ਮੁਰਗੀ ਦੇ ਚੂਚੇ

Mandeep Kaur Guraya

MAIN JATTI PUNJAB DI ..
ਇਕ ਪਿੰਡ ਵਿਚ ਇਕ ਗ਼ਰੀਬ ਕਿਸਾਨ ਜੋੜਾ ਰਹਿੰਦਾ ਸੀ। ਉਹ ਸਾਰੇ ਪਿੰਡ ਵਿਚ ਸੱਭ ਤੋਂ ਛੋਟੇ ਕਿਸਾਨ ਸਨ। ਕਿਸਾਨ ਦੀ ਪਤਨੀ ਨੇ ਕੋਈ ਕਾਰੋਬਾਰ ਕਰਨ ਦੀ ਸੋਚੀ। ਉਸ ਨੇ ਮੁਰਗੀ ਦੇ ਚੂਚੇ ਪਾਲ ਕੇ ਅੰਡਿਆਂ ਤੋਂ ਨਕਦ ਆਮਦਨ ਪ੍ਰਾਪਤ ਕਰਨ ਲਈ, ਫੇਰੀ ਵਾਲੇ ਤੋਂ 10-15 ਚੂਚੇ ਲੈ ਲਏ ਤੇ ਉਨ੍ਹਾਂ ਨੂੰ ਦਾਣਾ ਪਾਣੀ ਖੁਆਉਣਾ ਸ਼ੁਰੂ ਕਰ ਦਿਤਾ। ਚੂਚੇ ਡੇਢ ਮਹੀਨੇ ਦੇ ਹੋ ਗਏ। ਕਿਸਾਨ ਚੂਚਿਆਂ ਦੀਆਂ ਸਿਫ਼ਤਾਂ ਕਰਦਾ ਹੋਇਆ ਸੋਚਣ ਲੱਗਾ ਕਿ ਜੇ ਇਕ ਚੂਚਾ ਹਰ ਰੋਜ਼ ਅੱਗ ਵਿਚ ਭੁੰਨ ਕੇ ਖਾਧਾ ਜਾਵੇ ਤਾਂ ਸੁਆਦ ਆ ਜਾਵੇਗਾ। ਇਕ ਦਿਨ ਕਿਸਾਨ ਦੀ ਘਰ ਵਾਲੀ ਅਪਣੇ ਪੇਕੇ ਚਲੀ ਗਈ। ਪਿੱਛੋਂ, ਕਿਸਾਨ ਖੇਤਾਂ ਦਾ ਕੰਮ ਨਿਬੇੜ ਕੇ ਦੁਪਹਿਰ ਨੂੰ ਆਰਾਮ ਕਰਨ ਲਈ ਘਰ ਆਇਆ ਤਾਂ ਘਰ ਪਤਨੀ ਨਾ ਹੋਣ ਕਰ ਕੇ, ਉਸ ਨੇ ਇਕ ਚੂਚਾ ਚੁੱਲ੍ਹੇ ਵਿਚ ਭੁੰਨ ਕੇ ਖਾ ਲਿਆ। ਫਿਰ ਕੀ ਸੀ? ਲੱਗ ਗਿਆ ਮਾਸ ਦਾ
ਸੁਆਦ ਮੂੰਹ ਨੂੰ। ਦੂਜੇ ਦਿਨ ਘਰ ਵਾਲੀ ਜਦੋਂ ਘਰ ਆਈ, ਉਸ ਨੇ ਆਉਂਦੇ ਸਾਰ ਹੀ ਚੂਚੇ ਖੁੱਡੇ ਤੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਦਾਣਾ ਪਾਣੀ ਦਿਤਾ।
