ਪਹਿਨੀਏ ਜੱਗ ਭਾਉਂਦਾ…

ਆਧੁਨਿਕ ਯੁੱਗ ਵਿੱਚ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਵੱਲ ਜ਼ਿਆਦਾ ਉਤੇਜਿਤ ਹੋ ਰਹੀ ਹੈ, ਖਾਸ ਕਰ ਪੱਛਮੀ ਪਹਿਰਾਵੇ ਵੱਲ, ਜੋ ਸ੍ਰਿਸ਼ਟਾਚਾਰ ਵਿਰੁੱਧ ਹੈ। ਸਲੀਕੇ ਨਾਲ ਰਹਿਣਾ ਤੇ ਕੱਪੜੇ ਪਹਿਨਣਾ ਵੀ ਸ੍ਰਿਸ਼ਟਾਚਾਰ ਦਾ ਅੰਗ ਹੈ। ਪੁਰਾਣੇ ਜ਼ਮਾਨੇ ਵਿੱਚ ਲੰਮੀ ਕੁੜਤੀ ਨਾਲ ਘੱਗਰੇ ਤੇ ਸਿਰ ਢੱਕਣ ਲਈ ਦੁਪੱਟਾ ਜਾਂ ਫੁਲਕਾਰੀ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਗੋਟੇ ਵਾਲਾ ਦੁਪੱਟਾ ਸਿਰ ਤੋਂ ਲਹਿ ਕੇ ਗਲ ਵਿੱਚ ਪਾਉਣ ਜੋਗਾ ਹੀ ਰਹਿ ਗਿਆ ਹੈ। ਪਿੰਡਾਂ ਵਿੱਚ ਵਿਆਹੀਆਂ ਔਰਤਾਂ ਹਮੇਸ਼ਾ ਸੱਸ-ਸਹੁਰੇ ਤੇ ਜੇਠ ਕੋਲੋਂ ਸੰਗਦੀਆਂ ਘੁੰਡ ਕੱਢਦੀਆਂ ਸਨ ਅਤੇ ਸਿਰ ਤੋਂ ਚੁੰਨੀ ਨਹੀਂ ਸੀ ਲਾਹੁੰਦੀਆਂ। ਇਕ ਬੋਲੀ-
‘‘ਜੇਠ ਕੋਲੋਂ ਘੁੰਡ ਕੱਢਦੀ,
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।’’
ਵਿੱਚ ਘੁੰਡ ਕੱਢਣ ਦਾ ਰਿਵਾਜ ਪ੍ਰਗਟ ਹੁੰਦਾ ਹੈ। ਪਰ ਅੱਜ-ਕੱਲ੍ਹ ਔਰਤਾਂ ਤੇ ਲੜਕੀਆਂ ਇਕ-ਦੂਜੀ ਦੀ ਦੇਖਾ-ਦੇਖੀ ਵਿੱਚ ਤੇ ਮਹਿੰਗੇ ਬ੍ਰਾਂਡਡ ਪੱਛਮੀ ਕੱਪੜਿਆਂ ਨੂੰ ਪਹਿਲ ਦੇ ਰਹੀਆਂ ਹਨ। ਉਨ੍ਹਾਂ ਦੇ ਵਸਤਰਾਂ ਵਿੱਚੋਂ ਉਨ੍ਹਾਂ ਦੇ ਅੰਗ ਨਜ਼ਰ ਆਉਂਦੇ ਹਨ ਤਾਂ ਇਹ ਪੜ੍ਹੀਆਂ-ਲਿਖੀਆਂ ਔਰਤਾਂ ਲਈ ਕੋਈ ਸਮਝ ਭਰੀ ਜਾਂ ਚੰਗੀ ਗੱਲ ਨਹੀਂ ਹੈ। ਬਿਨਾਂ ਅੰਗ ਦਿਖਾਵੇ ਦੇ ਵੀ ਸ਼ਾਲੀਨਤਾ ਨਾਲ ਰਿਹਾ ਜਾ ਸਕਦਾ ਹੈ। ਅਜਿਹੇ ਗਲਤ ਢੰਗ ਦੇ ਤੰਗ ਜਾਂ ਜੀਅ ਦਾ ਜੰਜ਼ਾਲ ਭੜਕਾਊ ਲਿਬਾਸ ਕੁਆਰੀਆਂ ਕੁੜੀਆਂ ਨੂੰ ਪਹਿਨਣੇ ਸ਼ੋਭਾ ਨਹੀਂ ਦਿੰਦੇ। ਗਲਤ ਤਰੀਕੇ ਦਾ ਪਹਿਰਾਵਾ ਪਹਿਨਣ ਵਾਲੇ ਨੂੰ ਲੋਕ ਸ਼ੱਕੀ ਨਜ਼ਰੀਏ ਨਾਲ ਦੇਖਦੇ ਹਨ।
