ ਸੀ ਜਾਣ ਸਕਿਆ। ਹਾਂ, ਇੱਕ ਦਿਨ ਭਰਾਤੀ ਫੌਜ ਉਥੇ ਆ ਕੇ ਚੜਾਈ ਕਰੇਗੀ, ਇਸ ਮੁਤੱਲਕ ਉਸਨੂੰ ਪੂਰਨ ਵਿਸ਼ਵਾਸ਼ ਸੀ। ਸ਼ਾਇਦ ਉਸਨੇ ਸ਼ਹੀਦ ਹੋਣ ਦੇ ਮਕਸਦ ਨਾਲ ਐਸਾ ਕੀਤਾ ਹੋਵੇਗਾ। ਕਿਉਂਕਿ ਭਾਰਤੀ ਚਿੰਤਨ ਅਤੇ ਖਾਸ ਕਰ ਸਿੱਖ ਧਰਮ ਵਿੱਚ ਸ਼ਹਾਦਤ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਹੈ। ਉਹ ਇਸ ਪ੍ਰਕਾਰ ਖਾਲਿਸਤਾਨ ਦੀ ਨੀਂਹ ਰੱਖਣੀ ਚਾਹੁੰਦਾ ਹੋਵੇਗਾ। ਹਮਲੇ ਬਾਰੇ ਪਹਿਲਾਂ ਤੋਂ ਸੁਚੇਤ ਹੋਣ ਕਾਰਨ ਉਸਨੇ ਪੂਰੀ ਤਿਆਰੀ ਕਰ ਰੱਖੀ ਸੀ ਤੇ ਉਸਨੂੰ ਆਪਣੀ ਤਾਕਤ ਉੱਤੇ ਪੂਰਾ ਭਰੋਸਾ ਸੀ ਕਿ ਉਹ ਪਹਿਲਾਂ ਹੱਲਾ ਝੱਲਣ ਦੀ ਸਮਰੱਥਾ ਰੱਖਦਾ ਹੈ। ਜਾਂ ਉਸਨੇ ਸੋਚਿਆ ਹੋਵੇਗਾ ਕਿ ਪਹਿਲੀ ਝੜਪ ਹੋਈ ਤੋਂ ਉਹ ਫੌਜ ਨੂੰ ਕਰਾਰੇ ਹੱਥ ਦਿਖਾ ਦੇਵੇਗਾ ਤੇ ਇਸ ਤਰ੍ਹਾਂ ਇੱਕ ਵਾਰ ਸ਼੍ਰੀ ਹਰੀਮੰਦਰ ਸਾਹਿਬ ’ਤੇ ਹਮਲਾ ਹੋਣ ਨਾਲ ਪੂਰੀ ਸਿੱਖ ਕੌਮ ਉਸ ਨਾਲ ਜੁੜ ਜਾਵੇਗੀ ਅਤੇ ਹਾਰ ਖਾਣ ਬਾਅਦ ਸਰਕਾਰ ਉਸ ਨਾਲ ਸੰਧੀ ਕਰ ਲਵੇਗੀ। ਇਹ ਸਭ ਕਿਆਫੇ ਨੇ। ਅਸਲ ਕਾਰਨ ਤਾਂ ਸਿਰਫ ਉਹੀ ਜਾਣਦਾ ਸੀ।

? ਅਪਰੇਸ਼ਨ ਬਲਿਊ ਸਟਾਰ ਦੇ ਪ੍ਰਣਾਮਸਰੂਪ ਜੋ ਨੁਕਸਾਨ ਹੋਇਆ ਹੈ, ਉਸਨੂੰ ਘੱਟ ਕਰਨ ਲਈ ਕੀ ਇਸ ਸਾਕੇ ਨੂੰ ਅੰਤਮ ਪਲਾਂ ਵੇਲੇ ਮੁਲਤਵੀ ਕਰਨਾ, ਭੰਗ ਕਰਨਾ ਜਾਂ ਇਸਦਾ ਰੂਪ ਪਰਤਾਉਣਾ ਸੰਭਵ ਨਹੀਂ ਸੀ?


- ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਕਾ ਨੀਲਾ ਤਾਰਾ ਦੇ ਰੂਪ ਨੂੰ ਬਦਲਿਆ ਜਾ ਸਕਦਾ ਸੀ। ਇਹ ਭੈੜੇ ਢੰਗ ਨਾਲ ਵਿਉਂਤਬਧ ਕੀਤਾ ਗਿਆ ਉਪਰੇਸ਼ਨ ਸੀ। ਰਸਦ, ਪਾਣੀ, ਬਿਜਲੀ ਆਦਿਕ ਬੰਦ ਕਰਨ ਵਾਲੇ ਸਾਰੇ ਢੰਗ ਤਰੀਕੇ ਉਪਰੇਸ਼ਨ ਉਲੀਕਣ ਸਮੇਂ ਅਵੱਸ਼ ਵਿਚਾਰੇ ਗਏ ਸਨ। ਪ੍ਰਸ਼ਨ ਇਹ ਉੱਠਦਾ ਸੀ ਕਿ ਕਿਟਾਣੂਯੁਕਤ ਅੰਗ ਨੂੰ ਵੱਖ ਕੇ ਤੁਰੰਤ ਇਲਾਜ਼ ਕੀਤਾ ਜਾਵੇ ਜਾਂ ਆਹੀਸਤਾ-ਆਹੀਸਤਾ ਦਵਾਈਆਂ ਨਾਲ ਉਪਚਾਰ ਕੀਤਾ ਜਾਵੇ ’ਤੇ ਜਰਾਸੀਮ ਨੂੰ ਸ਼ਰੀਰ ਦੇ ਬਾਕੀ ਹਿੱਸਿਆ ਤੱਕ ਫੈਲਣ ਦਾ ਖਤਰਾ ਮੁੱਲ ਲਿਆ ਜਾਵੇ। ਉਸ ਵੇਲੇ ਮੁੱਠੀ ਭਰ ਸਿੱਖਾਂ ਦਾ ਇੱਕ ਦਲ ਹਕੂਮਤ ਅਤੇ ਵਿਸ਼ਾਲ ਭਾਰਤੀ ਫੌਜ਼ ਮੂਹਰੇ ਚਨੌਤੀ ਬਣਿਆ ਖੜ੍ਹਾ ਸੀ। ਸਾਰੀ ਦੁਨੀਆਂ ਦੀ ਅੱਖ ਭਾਰਤੀ ਸਰਕਾਰ ਉੱਤੇ ਸੀ। ਜੇ ਉਦੋਂ ਭਿੰਡਰਾਵਲੇ ਨੂੰ ਸਮਾਂ ਦਿੱਤਾ ਜਾਂਦਾ ਸੀ ਤਾਂ ਉਸ ਨਾਲ ਇੱਕ ਤਾਂ ਭਾਰਤੀ ਸੈਨਾ ਦੀ ਹੇਠੀ ਹੁੰਦੀ ਸੀ ਤੇ ਦੂਜਾ ਦੇਸ਼ ਦੇ ਦੂਜੇ ਹਿੱਸਿਆ ਵਿੱਚ ਆਹਿੰਸਾ ਭੜਕ ਸਕਦੀ ਸੀ। ਇਸ ਲਈ ਉਪਰੇਸ਼ਨ ਕਮਾਡਰ ਨੂੰ ਉਦੋਂ ਵਰਤੋਂ ਵਿੱਚ ਲਿਆਂਦੀ ਗਈ ਵਿਧੀ ਉਚਿਤ ਲੱਗੀ ਸੀ।

