ਧੀਆਂ ਧਿਆਣੀਆਂ

ਸ਼ਵਿੰਦਰ ਕੌਰ


ਪਿਛਲੇ ਐਤਵਾਰ ਆਪਣੇ ਸ਼ਰੀਕੇ ਵਿੱਚੋਂ ਇਕ ਘਰ ਅਖੰਡ ਪਾਠ ਦੇ ਭੋਗ ’ਤੇ ਜਾਣਾ ਪਿਆ। ਅਰਦਾਸ ਤੋਂ ਬਾਅਦ ਇਕ ਬਜ਼ੁਰਗ ਜੋ ਸ਼ਾਇਦ ਪਾਠੀਆਂ ਵਿੱਚੋਂ ਹੀ ਸੀ, ਖੜ੍ਹਾ ਹੋ ਕੇ ਗਾਉਣ ਲੱਗ ਪਿਆ। ਗੀਤ ਦੀ ਥਾਂ ਜੇ ਤੁਕਬੰਦੀ ਹੀ ਕਹਿ ਲਵਾਂ ਤਾਂ ਠੀਕ ਰਹੇਗਾ। ਕੁਝ ਕੁ ਲਾਈਨਾਂ ਜੋ ਮੈਨੂੰ ਇਕਦਮ ਰੜਕ ਗਈਆਂ ਇਸ ਤਰ੍ਹਾਂ ਸਨ:
ਪੁੱਤਾਂ ਬਾਝ ਨਾ ਜੱਗ ’ਤੇ ਨਾਂ ਰਹਿੰਦਾ, ਪੁੱਤਾਂ ਬਾਝ ਨਾ ਘਰ ਵਿੱਚ ਸ਼ਾਦੀਆਂ ਜੀ।
ਘਰ ਵਾਲੇ ਤਾਂ ਬਜ਼ੁਰਗ ਨੂੰ ਪੰਜਾਹ, ਪੰਜਾਹ ਦੇ ਨੋਟ ਦੇ ਰਹੇ ਸਨ। ਬਜ਼ੁਰਗ ਨੂੰ ਅਖੰਡ ਪਾਠ ਕਰਾਉਣ ਦਾ ਕਾਰਨ ਵੀ ਪਤਾ ਸੀ। ਛੋਟੇ ਲੜਕੇ ਦੇ ਘਰ ਪੁੱਤਰ ਦਾ ਹੋਣਾ ਹੀ ਸੀ ਪਰ ਮੇਰਾ ਮਨ ਇਕਦਮ ਉਦਾਸ ਹੋ ਗਿਆ। ਇਹ ਸਵਾਲ ਬਾਰ-ਬਾਰ ਉੱਠਣ ਲੱਗਾ ਕੀ ਪੁੱਤਾਂ ਨਾਲ ਹੀ ਜੱਗ ’ਤੇ ਨਾ ਰਹਿੰਦਾ? ਧੀਆਂ ਨਾਲ ਨਹੀਂ। ਪੁੱਤਰ ਦੇ ਜਨਮ ਸਮੇਂ, ਪੜ੍ਹਨ ਲੱਗਣ ਸਮੇਂ, ਜਿਸ ਤਰ੍ਹਾਂ ਪਿਤਾ ਦਾ ਨਾਂ ਲਿਖਵਾਉਂਦੇ ਹਾਂ ਕੀ ਉਸੇ ਤਰ੍ਹਾਂ ਧੀ ਦੇ ਜਨਮ ਸਮੇਂ ਜਾਂ ਸਕੂਲ ਪੜ੍ਹਨ ਲੱਗਣ ਸਮੇਂ ਨਹੀਂ ਲਿਖਵਾਉਂਦੇ। ਨਵੀਂ ਪੀੜ੍ਹੀ ਧੀਆਂ ਦਾ ਪਾਲਣ-ਪੋਸ਼ਣ, ਵਿਦਿਆ, ਕੀ ਪੁੱਤਾਂ ਦੇ ਪਾਲਣ ਪੋਸ਼ਣ ਤੇ ਵਿੱਦਿਆ ਦੇਣ ਵਾਂਗ ਹੀ ਨਹੀਂ ਕਰ ਰਹੀ? ਫੇਰ ਸਾਡੇ ਕਿਹੜੇ ਸੰਸਕਾਰ ਸਾਡੇ ’ਤੇ ਹਾਵੀ ਹੋ ਜਾਂਦੇ ਹਨ ਕਿ ਅਖੰਡ ਪਾਠ ਪੁੱਤਾਂ ਹੋਇਆਂ ਤੋਂ ਕਰਵਾਏ ਜਾਂਦੇ ਹਨ?