ਅੱਜ-ਕੱਲ੍ਹ ਤਾਂ ਮਾਰਕੀਟ ਵਿੱਚ ਅਨੇਕਾਂ ਤਰ੍ਹਾਂ ਦੇ ਫਰਾਕ ਸੂਟ, ਪਜ਼ਾਮੀ ਸੂਟ, ਲਹਿੰਗੇ, ਲਾਚੇ ਉਪਲਬਧ ਹਨ। ਜੀਨਜ਼ ਜਾਂ ਸ਼ਾਰਟ ਸਕਰਟ ਨਾਲੋਂ ਮਾਰਕੀਟ ’ਚ ਆਏ ਇਹ ਵਸਤਰ ਪੜ੍ਹੀਆਂ-ਲਿਖੀਆਂ ਔਰਤਾਂ ’ਤੇ ਬੜੇ ਜੱਚਦੇ ਹਨ। ਖਾਸਕਰ ਕਾਲਜ ਜਾਂਦੀਆਂ ਕੁੜੀਆਂ ਨੂੰ ਆਪਣੇ ਪਹਿਰਾਵੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਕੂਲ ਦੀ ਪੜ੍ਹਾਈ ਤੋਂ ਬਾਅਦ ਜਦ ਕੁੜੀਆਂ ਕਾਲਜ ਪੜ੍ਹਨ ਲੱਗ ਜਾਂਦੀਆਂ ਹਨ ਤਾਂ ਉੱਥੋਂ ਦੇ ਮਾਹੌਲ ਤੋਂ ਕੁਝ ਪ੍ਰਭਾਵਤ ਹੁੰਦੀਆਂ ਆਪਣੇ ਪਹਿਰਾਵੇ ’ਚ ਬਦਲਾਅ ਲੈ ਆਉਂਦੀਆਂ ਹਨ। ਉੱਚੇ ਟੌਪ ਅਤੇ ਤੰਗ ਜੀਨਸ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਮਾੜਾ ਅਸਰ ਪਾਉਂਦੀਆਂ ਹਨ। ਅੱਜ-ਕੱਲ੍ਹ ਸਿਰ ’ਤੇ ਦੁਪੱਟਾ ਲੈਣਾ ਤਾਂ ਦੂਰ ਕੁੜੀਆਂ ਪੰਜਾਬੀ ਸੂਟ ਨੂੰ ਪਹਿਨਣਾ ਬਹੁਤ ਘੱਟ ਪਸੰਦ ਕਰਦੀਆਂ ਹਨ। ਪੰਜਾਬੀ ਸੂਟ ਜਾਂ ਘੱਗਰੇ ਸਿਰਫ ਸਮਾਰੋਹਾਂ ਵਿੱਚ ਨਾਚ ਪੇਸ਼ ਕਰਨ ਵੇਲੇ ਹੀ ਅਪਣਾਏ ਜਾ ਰਹੇ ਹਨ। ਕੁੜੀਆਂ ਚੁੰਨੀ ਨੂੰ ਸੰਭਾਲਣ ਵਿੱਚ ਔਖ ਮਹਿਸੂਸ ਕਰਦੀਆਂ, ਜੀਨਜ਼ ਟੌਪ ਦਾ ਸਹਾਰਾ ਲੈ ਕੇ ਆਜ਼ਾਦੀ ਮਹਿਸੂਸ ਕਰਦੀਆਂ ਹਨ। ਚੁੰਨੀ ਤਾਂ ਧੀਆਂ-ਭੈਣਾਂ ਦੀ ਲਾਜ ਰੱਖਦੀ ਹੈ।