? ਤੁਹਾਡੇ ਖਿਆਲ ਅਨੁਸਾਰ ਸਾਕਾ ਨੀਲਾ ਤਾਰਾ ਦੀ ਹੋਂਦ ਦੇ ਸੰਦਰਭ ਵਿੱਚ ਕਿਥੇ ਗਲਤੀ ਹੋਈ ਹੈ?


- ਦਰਅਸਲ ਗਲਤੀਆਂ ਤਾਂ ਉਸ ਤੋਂ ਬਹੁਤ ਪਹਿਲਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਗਲਤੀ ਵੀ ਇੱਕ ਨਹੀਂ ਹੋਈ ਬਲਕਿ ਅਨੇਕਾਂ ਹੀ ਹੋਈਆਂ ਹਨ। ਇੱਕ ਗਲਤੀ ਵਿੱਚੋਂ ਅਗਾਂਹ ਸਮੂਹਿਕ ਗਲਤੀਆਂ ਜਨਮ ਲੈਂਦੀਆਂ ਗਈਆਂ। ਸਭ ਤੋਂ ਵੱਡੀ ਗਲਤੀ ਜੋ ਮਿਸਿਜ਼ ਗਾਂਧੀ ਨੇ ਕੀਤੀ ਉਹ ਇਹ ਸੀ ਕਿ ਉਸਨੇ ਭਿੰਡਰਾਂਵਾਲੇ ਦੇ ਖਿਲਾਫ ਕਾਰਵਾਈ ਕਰਨ ਵਿੱਚ ਢਿੱਲ ਬਹੁਤ ਵਰਤੀ। ਉਸਨੂੰ ਉਸਦੇ ਸਲਾਹਕਾਰ ਅਤੇ ਰਾਜੀਵ ਗਾਂਧੀ ਨੇ ਬਹੁਤ ਜ਼ੋਰ ਲਾਇਆ ਸੀ। ਅਗਰ ਉਹ ਸਮੇਂ ਸਿਰ ਕੋਈ ਐਕਸ਼ਨ ਲੈ ਲੈਂਦੀ ਤਾਂ ਮਾਮਲਾ ਇਥੋਂ ਤੱਕ ਪੁੱਜਣਾ ਹੀ ਨਹੀਂ ਸੀ। ਹਮਲੇ ਵੇਲੇ ਭਾਰਤੀ ਸੈਨਾ ਦੇ ਧਿਆਨ ਹਿੱਤ ਸਿਰਫ ਸ਼੍ਰੀ ਦਰਬਾਰ ਸਾਹਿਬ ਹੀ ਨਹੀਂ ਬਲਕਿ ਸ਼੍ਰੀ ਅਕਾਲ ਤਖਤ ਦੀ ਸੁਰੱਖਿਅਤਾ ਵੀ ਲਿਆਉਣੀ ਜ਼ਰੂਰੀ ਸੀ। ਫੇਰ ਉਹਨਾਂ ਨੂੰ ਭੁਲਣਾ ਨਹੀਂ ਸੀ ਚਾਹੀਦਾ ਕਿ ਉਹ ਜਰਨਲ ਸੁਭੇਗ ਸਿੰਘ ਵਰਗੇ ਮਾਸਟਰ ਮਾਇੰਡਡ ਅਤੇ ਯੁੱਧ ਕਲਾ ਵਿੱਚ ਨਿਪੁੰਨ ਬੰਦੇ ਨਾਲ ਆਹਡਾ ਲਾ ਰਹੇ ਸਨ। ਵਿਰੋਧੀਆਂ ਦੀ ਸ਼ਕਤੀ ਸਿਖਲਾਈ ਅਤੇ ਹਥਿਆਰਾਂ ਬਾਰੇ ਫੌਜ ਨੂੰ ਕੋਈ ਅਨੁਮਾਨ ਨਹੀਂ ਸੀ। ਉਹਨਾਂ ਨੇ ਸੋਚਿਆ ਸੀ ਬਈ ਉਹ ਜਾ ਕੇ ਲਲਕਾਰੇ ਮਾਰਨਗੇ ਤੇ ਭਿੰਡਰਾਵਾਲੇ ਨੂੰ ਗ੍ਰਿਫਤਾਰ ਕਰ ਲਿਆਉਣਗੇ। ਜ਼ਿਆਦਾ ਤੋਂ ਜ਼ਿਆਦਾ ਜੇ ਲੋੜ ਪਈ ਤਾਂ ਚਾਰ ਕੁ ਗੋਲੀਆਂ ਚਲਾ ਕੇ ਠਾਹ-ਠੂਹ ਜਿਹੀ ਕਰਨਗੇ ਤੇ ਭਿੰਡਰਾਵਾਲਾ ਡਰਦਾ ਹੋਇਆ ਹੱਥ ਖੜ੍ਹੇ ਕਰਕੇ ਬਾਹਰ ਆ ਜਾਊ ਤੇ ਉਹ ਬੰਦੀ ਬਣਾ ਲੈਣਗੇ। ਬਸ ਉਸ ਕਾ ਮਾਮਲਾ ਖਤਮ ਹੋ ਜਾਏਗਾ। ਉਹਨਾਂ ਨੇ ਉਹਦੀ ਸਮਰੱਥਾ ਨੂੰ ਅੰਡਰਐਸਕਟੀਮੇਟ ਕੀਤਾ ਸੀ। ਜਦੋਂ ਸਾਕੇ ਦੇ ਆਰੰਭ ਵਿੱਚ ਪਹਿਲੀ ਟੁੱਕੜੀ ਨੂੰ ਮੂੰਹ ਦੀ ਖਾਣੀ ਪਈ। ਅੰਦਰ ਗਏ ਸੈਨਿਕ ਭਿੰਡਰਾਵਾਲੇ ਦੇ ਸਾਥੀਆਂ ਨੇ ਮਾਰ ਦਿੱਤੇ ਤਾਂ ਫੌਜ ਹੱਫਲ ਗਈ। ਘਬਰਾਹਟ ਵਿੱਚ ਫਿਰ ਬੌਂਦਲੇ ਹੋਇਆਂ ਨੇ ਟੈਂਕ ਤੋਪਾਂ ਅੰਦਰ ਵਾੜ ਕੇ ਗੋਲਾਬਾਰੀ ਕਰਨੀ ਸ਼ੁਰੂ ਕੀਤੀ ਸੀ। ਮਿਸਿਜ਼ ਗਾਂਧੀ ਨੇ ਗੋਲਡਨ ਟੈਂਪਲ ’ਤੇ ਹਮਲਾ ਕਰਨ ਦੀ ਗਲਤੀ ਕੀਤੀ, ਜਿਸ ਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਤਾਰਨੀ ਪਈ।