ਔਰਤ ਜੋ ਧੀ ਹੈ, ਭੈਣ ਹੈ, ਪਤਨੀ ਹੈ, ਮਾਂ ਹੈ, ਔਰਤ ਜੋ ਮਨੁੱਖੀ ਜੀਵਨ ਦਾ ਧੁਰਾ ਹੈ ਜਿਸ ਤੋਂ ਸਮਾਜ ਨੂੰ ਦਿਲੀ ਸਕੂਨ ਮਿਲਦਾ ਹੈ। ਫਿਰ ਅਸੀਂ ਕਿਉਂ ਧੀਆਂ ਦੇ ਜਨਮ ’ਤੇ ‘ਧੀਆਂ ਧਿਆਣੀਆਂ, ਦਰਦ ਕਹਾਣੀਆਂ, ਦੀ ਗੱਲ ਕਰਕੇ ਉਨ੍ਹਾਂ ਦਾ ਚਾਅ ਕਰਨ ਦੀ ਬਜਾਏ ‘ਪੱਥਰ ਮੱਥੇ ਵੱਜਾ’ ਵਰਗੇ ਵਾਕ ਬੋਲ ਕੇ ਧੀ ਨੂੰ ਜਨਮ ਦੇਣ ਵਾਲੀ ਮਾਂ ਦਾ ਵੀ ਕਾਲਜਾ ਛਲਣੀ ਕਰ ਦਿੰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ, ਪੁੱਤਾਂ ਨੇ ਮਾਂ-ਬਾਪ ਦੀ ਜਾਇਦਾਦ ਦੇ ਵਾਰਸ ਬਣਨਾ ਹੁੰਦਾ ਹੈ। ਉਨ੍ਹਾਂ ਦਾ ਅੰਤ ਤਾਂ ਪੂਰੀ ਨੰਬਰਦਾਰੀ ਪੁੱਤ ਨੂੰ ਦੇ ਦਿੰਦਾ ਹੈ ਤੇ ਉਹ ਅੰਗੂਠਾ ਲਾਉਣ ਜੋਗਾ ਹੋ ਜਾਂਦਾ ਹੈ ਪਰ ਧੀਆਂ ਤਾਂ ਮਰਦੇ ਦਮ ਤੱਕ ਮਾਪਿਆਂ ਦੀ ਸੁੱਖ ਲੋੜਦੀਆਂ ਹਨ। ਉਹ ਤਾਂ ਗਿੱਧਿਆਂ ਵਿੱਚ ਵੀ ਉਨ੍ਹਾਂ ਦੀ ਸੁੱਖ ਮੰਗਦੀਆਂ ਰਹਿੰਦੀਆਂ ਹਨ।
ਟੈਗੋਰ ਨੇ ਕਿਹਾ ਹੈ, ‘‘ਸੰਸਾਰ ਦਾ ਭਵਿੱਖ ਇਸਤਰੀ ਦੇ ਹੱਥ ’ਚ ਹੈ, ਜਿਹੋ ਜਿਹਾ ਉਹ ਬਣਾਵੇਗੀ, ਉਹੋ ਜਿਹਾ ਹੀ ਬਣ ਜਾਵੇਗਾ।’’ ਫਿਰ ਕਿਉਂ ਨਾ ਅਸੀਂ ਧੀਆਂ ਨੂੰ ਪੂਰੇ ਮਾਣ, ਸਨਮਾਨ ਤੇ ਪਿਆਰ ਨਾਲ ਪਾਲੀਏ, ਉਨ੍ਹਾਂ ਨੂੰ ਚੰਗੀ ਵਿੱਦਿਆ ਦੇਈਏ। ਚੰਗੇ ਮਾਨਵੀ ਗੁਣਾਂ ਤੇ ਵਿਚਾਰਾਂ ਦੀ ਧਾਰਨੀ ਬਣਾਈਏ ਤਾਂ ਜੁ ਉਹ ਘਰ ਵਿੱਚ ਤੇ ਸਮਾਜ ਵਿੱਚ ਖੁਸ਼ਹਾਲੀ ਲਿਆ ਸਕਣ। ਧੀਆਂ ਨੂੰ ਪਾਲਣ ਸਮੇਂ ਆਪਣੀ ਮਾਨਸਿਕ ਸੋਚ ਬਦਲਣੀ ਪਵੇਗੀ। ਸਾਨੂੰ ਇਸ ਸੱਚ ਨੂੰ ਹਮੇਸ਼ਾ ਪੱਲੇ ਬੰਨ੍ਹਣਾਂ ਪਵੇਗਾ ਕਿ ਔਰਤ ਹੀ ਹੈ ਜੋ ਸਾਨੂੰ ਪਹਿਲਾਂ ਜ਼ਿੰਦਗੀ ਦਿੰਦੀ ਹੈ ਤੇ ਫਿਰ ਜ਼ਿੰਦਗੀ ਨੂੰ ਜਿਊਣਯੋਗ ਬਣਾਉਂਦੀ ਹੈ।
