Punjab News ਸਰਕਾਰ ਡਕਾਰ ਗਈ ਬੋਰਡ ਦਾ 104 ਕਰੋੜ

Android

Prime VIP
Staff member
ਮੋਹਾਲੀ, 8 ਫਰਵਰੀ (ਪਰਦੀਪ ਹੈਪੀ)- ਪੰਜਾਬ ਸਕੂਲ ਸਿੱਖਿਆ ਬੋਰਡ ਆਰਥਿਕ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ, ਜੇਕਰ ਇਸ ਨੂੰ ਸਰਕਾਰੀ ਮਦਦ ਨਾ ਮਿਲੀ ਪਾਈ ਤਾਂ ਇਸ ਦਾ ਦੀਵਾਲਾ ਨਿਕਲ ਜਾਵੇਗਾ ਜਿਸ ਦਾ ਮੁੱਖ ਕਾਰਨ ਪੰਜਾਬ ਸਰਕਾਰ ਵਲੋਂ ਬੋਰਡ ਦੇ 104 ਕਰੋੜ ਰੁਪਏ ਉਸ ਨੂੰ ਨਾ ਦਿੱਤਾ ਜਾਣਾ ਹੈ। ਚੁਣਾਵੀ ਸਾਲ ਦੇ ਚਲਦੇ ਸਰਕਾਰ ਵਲੋਂ ਬੋਰਡ ਦੇ ਇਨ੍ਹਾਂ ਪੈਸਿਆਂ ਨੂੰ ਹੋਰਨਾਂ ਕੰਮਾਂ 'ਤੇ ਖਰਚ ਕੀਤਾ ਗਿਆ ਹੈ। ਜਿਸ ਕਾਰਨ ਸਿੱਖਿਆ ਬੋਰਡ ਦੇ ਕਰਮਚਾਰੀਆਂ ਵਿਚ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ, ਜੇਕਰ ਬੋਰਡ ਨੂੰ ਆਰਥਿਕ ਮਦਦ ਨਾ ਮਿਲ ਪਾਈ ਤਾਂ ਕਰਮਚਾਰੀਆਂ ਨੂੰ ਤਨਖਾਹ ਦੇਣਾ ਵੀ ਮੁਸ਼ਕਿਲ ਹੋ ਜਾਵੇਗਾ ਅਤੇ ਜੋ ਕਿਤਾਬਾਂ ਬੋਰਡ ਵਲੋਂ ਵਿਦਿਆਰਥੀਆਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ, ਉਹ ਵੀ ਅਗਲੇ ਸੈਸ਼ਨ ਤੋਂ ਨਹੀਂ ਦਿੱਤੀ ਜਾ ਸਕੇਗੀ।
104 ਕਰੋੜ ਰੁਪਏ ਸਰਕਾਰ ਹੀ ਡਕਾਰ ਗਈ:- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਰਕਾਰ ਨੇ 104 ਕਰੋੜ ਰੁਪਏ ਦੀ ਰਾਸ਼ੀ ਉਸ ਨੂੰ ਨਹੀਂ ਦਿੱਤੀ ਹੈ, ਜਿਸ ਕਾਰਨ ਇਹ ਸੰਕਟ ਪੈਦਾ ਹੋਇਆ ਹੈ, ਜਿਸ ਦੇ ਅਨੁਸਾਰ ਸਰਕਾਰ ਵਲੋਂ ਐੱਸ.ਸੀ., ਬੀ.ਸੀ. ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਦੇ ਰੂਪ ਵਿਚ ਦਿੱਤੀ ਜਾਣ ਵਾਲੀ 30.40 ਕਰੋੜ ਰੁਪਏ, 2011 ਤੋਂ ਪਹਿਲਾਂ ਦਾ ਮੁਫਤ ਪੁਸਤਕਾਂ ਦਾ ਬਕਾਇਆ ਬਾਕੀ 18.11 ਕਰੋੜ, ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਪੁਸਤਕਾਂ ਲਈ 28.60 ਕਰੋੜ, 2011 