? ਇਸ ਸਾਕੇ ਦੇ ਫਲਸਰੂਪ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੇ ਜੋ ਸਰਕਾਰੀ ਅਤੇ ਗੈਰਸਰਕਾਰੀ ਅੰਕੜੇ ਪਰੈਂਸ ਵਿੱਚ ਆਏ ਹਨ ਕਿ ਉਨ੍ਹਾਂ ਵਿੱਚੋਂ ਕਿਹੜੇ ਵਧੇਰੇ ਵਾਜਬ ਅਤੇ ਯਥਾਰਥਵਾਦੀ ਹਨ?- ਦੋਨੋਂ ਹੀ ਦਰੁਸਤ ਨਹੀਂ ਹਨ ਤੇ ਅਸਲ ਨੁਕਸਾਨ ਤੋਂ ਬਹੁਤ-ਬਹੁਤ ਘੱਟ ਹਨ। ਮੈਂ ਜਾਣਦਾ ਹਾਂ ਕਿ ਹਕੀਕਤਨ ਹਾਨੀ ਉਸ ਤੋਂ ਕਿਤੇ ਵੱਧ ਹੋਈ ਹੈ। ਉਸ ਵੇਲੇ ਅੰਦਰੋਂ ਫੜ੍ਹੇ ਗਏ ਨਿਰਦੋਸ਼ ਸ਼ਰਧਾਲੂਆਂ ’ਤੇ ਹੋਇਆ ਅਤਿਆਚਾਰ ਮੇਰੀ ਅੱਖੋਂ ਉਹਲੇ ਨਹੀਂ ਸੀ।

? ਬਹੁਤ ਸਮੇਂ ਤੋਂ ਇਹ ਅਫਵਾਹ ਉੱਡੀ ਹੋਈ ਹੈ ਕਿ ਸੰਤ ਭਿੰਡਰਾਵਾਲਾ ਉਦੋਂ ਸਾਕੇ ਦੌਰਾਨ ਬਚ ਕੇ ਨਿਕਲ ਗਿਆ ਸੀ ’ਤੇ ਜ਼ਿੰਦਾ ਹੈ। ਤੁਹਾਡੀ ਪੁਸਤਕ ਵਿੱਚ ਭਿੰਡਰਾਂਵਾਲੇ ਦੀ ਮ੍ਰਿਤਿਕ ਦੇਹ ਦੀ ਜੋ ਫੋਟੋ ਹੈ, ਪੁਸ਼ਟੀ ਕਰਨ ਲਈ ਦੱਸੋਂਗੇ ਕਿ ਉਹ ਕਿਸ ਨੇ ਖਿੱਚੀ ਸੀ?


- ਉਹ ਫੋਟੋ ਕਿਸ ਨੇ ਖਿੱਚੀ ਸੀ? ਮੈਂ ਇਹ ਤਾਂ ਨਹੀਂ ਦੱਸ ਸਕਦਾ। ਉਹ ਫੋਟੋ ਸਤੀਸ਼ ਨੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਕੀਤੀ ਸੀ। ਮੈਨੂੰ ਉਸ ਫੋਟੋ ਦੇ ਪ੍ਰਮਾਣਿਤ ਹੋਣ ਦੀ ਪੂਰੀ ਤਸੱਲੀ ਹੈ। ਉਪਰੇਸ਼ਨ ਬਲਿਉ ਸਟਾਰ ਉਪਰੰਤ ਸ਼੍ਰੀ ਅਕਾਲ ਤਖਤ ਸਹਿਬ ਦੀ ਜੋ ਹਾਲਤ ਸੀ, ਉਹ ਤੁਸੀਂ ਨਹੀਂ ਦੇਖੀ। ਮੈਂ ਦੇਖੀ ਹੈ। ਸਭ ਕੁੱਝ ਉਥੇ ਮਲੀਆਮੇਟ ਹੋਇਆ ਪਿਆ ਸੀ। ਉਥੋਂ ਬਚ ਕੇ ਨਿਕਲ ਸਕਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਵੀ ਸੀ। ਨਾਲੇ ਫਿਰ ਭਿੰਡਰਾਵਾਲਾਂ ਭੱਜਣ ਵਾਲਾ ਨਹੀਂ ਸੀ। ਉਹ ਅਫਵਾਹਾਂ ਬੇਬੁਨਿਆਦ ਹਨ।

? ਅੱਸੀਵੇਂ ਦਹਾਕੇ ਦੌਰਾਨ ਜੋ ਸੰਤਾਪ ਪੰਜਾਬ ਨੇ ਆਪਣੇ ਪਿੰਡੇ ’ਤੇ ਹੰਢਾਇਆ ਹੈ, ਕੀ ਭਵਿੱਖ ਵਿੱਚ ਉਹਨਾਂ ਹਾਲਾਤਾਂ ਦਾ ਦੁਹਰਾਉ ਹੋਣ ਦਾ ਖਤਰਾ ਹੈ?