ਧੀਆਂ ਤਾਂ ਸਾਡੀ ਸਮੁੱਚੀ ਜ਼ਿੰਦਗੀ ਨੂੰ ਸ਼ਾਸਨ ਵਿੱਚ ਢਾਲਦੀਆਂ ਹਨ। ਉਨ੍ਹਾਂ ਦੇ ਘਰ ਵਿੱਚ ਹੁੰਦਿਆਂ ਸਾਡੀ ਗੱਲਬਾਤ ਕਰਨ ਦਾ ਢੰਗ ਵਧੀਆ ਹੋ ਜਾਵੇਗਾ। ਅਸੀਂ ਗੱਲਾਂ ਵਿੱਚ ਗਾਲ੍ਹਾਂ ਨਹੀਂ ਕੱਢਾਂਗੇ ਜੋ ਸਾਡੀ ਪੰਜਾਬੀਆਂ ਦੀ ਆਦਤ ਹੈ। ਘਰ ਵਿੱਚ ਧੀਆਂ ਦੇ ਹੁੰਦਿਆਂ ਕੱਪੜੇ ਢੰਗ ਨਾਲ ਪਾਵਾਂਗੇ। ਨਾ ਘਟੀਆ ਬੰਦਿਆਂ ਨਾਲ ਦੋਸਤੀ ਕਰਾਂਗੇ, ਨਾ ਉਨ੍ਹਾਂ ਨੂੰ ਘਰ ਲੈ ਕੇ ਆਵਾਂਗੇ। ਬੁਢਾਪੇ ਵਿੱਚ ਹਰ ਖੁਸ਼ੀ-ਗ਼ਮੀ ਵਿੱਚ ਦੁੱਖ-ਸੁੱਖ ਵੰਡਾਉਣ ਲਈ ਉਨ੍ਹਾਂ ਨੂੰ ਉਡੀਕਾਂਗੇ। ਅੱਜ ਵੀ ਜਦੋਂ ਸਾਡੇ ਤਿੰਨ ਭੈਣਾਂ ਵਿੱਚ ਕੋਈ ਪੇਕੇ ਘਰ ਜਾਂਦੀ ਹੈ ਤਾਂ ਮੇਰੀ ਮਾਂ ਜੋ ਜ਼ਿੰਦਗੀ ਦੇ ਅੱਠ ਦਹਾਕੇ ਪਾਰ ਕਰ ਚੁੱਕੀ ਹੈ, ਤੁਰਨ ਲੱਗੀਆਂ ਨੂੰ ਹਮੇਸ਼ਾ ਕਹਿੰਦੀ ਹੈ, ‘‘ਪੁੱਤ ਤੁਹਾਡੇ ਨਾਲ ਦੁੱਖ-ਸੁੱਖ ਕਰਕੇ ਢਿੱਡ ਹੌਲਾ ਹੋ ਗਿਆ। ਹੁਣ ਮੇਰੇ ਦੋ ਮਹੀਨੇ ਸੌਖੇ ਲੰਘ ਜਾਣਗੇ।’’
ਅਸੀਂ ਕਹਿੰਦੇ ਹਾਂ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਔਰਤ ਹੀ ਧੀ ਹੋਈ ਤੋਂ ਸਭ ਤੋਂ ਵੱਧ ਦੁੱਖ ਮਹਿਸੂਸ ਕਰਦੀ ਹੈ। ਇਸ ਦਾ ਕਾਰਨ ਕੀ ਹੈ? ਸ਼ਾਇਦ ਔਰਤ ਨੂੰ ਆਪਣੇ ਜੀਵਨ ਵਿੱਚ ਮਿਲੇ ਕੌੜੇ ਅਨੁਭਵ ਹੀ ਹਨ ਜਿਸ ਕਰਕੇ ਉਹ ਨਹੀਂ ਚਾਹੁੰਦੀ, ਜੋ ਕੁਝ ਉਸ ਨਾਲ ਵਾਪਰਿਆ ਉਸ ਦੀ ਧੀ ਨਾਲ ਵੀ ਵਾਪਰੇ। ਮੈਨੂੰ ਲੱਗਦੈ ਔਰਤ ਨਾਲ ਵਧੀਕੀ ਸਭ ਤੋਂ ਵੱਧ ਸਾਡੇ ਕੁਝ ਧਾਰਮਿਕ ਗ੍ਰੰਥਾਂ ਤੇ ਸ਼ਾਇਰਾਂ ਨੇ ਕੀਤੀ ਹੈ। ਜਿਵੇਂ ‘ਮੰਨੂੰ ਸਿਮ੍ਰਤੀ’, ਵਿੱਚ ਦਰਜ ਹੈ।
‘ਵਿਆਹ ਸਮੇਂ ਕੁੜੀ ’ਤੇ ਏਨਾ ਭਾਰ ਪਾ ਦਿਓ ਕਿ ਉਸ ਨੂੰ ਕੁਝ ਸੁੱਝੇ ਹੀ ਨਾ। ਉਸ ਦਾ ਕੰਮ ਪਤੀ ਦੀ ਸੇਵਾ, ਬੱਚੇ ਜੰਮਣੇ, ਕੱਪੜੇ ਧੋਣੇ, ਰੋਟੀ ਪਕਾਉਣੀ, ਭਾਂਡੇ ਮਾਂਜਣੇ ਆਦਿ ਹੈ।’