ਇਕ ਚੂਚਾ ਗਿਣਤੀ ਵਿਚ ਘੱਟ ਨਿਕਲਿਆ ਤਾਂ ਉਸ ਨੇ ਅਪਣੇ ਪਤੀ ਨੂੰ ਇਕ ਚੂਚਾ ਘੱਟ ਹੋਣ ਬਾਰੇ ਪੁਛਿਆ ਤਾਂ ਉਸ ਨੇ ਕਿਹਾ, ''ਮੈਂ ਜਦੋਂ ਚੂਚਿਆਂ ਨੂੰ ਦਾਣਾ ਪਾਣੀ ਖੁਆ ਰਿਹਾ ਸੀ ਤਾਂ ਬਨੇਰੇ 'ਤੇ ਇਕ ਉੱਲੂ ਆ ਕੇ ਬੈਠ ਗਿਆ। ਉਹੀ ਚੂਚਾ ਚੁੱਕ ਕੇ ਲੈ ਗਿਆ ਹੋਣੈ।'' ਇਹ ਸੁਣ ਕੇ ਕਿਸਾਨ ਦੀ ਪਤਨੀ ਉਦਾਸ ਜਹੀ ਹੋ ਗਈ। ਦੂਜੇ ਦਿਨ ਕਿਸਾਨ ਨੇ ਫਿਰ ਇਧਰ ਉਧਰ ਸਮਾਂ ਦੇਖ ਕੇ ਇਕ ਚੂਚਾ ਭੁੰਨ੍ਹ ਕੇ ਖਾ ਲਿਆ। ਉਸ ਦੀ ਪਤਨੀ ਨੇ ਫਿਰ ਕਿਹਾ ਕਿ ਇਕ ਚੂਚਾ ਹੋਰ ਘੱਟ ਗਿਆ ਹੈ। ਇਸ ਤਰ੍ਹਾਂ ਤਾਂ ਮੇਰੇ ਸਾਰੇ ਚੂਚੇ ਖ਼ਤਮ ਹੋ ਜਾਣਗੇ। ਜ਼ਰਾ ਪਤਾ ਤਾਂ ਕਰੋ ਇਹ ਉੱਲੂ ਕਿਥੇ ਰਹਿੰਦੈ? ਉਸ ਨੂੰ ਮਾਰ ਮੁਕਾਅ ਦੇਈਏ। ਕਿਸਾਨ ਨੇ ਕਿਹਾ, ''ਮੈਂ ਤਾਂ ਖੇਤਾਂ ਨੂੰ ਜਾਂਦੇ ਵੇਲੇ ਇਧਰ ਉਧਰ ਨਿਗਾਹ ਮਾਰ ਕੇ ਦੇਖਦਾ ਰਹਿੰਦਾ ਹਾਂ ਕਿ ਕਿਤੇ ਉੱਲੂ ਦਾ ਪਤਾ ਲੱਗ ਜਾਵੇ, ਪਰ ਕੁਝ ਨਜ਼ਰ ਨਹੀਂ ਆਇਆ।''
ਕਰਦੇ ਕਰਾਉਂਦੇ ਕਿਸਾਨ 5-6 ਚੂਚੇ ਖਾ ਗਿਆ। ਇਕ ਦਿਨ ਕਿਸਾਨ ਨੂੰ ਇਕ ਤਰਕੀਬ ਸੁਝੀ ਕਿ ਜੇ ਮੈਂ ਹਰ ਰੋਜ਼ ਪਤਨੀ ਤੋਂ ਚੋਰੀ ਇਕ ਇਕ ਕਰ ਕੇ ਚੂਚੇ ਖਾ ਲਵਾਂ ਤਾਂ ਸਿਹਤ ਵਧੀਆ ਬਣ ਜਾਵੇਗੀ। ਸਵਾਦ ਹੀ ਬਹੁਤ ਲਗਦੇ ਨੇ।
ਰਸਤੇ ਵਿਚ ਇਕ ਪਿੱਪਲ ਦਾ ਦਰਖ਼ਤ ਸੀ, ਜਿਸ ਦਾ ਇਕ ਟਾਹਣਾ ਮੁੱਢ ਤੋਂ ਟੁੱਟ ਚੁਕਿਆ ਸੀ ਤੇ ਪੁਰਾਣਾ ਦਰੱਖ਼ਤ ਹੋਣ ਕਰ ਕੇ ਵਿਚੋਂ ਖੋਖਲਾ ਹੋ ਚੁਕਿਆ ਸੀ। 