- ਨਹੀਂ ਮੈਂ ਨਹੀਂ ਸਮਝਦਾ ਕਿ ਇਤਨੀ ਜਲਦੀ ਐਸਾ ਸੰਭਵ ਹੋ ਸਕੇਗਾ। ਉਸ ਦੌਰ ਵਿੱਚ ਜੋ ਲਹਿਰ ਚੱਲੀ ਸੀ, ਪਹਿਲਾਂ ਲੋਕ ਉਸ ਨਾਲ ਜੁੜ ਗਏ ਸਨ। (ਚਾਹੇ ਕਿਵੇਂ ਵੀ ਜੁੜੇ) ਪਰ ਬਾਅਦ ਵਿੱਚ ਜਦੋਂ ਉਸਦੇ ਸਿੱਟੇ ਸਾਹਮਣੇ ਆਉਣ ਲੱਗੇ ਤਾਂ ਲੋਕ ਪਿਛੇ ਹਟ ਗਏ। ਜਿਸ ਨਾਲ ਉਹ ਲਹਿਰ ਟੁੱਟ ਗਈ। ਉਸ ਦੌਰ ਵਿੱਚ ਲੋਕਾਂ ਨੇ ਦੋਨਾਂ ਧਿਰਾਂ ਦਾ ਐਨਾਂ ਤਸ਼ੱਦਦ ਝੱਲਿਆ ਹੈ ਕਿ ਹੁਣ ਉਹ ਉਸ ਗੁਜ਼ਰੇ ਅਧਿਆਏ ਨੂੰ ਮੁੜ ਕੇ ਖੋਲ੍ਹਣਾ ਨਹੀਂ ਚਾਹੁੰਦੇ। ਹੁਣ ਸਰਕਾਰ ਦੇ ਕੰਨ ਵੀ ਖੜ੍ਹੇ ਹਨ। ਇਸ ਲਈ ਸਥਿਤੀ ਪਹਿਲਾਂ ਵਾਂਗ ਕਾਬੂ ਤੋਂ ਬਾਹਰ ਨਹੀਂ ਹੋ ਸਕੇਗੀ। ਭੁਲਣਾ ਨਹੀਂ ਚਾਹੀਦਾ ਕਿ ਪੰਜਾਬ ਦੀ ਬਹੁ-ਗਿਣਤੀ ਵਸੋਂ 1947 ਦੀ ਵੰਡ ਦੇਖ ਚੁੱਕੀ ਹੈ। ਹਾਂ, ਸਮੇਂ ਸਮੇਂ ’ਤੇ ਸਿਆਸਦਾਨ ਕੋਈ ਨਾ ਕੋਈ ਲਹਿਰ ਉਭਾਰਦੇ ਅਤੇ ਦਬਾਉਂਦੇ ਰਹਿਣਗੇ।

? ਰਾਜੀਵ ਗਾਂਧੀ ਨਾਲ ਤੁਹਾਡੇ ਸੰਬੰਧ ਕਿਹੋ ਜਿਹੇ ਸਨ?


- ਬੁਹਤ ਹੀ ਵਧੀਆ। ਦੋਸਤਾਨਾ ਅਤੇ ਨਜ਼ਦੀਕੀ।

? ਮਿਸਿਜ਼ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਕਾਨਪੁਰ ਵਰਗੇ ਸ਼ਹਿਰਾਂ ਵਿੱਚ ਜੋ ਦੰਗੇ ਅਰਥਾਤ ਸਿੱਖਾਂ ਉੱਤੇ ਤਸ਼ੱਦਦ ਹੋਏ ਸਨ, ਤੁਹਾਨੂੰ ਕੀ ਲੱਗਦੈ ਉਹਨਾਂ ਲਈ ਰਾਜੀਵ ਗਾਂਧੀ ਜ਼ਿੰਮੇਵਾਰ ਸੀ ਜਾਂ ਨਹੀਂ?


- ਉਅੰ! ਭਾਵੇਂ ਮੇਰੇ ਕੋਲ ਇਸ ਨੂੰ ਸਿੱਧ ਕਰਨ ਲਈ ਕੋਈ ਪ੍ਰਮਾਣਿਤ ਦਸਤਾਵੇਜ਼ੀ ਸਬੂਤ ਤਾਂ ਉਪਲੱਬਧ ਨਹੀਂ ਹੈ। ਪਰ ਹਾਂ, ਮੈਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੇ ਆਧਾਰ ਉੱਤੇ ਇਹ ਦਾਵੇ ਨਾਲ ਕਹਿ ਸਕਦਾ ਹਾਂ ਕਿ ਦਿੱਲੀ ਦੰਗਿਆਂ ਵਿੱਚ ਰਾਜੀਵ ਗਾਂਧੀ ਦਾ ਹੱਥ ਸੀ। ਉਸਦੀ ਸ਼ੈਅ ਅਤੇ ਸਮਰਥਨ ਬਿਨਾਂ ਉਹ ਜੀਵ-ਘਾਤ ਸੰਭਵ ਹੀ ਨਹੀਂ ਸੀ।

? ਕਿਤਾਬ ਲਿਖਦਿਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਹੋਵੇਗਾ?


- ਹਾਂ, ਕਈ ਮੁਸ਼ਕਲਾਂ ਆਈਆਂ। ਪਰ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਹਲ ਕਰਦੇ ਗਏ। ਸਭ ਤੋਂ ਵੱਡੀ ਸਮੱਸਿਆ ਮੇਰੀ ਸਮੱਗਰੀ ਤੱਕ ਰਸਾਈ ਦੀ ਸੀ। ਕਿਉਂਕਿ ਸਾਕਾ ਨੀਲਾ ਤਾਰਾ ਘੋਸ਼ਿਤ ਹੁੰਦਿਆਂ ਹੀ ਮੈਨੂੰ ਤਾਂ ਵਿਦੇਸ਼ੀ ਹੋਣ ਕਰਕੇ ਪੰਜਾਬ ਤੋਂ ਬਾਹਰ ਕੱਢ ਮਾਰਿਆ ਸੀ। ਮੈਂ ਉਥੇ ਪਾਬੰਦੀ ਲੱਗੀ ਹੋਣ ਕਰਕੇ ਜਾ ਨਹੀਂ ਸੀ ਸਕਦਾ। ਮੇਰਾ ਇਹ ਮਸਲਾ ਸਤੀਸ਼ ਨੇ ਹਲ ਕੀਤਾ। ਉਹਨੇ ਮੇਰੇ ਲਈ ਸਾਰੀ ਜਾਣਕਾਰੀ ਇਕੱਤਰ ਕਰਕੇ ਲਿਆਂਦੀ।

? ਕੁੱਝ ਐਸੇ ਲੋਕ ਵੀ ਹੋਣਗੇ ਜਿਨ੍ਹਾਂ ਨੂੰ ਤੁਹਾਡੀ ਇਹ ਪਸੁਤਕ ਚੁੱਭੀ ਹੋਵੇਗੀ?