ਵਿਚ ਦਿੱਤੀਆਂ ਗਈਆਂ ਮੁਫਤ ਪੁਸਤਕਾਂ ਦੇ ਲਈ 27.47 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ, ਇਹ ਰਾਸ਼ੀ 104.58 ਕਰੋੜ ਰੁਪਏ ਬਣਦੀ ਹੈ। ਜੇਕਰ ਇਹ ਰਾਸ਼ੀ ਬੋਰਡ ਨੂੰ ਮਿਲਦੀ ਤਾਂ ਬੋਰਡ ਆਰਥਿਕ ਸੰਕਟ ਵੱਲ ਨਾ ਵਧਦਾ।
ਬੋਰਡ ਦੇ ਕੋਲ ਸਿਰਫ 10 ਕਰੋੜ ਰੁਪਏ ਦੀ ਐੱਫ.ਡੀ.:- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੋਲ ਇਸ ਸਮੇਂ ਸਿਰਫ 10 ਕਰੋੜ ਰੁਪਏ ਦਾ ਫਿਕਸ ਡਿਪੋਜ਼ਿਟ ਹੈ ਜੇਕਰ ਇਸ ਰਾਸ਼ੀ ਨੂੰ ਕਢਾਇਆ ਜਾਂਦਾ ਹੈ ਤਾਂ ਉਹ ਆਪਣੇ ਕੰਮ ਕਰ ਸਕਦਾ ਹੈ। ਇਸ ਤੋਂ ਇਲਾਵਾ ਬੋਰਡ ਦੇ ਕੋਲ ਕੋਈ ਨਗਦ ਰਾਸ਼ੀ ਨਹੀਂ ਹੈ। ਸਰਕਾਰ ਵਲੋਂ ਜੇਕਰ ਬੋਰਡ ਨੂੰ ਸਮੇਂ 'ਤੇ ਉਸ ਦਾ ਪੈਸਾ ਨਾ ਵਾਪਸ ਕੀਤਾ ਗਿਆ ਤਾਂ ਬੋਰਡ ਵਿਚ ਹਰ ਪਾਸੇ ਮੰਦਹਾਲੀ ਦੇ ਸੰਕਟ ਛਾਏ ਰਹਿਣਗੇ।
4 ਕਰੋੜ ਰੁਪਏ ਪ੍ਰਤੀ ਮਹੀਨਾ ਕਰਮਚਾਰੀਆਂ ਦੀ ਤਨਖਾਹ :- ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਜੋ ਕਰਮਚਾਰੀ ਕੰਮ ਕਰਦੇ ਹਨ, ਉਨ੍ਹਾਂ ਨੂੰ ਤਨਖਾਹ ਦੇਣ ਵਿਚ ਪ੍ਰਤੀ ਮਹੀਨੇ 4 ਕਰੋੜ ਰੁਪਏ ਖਰਚ ਹੁੰਦੇ ਹਨ। ਬੋਰਡ ਵਿਚ ਇਸ ਸਮੇਂ ਇਸ ਗੱਲ ਨੂੰ ਲੈ ਕੇ ਹੀ ਗ਼ੰਭੀਰ ਸੰਕਟ ਬਣਿਆ ਹੋਇਆ ਹੈ ਕਿ ਆਉਣ ਵਾਲੇ ਸਮੇਂ ਵਿਚ ਬੋਰਡ ਦੇ ਕਰਮਚਾਰੀਆਂ ਦੀ ਤਨਖਾਹ ਕਿੱਥੋਂ ਅਤੇ ਕਿਵੇਂ ਦਿੱਤੀ ਜਾਵੇਗੀ। ਬੋਰਡ ਦੇ ਕਰਮਚਾਰੀਆਂ ਵਿਚ ਵੀ ਇਸ ਮੰਦਹਾਲੀ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਬੋਰਡ ਦੇ ਆਪਣੇ ਖਾਤਿਆਂ ਵਿਚ ਵੀ ਪੈਸੇ ਨਹੀਂ ਦਿਖਾਈ ਦੇ ਰਹੇ ਹਨ।
ਰਿਟਾਇਰ ਹੋਣ ਵਾਲੇ ਕਰਮਚਾਰੀਆਂ ਨੂੰ ਵੀ ਪੈਸੇ ਨਹੀਂ :- ਇਸ ਮੰਦਹਾਲੀ ਦਾ ਆਲਮ ਇਹ ਹੈ ਕਿ ਹਰ ਮਹੀਨੇ ਕਰਮਚਾਰੀਆਂ ਨੂੰ ਬੋਰਡ ਵਲੋਂ ਉਨ੍ਹਾਂ ਦੇ ਮੈਡੀਕਲ ਬਿੱਲਾਂ ਲਈ 30 ਤੋਂ 35 ਲੱਖ ਰੁਪਏ ਦੇਣੇ ਹੁੰਦੇ ਹਨ, ਇਹ ਦੇਣ ਲਈ ਵੀ ਪੈਸੇ ਨਹੀਂ ਹਨ। ਰਿਟਾਇਰ ਹੋ ਰਹੇ ਕਰਮਚਾਰੀਆਂ, ਪ੍ਰੋਵੀਡੈਂਟ ਫੰਡ ਵਿਚੋਂ ਆਪਣੇ ਬੱਚਿਆਂ ਦੀ ਸ਼ਾਦੀ ਲਈ ਲੋਨ ਲੈਣ ਵਾਲੇ, ਰਿਟਾਇਰ ਹੋਣ ਵਾਲੇ ਕਰਮਚਾਰੀਆਂ ਦੀ ਗ੍ਰੈਚੂਏਟੀ ਅਤੇ ਪ੍ਰੋਵੀਡੈਂਟ ਫੰਡ ਵੀ ਕਈ ਮਹੀਨਿਆਂ ਤੋਂ ਲਟਕਿਆ ਪਿਆ ਹੈ।
ਬੋਰਡ ਕਰ ਰਿਹਾ ਹੈ ਆਪਣੇ ਖਰਚਿਆਂ ਵਿਚ ਕਮੀ:- ਬੋਰਡ ਵਲੋਂ ਆਰਥਿਕ ਮੰਦਹਾਲੀ ਦੇ ਚਲਦੇ ਆਪਣੇ ਖਰਚਿਆਂ ਵਿਚ ਕਮੀ ਕਰਨ ਦੀ ਵੀ ਠਾਣੀ ਗਈ ਹੈ, ਜਿਸ ਦੇ ਤਹਿਤ ਸਭ ਤੋਂ ਪਹਿਲਾਂ ਕੰਮ ਫਲਾਇੰਗ ਸਕੂਐਡ ਖੁਦ ਨਾ ਬਣਾ ਕੇ ਕੀਤਾ ਗਿਆ ਹੈ। ਹੁਣ ਇਹ ਕੰਮ ਜ਼ਿਲਾ ਸਿੱਖਿਆ ਅਧਿਕਾਰੀ ਕਰਨਗੇ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਬੋਰਡ ਦੇ ਲੱਖਾਂ ਰੁਪਏ ਬਚਾਏ ਜਾ ਸਕਣ। ਇਸ ਸੈਸ਼ਨ ਦੀ ਫਾਈਨਲ ਪ੍ਰੀਖਿਆ ਸਿਰ 'ਤੇ ਹੋਣ ਦੇ ਚਲਦੇ ਫਲਾਇੰਗ ਸਕੂਐਡ 'ਤੇ ਖਰਚ ਹੋਣ ਵਾਲੇ ਪੈਸੇ ਨੂੰ ਵੀ ਬਚਾਇਆ ਜਾ ਰਿਹਾ ਹੈ ਕਿਉਂਕਿ ਬੋਰਡ ਦੇ ਕੋਲ ਦੇਣ ਨੂੰ ਕੋਈ ਰਾਸ਼ੀ ਨਹੀਂ ਹੈ। ਇਸ ਸਬੰਧੀ ਸੰਪਰਕ ਕਰਨ 'ਤੇ ਬੋਰਡ ਦੇ ਸਕੱਤਰ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਬੋਰਡ ਨੂੰ ਜੋ ਰਾਸ਼ੀ ਦਿੱਤੀ ਜਾਣੀ ਸੀ, ਉਹ ਪਿਛਲੇ ਸਾਲ ਦੇ ਦੌਰਾਨ ਨਹੀਂ ਦਿੱਤੀ ਗਈ । ਹੁਣ ਤੱਕ ਸਰਕਾਰ ਵੱਲ ਬੋਰਡ ਦਾ 1 ਅਰਬ 4 ਕਰੋੜ 58 ਲੱਖ ਰੁਪਏ ਬਕਾਇਆ ਹੈ। ਇਸ ਪੈਸੇ ਦੇ ਆਉਣ ਤੋਂ ਬਾਅਦ ਬੋਰਡ ਨੂੰ ਰਾਹਤ ਮਿਲੇਗੀ। ਇਸ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੋਰਡ ਦਾ ਪੈਸਾ ਸਰਕਾਰ ਨੇ ਰੋਕਿਆ ਹੋਇਆ ਹੈ। ਉਸ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਲਹਾਲ ਆਰਥਿਕਤਾ ਨੂੰ ਸੁਧਾਰਨ ਲਈ ਕੁੱਝ ਖਰਚੇ ਘੱਟ ਕੀਤੇ ਗਏ ਹਨ। ਜਲਦ ਹੀ ਸਥਿਤੀ 'ਤੇ ਕਾਬੂ ਪਾ ਲਿਆ ਜਾਵੇਗਾ।
 
Top