ਸੰਤ ਕਵੀ ਤੁਲਸੀ ਦਾਸ ਔਰਤ ਨੂੰ ਕੁੱਟਣ ਦੀ ਅਤਿ ਘਿਣਾਉਣੀ ਹਰਕਤ ਨੂੰ ਸਹੀ ਮੰਨਦਾ ਹੋਇਆ ਕਹਿੰਦਾ ਹੈ:
ਚੋਰ ਗੰਵਾਰ, ਸ਼ੂਦਰ ਪਸ਼ੂ ਨਾਰੀ ਯੇ ਸਭ ਤਾੜਨ ਕੇ ਅਧਿਕਾਰੀ।
ਵਾਰਿਸ ਸ਼ਾਹ ਦੀ ਔਰਤ ਪ੍ਰਤੀ ਸੋਚ ਕੋਈ ਚੰਗੀ ਨਹੀਂ:
‘ਵਾਰਿਸ ਰੰਨ, ਫਕੀਰ, ਤਲਵਾਰ, ਘੋੜਾ, ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ।
ਸੰਤ ਕਬੀਰ ਵਰਗੇ ਮਹਾਨ ਭਗਤਾਂ ਨੇ ਵੀ ਔਰਤ ਨੂੰ ਹਰ ਚੰਗੇ ਕੰਮ ਵਿੱਚ ਰੁਕਾਵਟ ਪਾਉਣ ਵਾਲੀ ਹੀ ਦੱਸਿਆ ਹੈ। ਸਦੀਆਂ ਤੋਂ ਚੱਲਦੇ ਆ ਰਹੇ ਇਸ ਵਿਤਕਰੇ ਨੇ ਮਰਦ ਦੀ ਸੋਚ ਹੀ ਇਹ ਬਣਾ ਦਿੱਤੀ ਹੈ ਕਿ ਉਹ ਔਰਤ ਨਾਲੋਂ ਆਪਣੇ ਆਪ ਨੂੰ ਹਰ ਪੱਖੋਂ ਉੱਤਮ ਸਮਝਣ ਲੱਗ ਪਿਆ ਤੇ ਔਰਤ ਆਰਥਿਕ, ਸਮਾਜਿਕ ਤੇ ਘਰੇਲੂ ਪੱਖਾਂ ਤੋਂ ਲਿਤਾੜੀ ਜਾਂਦੀ, ਬਦ ਤੋਂ ਬਦਤਰ ਜ਼ਿੰਦਗੀ ਜਿਉਂਦੀ ਅਬਲਾ ਤੇ ਨਿਤਾਣੀ ਬਣਦੀ ਗਈ ਪਰ ਅੱਜ ਬਹੁਤ ਸਾਰੇ ਜਾਗਰੂਕ ਮਨੁੱਖ ਔਰਤ ਨੂੰ ਆਪਣੇ ਵਰਗਾ ਇਨਸਾਨ, ਆਪਣੇ ਹਰ ਕਦਮ ਨਾਲ ਕਦਮ ਮਿਲਾ ਕੇ ਤੁਰਨ ਵਾਲਾ ਜੀਵਨ ਸਾਥੀ ਸਮਝ ਰਹੇ ਨੇ।
ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਸਾਡੇ ਸਮਾਜ ਵਿੱਚ ਧੀਆਂ ਨੂੰ ਪੈਦਾ ਕਰਨ ਦੀ ਬਜਾਏ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਮੈਨੂੰ ਲੱਗਦੈ ਇਸ ਦਾ ਵੱਡਾ ਕਾਰਨ ਅਸੀਂ ਤੇ ਸਾਡਾ ਸਮਾਜਿਕ ਢਾਂਚਾ ਹੀ ਹੈ। ਅਸੀਂ ਆਪਣੇ ਘਰ ਵਿੱਚ ਤਾਂ ਧੀਆਂ ਭੈਣਾਂ ਨੂੰ ਪੂਰਾ ਮਾਣ ਦਿੰਦੇ ਹਾਂ ਪਰ ਘਰੋਂ ਬਾਹਰ ਨਿਕਲਦਿਆਂ ਹੀ ਭੁੱਲ ਜਾਂਦੇ ਹਾਂ ਕਿ ਅਸੀਂ ਵੀ ਕਿਸੇ ਭੈਣ ਦੇ ਭਰਾ ਕਿਸੇ ਧੀ ਦੇ ਬਾਪ ਹਾਂ। ਦੂਜਿਆਂ ਦੀਆਂ ਧੀਆਂ, ਭੈਣਾਂ ਵੱਲ ਅਜਿਹੀ ਨਜ਼ਰ ਨਾਲ ਵੇਖਦੇ ਹਾਂ ਜਿਵੇਂ ਉਨ੍ਹਾਂ ਦੀ ਸਕੈਨਿੰਗ ਕਰ ਰਹੇ ਹੋਈਏ। ਜਦੋਂ ਅਸੀਂ ਸਾਰੇ ਧੀਆਂ ਭੈਣਾਂ ਵਾਲੇ ਹਾਂ, ਫਿਰ ਕਿਉਂ ਸਾਡਾ ਮਨ ਧੀ ਨੂੰ ਘਰੋਂ ਬਾਹਰ ਘੱਲਣ ਲੱਗਿਆਂ ਡੋਲਦਾ ਹੈ? ਕਿਉਂ ਅਸੀਂ ਦੂਜੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਂਦਿਆਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਉਨ੍ਹਾਂ ਗੁਰੂਆਂ ਦੀ ਸੰਤਾਨ ਹਾਂ ਜਿਨ੍ਹਾਂ ਨੇ ਸਾਨੂੰ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’, ਵਰਗੇ ਕ੍ਰਾਂਤੀਕਾਰੀ ਫਰਮਾਨ ਉਚਾਰ ਕੇ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੇ ਪੈਰੋਕਾਰਾਂ ਨੇ ਮੁਗਲਾਂ ਹੱਥੋਂ ਧੀਆਂ, ਭੈਣਾਂ ਨੂੰ ਛੁਡਵਾ ਕੇ ਪੂਰੇ ਮਾਣ ਸਤਿਕਾਰ ਨਾਲ ਉਨ੍ਹਾਂ ਦੇ ਘਰੀਂ ਪਹੁੰਚਾਇਆ। ਅਸੀਂ ਗੁਰੂਆਂ ਦੇ ਵੱਡਮੁੱਲੇ ਪੂਰਨਿਆਂ ਨੂੰ ਭੁੱਲ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਅਣਖ ਨਾਲ ਜਿਊਣਾ ਸਿਖਾਇਆ। ਔਰਤ ਨੂੰ ਮਾਣ ਬਖ਼ਸ਼ਿਆ। ਕੀ ਅਸੀਂ ਅਜਿਹਾ ਸਮਾਜ ਨਹੀਂ ਸਿਰਜ ਸਕਦੇ ਜਿਥੇ ਸਾਡੀਆਂ ਧੀਆਂ ਬੇਫਿਕਰ ਹੋ ਕੇ ਸਕੂਲ, ਕਾਲਜ ਜਾਂ ਆਪਣੇ ਕੰਮਾਂ ’ਤੇ ਜਾ ਸਕਣ।
ਸਾਡੇ ਸਮਾਜ ਵਿਚ ਦਾੱਜ ਰੂਪੀ ਦੈਂਤ ਵੀ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਧੀ ਨੂੰ ਲਾਡ ਪਿਆਰ ਨਾਲ ਪਾਲ ਕੇ, ਉੱਚ ਸਿੱਖਿਆ ਦੇ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਕੇ ਵੀ ਸਾਨੂੰ ਉਸ ਦੀ ਅਗਲੀ ਜ਼ਿੰਦਗੀ ਦਾ ਫਿਕਰ ਸਤਾਉਂਦਾ ਰਹਿੰਦਾ ਹੈ। ਧੀਆਂ ਦੀ ਗਿਣਤੀ ਘਟਣ ਨਾਲ ਸਾਡੀ ਦੁਨੀਆਂ ਵਿੱਚ ਕਿੰਨਾ ਵੱਡਾ ਵਿਗਾੜ ਆਵੇਗਾ, ਇਸ ਬਾਰੇ ਵੀ ਸੋਚੀਏ। ਕੀ ਧੀਆਂ ਤੋਂ ਬਿਨਾਂ ਮਨੁੱਖੀ ਹੋਂਦ ਦਾ ਭਵਿੱਖ ਸੁਰੱਖਿਅਤ ਰਹਿ ਜਾਵੇਗਾ। ਆਓ ਬੇਟੀਆਂ ਨੂੰ ਜਨਮ ਲੈਣ ਦੇ ਅਧਿਕਾਰ ਤੋਂ ਲੈ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈਏ ਤਾਂ ਜੋ ਇਹ ਦੁਨੀਆਂ ਸਵਰਗ ਤੋਂ ਵੀ ਖੂਬਸੂਰਤ ਬਣ ਜਾਵੇ।
 

Mandeep Kaur Guraya

MAIN JATTI PUNJAB DI ..
bahut hi sahi te sach likheya hai ji...:thnx for sharing
ਸ਼ਵਿੰਦਰ ਕੌਰ


ਧੀਆਂ ਤਾਂ ਸਾਡੀ ਸਮੁੱਚੀ ਜ਼ਿੰਦਗੀ ਨੂੰ ਸ਼ਾਸਨ ਵਿੱਚ ਢਾਲਦੀਆਂ ਹਨ। ਉਨ੍ਹਾਂ ਦੇ ਘਰ ਵਿੱਚ ਹੁੰਦਿਆਂ ਸਾਡੀ ਗੱਲਬਾਤ ਕਰਨ ਦਾ ਢੰਗ ਵਧੀਆ ਹੋ ਜਾਵੇਗਾ। ਅਸੀਂ ਗੱਲਾਂ ਵਿੱਚ ਗਾਲ੍ਹਾਂ ਨਹੀਂ ਕੱਢਾਂਗੇ ਜੋ ਸਾਡੀ ਪੰਜਾਬੀਆਂ ਦੀ ਆਦਤ ਹੈ। ਘਰ ਵਿੱਚ ਧੀਆਂ ਦੇ ਹੁੰਦਿਆਂ ਕੱਪੜੇ ਢੰਗ ਨਾਲ ਪਾਵਾਂਗੇ। ਨਾ ਘਟੀਆ ਬੰਦਿਆਂ ਨਾਲ ਦੋਸਤੀ ਕਰਾਂਗੇ, ਨਾ ਉਨ੍ਹਾਂ ਨੂੰ ਘਰ ਲੈ ਕੇ ਆਵਾਂਗੇ। ਬੁਢਾਪੇ ਵਿੱਚ ਹਰ ਖੁਸ਼ੀ-ਗ਼ਮੀ ਵਿੱਚ ਦੁੱਖ-ਸੁੱਖ ਵੰਡਾਉਣ ਲਈ ਉਨ੍ਹਾਂ ਨੂੰ ਉਡੀਕਾਂਗੇ। ਅੱਜ ਵੀ ਜਦੋਂ ਸਾਡੇ ਤਿੰਨ ਭੈਣਾਂ ਵਿੱਚ ਕੋਈ ਪੇਕੇ ਘਰ ਜਾਂਦੀ ਹੈ ਤਾਂ ਮੇਰੀ ਮਾਂ ਜੋ ਜ਼ਿੰਦਗੀ ਦੇ ਅੱਠ ਦਹਾਕੇ ਪਾਰ ਕਰ ਚੁੱਕੀ ਹੈ, ਤੁਰਨ ਲੱਗੀਆਂ ਨੂੰ ਹਮੇਸ਼ਾ ਕਹਿੰਦੀ ਹੈ, ‘‘ਪੁੱਤ ਤੁਹਾਡੇ ਨਾਲ ਦੁੱਖ-ਸੁੱਖ ਕਰਕੇ ਢਿੱਡ ਹੌਲਾ ਹੋ ਗਿਆ। ਹੁਣ ਮੇਰੇ ਦੋ ਮਹੀਨੇ ਸੌਖੇ ਲੰਘ ਜਾਣਗੇ।’’
......
