ਪੰਜਾਬ ਹੋਇਆ ਸਨਅਤੀ ਉਜਾੜੇ ਦਾ ਸ਼ਿਕਾਰ

[JUGRAJ SINGH]

Prime VIP
Staff member

ਮੇਜਰ ਸਿੰਘ
ਜਲੰਧਰ, 28 ਜਨਵਰੀ -ਕੌਮਾਂਤਰੀ ਮੰਦੇ, ਪੰਜਾਬ ਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਹਜ਼ਾਰਾਂ ਕਰੋੜ ਰੁਪਏ ਵੈਟ ਰਿਫੰਡ ਨਾ ਦਿੱਤੇ ਜਾਣ ਕਾਰਨ ਪੰਜਾਬ ਦੀ ਸਨਅਤ ਉਜਾੜੇ ਦੇ ਰਾਹ ਪੈ ਗਈ ਹੈ ਤੇ ਚਾਲੂ ਵਿੱਤੀ ਸਾਲ ਦੌਰਾਨ 25 ਤੋਂ 30 ਫੀਸਦੀ ਐਕਸਪੋਰਟ ਕਾਰੋਬਾਰ 'ਚ ਕਮੀ ਆਈ ਹੈ | ਸਨਅਤ ਤੇ ਵਪਾਰਕ ਕਾਰੋਬਾਰ ਨਾਲ ਜੁੜੇ ਅਹਿਮ ਉਦਮੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਸਰਕਾਰੀ ਤੰਤਰ ਵਿਚ ਅਜੇ ਤੱਕ ਕੋਈ ਖਾਸ ਤਬਦੀਲੀ ਨਹੀਂ ਆਈ | ਸਰਕਾਰੀ ਤੰਤਰ ਉਦਮੀਆਂ ਵਾਸਤੇ ਸਹਾਇਕ ਤੇ ਉਤਸ਼ਾਹੀ ਹੋਣ ਦੀ ਬਜਾਏ ਹਰ ਥਾਂ ਅੜਿੱਕੇ ਡਾਹੁਣ ਵਾਲਾ ਹੈ | ਸਾਰੇ ਹੀ ਵਰਗਾਂ ਦੀ ਸਨਅਤ ਦਾ ਇਹ ਆਮ ਪ੍ਰਭਾਵ ਹੈ ਕਿ ਪੰਜਾਬ ਅੰਦਰ ਸਨਅਤਾਂ ਲਈ ਮਾਹੌਲ ਅਨੁਕੂਲ ਨਹੀਂ ਹੈ ਤੇ ਸਰਕਾਰ ਦਾ ਰੌਾਅ ਵੀ ਉਨ੍ਹਾਂ ਦਾ ਹਮਾਇਤੀ ਨਹੀਂ ਹੈ | ਇਸੇ ਕਾਰਨ ਪੰਜਾਬ ਦੀ ਸਨਅਤ ਦਾ ਕਾਫੀ ਹਿੱਸਾ ਹੋਰਨਾਂ ਰਾਜਾਂ ਨੂੰ ਚਲਾ ਗਿਆ ਹੈ ਤੇ ਇਥੇ ਚੱਲ ਰਹੀ ਸਨਅਤ ਵੀ ਕਾਫੀ ਤੰਗੀ ਵਿਚ ਫਸੀ ਹੋਈ ਹੈ | ਪੰਜਾਬ ਵਿਚ ਇਸ ਸਮੇਂ ਇੰਜੀਨੀਅਰਿੰਗ, ਖੇਡ ਤੇ ਸਰਜੀਕਲ ਸਾਮਾਨ, ਚਮੜਾ, ਸਾਈਕਲ ਕਲ-ਪੁਰਜ਼ੇ, ਹੌਜ਼ਰੀ ਅਤੇ ਹੈਂਡ ਟੂਲਜ਼ ਮੁੱਖ ਤੌਰ 'ਤੇ ਬਰਾਮਦ ਹੋ ਰਹੇ ਹਨ | ਖੇਡਾਂ ਤੇ ਚਮੜਾ ਵਸਤਾਂ ਦੇ ਬਰਾਮਦ ਵਿਚ ਇਸ ਵਾਰ ਹਾਲਾਤ ਕੁਝ ਸੁਖਾਵੇਂ ਰਹੇ ਹਨ, ਪਰ ਬਾਕੀ ਸਾਰੇ ਹੀ ਵਰਗਾਂ ਦੀ ਸਨਅਤ ਦੀ ਬਰਾਮਦ 25 ਤੋਂ 30 ਫੀਸਦੀ ਘਟ ਗਈ ਹੈ |
ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਸ: ਚਰਨਜੀਤ ਸਿੰਘ ਵਿਸ਼ਵਕਰਮਾ ਦਾ ਕਹਿਣਾ ਹੈ ਕਿ ਲੁਧਿਆਣਾ ਦੀ ਸਾਈਕਲ ਬਰਾਮਦ ਪਹਿਲਾਂ 16-17 ਸੌ ਕਰੋੜ ਦੇ ਕਰੀਬ ਹੁੰਦੀ ਸੀ, ਪਰ ਇਸ ਵਾਰ ਇਹ 25 ਫੀਸਦੀ ਦੇ ਕਰੀਬ ਘੱਟ ਕੇ 11-12 ਸੌ ਕਰੋੜ ਰੁਪਏ ਰਹਿਣ ਦੀ ਉਮੀਦ ਹੈ | ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਹਰ ਰੋਜ਼ 85 ਹਜ਼ਾਰ ਸਾਈਕਲ ਤਿਆਰ ਹੁੰਦੇ ਹਨ ਤੇ ਇਨ੍ਹਾਂ 'ਚੋਂ 85 ਫੀਸਦੀ ਸਾਈਕਲ ਲੁਧਿਆਣਾ ਵਿਚ ਬਣਦਾ ਹੈ | ਬਰਾਮਦ ਘਟਣ ਕਾਰਨ ਸਨਅਤ ਨੂੰ ਵੱਡਾ ਝਟਕਾ ਲੱਗ ਰਿਹਾ ਹੈ | ਉਨ੍ਹਾਂ ਦੱਸਿਆ ਕਿ ਭਾਰਤ ਵਿਚ ਬਰਾਮਦ ਡਿਊਟੀ ਵੱਧ ਹੋਣ ਕਾਰਨ ਅਸੀਂ ਚੀਨ ਦੇ ਮੁਕਾਬਲੇ ਪਛੜ ਰਹੇ ਹਾਂ |
ਇੰਜੀਨੀਅਰਿੰਗ ਵਸਤਾਂ ਦੀ ਬਰਾਮਦ ਵੀ ਪੰਜਾਬ ਵਿਚ ਪਿਛਲੇ ਸਾਲ 800 ਕਰੋੜ ਰੁਪਏ ਦੇ ਕਰੀਬ ਸੀ, ਪਰ ਇਸ ਵਾਰ ਇਹ ਘਟ ਕੇ 550 ਕਰੋੜ ਭਾਵ 30 ਫੀਸਦੀ ਘਟਣ ਦਾ ਅਨੁਮਾਨ ਹੈ | ਜਲੰਧਰ ਮੈਨੂਫੈਕਚਰਜ਼ ਐਾਡ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਸੰਸਾਰ ਪੱਧਰ 'ਤੇ ਮੰਦੀ ਕਾਰਨ ਸਨਅਤ ਪਹਿਲਾਂ ਹੀ ਮੁਸ਼ਕਿਲ ਵਿਚ ਹੈ, ਪਰ ਪੰਜਾਬ
ਅੰਦਰ ਇਕੱਲੇ ਇੰਜੀਨੀਅਰਿੰਗ ਵਸਤਾਂ ਦਾ ਹੀ ਇਕ ਹਜ਼ਾਰ ਕਰੋੜ ਰੁਪਏ ਸਰਕਾਰ ਵੈਟ ਰਿਫੰਡ ਨਹੀਂ ਕਰ ਰਹੀ, ਜਿਸ ਕਾਰਨ ਸਨਅਤਕਾਰ ਬੈਂਕਾਂ ਦੀਆਂ ²ਕਿਸ਼ਤਾਂ ਮੋੜਨ ਤੋਂ ਵੀ ਅਸਮਰਥ ਹੋਏ ਬੈਠੇ ਹਨ | ਉਨ੍ਹਾਂ ਦੱਸਿਆ ਕਿ ਸਿਰਫ ਜਲੰਧਰ ਦੀ ਸਨਅਤ ਹਰ ਸਾਲ 400 ਕਰੋੜ ਦੀਆਂ ਇੰਜੀਨੀਅਰਿੰਗ ਵਸਤਾਂ ਬਰਾਮਦ ਕਰਦੀ ਸੀ, ਪਰ ਇਸ ਵਾਰ 300 ਕਰੋੜ ਰੁਪਏ ਤੋਂ ਹੇਠਾਂ ਰਹਿਣ ਦਾ ਅਨੁਮਾਨ ਹੈ | ਪੰਜਾਬ ਦੇ ਨਾਮਵਰ ਬਰਾਮਦ ਘਰਾਣੇ ਅੰਬਿਕਾ ਫੋਰਜਿੰਗ ਦੇ ਮਾਲਕ ਸ੍ਰੀ ਗਿਆਨ ਭੰਡਾਰੀ ਦਾ ਕਹਿਣਾ ਹੈ ਕਿ ਸਾਡੀਆਂ ਸਰਕਾਰਾਂ ਚੀਨ ਵਾਂਗ ਬਰਾਮਦਕਾਰਾਂ ਨੂੰ ਸਹਿਯੋਗ ਨਹੀਂ ਦਿੰਦੀਆਂ | ਹੋਰ ਸਾਰੇ ਮੁਲਕ ਡਾਲਰ ਦੀ ਲਚਕ ਤੋਂ ਬਚਣ ਲਈ ਐਕਸਪੋਰਟਰਾਂ ਦੀ ਮਦਦ ਕਰਦੇ ਹਨ, ਪਰ ਭਾਰਤ ਵਿਚ ਅਜਿਹਾ ਨਹੀਂ | ਅਸੀਂ ਜਿਸ ਮੁੱਲ ਦੀ ਕੁਟੇਸ਼ਨ ਲੈਂਦੇ ਹਾਂ, ਜੇਕਰ ਡਾਲਰ ਦੀ ਕੀਮਤ ਬਾਅਦ 'ਚ ਚੜ੍ਹ ਗਈ ਤਾਂ ਉਸ ਮੁੱਲ 'ਤੇ ਦੇਣਦਾਰੀ ਦੇਣੀ ਪੈਂਦੀ ਹੈ | ਇਸ ਨਾਲ ਬਰਾਮਦਕਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਸਰਕਾਰੀ ਤੰਤਰ ਅਜੇ ਵੀ ਨਵੀਆਂ ਹਾਲਤਾਂ ਨੂੰ ਨਹੀਂ ਸਮਝ ਰਿਹਾ ਤੇ ਪੈਰ-ਪੈਰ 'ਤੇ ਸਾਨੂੰ ਅੜਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਪਰ ਦੂਜੇ ਪਾਸੇ ਖੇਡ ਤੇ ਸਰਜੀਕਲ ਅਤੇ ਚਮੜਾ ਸਨਅਤ ਵੱਲੋਂ ਕੁਝ ਠੰਢੀ ਹਵਾ ਦੇ ਬੁੱਲੇ ਆ ਰਹੇ ਹਨ | ਸਪੋਰਟਸ ਗੁਡਜ਼ ਮੈਨੂਫੈਕਚਰਿੰਗ ਐਾਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਚੇਅਰਮੈਨ ਆਰ. ਐਸ. ਰਾਣਾ ਨੇ ਦੱਸਿਆ ਕਿ ਜਲੰਧਰ ਦੀ ਸਪੋਰਟਸ ਗੁਡਜ਼ ਪਿਛਲੇ ਤਿੰਨ ਸਾਲ ਤੋਂ ਲਗਭਗ ਸਥਿਰ ਚਲੀ ਆ ਰਹੀ ਹੈ | ਨਵੰਬਰ 2011 ਤੱਕ 311 ਕਰੋੜ ਰੁਪਏ, ਨਵੰਬਰ 12 ਤੱਕ 378 ਕਰੋੜ ਅਤੇ ਨਵੰਬਰ 13 ਤੱਕ 386 ਕਰੋੜ ਰੁਪਏ ਦਾ ਬਰਾਮਦ ਕਾਰੋਬਾਰ ਹੋਇਆ ਹੈ | ਭਾਵੇਂ ਇਸ ਖੇਤਰ ਦੇ ਬਰਾਮਦ 'ਚ ਮਾਮੂਲੀ ਵਾਧਾ ਹੋਇਆ ਹੈ, ਪਰ ਜਲੰਧਰ ਦੀ ਸਪੋਰਟਸ ਸਨਅਤ ਕਾਫੀ ਇਥੋਂ ਚਲੇ ਜਾਣ ਕਾਰਨ ਇਸ ਦਾ ਕਾਰੋਬਾਰ ਹਜ਼ਾਰ ਕਰੋੜ ਰੁਪਏ ਤੋਂ ਘਟ ਕੇ ਏਨਾ ਹੇਠਾਂ ਆ ਗਿਆ ਹੈ | ਚਮੜਾ ਸਨਅਤ ਨੂੰ ਇਸ ਵਾਰ ਯੂਰਪ ਤੋਂ ਚੰਗਾ ਆਰਡਰ ਮਿਲ ਰਿਹਾ ਹੈ ਤੇ ਉਨ੍ਹਾਂ ਦੇ ਚਿਹਰਿਆਂ ਉੱਪਰ ਕੁਝ ਖੁਸ਼ੀ ਦੀ ਝਲਕ ਨਜ਼ਰ ਆਉਂਦੀ ਹੈ ਤੇ ਇਸ ਖੇਤਰ ਦੀ ਬਰਾਮਦ 'ਚ ਵਾਧੇ ਦੇ ਆਸਾਰ ਹਨ |
 
Top