ਕਲਮ ਦਾ ਉਪਹਾਰ: ਅੰਮ੍ਰਿਤਾ ਦੇ ਨਾਂ

'MANISH'

yaara naal bahara
ਕੁਝ ਭਾਵ ਜੋ ਸ਼ਬਦਾਂ ਦੀ ਪੁਸ਼ਾਕ ਪਹਿਨਣ ਵਾਸਤੇ ਬਿਹਬਲ ਸਨ… ਉਸ ਕਲਮ ਦੀ ਤਲਾਸ਼ ਕਰ ਰਹੇ ਹਨ ਜੋ ‘ਪੰਜਾਬ ਦੀ ਆਵਾਜ਼’ ਗੀਤਾਂ ਦੀ ਮਣੀ ਅਤੇ ਪੰਜਾਬੀ ਕਾਵਿ-ਸਾਹਿਤ ਦੇ ਬ੍ਰਹਿਮੰਡ ਵਿਚ ਸ਼੍ਰੇੇਸ਼ਟਤਮ ਸਥਾਨ ਦੀ ਧਾਰਨੀ ਅੰਮ੍ਰਿਤਾ ਪ੍ਰੀਤਮ ਦੀ ਕਾਵਿ-ਚੇਤਨਾ ਨੂੰ ਸਾਹਿਤ ਪ੍ਰੇਮੀਆਂ ਨਾਲ ਸਾਂਝਾ ਕਰ ਸਕਣ।
ਇਸ ਸਰਬਾਂਗੀ ਸਾਹਿਤਕਾਰਾ ਦਾ ਜਨਮ 31 ਅਗਸਤ 1919 ਨੂੰ ਸ. ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਗੁਜਰਾਂਵਾਲੇ ਵਿਚ ਹੋਇਆ। ਘਰ ਦੇ ਕਲਮੀ ਵਰਤਾਰੇ ਅਤੇ ਪਿਤਾ ਦੀ ਸਾਹਿਤਕ ਕੰਪਨ ਦਾ ਅੰਮ੍ਰਿਤਾ ਪ੍ਰੀਤਮ ਦੇ ਹਿਰਦੇ ਵਿਚ ਪ੍ਰਵੇਸ਼ ਹੋਣਾ ਸੁਭਾਵਕ ਸੀ।
ਅੰਮ੍ਰਿਤਾ ਪ੍ਰੀਤਮ ਦੀਆਂ ਆਰੰਭਿਕ ਕਾਵਿ ਰਚਨਾਵਾਂ ਧਾਰਮਿਕ ਰੰਗਤ ਅਤੇ ਰਵਾਇਤੀ ਹੁਸਨ ਇਸ਼ਕ ਨਾਲ ਸਬੰਧਤ ਸਨ।
ਜਿਵੇਂ ਹੰਸ ਤਾਈਂ ਮੋਤੀ
ਖਾਣ ਦਾ ਚਾਅ,
ਤਿਵੇਂ ਬੋਲੀ ਪੰਜਾਬੀ ਦਾ
ਪ੍ਰੇਮ ਮੈਨੂੰ,
ਰਹਿੰਦਾ ਸਦਾ ਹੀ ਸੇਵਾ
ਕਮਾਣ ਦਾ ਚਾਅ।
ਜਦ ਤਕ ਜੀਵੇਗਾ ਜਗ ਅੰਦਰ,
ਨਾਹਿ ਵਿਸਾਰੀ ਵਾਹਿਗੁਰੂ।