- ਸਭ ਤੋਂ ਵੱਧ ਇਹ ਭਿੰਡਰਾਵਾਲੇ ਅਤੇ ਮਿਸਿਜ਼ ਗਾਂਧੀ ਨੂੰ ਬੁਰੀ ਲੱਗਣੀ ਸੀ, ਜੇ ਉਹ ਜਿਉਂਦੇ ਹੁੰਦੇ। ਗਿਆਨੀ ਜੈਲ ਸਿੰਘ ਨੇ ਬੜਾ ਗੁੱਸਾ ਕੀਤਾ ਸੀ। ਮੈਂ ਫੇਰ ਉਹਨਾਂ ਨੂੰ ਪੁੱਛਿਆ ਸੀ, “ਗਿਆਨੀ ਜੀ ਬਤਾਈਏ ਹਮਾਰਾ ਕਸੂਰ ਕਿਆ ਹੈ? ਹਮ ਨੇ ਤੋਂ ਸੱਚ ਲ਼ਿਖਾ ਹੈ। ਤੁਹਾਡਾ ਪੱਖ ਜਾਨਣ ਲਈ ਅਸੀਂ ਅਨੇਕਾਂ ਬਾਰ ਤੁਹਾਡੇ ਤੋਂ ਸਮਾਂ ਮੰਗਿਐ। ਤੁਸੀਂ ਨਹੀਂ ਮਿਲੇ ਤਾਂ ਸਾਡੀ ਕੀ ਗਲਤੀ ਹੈ?” ਕਈ ਹੋਰ ਅਕਾਲੀ ਲੀਡਰਾਂ ਨੂੰ ਇਹ ਚੰਗੀ ਨਹੀਂ ਲੱਗੀ। ਪਰ ਉਹ ਜ਼ਾਹਰ ਨਹੀਂ ਕਰਦੇ। ਮੇਰੇ ਨਾਲ ਬੜੇ ਤਪਾਕ ਨਾਲ ਮਿਲਦੇ ਹਨ। ਟੌਹੜਾ, ਬਾਦਲ, ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਲੌਂਗੋਵਾਲ ਆਦਿ ਪੰਜਾਬ ਦੇ ਸਾਰੇ ਸਿਰਮੌਰ ਸਿਆਸਤਦਾਨਾਂ ਨਾਲ ਮੇਰਾ ਵਾਹ ਪੈਂਦਾ ਰਿਹਾ ਹੈ।

? ਆਪਣੀ ਪੁਸਤਕ ਵਿੱਚ ਤੁਸੀਂ ਸੰਤ ਭਿੰਡਰਾਂਵਾਲੇ ਅਤੇ ਮਿਸਿਜ਼ ਗਾਂਧੀ ਦੇ ਅੰਦਰਖਾਤੇ ਗੱਠਜੋੜ ਹੋਣ ਦਾ ਸੰਕੇਤ ਕੀਤਾ ਹੈ। ਦੋਨੋਂ ਹੀ ਆਪਣੇ ਭਾਸ਼ਨਾਂ ਅਤੇ ਮੁਲਾਕਾਤਾਂ ਦੌਰਾਨ ਇਸ ਇਲਜ਼ਾਮ ਦਾ ਖੰਡਨ ਕਰਦੇ ਰਹੇ ਸਨ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?


-ਸਿਆਸਤ ਇੱਕ ਬਹੁਤ ਗੰਦੀ ਖੇਡ ਹੁੰਦੀ ਹੈ। ਮਿਸਿਜ਼ ਗਾਂਧੀ, ਸੰਜੇ ਅਤੇ ਗਿਆਨੀ ਜੀ ਹੋਰਾਂ ਨੇ ਮਿਲ ਕੇ ਭਿੰਡਰਾਂਵਾਲੇ ਨੂੰ ਉਭਰਨ ਵਿੱਚ ਸਹਾਇਤਾ ਕੀਤੀ ਸੀ। ਮਿਸਿਜ਼ ਗਾਂਧੀ ਅਕਾਲੀਆਂ ਨੂੰ ਪੰਜਾਬ ਵਿੱਚ ਨਕਾਰਾ ਕਰਨਾ ਚਾਹੁੰਦੀ ਸੀ। ਇਸ ਲਈ ਉਹਨਾਂ ਨੇ ਭਿੰਡਰਾਂਵਾਲੇ ਨੂੰ ਉਹਨਾਂ ਦੇ ਬਰਾਬਰ ਖੜ੍ਹਾ ਕੀਤਾ। ਪਰ ਬਾਅਦ ਵਿੱਚ ਉਸਨੇ ਰਾਸਤਾ ਬਦਲ ਲਿਆ।

? ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਅਤੇ ਹੋਰ ਸਿੱਖ ਮੰਗਾਂ ਜਿਨ੍ਹਾਂ ਵਿੱਚੋਂ ਕੁੱਝ ਕੁ ਦਾ ਜ਼ਿਕਰ ਤੁਸੀਂ ਆਪਣੀ ਪੁਸਤਕ ਵਿੱਚ ਵੀ ਕੀਤਾ ਹੈ। ਤੁਹਾਡੇ ਖਿਆਲ ਮੁਤਾਬਿਕ ਕੀ ਉਹ ਜਾਇਜ਼ ਸਨ ਜਾਂ ਨਾਜਾਇਜ਼?


- ਮੈਂ ਸਮਝਦਾਂ ਉਹ ਨਾਜਾਇਜ਼ ਸਨ। ਸਿੱਖ ਲੋੜ੍ਹ ਤੋਂ ਜ਼ਿਆਦਾ ਮੰਗ ਕਰ ਰਹੇ ਸਨ।

? ਪਿਛੇ ਜਿਹੇ ਤੁਸੀਂ ਬੀ.ਬੀ.ਸੀ. ਵਾਸਤੇ ਭਾਰਤੀ ਸਿਨੇਮੇ ਉੱਤੇ ਅਧਾਰਤ ਇੱਕ ਦਸਤਾਵੇਜ਼ੀ ਫਿਲਮ ਪੇਸ਼ ਕੀਤੀ ਸੀ। ਉਸ ਵਿੱਚ ਤੁਸੀਂ ਇਸ ਤੱਥ ਨੂੰ ਬੜਾ ਉਭਾਰਿਆ ਸੀ ਕਿ ਭਾਰਤੀ ਅਭਿਨੇਤਰੀਆਂ ਫਿਲਮਾਂ ਵਿੱਚ ਰੋਲ ਹਾਸਿਲ ਕਰਨ ਲਈ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦੇ ਬਿਸਤਰੇ ਗਰਮ ਕਰਦੀਆਂ ਹਨ? ਕੀ ਤੁਸੀਂ ਕਿਸੇ ਇਹੋ ਜਿਹੀ ਅਭਿਨੇਤਰੀ ਦਾ ਨਾਮ ਦੱਸ ਸਕਦੇ ਹੋ, ਜਿਸ ਨੇ ਸ਼ਰੀਰਕ ਸੇਵਾਵਾਂ ਮੁਹੱਈਆ ਕਰਕੇ ਫਿਲਮਾਂ ਹਥਿਆਈਆਂ ਹੋਣ?


