*ਇਕ ਹੋਰ ਸਮੋਸਾ*

*ਇਕ ਹੋਰ ਸਮੋਸਾ*
*****************************************************************************
ਮਠਿਆਈ ਦੀ ਦੁਕਾਨ ਵਿਚ ਇਕ ਪੇਂਡੂ ਸਿੱਧਾ-ਸਾਦਾ ਜਿਹਾ ਜੋੜਾ ਲੰਮੇ ਸਾਰੇ ਮੇਜ਼ ਦੇ ਆਹਮੋ-ਸਾਹਮਣੇ ਆ ਕੇ ਬੈਠ ਗਿਆ। ਪਤੀ ਨੇ ਮੈਲਾ ਜਿਹਾ ਕੁੜਤਾ ਰਤਾ ਕੁ ਉੱਪਰ ਨੂੰ ਚੁੱਕ ਕੇ ਵੱਖੀਆਂ ਨੂੰ ਪੱਖੇ ਦੀ ਹਵਾ ਲਵਾਉਂਦਿਆਂ ਕਿਹਾ, 'ਕੀ ਖਾਣੈ?'
ਪਤਨੀ ਨੇ ਲਲਚਾਈਆਂ ਜਿਹੀਆਂ ਨਜ਼ਰਾਂ ਨਾਲ ਪਤੀ ਵੱਲ ਵੇਖਿਆ। ਐਨੇ ਨੂੰ ਦੁਕਾਨ ਦੇ ਨੌਕਰ ਨੇ ਦੋ ਪਾਣੀ ਦੇ ਗਿਲਾਸ ਉਨ੍ਹਾਂ ਦੇ ਸਾਹਮਣੇ ਲਿਆ ਰੱਖੇ ਤੇ ਆਰਡਰ ਲੈਣ ਵਾਲੀਆਂ ਨਜ਼ਰਾਂ ਨਾਲ ਤੱਕਣ ਲੱਗਿਆ। ਪਤੀ ਨੇ ਫਿਰ ਇਕ ਵਾਰੀ ਪਤਨੀ ਦੀਆਂ ਅੱਖਾਂ ਵਿਚ ਦੇਖਿਆ ਤੇ ਮੁੰਡੂ ਨੂੰ... 'ਬਈ ਸਮੋਸਾ ਕਿੰਨੇ ਦਾ ਏ?'
ਛੋਲੇ ਪਾ ਕੇ ਪੰਦਰਾਂ ਤੇ ਚਟਣੀ ਨਾਲ ਦਸ ਰੁਪਏ ਦਾ ਇਕ। ਪਤਨੀ ਨੂੰ ਇੰਜ ਜਾਪਿਆ ਜਿਵੇਂ ਪਤੀ ਨੇ ਉਸ ਦੇ ਦਿਲ ਦੀ ਬੁੱਝ ਲਈ ਹੋਵੇ। ਕੜਾਹੀ ਵਿਚ ਪੱਕਦੇ ਤਾਜ਼ੇ ਸਮੋਸਿਆਂ ਦੀ ਖੁਸ਼ਬੂ ਨੇ ਉਸ ਦੇ ਨੱਕ ਨੂੰ ਜਲੂਣ ਜਿਹੀ ਛੇੜ ਦਿੱਤੀ ਸੀ।
