ਤਸਵੀਰ - ਅਮਰਜੀਤ ਸਿੰਘ ਸੰਧੂ

ਫਿਰ ਸੱਜਣੀ, ਤਸਵੀਰ ਤੇਰੀ ਮੈਂ ਅੱਧੀ ਵਾਹ ਕੇ ਛੱਡ ਦਿੱਤੀ ਹੈ ।
ਫਿਰ ਰੰਗਾਂ ਦੀ ਭਿੱਜੀ ਕੂਚੀ, ਉਂਗਲੀਆਂ ਚੋਂ ਕੱਢ ਦਿੱਤੀ ਹੈ ।

ਏਸ ਹਾਲ ਵਿਚ, ਮੈਨੂੰ ਜਾਪੇ, ਤੇਰਾ ਚਿਤਰ ਬਣਾ ਨਹੀਂ ਹੋਣਾ ।
ਤੇਰੀ ਇਸ ਤਸਵੀਰ ਚ ਤੇਰਾ, ਅਸਲੀ ਰੂਪ ਵਿਖਾ ਨਹੀਂ ਹੋਣਾ ।

ਜਦ ਵੀ ਤੇਰੇ ਕਾਲਿਆਂ ਕੇਸਾਂ ਵਿਚ ਕਾਲਾ ਰੰਗ ਭਰਨ ਪਿਆ ਹਾਂ ।
ਕੇਸ ਤੇਰੇ ਖੁੱਲ੍ਹ ਜਾਂਦੇ ਰਹੇ ਨੇ, ਲੱਖ ਕੱਠੇ ਮੈਂ ਕਰਨ ਪਿਆ ਹਾਂ ।

ਬ੍ਰਿਹਣ ਵਰਗੇ ਖੁੱਲ੍ਹੇ ਕੇਸਾਂ ਹੇਠਾਂ ਡੁੱਬੀਆਂ ਡੁੱਬੀਆਂ ਅੱਖੀਆਂ ।
ਮੇਰੇ ਬੁਰਸ਼ ਬਣਾ ਦਿੰਦੇ ਨੇ , ਸੋਚਾਂ ਦੇ ਵਿਚ ਖੁੱਭੀਆਂ ਅੱਖੀਆਂ ।

ਤੇਰੀਆਂ ਬੁੱਲੀਆਂ ਦੇ ਹਾਸੇ ਚੋਂ ਅਕਸਰ ਰੋਣਾ ਫੁੱਟ ਪੈਂਦਾ ਹੈ ।
ਇੱਕ ਪਹਾਡ਼ ਗ਼ਮਾਂ ਦਾ ਤੇਰੇ ਮੱਥੇ ਉੱਤੇ ਟੁੱਟ ਪੈਂਦਾ ਹੈ ।

ਹੱਸਦੀਆਂ ਗੱਲ੍ਹਾਂ ਦੇ ਟੋਏ ਵੀ ਗ਼ਮ ਦੀਆਂ ਖਾਈਆਂ ਬਣ ਜਾਂਦੇ ਨੇ ।
ਸੁਰਖ ਰੰਗ ਵੀ ਗੱਲ੍ਹਾਂ ਉੱਤੇ ਭੈਡ਼ੇ ਸ਼ਾਈਆਂ ਬਣ ਜਾਂਦੇ ਨੇ ।

ਤੇਰੇ ਗਲ਼ ਦੀ ਗਾਨੀ ਨੂੰ ਵੀ, ਛੋਹਾਂ ਠੀਕ ਲਗਾ ਨਹੀਂ ਸਕਿਆ ।
ਉਹ ਫਾਂਸੀ ਜਿਹੀ ਬਣ ਜਾਂਦੀ ਹੈ, ਗਾਨੀ ਕਦੀ ਬਣਾ ਨਹੀਂ ਸਕਿਆ ।

ਜਦੋਂ ਕਿਨਾਰੀ ਲਾਉਣ ਵਾਸਤੇ ਬੁਰਸ਼ ਕਿਨਾਰੇ ਛੋਹ ਜਾਂਦਾ ਹੈ ।
ਤੇਰਾ ਸੂਹਾ-ਸੂਹਾ ਸਾਲੂ, ਲੀਰਾਂ ਲੀਰਾਂ ਹੋ ਜਾਂਦਾ ਹੈ ।

ਉਸ ਸਾਲੂ ਦੀਆਂ ਲੀਰਾਂ ਵਿੱਚੋਂ , ਛੋਟੇ ਮੋਟੇ ਲੱਖ ਪਰਛਾਵੇਂ ।
ਨੰਗ-ਧਡ਼ੰਗੇ ਹੱਥ ਫੈਲਾਈ ਆ ਜਾਂਦੇ ਨੇ ਮੇਰੇ ਸਾਹਵੇਂ ।