3-4 ਫੁੱਟ ਉੱਚਾ ਹੋਣ ਕਰ ਕੇ ਉਸ ਵਿਚ ਜੇ ਝਾਕਿਆ ਜਾਵੇ ਤਾਂ ਹਨੇਰਾ ਹੀ ਨਜ਼ਰ ਆਉਂਦਾ ਸੀ। ਕਿਸਾਨ ਨੂੰ ਪਤਾ ਸੀ ਕਿ ਪਿੰਡ ਵਿਚ ਤਾਂ ਕਿਸੇ ਨੇ ਉੱਲੂ ਵੇਖਿਆ ਹੀ ਨਹੀਂ ਜੇ ਕੋਈ ਉੱਲੂ ਘਰਵਾਲੀ ਨੂੰ ਨਾ ਵਿਖਾਇਆ ਤਾਂ ਮੇਰੇ 'ਤੇ ਹੀ ਸ਼ੱਕ ਕਰੇਗੀ ਕਿ ਤੂੰ ਹੀ ਚੂਚੇ ਮਾਰ ਕੇ ਖਾ ਗਿਆ ਏਂ। ਦੂਜੇ ਦਿਨ ਦੁਪਹਿਰ ਬਾਅਦ ਖੇਤਾਂ ਦਾ ਕੰਮ ਨਿਬੇੜ ਕੇ ਕਿਸਾਨ ਨੇ ਅਪਣੀ ਘਰ ਵਾਲੀ ਨੂੰ ਕਿਹਾ , ''ਭਾਗਵਾਨੇ, ਮੈਨੂੰ ਉੱਲੂ ਲੱਭ ਗਿਆ ਹੈ।'' ਇਹ ਸੁਣ ਕੇ ਉਸ ਦੀ ਪਤਨੀ ਨੇ ਕਿਹਾ, ''ਕਿਥੇ ਹੈ? ਮੈਂ ਮੋਇ ਨੂੰ ਦਾਤੀ ਨਾਲ ਵੱਢ ਹੀ ਦੇਣੈ।''
ਕਿਸਾਨ ਬੋਲਿਆ, ''ਭਾਗਵਾਨੇ ਧੀਰਜ ਕਰ, ਉੱਲੂ ਕਿਤੇ ਛੋਟਾ ਜਿਹਾ ਨਹੀਂ, ਉਹ ਤਾਂ ਬੰਦੇ ਉਤੇ ਝਪਟ ਕੇ ਅੱਖਾਂ ਹੀ ਖਾ ਜਾਂਦੈ। ਤੂੰ ਉਸ ਨੂੰ ਛੇੜੀ ਨਾ, ਮੈਂ ਖੇਤਾਂ ਤੋਂ ਆ ਕੇ ਉਸ ਨੂੰ ਚੂਚੇ ਨਾ ਖਾਣ ਬਾਰੇ ਮਨਾ ਆਵਾਂਗਾ।'' ਕਿਸਾਨ ਨੇ ਦੁਪਹਿਰ ਵੇਲੇ ਕੰਮ ਮੁਕਾਅ ਕੇ ਅਪਣੀ ਪਤਨੀ ਨੂੰ ਦਸਿਆ , ''ਮੈਂ ਹੁਣੇ ਹੀ ਪਿੱਪਲ ਦੀ ਖੌੜ ਵਿਚ ਰਹਿੰਦੇ ਉੱਲੂ ਨੂੰ ਕਹਿ ਕੇ ਆਇਆ ਹਾਂ ਕਿ ਸਾਡੇ ਚੂਚੇ ਨਾ ਖਾਇਆ ਕਰੇ ਕੁੱਝ ਹੋਰ ਖਾਣਾ ਹੈ ਤਾਂ ਦੱਸੇ।'' ''ਫਿਰ ਉੱਲੂ ਕੀ ਕਹਿੰਦਾ?'' ਕਾਹਲੀ ਨਾਲ ਕਿਸਾਨ ਦੀ ਪਤਨੀ ਨੇ ਪੁਛਿਆ। ਕਿਸਾਨ ਨੇ ਕਿਹਾ ਕਿ, ''ਉੱਲੂ ਕਹਿੰਦਾ ਹੈ ਕਿ ਕਲ ਦੁਪਹਿਰ ਵੇਲੇ ਇਕ ਚੂਚਾ ਅੱਗ 