ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ

ਚੋਣਾ ਵੇਲੇ ਲੈਂਦੇ ਨੇ ਖਰੀਦ ਜੋ ਵੋਟਾਂ ਨੂੰ ,
ਉਹਦੀ ਫੋਟੋ ਹੁੰਦੀ ਤਾਂ ਸੰਗ ਆਉਂਦੀ ਨੋਟਾਂ ਨੂੰ ,
ਕੁੱਲ ਦੌਲਤ ਤੋਂ ਉੱਚੀ ਏ ਥਾਂ ਵੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਨੋਟਾਂ ਉੱਤੇ ਨੋਟਾਂ ਵਰਗੇ ਚਿਹਰੇ ਜੱਚਦੇ ਨੇ ,
ਦੇਸ਼ ਦਾ ਸੌਦਾ ਕਰਕੇ ਜਿਹੜੇ ਮੀਸਣਾ ਹੱਸਦੇ ਨੇ ,
ਸਮਝ ਨਾ ਆਈ ਜਿੰਨਾ ਨੂੰ ਤਕਰੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਨੋਟਾਂ ਦੀ ਤਾਂ ਕੀਮਤ ਵੱਧਦੀ ਘੱਟਦੀ ਰਹਿੰਦੀ ਏ,
ਸਾਡੀ ਮੰਡੀ ਅਮਰੀਕਾ ਵੱਲ ਤੱਕਦੀ ਰਹਿੰਦੀ ਏ ,
ਕਿਉਂ ਰੋਲਾਂਗੇ ਮੰਡੀਆਂ ਵਿੱਚ ਜ਼ਮੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਸ਼ਹੀਦ ਤਾਂ ਖੁਦ ਹੀ ਕੌਮਾਂ ਦਾ ਸਰਮਾਇਆ ਹੁੰਦੇ ਨੇ ,
ਬੇਸ਼ਕੀਮਤੀ ਅਣਖ ਇੱਜ਼ਤ ਦੀ ਮਾਇਆ ਹੁੰਦੇ ਨੇ ,
ਹਰ ਇੱਕ ਜਾਗੀ ਰੂਹ ਹੈ ਸਦਾ ਜਾਗੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਭਗਤ ਸਿੰਘ ਦੀ ਸੋਚ ਨੂੰ ਸਮਝੋ, ਛੱਡ ਤਸਵੀਰਾਂ ਨੂੰ ,
ਆ ਪੜੋ ਕਿਤਾਬਾਂ ਵਿੱਚੋਂ ਓਸ ਦੀਆਂ ਤਹਿਰੀਰਾਂ ਨੂੰ ,
ਅੱਖਰ ਅੱਖਰ ਵਾਚੋ ਹਰ ਤਦਬੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਭਗਤ ਸਿੰਘ ਦੇ ਸੁਪਨੇ ਜਦ ਵੀ ਕਰ ਸਾਕਾਰ ਦਿੱਤੇ ,
ਤੁਸੀਂ ਜਵਾਨੋ ਰਾਜਿਆਂ ਦੇ ਜਦ ਢਾਹ ਦਰਬਾਰ ਦਿੱਤੇ ,
ਰਾਜ ਕਰੇਗੀ ਸੋਚ ਇਹ ''ਗਿੱਲ'' ਅਖੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
 
Attachments

  • bhagat singh1.jpg
    bhagat singh1.jpg
    9.5 KB · Views: 296
Top