ਜੇ ਪੜ੍ਹੀਆਂ-ਲਿਖੀਆਂ ਔਰਤਾਂ ਜਾਂ ਕੁੜੀਆਂ ਹੀ ਆਪਣੇ ਪੰਜਾਬੀ ਪਹਿਰਾਵੇ ਨੂੰ ਨਹੀਂ ਅਪਣਾਉਣਗੀਆਂ ਤਾਂ ਅਸੀਂ ਆਪਣੇ ਵਿਰਸੇ ਤੋਂ ਦੂਰ ਹੋ ਜਾਵਾਂਗੇ। ਕੱਪੜਾ ਉਹੀ ਪਹਿਨੋ ਜੋ ਪਰਦੇ ਵਾਲਾ ਹੋਵੇ, ਸਰੀਰ ਨੂੰ ਢਕਣ ਵਾਲਾ ਹੋਵੇ। ਜੇਕਰ ਔਰਤਾਂ ਢੰਗ ਦੇ ਕੱਪੜੇ ਪਹਿਨਣਗੀਆਂ ਤਾਂ ਹੀ ਉਹ ਦੂਸਰਿਆਂ ਨੂੰ ਅਤੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨਗੀਆਂ। ਪੰਜਾਬੀ ਸੂਟ ਵਿੱਚ ਔਰਤ ਦੀ ਸ਼ਖਸੀਅਤ ’ਚ ਜੋ ਨਿਖਾਰ ਆਉਂਦਾ ਹੈ ਉਹ ਭੜਕਾਊ ਲਿਬਾਸ ਨਾਲ ਕਦੇ ਨਹੀਂ ਆਉਂਦਾ। ਦੇਖਣ ਵਾਲੇ ਲੋਕ ਵੀ ਉਸ ਦੇ ਸਾਦੇ ਪਹਿਰਾਵੇ ਦੀ ਉਦਾਹਰਣ ਦਿੰਦੇ ਹਨ ਤੇ ਤਾਰੀਫ ਕਰਦੇ ਹਨ। ਤੰਗ, ਪਤਲੇ ਜਾਂ ਹੱਦੋਂ ਵੱਧ ਪੱਛਮੀ ਪਹਿਰਾਵੇ ਤੁਹਾਨੂੰ ਦੂਜਿਆਂ ਲਈ ਮਜ਼ਾਕ ਦਾ ਪਾਤਰ ਬਣਾਉਂਦੇ ਹਨ।
ਸਾੜੀ ਵੀ ਇਕ ਵਧੀਆ ਭਾਰਤੀ ਪਹਿਰਾਵਾ ਹੈ, ਜੇ ਉਹ ਢੰਗ ਨਾਲ ਪਹਿਨੀ ਜਾਵੇ। ਅੱਜ-ਕੱਲ੍ਹ ਦੀਆਂ ਕੁੜੀਆਂ ਸਲਵਾਰ ਨਾਲ ਉੱਚੀ ਕੁੜ੍ਹਤੀ ਪਾਉਂਦੀਆਂ ਹਨ ਜੋ ਗੋਡਿਆਂ ਨੂੰ ਢਕਣ ਵਿੱਚ ਅਸਮਰੱਥ ਹਨ। ਵੱਡੇ ਆਕਾਰ ਦੇ ਗਲੇ ਅਤੇ ਬਿਨਾਂ ਬਾਂਹਾਂ ਤੋਂ ਸੂਟ ਪਾਉਣਾ ਕਿੱਥੋਂ ਦੀ ਸਮਝਦਾਰੀ ਹੈ। ਅੱਜ-ਕੱਲ੍ਹ ਦੇਖਿਆ ਜਾਂਦਾ ਹੈ ਕਿ ਕੁੜੀਆਂ ਗੁਰੂਘਰ ਵਿੱਚ ਵੀ ਜੀਨਜ਼-ਟੌਪ ਤੇ ਕੈਪਰੀਆਂ ਪਾ ਕੇ ਮੱਥਾ ਟੇਕਣ ਜਾਂਦੀਆਂ ਹਨ। ਬ੍ਰਾਂਡਡ ਜੀਨਜ਼ ਅਤੇ ਪੱਛਮੀ ਕੱਪੜੇ ਘਰ ਅਤੇ ਮੁਹੱਲੇ ਦਾ ਮਾਹੌਲ ਦੇਖ ਕੇ ਹੀ ਅਪਣਾਉਣੇ ਚਾਹੀਦੇ ਹਨ। ਇਸ ਲਈ ਜੇਕਰ ਤੁਸੀਂ ਕਿਸੇ ਰਿਸ਼ਤੇਦਾਰੀ, ਕਾਲਜ ਜਾਂ ਧਾਰਮਿਕ ਸਥਾਨ ’ਤੇ ਜਾਂਦੇ ਹੋ ਤਾਂ ਆਪਣੇ ਰਹਿਣ-ਸਹਿਣ ਦੇ ਤੌਰ-ਤਰੀਕੇ ਦੇ ਨਾਲ-ਨਾਲ ਪਹਿਰਾਵੇ ਵੱਲ ਵੀ ਵਿਸ਼ੇਸ਼ ਧਿਆਨ ਦੇਵੋ ਕਿਉਂਕਿ
‘ਖਾਈਏ ਮਨ ਭਾਉਂਦਾ,
ਪਹਿਨੀਏ ਜੱਗ ਭਾਉਂਦਾ।’
 
Top