ਫਿਰ ਪਰਛਾਵਿਆਂ ਵਿੱਚੋਂ ਮੈਨੂੰ, ਲੱਖਾਂ ਰਾਂਝੇ ਦਿਸ ਪੈਂਦੇ ਨੇ ।
ਚੂਚਕ ਅੱਗੇ ਹੀਰ ਦੀ ਥਾਂ ਤੇ ਰੋਟੀ ਕਹਿ ਕੇ ਫਿੱਸ ਪੈਂਦੇ ਨੇ ।

ਲੱਖਾਂ ਹੀ ਭੁੱਖੀਆਂ ਹੀਰਾਂ ਨੇ , ਭੁੱਖੇ ਢਿੱਡ ਲੁਕਾਏ ਦਿੱਸਣ ।
ਚੂਰੀ ਦੀ ਥਾਂ ਛੰਨੇ ਦੇ ਵਿੱਚ ਲੱਪ ਕੁ ਛੋਲੇ ਪਾਏ ਦਿੱਸਣ ।

ਲੱਖਾਂ ਮਹੀਂਵਾਲ ਵੀ ਵੇਖੇ , ਪੱਟਾਂ ਉੱਤੇ ਮਾਸ ਨਹੀਂ ਹੈ ।
ਭੁੱਖੀ ਸੋਹਣੀ ਦੀ ਭੁੱਖ ਦੇ ਲਈ ਕੁਝ ਵੀ ਉਹਨਾਂ ਪਾਸ ਨਹੀਂ ਹੈ ।

ਲੱਖਾਂ ਹੀ ਫਰਿਹਾਦ ਪਿਆਸੇ , ਨਹਿਰਾਂ ਪੁੱਟਦੇ ਮਰ ਜਾਂਦੇ ਨੇ ।
ਖਾਲੀ ਹੱਥ ਖਿਲਾਰੇ ਹੋਏ , ਤੇਸਾ ਪਾਸੇ ਧਰ ਜਾਂਦੇ ਨੇ ।

ਲੱਖਾਂ ਭੁੱਖੇ ਬੱਚੇ , ਰੁੱਖੀ ਰੋਟੀ ਮੰਗਦੇ ਸੌਂ ਜਾਂਦੇ ਨੇ ।
ਲੱਖਾਂ ਭੁੱਖੇ ਸੁੱਤਿਆਂ ਹੋਇਆਂ ਦੇ ਹੀ ਡੇਲੇ ਭੌਂ ਜਾਂਦੇ ਨੇ ।

ਲੱਖਾਂ ਭੁੱਖੀਆਂ ਮਾਵਾਂ ਉੱਤੇ , ਬੱਚੇ ਭੁੱਖੇ ਪੇਟ ਪਏ ਨੇ ।
ਲੱਖਾਂ ਨੇ ਹੀ ਢਿੱਡ ਦੀ ਖਾਤਿਰ , ਢਿੱਡ ਦੇ ਜਾਏ ਵੇਚ ਲਏ ਨੇ ।

ਸੱਜਣੀ ਤੇਰੀਆਂ ਅੱਖਾਂ ਦੇ ਵਿੱਚ , ਡੁੱਬੀਆਂ ਰੂਹਾਂ ਲੱਖ ਤ੍ਰਿਹਾਈਆਂ ।
ਤੇਰੀਆਂ ਬੁੱਲੀਆਂ ਚੋਂ ਸੁਣੀਆਂ ਨੇ ਲੱਖਾਂ ਚੀਸਾਂ , ਲੱਖ ਦੁਹਾਈਆਂ ।

ਲੱਖ ਕੁਰਲ੍ਹਾਟਾਂ ਪਾਉਂਦੇ ਸੁਣਦੇ ਮਾਸੂਮਾਂ ਦੇ ਹੌਕੇ - ਹਾਵੇ ।
ਭੁੱਖ ਜਿਹਨਾਂ ਦੀ ਹੱਦੋਂ ਟੱਪੀ, ਉਹਨਾਂ ਦੇ ਆਪੇ ਨੂੰ ਖਾਵੇ ।

ਜਿਹਨਾਂ ਦੇ ਜਿਸਮਾਂ ਦੇ ਵੰਡੇ ਲੱਪ ਕੁ ਆਟਾ ਮਿਲ ਜਾਂਦਾ ਏ ।
ਕਾਲੀ-ਸ਼ਾਹ ਜ਼ੁਲਫ਼ ਨੂੰ ਸਾਥੀ ਧੌਲਾ –ਝਾਟਾ ਮਿਲ ਜਾਂਦਾ ਏ ।

ਜਿਹਨਾਂ ਦੀ ਡੋਲੀ ਨੂੰ ਦੰਮਾਂ ਨਾਲ ਵਟਾ ਕੇ ਲੈ ਜਾਂਦੇ ਨੇ ।
ਦੋ ਡੰਗ ਰੋਟੀ ਬਦਲੇ ਤਨ ਦਾ ਪਟਾ ਲਿਖਾ ਕੇ ਲੈ ਜਾਂਦੇ ਨੇ ।