- ਜਦ ਮੈਂ ਆਪਣੀ ਡਾਕੂਮੈਂਟਰੀ ਵਿੱਚ ਅਜਿਹੀ ਐਕਟਰੈੱਸ ਦੀ ਪਹਿਚਾਣ ਗੁਪਤ ਰੱਖੀ ਹੈ ਤਾਂ ਸਾਫ ਜ਼ਾਹਰ ਹੈ ਕਿ ਮੈਂ ਹੁਣ ਵੀ ਉਸ ਭੇਤ ਨੂੰ ਗੁੱਝਾ ਹੀ ਰੱਖਾਂਗਾ। ਵੈਸੇ ਇਹ ਕੋਈ ਜੱਗੋਂ ਛੁਪੀ ਹੋਈ ਗੱਲ ਨਹੀਂ ਹੈ। ਸਿਨੇਮੇ ਦੀ ਦੁਨੀਆਂ ਵਿੱਚ ਅਕਸਰ ਇਹੋ ਜਿਹੀਆਂ ਅਫਵਾਹਾਂ ਸੁਣਨ ਨੂੰ ਮਿਲਦੀਆਂ ਹਨ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਸਾਰੀਆਂ ਅਦਾਕਾਰਾਂ ਇਹੀ ਪੈਤੜਾਂ ਵਰਤਦੀਆਂ ਹਨ। ਪਰ ਹਾਂ, ਕੁੱਝ ਕੁ ਅਜਿਹੀਆਂ ਹਨ ਜਿਨ੍ਹਾਂ ਦੀ ਮਜ਼ਬੂਰੀ ਦਾ ਲਾਭ ਉਠਾ ਕੇ ਫਿਲਮ ਨਿਰਮਾਣ ਨਾਲ ਜੁੜੇ ਕੁੱਝ ਲੋਕ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ।

? ਭਾਰਤੀ ਫਿਲਮ ਉਦਯੋਗ ਵਿੱਚਲੇ ਤਮਾਮ ਅਦਾਕਾਰਾਂ ਵਿੱਚ ਤੁਸੀਂ ਕਿਸ ਦੇ ਅਭਿਨੈ ਤੋਂ ਮੁਤਾਸਿਰ ਹੋ?


- ਮੈਂ ਤਾਂ ਅਮਰੀਸ਼ ਪੁਰੀ ਦੀ ਐਕਟਿੰਗ ਦਾ ਲੋਹਾ ਮੰਨਦਾ ਹਾਂ। ਇੱਕ ਵਾਰ ਕੀ ਹੋਇਆ ਕਿ ਟੀ ਵੀ ’ਤੇ ਟੈਸਟ ਮੈਚ ਆ ਰਿਹਾ ਸੀ। ਮੈਂ ਆਵਾਜ਼ ਬੰਦ ਕਰਕੇ ਰਿਮੋਰਟ ਕੰਟਰੋਲ ਪਰ੍ਹਾਂ ਸਿੱਟਿਆ ਹੋਇਆ ਸੀ। ਮੈਚ ਦੇ ਵਿਚਾਲਿਉਂ ਮਸ਼ਹੂਰੀਆਂ ਆ ਰਹੀਆਂ ਸਨ ਤੇ ਜਦੋਂ ਉਹਨਾਂ ਵਿੱਚੋਂ ਇੱਕ ਮਸ਼ਹੂਰੀ ਵਿੱਚ ਅਮਰੀਸ਼ ਪੁਰੀ ਆਇਆ ਤਾਂ ਮੈਂ ਫਟਾਫਟ ਰਿਮੋਟ ਲੱਭ ਕੇ ਆਵਾਜ਼ ਚਾਲੂ ਕੀਤੀ ਬਈ ਸੁਣਾ ਉਹ ਕੀ ਕਹਿੰਦਾ ਹੈ।

? ਮੇਰੇ ਦੇਖਣ ਵਿੱਚ ਆਇਆ ਹੈ ਕਿ ਜਦੋਂ ਵੀ ਕੋਈ ਗੈਰਭਾਰਤੀ ਵਿਦੇਸ਼ੀ ਦਰਸਕਾਂ ਲਈ ਭਾਰਤ ਸੰਬੰਧੀ ਕੋਈ ਫਿਲਮ, ਡਾਕੂਮੈਂਟਰੀ ਬਣਾਉਂਦਾ ਜਾਂ ਕੋਈ ਕਿਤਾਬ ਲਿਖਦਾ ਹੈ ਤਾਂ ਤੁਸੀਂ ਲੋਕ ਉਸ ਵਿੱਚ ਜਾਣ ਬੁੱਝ ਕੇ ਭਾਰਤ ਦੀ ਸਿਰਫ ਕਰੂਪਤਾ ਹੀ ਅਗਰਭੂਮੀ ਉੱਤੇ ਲਿਆ ਕੇ ਦਰਸਾਉਂਦੇ ਹੋ। ਜਦ ਕਿ ਹਕੀਕਤਨ ਭਾਰਤ ਉਸ ਦੇ ਉੱਲਟ ਖੂਬਸੂਰਤ ਵੀ ਹੈ?


- ਨਹੀਂ ਤੁਹਾਡੇ ਬਿਆਨ ਅਤੇ ਆਰੋਪ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਬਹੁਤ ਸਾਰੇ ਅੰਗਰੇਜ਼ ਲਿਖਾਰੀ (ਮੈਕਾਲਿਫ, ਕਿੰਬਲੀ ਆਦਿ) ਹੋਏ ਹਨ, ਜਿਨ੍ਹਾਂ ਨੇ ਭਾਰਤ ਦੀ ਸੁੰਦਰਤਾ ਦਾ ਉਲੇਖ ਕੀਤਾ ਹੈ। ਮੈਂ ਖੁਦ ਵੀ ਦੋਨਾਂ ਪੱਖਾਂ ਦੇ ਅਨੁਪਾਤ ਦਾ ਸੰਤੁਲਨ ਬਣਾਉਣ ਦਾ ਪ੍ਰੀਯਾਸ ਕਰਦਾ ਹੁੰਦਾ ਹਾਂ। ਸੰਭਵ ਹੈ ਕਦੇ ਮੈਂ ਇਸ ਕੋਸ਼ਿਸ਼ ਵਿੱਚ ਸਫਲ ਨਾ ਹੋਇਆ ਹੋਵਾਂ। ਭਾਰਤ ਦੀ ਗੰਦਗੀ, ਭਿਖਾਰੀ ਜਾਂ ਨੰਗੇ ਸਾਧੂ ਦਿਖਾ ਕੇ ਸਾਨੂੰ ਕੋਈ ਇਨਾਮ ਨਹੀਂ ਮਿਲਣੇ ਹੁੰਦੇ। ਅਸੀਂ ਆਪਣੀ ਕ੍ਰਿਤ ਦੇ ਵਿਸ਼ੇ ਅਨਕੂਲ ਸਮਗਰੀ ਦੀ ਹੀ ਵਰਤੋਂ ਕਰਦੇ ਹਾਂ।

? ਮਹਿਬੂਬ ਪੁਸਤਕ ਅਤੇ ਦਿਲਆਜ਼ੀਜ਼ ਕਲਮ ਬਾਰੇ ਦੱਸੋ?


- ਬਲਰਾਜ, ਇਹ ਜਿੰਨਾ ਵਧੀਆ ਸਵਾਲ ਹੈ ਇਸ ਦਾ ਜੁਆਬ ਉਨਾ ਹੀ ਔਖਾ ਹੈ। -ਪੁਸਤਕ ਹੈ ਸ਼੍ਰੀ ਨਾਥ ਸ਼ੁਕਲਾ ਜੀ ਦੁਆਰਾ ਰਚੀ ਗਈ ਰਾਗ ਦਾਰਬਾਰੀ। ਮੈਂ ਇਸ ਦਾ ਅਨੁਵਾਦ ਪੜ੍ਹਿਆ ਸੀ। ਮੈਨੂੰ ਇਸ ਪੁਸਤਕ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਭਾਰਤੀ ਸਭਿਅਤਾ ਅਤੇ ਸਾਂਸਕ੍ਰਿਤੀ ਦਾ ਅਤਿਖੂਬਸੂਰਤ ਸ਼ਬਦ-ਚਿੱਤਰ ਇਸ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੈਨੂੰ ਖੁਸ਼ਵੰਤ ਸਿੰਘ ਬਹੁਤ ਪਸੰਦ ਹੈ। ਉਸਨੇ Train to Pakistan ਬਹੁਤ ਹੀ ਉੱਚ ਕੋਟੀ ਦਾ ਨਾਵਲ ਰਚਿਆ ਹੈ (1952 ਵਿੱਚ ਛਪਿਆ ਸ਼੍ਰੀ ਖੁਸ਼ਵੰਤ ਸਿੰਘ ਦਾ ਇਹ ਨਾਵਲ ਮਨੋਮਾਜ਼ਰਾ ਦੇ ਸਿਰਲੇਖ ਹੇਠ ਵੀ ਛਪ ਚੁੱਕਿਆ ਹੈ ਤੇ ਕਰੋੜਾਂ ਦੀ ਗਿਣਤੀ ਵਿੱਚ ਵਿਕਿਆ ਹੈ। ਖੁਦ ਮੇਰਾ ਵੀ ਇਹ ਪਸੰਦੀਦਾ ਨਾਵਲ ਹੈ ਇਸ ਉੱਪਰ ਪਿਛੇ ਜਿਹੇ ਫਿਲਮ ਵੀ ਬਣੀ ਹੈ। ਇੱਕ ਮੁਕੱਮਲ ਅਤੇ ਸ੍ਰੇਸ਼ਟ ਨਾਵਲ ਵਿੱਚ ਜੋ ਹੋਣਾ ਚਾਹੀਦਾ ਹੈ, ਉਹ ਇਸ ਵਿੱਚ ਮੌਜੂਦ ਹੈ। ਸ਼੍ਰੀ ਗੁਲਜ਼ਾਰ ਸੰਧੂ ਨੇ ਪਾਕਸਤਾਨ ਮੇਲ ਦੇ ਸਿਰਲੇਖ ਨਾਲ ਇਸਦਾ ਪੰਜਾਬੀ ਅਨੁਵਾਦ ਵੀ ਕੀਤਾ ਸੀ। -ਬਲਰਾਜ ਸਿੱਧੂ) ਖੁਸ਼ਵੰਤ ਦੀ ਹੀ ਇੱਕ ਹੋਰ ਲੜੀਵਾਰ ਕਿਤਾਬ History of Sikhs, ਅੰਮ੍ਰਿਤਸਰ: ਸ਼੍ਰੀ ਮਤੀ ਗਾਂਧੀ ਦਾ ਆਖਰੀ ਯੁੱਧ ਆਪਣੀ ਪੁਸਤਕ ਲਿਖਣ ਵੇਲੇ ਮੇਰੇ ਲਈ ਬਹੁਤ ਹੀ ਸਹਾਈ ਸਿੱਧ ਹੋਈ ਸੀ।

? ਪੱਤਰਕਾਰੀ ਬਹੁਤ ਹੀ ਅਕਾਊ ਕਿਤਾ ਹੈ? ਜਦੋਂ ਤੁਸੀਂ ਬੇਜ਼ਾਰ ਹੋ ਜਾਂਦੇ ਹੋ ਤਾਂ ਕੀ ਕਰਦੇ ਹੋ?


- ਤੁਸੀਂ ਠੀਕ ਫਰਮਾਇਆ ਹੈ। ਮੈਂ ਵੀ ਬਾਜ਼ ਦਫਾ ਬਹੁਤ ਬੋਰ ਹੋ ਜਾਂਦਾ ਹਾਂ। ਅਜਿਹੇ ਸਮੇਂ ਮੈਂ ਆਪਣੇ ਮਨੋਰੰਜਨ ਲਈ ਕੋਈ ਕਿਤਾਬ ਪੜ੍ਹਣ ਲੱਗ ਜਾਂਦਾ ਹਾਂ ਜਾਂ ਦੂਰ ਕਿਧਰੇ ਸੁੰਨਸਾਨ ਰਾਹਾਂ ’ਤੇ ਘੁੰਮਣ ਨਿਕਲ ਜਾਂਦਾ ਹਾਂ। ਜੇ ਹੋਰ ਕੁੱਝ ਨਹੀਂ ਤਾਂ ਮੈਂ ਮੱਛੀਆਂ ਫੜ੍ਹਨ ਲੱਗ ਜਾਂਦਾ ਹਾਂ।

? ਪੱਤਰਕਾਰੀ ਬੜ੍ਹੇ ਹੀ ਜੋਖਮ ਦਾ ਕਿੱਤਾ ਹੈ? ਕੀ ਕਦੇ ਕੋਈ ਐਸਾ ਹਾਦਸਾ ਵੀ ਵਾਪਰਿਆ ਜਦੋਂ ਤੁਹਾਨੂੰ ਆਪਣੀ ਜਾਨ ਨੂੰ ਖਤਰਾ ਮਹਿਸੂਸ ਹੋਇਆ ਹੋਵੇ?