......
ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਸਾਡੇ ਸਮਾਜ ਵਿੱਚ ਧੀਆਂ ਨੂੰ ਪੈਦਾ ਕਰਨ ਦੀ ਬਜਾਏ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਮੈਨੂੰ ਲੱਗਦੈ ਇਸ ਦਾ ਵੱਡਾ ਕਾਰਨ ਅਸੀਂ ਤੇ ਸਾਡਾ ਸਮਾਜਿਕ ਢਾਂਚਾ ਹੀ ਹੈ। ਅਸੀਂ ਆਪਣੇ ਘਰ ਵਿੱਚ ਤਾਂ ਧੀਆਂ ਭੈਣਾਂ ਨੂੰ ਪੂਰਾ ਮਾਣ ਦਿੰਦੇ ਹਾਂ ਪਰ ਘਰੋਂ ਬਾਹਰ ਨਿਕਲਦਿਆਂ ਹੀ ਭੁੱਲ ਜਾਂਦੇ ਹਾਂ ਕਿ ਅਸੀਂ ਵੀ ਕਿਸੇ ਭੈਣ ਦੇ ਭਰਾ ਕਿਸੇ ਧੀ ਦੇ ਬਾਪ ਹਾਂ। ਦੂਜਿਆਂ ਦੀਆਂ ਧੀਆਂ, ਭੈਣਾਂ ਵੱਲ ਅਜਿਹੀ ਨਜ਼ਰ ਨਾਲ ਵੇਖਦੇ ਹਾਂ ਜਿਵੇਂ ਉਨ੍ਹਾਂ ਦੀ ਸਕੈਨਿੰਗ ਕਰ ਰਹੇ ਹੋਈਏ। ਜਦੋਂ ਅਸੀਂ ਸਾਰੇ ਧੀਆਂ ਭੈਣਾਂ ਵਾਲੇ ਹਾਂ, ਫਿਰ ਕਿਉਂ ਸਾਡਾ ਮਨ ਧੀ ਨੂੰ ਘਰੋਂ ਬਾਹਰ ਘੱਲਣ ਲੱਗਿਆਂ ਡੋਲਦਾ ਹੈ? ਕਿਉਂ ਅਸੀਂ ਦੂਜੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਂਦਿਆਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਉਨ੍ਹਾਂ ਗੁਰੂਆਂ ਦੀ ਸੰਤਾਨ ਹਾਂ ਜਿਨ੍ਹਾਂ ਨੇ ਸਾਨੂੰ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’, ਵਰਗੇ ਕ੍ਰਾਂਤੀਕਾਰੀ ਫਰਮਾਨ ਉਚਾਰ ਕੇ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੇ ਪੈਰੋਕਾਰਾਂ ਨੇ ਮੁਗਲਾਂ ਹੱਥੋਂ ਧੀਆਂ, ਭੈਣਾਂ ਨੂੰ ਛੁਡਵਾ ਕੇ ਪੂਰੇ ਮਾਣ ਸਤਿਕਾਰ ਨਾਲ ਉਨ੍ਹਾਂ ਦੇ ਘਰੀਂ ਪਹੁੰਚਾਇਆ।
 
Top