ਤੇਰੇ ਮੁੱਖਡ਼ੇ ਵਿੱਚੋਂ ਐਸੇ ਲੱਖਾਂ ਮੁੱਖਡ਼ੇ ਦਿਸ ਪੈਂਦੇ ਨੋ ।
ਜਿਹਨਾਂ ਦੇ ਇੱਕ-ਇੱਕ ਦੁੱਖਡ਼ੇ ਚੋਂ ਲੱਖਾਂ ਦੁੱਖਡ਼ੇ ਦਿਸ ਪੈਂਦੇ ਨੇ ।

ਜਿਹਨਾਂ ਨੇ ਅਰਮਾਨ ਦਿਲਾਂ ਦੇ ਦਿਲ ਦੇ ਵਿੱਚ ਦਬਾ ਰੱਖੇ ਨੇ ।
ਜਿਹਨਾਂ ਨੇ ਦੰਦਾਂ ਵਿੱਚ ਦੇ ਕੇ ਆਪਣੇ ਬੁੱਲ੍ਹ ਚਬਾ ਰੱਖੇ ਨੇ ।

ਜਿਹਨਾਂ ਦੇ ਪਿਆਰਾਂ ਦਾ ਹਾਲੀ ਇਸ ਦੁਨੀਆਂ ਵਿਚ ਮੁੱਲ ਨਹੀਂ ਹੈ ।
ਗਲ ਲੱਗਣ ਦੀ ਖੁੱਲ੍ਹ ਤਾਂ ਕਿੱਥੇ , ਗੱਲ ਕਰਨ ਦੀ ਖੁੱਲ੍ਹ ਨਹੀਂ ਹੈ ।

ਜਿਹਨਾਂ ਸ਼ੌਕ , ਉਮੰਗਾਂ , ਚਾਹਾਂ ਮਨ ਦੇ ਵਿੱਚ ਦਫ਼ਨਾ ਰੱਖੀਆਂ ਨੇ ।
ਜਿਹਨਾਂ ਨੇ ਪਿਆਰਾਂ ਦੀਆਂ ਕਬਰਾਂ ਦਿਲ ਦੇ ਵਿਚ ਬਣਾ ਰੱਖੀਆਂ ਨੇ ।

ਉਹਨਾਂ ਦੇ ਗ਼ਮ ਬੱਦਲ ਬਣ ਕੇ ਮੇਰੇ ਸਾਹਵੇਂ ਆ ਜਾਂਦੇ ਨੇ ।
ਤੇਰੀ ਇਸ ਤਸਵੀਰ ਤੇ ਜ਼ਾਲਿਮ ਸੰਘਣੇ ਸੰਘਣੇ ਛਾ ਜਾਂਦੇ ਨੇ ।

ਜਦ ਤੱਕ ਸੱਜਣੀ ਮੈਂ ਇਹਨਾਂ ਦੇ ਗ਼ਮ ਦੇ ਬੋਝ ਵੰਡਾ ਨਹੀਂ ਲੈਂਦਾ ।
ਜਦ ਤੱਕ ਸੱਜਣੀ ਮੈਂ ਇਹਨਾਂ ਦੇ ਦਿਲ ਦੇ ਦਰਦ ਹਟਾ ਨਹੀਂ ਲੈਂਦਾ ।

ਜਦ ਤੱਕ ਸੱਜਣੀ ਮੈਂ ਇਹਨਾਂ ਦੇ ਫੱਟ ਜਿਗਰ ਦੇ ਸੀਅ ਨਹੀਂ ਲੈਂਦਾ ।
ਜਦ ਤੱਕ ਸੱਜਣੀ ਮੈਂ ਇਹਨਾਂ ਦੇ ਸਾਰੇ ਹੰਝੂ ਪੀ ਨਹੀਂ ਲੈਂਦਾ ।

ਓਦੋਂ ਤੀਕਣ ਮੇਰੀ ਕੂਚੀ ਤੇਰੇ ਨਕਸ਼ ਬਣਾ ਨਹੀਂ ਸਕਦੀ ।
ਓਦੋਂ ਤੱਕ ਤਸਵੀਰ ਤੇਰੀ ਵਿਚ ਅਸਲੀ ਰੂਪ ਦਿਖਾ ਨਹੀਂ ਸਕਦੀ ।

ਫਿਰ ਸੱਜਣੀ ਤਸਵੀਰ ਤੇਰੀ ਮੈਂ ਅੱਧੀ ਵਾਹ ਕੇ ਛੱਡ ਦਿੱਤੀ ਹੈ ।
ਫਿਰ ਰੰਗਾਂ ਦੀ ਭਿੱਜੀ ਕੂਚੀ ਉਂਗਲੀਆਂ ਚੋਂ ਕੱਢ ਦਿੱਤੀ ਹੈ ।
 
Top