ਪਤੀ ਨੇ ਜੇਬ ਵਿਚ ਪਏ ਪੈਸਿਆਂ ਨੂੰ ਉਂਗਲੀ ਦੇ ਪੋਟਿਆਂ ਨਾਲ ਟਟੋਲਦਿਆਂ, ਹਿਸਾਬ ਲਾਇਆ ਤੇ ਬੋਲਿਆ, 'ਇਕ ਸਮੋਸਾ ਛੋਲੇ ਪਾ ਕੇ ਲਿਆ ਦੇ।' ਮੁੰਡੂ ਝੱਟ ਗਿਆ ਤੇ ਛੋਟੀ ਜਿਹੀ ਪਲੇਟ ਵਿਚ ਇਕ ਸਮੋਸਾ ਤੇ ਛੋਲੇ ਅਤੇ ਦਹੀਂ ਦਾ ਚਮਚਾ ਪਾ ਕੇ ਲੈ ਆਇਆ। ਪਤੀ ਨੇ ਪਲੇਟ ਪਤਨੀ ਅੱਗੇ ਨੂੰ ਸਰਕਾਉਂਦਿਆਂ ਬੁੱਲ੍ਹਾਂ 'ਤੇ ਜੀਭ ਫੇਰੀ ਤੇ ਕਿਹਾ ਥੋੜ੍ਹੀ ਜੀ ਉਤੇ ਮਿੱਠੀ ਚਟਣੀ ਪਾ ਲੈ, ਨਾਲੇ ਚਮਚੇ ਨਾਲ ਸਮਾਰ ਕੇ ਰਲਾ ਲੈ, ਉਹ ਅੱਖਾਂ ਰਾਹੀਂ ਹੀ ਜਿਵੇਂ ਪੂਰਾ ਸੁਆਦ ਲੈ ਰਿਹਾ ਹੋਵੇ।
ਪਤਨੀ ਨੂੰ ਸਮੋਸਾ ਖਾਂਦਿਆਂ ਦੇਖ ਉਸ ਨੇ ਇਕ ਵਾਰੀ ਫਿਰ ਜੇਬ ਵਿਚ ਪੈਸੇ ਉਂਗਲਾਂ ਦੇ ਪੋਟਿਆਂ ਨਾਲ ਹੀ ਗਿਣੇ। ਇਕ ਵਾਰੀ ਤਾਂ ਮਨ ਵਿਚ ਆਇਆ ਬਈ ਪਿੰਡ ਤੁਰ ਕੇ ਈ ਚਲੇ ਜਾਵਾਂਗੇ ਇਕ ਸਮੋਸਾ ਖਾ ਈ ਲੈਨੇ ਆਂ। ਪਰ ਦੂਜੇ ਹੀ ਪਲ ਉਸ ਨੂੰ ਯਾਦ ਆਇਆ ਘਰ ਜਾ ਕੇ ਡੰਗਰਾਂ ਲਈ ਕੱਖ-ਪੱਠਾ ਵੀ ਕਰਨੈ, ਚੱਲ ਛੱਡ ਕੀ ਸਹੁਰਾ ਖਾਧੇ ਦਾ ਖਾਣ ਐ, ਐਵੇਂ ਧੁੱਪ 'ਚ ਪ੍ਰੇਸ਼ਾਨ ਹੋਵਾਂਗੇ।
ਪਤਨੀ ਨੇ ਦੋ ਕੁ ਚਮਚੇ ਪਲੇਟ ਵਿਚ ਛੱਡ ਕੇ ਪਲੇਟ ਪਤੀ ਵੱਲ ਨੂੰ ਕਰਦਿਆਂ ਕਿਹਾ, 'ਲੈ ਤੂੰ ਭੀ ਮੂੰਹ ਸਲੂਣਾ ਕਰ ਲੈ... ਸਮੋਸਾ ਬੜਾ ਸੁਆਦ ਸੀ।'
ਪਤਨੀ ਦਾ ਪਿਆਰ ਦੇਖ ਉਸ ਦੇ ਅੰਦਰੋਂ ਆਵਾਜ਼ ਆਈ, 'ਜੇ ਕੱਲ੍ਹ ਦਿਹਾੜੀ ਦਾ ਕੰਮ ਮਿਲ ਗਿਆ ਹੁੰਦਾ ਤਾਂ ਮੈਂ ਤੈਨੂੰ ਇਕ ਸਮੋਸਾ ਹੋਰ ਲੈ ਦਿੰਦਾ।'
Pannu-Punjabi-Kahaniyan's
 
Top