'ਤੇ ਭੁੰਨ ਕੇ ਲਿਆ ਦੇਵੀਂ, ਫਿਰ ਮੈਂ ਅੱਗੋਂ ਚੂਚੇ ਨਹੀਂ ਖਾਵਾਂਗਾ।'' ਸਵੇਰ ਵੇਲੇ ਕਿਸਾਨ ਨਾਸ਼ਤਾ ਕਰ ਕੇ ਖੇਤਾਂ ਨੂੰ ਚਲਾ ਗਿਆ ਤੇ ਦੁਪਹਿਰ ਵੇਲੇ ਅਪਣਾ ਹਲ, ਪੰਜਾਲੀ ਤੇ ਬਲਦ ਕਿਤੇ ਛੁਪਾ ਕੇ ਉਸ ਪਿੱਪਲ ਦੀ ਖੋੜ ਵਿਚ ਵੜ੍ਹ ਕੇ ਬੈਠ ਗਿਆ ਤੇ ਉਡੀਕ ਕਰਨ ਲਗਿਆ ਨਰਮ ਤੇ ਗਰਮ ਚੂਚੇ ਦੀ। ਉਹ ਸੋਚਣ ਲੱਗਾ ਇਕ ਇਕ ਕਰਕੇ ਮੈਂ ਸਾਰੇ ਚੂਚੇ ਖਾ ਲਵਾਗਾ। ਦੁਪਹਿਰ ਦੇ ਭੋਜਨ ਦੇ ਨਾਲ ਹੀ ਉੱਲੂ ਵਾਸਤੇ ਅਪਣੇ ਹਥੀਂ ਕਿਸਾਨ ਦੀ ਪਤਨੀ ਨੇ ਚੂਚੇ ਨੂੰ ਅੱਗ ਵਿਚ ਭੁੰਨ੍ਹ ਲਿਆ ਤੇ ਤੁਰ ਪਈ ਖੇਤਾਂ ਨੂੰ ਰੋਟੀ ਲੈ ਕੇ। ਉਸ ਨੇ ਰੋਟੀ ਰੱਖ ਕੇ ਪਹਿਲਾਂ ਉਸ ਕਮੀਣੇ ਉੱਲੂ ਦਾ ਢਿੱਡ ਫੂਕਣ ਬਾਰੇ ਸੋਚਿਆ। ਉਹ ਖੋੜ ਵਿਚ ਪਹੁੰਚ ਕੇ ਖੋੜ ਦੇ ਨੇੜੇ ਹੋ ਕੇ ਕਹਿਣ ਲੱਗੀ, ''ਵੇ ਉੱਲੂਆ, ਲੈ ਚੂਚਾ, ਖਾ ਲੈ ਤਾਂ ਕਿਸਾਨ ਨੇ ਖੋੜ 'ਚੋਂ ਨਿਕਲ ਕੇ ਝੱਟ ਚੂਚਾ ਝਪਟ ਲਿਆ ਤੇ ਉੱਲੂ ਵਾਂਗ ਆਵਾਜ਼ ਕੱਢ ਕੇ ਘਰਵਾਲੀ ਨੂੰ ਡਰਾ ਦਿਤਾ, ''ਹਾਏ ਵੇ! ਢਹਿ ਜਾਣਿਆ ਅੱਜ ਤੋਂ ਬਾਅਦ ਮੇਰੇ ਚੂਚੇ ਨਾ ਖਾਵੀਂ।'' ਘਰਵਾਲੀ ਇਹ ਕਹਿ ਕੇ ਜਲਦੀ ਜਲਦੀ ਘਰ ਵਲ ਨੂੰ ਹੋ ਤੁਰੀ। ਉਧਰ ਕਿਸਾਨ ਚੂਚਾ ਖਾ ਕੇ ਮੁੱਛਾਂ 'ਤੇ ਹੱਥ ਫੇਰਦਾ ਖੋੜ ਵਿਚੋਂ ਨਿਕਲਿਆ ਤੇ ਹੱਲ ਪੰਜਾਲੀ ਮੋਢੇ ਉਤੇ ਰੱਖੇ, ਬਲਦਾਂ ਦੀ ਰੱਸੀ ਫੜ ਕੇ ਘਰ ਆ ਗਿਆ।
