ਧੀਆਂ ਨੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ

JUGGY D

BACK TO BASIC
14ptnw32-1.jpg


ਇੱਥੇ ਪੁਲੀਸ ਲਾਈਨ ਵਿਖੇ ਪਿਤਾ ਦੀ ਅਰਥੀ ਨੂੰ ਮੋਢਾ ਦੇ ਕੇ ਧੀਆਂ ਨੇ ਪੁੱਤਰਾਂ ਵਾਲੇ ਸਾਰੇ ਫਰਜ਼ ਨਿਭਾਏ। ਅਰਥੀ ਨੂੰ ਮੋਢਾ ਦੇਣ ਅਤੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਉਣ ਤੋਂ ਇਲਾਵਾ ਪੁੱਤਰ ਵੱਲੋਂ ਨਿਭਾਈਆਂ ਜਾਣ ਵਾਲੀਆਂ ਸਾਰੀਆਂ ਰਸਮਾਂ ਧੀਆਂ ਨੇ ਪੂਰੀਆਂ ਕੀਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਪੁਲੀਸ ਲਾਈਨ ਵਿਖੇ ਰਹਿ ਰਹੇ ਪੰਜਾਬ ਪੁਲੀਸ ਦੇ ਹੌਲਦਾਰ ਦਰਸ਼ਨ ਸਿੰਘ (55 ਸਾਲ) ਦਾ ਬੀਤੀ 12 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਤਿੰਨ ਧੀਆਂ ਦੇ ਪਿਤਾ ਦਰਸ਼ਨ ਸਿੰਘ ਦੇ ਘਰ ਪੁੱਤਰ ਨਹੀਂ ਸੀ। ਮ੍ਰਿਤਕ ਦਰਸ਼ਨ ਸਿੰਘ ਦੀਆਂ ਤਿੰਨੋ ਧੀਆਂ ਕਿਰਨਜੀਤ ਕੌਰ, ਪ੍ਰੇਮਜੀਤ ਕੌਰ ਅਤੇ ਹਰਪ੍ਰੀਤ ਕੌਰ ਪੜ੍ਹੀਆਂ-ਲਿਖੀਆਂ ਹਨ। ਵੱਡੀ ਲੜਕੀ ਕਿਰਨਜੀਤ ਕੌਰ ਅੱਜ ਸਵੇਰੇ ਹੀ ਕੈਨੇਡਾ ਤੋਂ ਪਰਤੀ ਹੈ।
ਇਸ਼ਨਾਨ ਕਰਾਉਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਜਦੋਂ ਹੀਂ ਅਰਥੀ ‘ਤੇ ਰੱਖਿਆ ਗਿਆ ਤਾਂ ਮ੍ਰਿਤਕ ਦੀਆਂ ਤਿੰਨੋ ਧੀਆਂ ਨੇ ਅੱਗੇ ਹੋ ਕੇ ਰਿਸ਼ਤੇਦਾਰਾਂ ਤੇ ਸਾਕ-ਸਬੰਧੀਆਂ ਨੂੰ ਆਖਿਆ ਕਿ ਉਹ ਆਪਣੇ ਪਿਤਾ ਦੇ ਸਸਕਾਰ ਮੌਕੇ ਸਾਰੀਆਂ ਅੰਤਿਮ ਰਸਮਾਂ ਖੁਦ ਨਿਭਾਉਣਗੀਆਂ। ਮ੍ਰਿਤਕ ਦੀਆਂ ਤਿੰਨੇ ਧੀਆਂ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ। ਘੜੇ ਦੀ ਰਸਮ ਵੱਡੀ ਧੀ ਕਿਰਨਜੀਤ ਕੌਰ ਵੱਲੋਂ ਨਿਭਾਈ ਗਈ ਅਤੇ ਸਸਕਾਰ ਮੌਕੇ ਤਿੰਨਾਂ ਭੈਣਾਂ ਨੇ ਸਾਂਝੇ ਰੂਪ ਵਿੱਚ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ। ਮ੍ਰਿਤਕ ਦਰਸ਼ਨ ਸਿੰਘ ਇਸ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦਾ ਵਸਨੀਕ ਸੀ, ਜੋ ਕਿ ਪੁਲੀਸ ਵਿਭਾਗ ‘ਚ ਸੇਵਾ ਕਾਰਨ ਇੱਥੇ ਪੁਲੀਸ ਲਾਈਨ ਵਿਖੇ ਰਹਿ ਰਿਹਾ ਸੀ। ਏ.ਐਸ.ਆਈ ਜੁਗਰਾਜ ਸਿੰਘ ਨੇ ਦੱਸਿਆ ਕਿ ਲੜਕੀਆਂ ਨੇ ਸਾਰੀਆਂ ਰਸਮਾਂ ਨਿਭਾ ਕੇ ਇਹ ਦਰਸਾਇਆ ਹੈ ਕਿ ਧੀਆਂ ਆਪਣੇ ਮਾਪਿਆਂ ਲਈ ਪੁੱਤਰਾਂ ਵਾਲੇ ਸਭ ਫਰਜ਼ ਨਿਭਾ ਸਕਦੀਆਂ ਹਨ ਅਤੇ ਲੜਕੇ-ਲੜਕੀ ਵਿੱਚ ਕੋਈ ਫਰਕ ਨਹੀਂ ਹੈ। ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਉਪ ਕਪਤਾਨ ਪੁਲੀਸ ਸਵਰਨ ਸਿੰਘ ਖੰਨਾ ਨੇ ਮ੍ਰਿਤਕ ਦੇਹ ‘ਤੇ ਫੁੱਲ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ।
 
Top