- ਖਤਰਿਆਂ ਨਾਲ ਖੇਡਣਾ ਤਾਂ ਇਸ ਪੇਸ਼ੇ ਦਾ ਪ੍ਰਮੁੱਖ ਅੰਗ ਹੈ। ਵੈਸੇ ਤਾਂ ਛੋਟੀਆਂ-ਮੋਟੀਆਂ ਅਨੇਕਾਂ ਹੀ ਘਟਨਾਵਾਂ ਘਟ ਚੁੱਕੀਆਂ ਹਨ। ਪਰ ਉਨ੍ਹਾਂ ਵਿੱਚੋਂ ਦੋ ਜ਼ਿਕਰਯੋਗ ਹਨ। ਇੱਕ ਤਾਂ ਭੁੱਟੋ ਦੇ ਪ੍ਰਾਣ-ਦੰਡ ਵੇਲੇ ਕੁੱਝ ਜਾਨੂੰਨੀ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਸਨ, ਉਦੋਂ ਮੈਂ ਵਾਲਾਵਾਲ ਬਚਿਆ। ਦੂਜਾ ਜਦੋਂ ਮੈਂ ਆਯੋਧਿਆ (ਯੂ.ਪੀ.) ਬਾਬਰੀ ਮਸਜਿਦ ਦੀ ਵਾਰਤਾ ਨੂੰ ਕਵਰ ਕਰਨ ਗਿਆ ਸੀ ਤਾਂ ਉਦੋਂ ਕੁੱਝ ਲੋਕ ਮੈਨੂੰ ਕੁੱਟਣ ਨੂੰ ਫਿਰਦੇ ਸੀ। ਉਸ ਵੇਲੇ ਭਾਰਤੀ ਪੱਤਰਕਾਰਾਂ ਨੇ ਮੇਰੀ ਰੱਖਿਆ ਕੀਤੀ ਸੀ।

? ਕੀ ਨਿਕਟ ਭਵਿੱਖ ਵਿੱਚ ਤੁਹਾਨੂੰ ਭਾਰਤ ਅਤੇ ਪਾਕ ਦਰਮਿਆਨ ਯੁੱਧ ਦੇ ਆਸਾਰ ਨਜ਼ਰ ਆਉਂਦੇ ਹਨ?


- ਰੱਬ ਨਾ ਕਰੇ ਕਦੇ ਐਸਾ ਹੋਵੇ। ਮੈਂ ਤਾਂ ਹਰ ਵੇਲੇ ਇਹੀ ਦੁਆ ਕਰਦਾ ਹਾਂ ਕਿ ਦੋਨਾਂ ਦੇਸ਼ਾਂ ਵਿਚਕਾਰ ਦੋਸਤਾਨਾਂ ਸੰਬੰਧ ਵਧਣ ਅਤੇ ਅਮਨ ਸ਼ਾਂਤੀ ਦਾ ਮਾਹੌਲ ਵਿਕਸਤ ਹੋਵੇ। ਵਟਵਾਰੇ ਵੇਲੇ ਦੋਨਾਂ ਮੁਲਕਾਂ ਨੇ ਨੁਕਸਾਨ ਅਤੇ ਸੰਤਾਪ ਹੰਢਾਇਆ ਹੈ। ਤੇ ਫਿਰ ਬਾਅਦ ਦੀਆਂ ਝੜਪਾਂ (1965 ਅਤੇ 1971 ਦੀਆਂ ਜੰਗਾਂ) ਦੌਰਾਨ ਵੀ ਕੁੱਝ ਖੱਟਿਆ ਨਹੀਂ ਸਗੋਂ ਗਵਾਇਆ ਹੀ ਹੈ। ਜੰਗ ਵਿਚੋਂ ਕੁੱਝ ਵੀ ਹਾਸਲ ਨਹੀਂ ਹੁੰਦਾ। ਬਲਕਿ ਹਾਨੀ ਹੀ ਹੁੰਦੀ ਹੈ।

? ਕਸ਼ਮੀਰ ਮਸਲੇ ਦਾ ਕੀ ਹੱਲ ਹੋ ਸਕਦਾ ਹੈ?


- ਇਸ ਸਵਾਲ ਦਾ ਜੇ ਮੈਨੂੰ ਜੁਆਬ ਪਤਾ ਹੁੰਦਾ ਤਾਂ ਹੁਣ ਨੂੰ ਮੈਂ ਇਹ ਮਾਮਾਲਾ ਨਜਿਠ ਨਾ ਦਿੰਦਾ? ਸੱਚ ਜਾਣਿਉ ਇਸ ਦਾ ਉੱਤਰ ਕਿਸੇ ਨੂੰ ਵੀ ਨਹੀਂ ਪਤਾ। ਖੌਰੇ ਊਠ ਕਿਸ ਕਰਵਟ ਬੈਠੇ।

? ਸਭ ਤੋਂ ਤਾਜ਼ਾ ਅਤੇ ਅਹਿਮ ਨਿਊਜ਼ ਸਟੋਰੀ ਤੁਸੀਂ ਹਾਲ ਹੀ ਵਿੱਚ ਕੁੰਬ ਮੇਲਾ ਕੀਤਾ ਹੈ। ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ?


- ਬਹੁਤ ਆਨੰਦ ਆਇਆ ਇਸ ਵਾਰ ਤਾਂ ਭਾਰਤ ਨੇ ਸਾਰੀ ਦੁਨੀਆਂ ਨੂੰ ਐਡਾ ਵੱਡਾ ਇਕੱਠ ਕਰਕੇ ਹੈਰਾਨ ਕਰ ਦਿੱਤਾ ਹੈ। ਮੈਂ ਖੁਦ ਵੀ ਦੰਗ ਰਹਿ ਗਿਆ ਕਿ ਕਿਵੇਂ ਲੱਖਾਂ-ਕਰੋੜਾਂ ਦੀ ਗਿਣਤੀ ਨੂੰ ਪ੍ਰਬੰਧਕਾਂ ਨੇ ਆਪਣੇ ਨਿਯਤਰਣ ਅਧੀਨ ਰੱਖਿਆ ਸੀ ਤੇ ਕੋਈ ਵੀ ਮੰਦਭਾਗੀ ਘਟਨਾ ਨਹੀਂ ਸੀ ਵਾਪਰੀ।


 
Top