''ਲਿਆ ਭਾਗਵਾਨੇ ਰੋਟੀ'', ਕਿਸਾਨ ਨੇ ਘਰਵਾਲੀ ਨੂੰ ਕਿਹਾ। ਘਰਵਾਲੀ ਕਹਿੰਦੀ, ''ਨਾ, ਐਂ ਦੱਸ! ਅੱਜ ਖੇਤਾਂ ਵਿਚੋਂ ਕਿਥੇ ਚਲਾ ਗਿਆ ਸੈਂ।'' ਕਿਸਾਨ ਨੇ ਕਿਹਾ, ''ਮੈਨੂੰ ਕਿਸੇ ਹੋਰ ਪਾਸੇ ਕੰਮ ਪੈ ਗਿਆ ਸੀ। ਨਾ ਤੂੰ ਉੱਲੂ ਨੂੰ ਚੂਚਾ ਦੇ ਆਈ ਸੈਂ ਕਿ ਨਹੀਂ।'' ''ਫੂਕ ਆਈ ਸੀ ਢਿੱਡ ਹਰਾਮੀ ਦਾ।'' ਕਿਸਾਨ ਦੀ ਪਤਨੀ ਨੇ ਕਿਹਾ।
''ਮੈਂ ਵੀ ਹੁਣ ਉਥੋਂ ਦੀ ਲੰਘ ਕੇ ਆਇਆ ਤੇ ਮੈਂ ਕਿਹਾ ਦੇਖ ਉਏ ਉੱਲੂਆ ਅੱਜ ਤੈਨੂੰ ਚੂਚਾ ਖਵਾ ਦਿਤੈ, ਅੱਜ ਤੋਂ ਬਾਅਦ ਸਾਡੇ ਚੂਚੇ ਨਹੀਂ ਖਾਣੇ।'' ਕਿਸਾਨ ਨੇ ਅਪਣੀ ਪਤਨੀ ਨੂੰ ਦਸਿਆ। ''ਫਿਰ ਕੀ ਕਹਿੰਦਾ?'' ਘਰਵਾਲੀ ਨੇ ਪੁਛਿਆ। ''ਫਿਰ ਕੀ, ਸੌਹਰਾ ਕਹਿੰਦਾ, ਬਸ! ਕਲ ਨੂੰ ਇਕ ਚੂਚਾ ਹੋਰ ਖਵਾ ਦੇਵੀਂ, ਫਿਰ ਮੈਂ ਚੂਚੇ ਨਹੀਂ ਖਾਵਾਂਗਾ। ਜੇ ਨਾ ਖੁਆਇਆ ਤਾਂ ਮੈਂ ਸਾਰੇ ਚੂਚੇ ਖਾ ਜਾਵਾਂਗਾ।'' ਦੂਜੇ ਦਿਨ ਫਿਰ ਕਿਸਾਨ ਨੇ ਉਹੀ ਢੰਗ ਵਰਤਿਆ ਹਲ, ਪੰਜਾਲੀ ਤੇ ਬਲਦ ਛੁਪਾ ਕੇ ਵੜ੍ਹ ਗਿਆ ਪਿੱਪਲ ਦੀ ਖੋੜ ਵਿਚ। ਘਰਵਾਲੀ ਆਈ ਤੇ ਉੱਲੂ ਨੂੰ ਆਵਾਜ਼ ਮਾਰੀ। ''ਵੇ ਉੱਲੂਆ, ਵੇ ਉੱਲੂਆ, ਲੈ ਫੜ ਚੂਚਾ ਹੜ੍ਹ ਜਾਣਿਆ ਹੁਣ ਨਾ ਮੇਰੇ ਚੂਚੇ ਖਾਵੀਂ।'' ਕਿਸਾਨ ਦੀ ਪਤਨੀ ਨੇ ਥੋੜਾ ਜਿਹਾ ਜਿਗਰਾ ਤਕੜਾ ਕੀਤਾ ਕਿ ਇਕ ਵਾਰ ਵੇਖ ਤਾਂ ਲਵਾਂ ਕਿ ਇਹ ਢਹਿ ਜਣਾ ਉੱਲੂ ਹੁੰਦਾ ਕਿਹੋ ਜਿਹਾ ਹੈ? ਉਸ ਨੇ ਅੱਡੀਆਂ ਚੁੱਕ ਕੇ ਖੋੜ ਵਿਚੋਂ ਦੀ ਝਾਕਣਾ ਸ਼ੁਰੂ ਕੀਤਾ, ਕਿਸਾਨ ਨੇ ਅੱਖਾਂ ਵੱਡੀਆਂ ਵੱਡੀਆਂ ਕਰ ਕੇ ਖਊਂ ਦੀ ਆਵਾਜ਼ ਕੱਢੀ ਤਾਂ ਉਸ ਨੂੰ ਸਮਝ ਆ ਗਈ ਕਿ ਉੱਲੂ ਨਹੀਂ ਇਹ ਤਾਂ ਮੇਰਾ ਘਰ ਵਾਲਾ ਹੀ ਹੈ। ''ਹਾਏ! ਮੈਂ ਮਰ ਜਾਵਾਂ, ਕਿੰਨਾ ਪਾਪੀ ਨਿਕਲਿਆ, ਹੁਣ ਨਹੀਂ ਮੈਂ ਇਸ ਦੇ ਘਰ ਰਹਿੰਦੀ। ਹੁਣ ਤਾਂ ਮੈਂ ਪੇਕੇ ਤੁਰ ਜਾਵਾਂਗੀ। ਮੈਂ ਤਾਂ ਸੋਚਿਆ ਸੀ ਕਿ ਘਰ ਮੁਰਗੀਆਂ ਰੋਜ਼ ਅੰਡੇ ਦੇਣਗੀਆਂ ਤੇ ਨਕਦ ਪੈਸੇ ਆਇਆ ਕਰਨਗੇ।
ਹਾਏ! ਮੈਂ ਮਰ ਗਈ। ਮੇਰਾ ਘਰ ਵਾਲਾ ਹੀ ਉੱਲੂ ਬਣ ਕੇ ਮੇਰੇ ਚੂਚੇ ਖਾ ਗਿਆ। ਕਿਸਾਨ ਦੀ ਘਰਵਾਲੀ ਮਨੋ ਮਨੀ ਗਾਲ੍ਹਾਂ ਕੱਢਦੀ ਘਰ ਆ ਗਈ ਤੇ ਸੰਦੂਕ ਖੋਲ੍ਹ ਕੇ ਅਪਣੇ ਗਹਿਣੇ ਗੱਟੇ ਤੇ ਕਪੜਿਆਂ ਦੀ ਇਕ ਚੰਗੀ ਪੰਡ ਬੰਨ੍ਹ ਕੇ ਨਾਲ ਦੀ ਗੁਆਂਢਣ ਨੂੰ ਪੰਡ ਚੁਕਾਉਣ ਲਈ ਕਹਿਣ ਚਲੀ ਗਈ ਤੇ ਪਿੱਛੋਂ ਕਿਸਾਨ ਵੀ ਘਰੇ ਪਹੁੰਚ ਗਿਆ। ਉਸ ਨੇ ਵੇਖਿਆ ਕਿ ਘਰ ਵਾਲੀ ਨੂੰ ਤਾਂ ਪਤਾ ਲੱਗ ਗਿਆ ਕਿ ਚੂਚੇ ਮੈਂ ਹੀ ਖਾਧੇ ਹਨ। ਇਸੇ ਲਈ ਉਹ ਪੇਕੇ ਚੱਲੀ ਹੈ। ਕਿਸਾਨ ਨੇ ਕਿਹਾ ਜੇ ਮੈਂ ਬੋਲਿਆ ਤਾਂ ਲੋਕਾਂ ਨੂੰ ਮੇਰੇ ਪਾਪੀ ਹੋਣ ਦਾ ਪਤਾ ਲਗ ਜਾਣੈ ਤੇ ਫਿਰ ਉਸ ਨੇ ਆਲਾ ਦੁਆਲਾ ਵੇਖਿਆ ਤੇ ਗਠੜੀ ਵਿਚ ਵੜਨ ਲਈ ਥਾਂ ਬਣਾ ਕੇ ਕੱਪੜਿਆਂ ਵਿਚ ਗੁੱਛਾ ਮੁੱਛਾ ਹੋ ਕੇ ਪੈ ਗਿਆ। ਉਧਰੋਂ ਕਿਸਾਨ ਦੀ ਘਰਵਾਲੀ ਗੁਆਂਢਣ ਨੂੰ ਲੈ ਕੇ ਪਹੁੰਚ ਗਈ ਤੇ ਪੰਡ ਚੁਕਾਉਣ ਲੱਗੀ। ''ਨੀ ਪੰਡ ਏਨੀ ਭਾਰੀ ਕਿਉਂ ਹੈ? ਇਸ ਨੂੰ ਹੌੋਲੀ ਕਰ ਲੈ,'' ਗੁਆਂਢਣ ਨੇ ਕਿਹਾ। ''ਨਾ ਭੈਣੇ ਮੈਂ ਕਿਹੜਾ ਮੁੜਨੈ, ਤੂੰ ਪੰਡ ਚੁਕਾ, ਛੇਤੀ ਕਰ'', ਕਿਸਾਨ ਦੀ ਪਤਨੀ ਨੇ ਕਿਹਾ। ਔਖੇ ਸੌਖੇ ਗੁਆਂਢਣ ਨੇ ਪੰਡ ਚੁੱਕਾ ਦਿਤੀ ਤੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਗੁਆਂਢਣ ਦੇ ਹੱਥ ਚਾਬੀ ਫੜਾ ਦਿਤੀ।
ਪੇਕੇ ਪਿੰਡ ਪਹੁੰਚ ਕੇ ਉਸ ਨੇ ਪੰਡ ਥੱਲੇ ਵਗਾਹ ਮਾਰੀ ਤੇ ਕਿਸਾਨ ਤਿੜਕ ਕੇ ਔਹ ਪਿਆ। ਕਿਸਾਨ ਬਾਹਰ ਨਿਕਲ ਆਇਆ ਤੇ ਮਿੰਨਤਾਂ ਕਰਨ ਲੱਗਾ। ''ਨਾ ਪਾਪੀਆ ਮੈਨੂੰ ਦਸ ਕੇ ਖਾ ਲੈਂਦਾ ਚੂਚੇ। ਮੈਂ ਵੱਡਾ ਮੁਰਗਾ ਦੇ ਦਿੰਦੀ ਖਾਣ ਨੂੰ। ਵੇ ਤੂੰ ਭੁੱਖੀ ਡੈਣ ਵਾਂਗੂ ਛੋਟੇ ਛੋਟੇ ਚੂਚੇ ਖਾ ਗਿਆ, ਅੱਗੋਂ ਆਖਦਾ ਉੱਲੂ ਖਾਂਦਾ ਏ। ਵੇ ਤੂੰ ਮਰ ਜਾ।''
ਘਰਵਾਲੀ ਗਾਲ੍ਹ ਤੇ ਗਾਲ੍ਹ ਕੱਢ ਰਹੀ ਸੀ। ਬਹੁਤ ਮੁਸ਼ਕਲ ਨਾਲ ਸਹੁਰਿਆਂ ਨੇ ਮਾਮਲਾ ਹੱਲ ਕੀਤਾ ਤੇ ਮੁੜ ਦੋਨੋਂ ਵਾਪਸ ਕਰ ਆ ਗਏ ਤੇ ਕਿਸਾਨ ਨੇ ਪਛਤਾਵਾ ਕਰ ਕੇ ਗ਼ਲਤੀ ਦੀ ਮੁਆਫ਼ੀ ਮੰਗੀ ਤੇ ਦੋਨਾਂ ਨੇ ਮੁੜ ਕੰਮ ਕਾਰ ਸ਼ੁਰੂ ਕਰ ਦਿਤਾ ਤੇ ਹੋਰ ਮੁਰਗੀਆਂ ਦੇ ਚੂਚੇ ਮੁੱਲ ਲੈ ਕੇ ਹੁਣ ਖ਼ੁਸ਼ੀ ਖ਼ੁਸ਼ੀ ਜੀਵਨ ਬਿਤਾ ਰਹੇ ਸਨ।
:wah:wah:wah
 
smiley32.gif
nice...
 
Top