ਸਮੇਂ ਦੀ ਰਫਤਾਰ ਨਾਲ ਉਸ ਦੀ ਕਲਾ ਨੇ ਵਿਕਾਸ ਕੀਤਾ ਤੇ ਜੀਵਨ ਦ੍ਰਿਸ਼ਟੀਕੋਣ ਵਿਚ ਪਰਿਵਰਤਨ ਆ ਗਿਆ। ਕਾਵਿ-ਮੰਡਲ ਵਿਚ 1935 ਈ. ਵਿਚ ‘ਠੰਢੀਆਂ ਕਿਰਣਾਂ’ ਨਾਲ ਪ੍ਰਵੇਸ਼ ਕੀਤਾ ਅਤੇ 1977 ਈ. ਵਿਚ ‘ਮੈਂ ਜਮ੍ਹਾਂ ਤੂੰ’ ਤਕ ਦੀ ਕਾਵਿਕ ਯਾਤਰਾ ਤੋਂ ਅੰਮ੍ਰਿਤਾ ਪ੍ਰੀਤਮ ਦੀ ਕਲਾਤਮਿਕ ਪਰਪੱਕਤਾ ਸਾਡੇ ਦ੍ਰਿਸ਼ਟੀਗੋਚਰ ਹੁੰਦੀ ਹੈ। ਨਿਰਸੰਦੇਹ ਹਰ ਨਵੇਂ ਕਾਵਿ-ਸੰਗ੍ਰਹਿ ਵਿਚ ਉਸ ਦੀ ਕਾਵਿ-ਚੇਤਨਾ ਨਵੇਂ ਮਾਪ-ਦੰਡ ਅਖਤਿਆਰ ਕਰਦੀ ਹੈ।
ਅੰਮ੍ਰਿਤਾ ਪੰਜਾਬੀ ਦੀ ਪਹਿਲੀ ਕਵਿਤਰੀ ਹੈ ਜਿਸ ਨੂੰ ‘ਭਾਰਤੀ ਸਾਹਿਤ ਅਕਾਦਮੀ ਪੁਰਸਕਾਰ’, ‘ਗਿਆਨਪੀਠ ਅਵਾਰਡ ਅਤੇ ‘ਪਦਮ ਵਿਭੂਸ਼ਨ’ ਨਾਲ ਸਨਮਾਨਤ ਕੀਤਾ ਗਿਆ।
ਅੰਮ੍ਰਿਤਾ ਪ੍ਰੀਤਮ ਦੀ ਕਲਪਨਾ ਪਹਿਲਾਂ ਆਦਰਸ਼ਵਾਦ ਦੇ ਗਗਨ-ਮੰਡਲ ਵਿਚ ਉਡਾਰੀਆਂ ਮਾਰਦੀ ਧਰਤੀ ’ਤੇ ਆ, ਇਕ ਨਵੀਨ ਮੰਡਲ ਵਿਚ ਪ੍ਰਵੇਸ਼ ਕਰਦੀ ਹੈ, ਜਿੱਥੇ ਉਹ ਦੇ ਬੋਲਾਂ ਵਿਚੋਂ ਨਿੱਜੀ ਪਿਆਰ ਦੀਆਂ ਪੀੜਾਂ ਕਾਵਿ ਰੂਪ ਵਿਚ ਉਭਰਨ ਲੱਗਦੀਆਂ ਹਨ। ਅਜਿਹੇ ਇਸ਼ਕ ਦਾ ਝਲਕਾਰਾ ਇਨ੍ਹਾਂ ਸਤਰਾਂ ਵਿਚ ਵਿਦਮਾਨ ਹੈ:
ਇਸ਼ਕ ਦਾ ਬੂਟਾ ਜਿੱਥੇ ਉੱਗਦਾ,
ਮੀਲਾਂ ਦੇ ਵਿਚ ਆਉਂਦੀ ਰਹਿੰਦੀ,
ਬਿਰਹਾਂ ਦੀ ਖੁਸ਼ਬੂ।

ਫਿਰ ਨਿੱਜੀ ਪੀੜਾਂ ਨੂੰ ਛੱਡ ਕੇ ਲੋਕ-ਪੀੜਾਂ ਵਲ ਰੁੱਖ ਕਰਦੀ ਹੈ, ‘ਪੱਥਰ ਗੀਟ੍ਹੇ’’ ਵਿਚਲੀਆਂ ਕਵਿਤਾਵਾਂ ਵਿਚ ਅਜਿਹੀ ਚੇਤਨਾ ਹੀ ਕਾਰਜਸ਼ੀਲ ਹੈ।
1947 ਵਿਚ ਪੰਜਾਬ ਵੰਡ ਉਪਰੰਤ ਪੈਦਾ ਹੋਈ ਸਥਿਤੀ ਨੇ ਅੰਮ੍ਰਿਤਾ ਦੇ ਕੋਮਲ ਮਨ ਨੂੰ ਦ੍ਰਵਿਤ ਕਰ ਦਿੱਤਾ ਅਤੇ ਇਸ ਦੌਰਾਨ ਹਰ ਪੱਖੋਂ ਭੋਗੇ ਸੰਤਾਪ ਨੂੰ ਕਲਾਮਈ ਢੰਗ ਨਾਲ ਪੇਸ਼ ਕਰਕੇ, ਨਾਲ ਹੀ ਸਾਰੀ ਲੁਕਾਈ ਨੂੰ ਵਿਸ਼ਵ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦੀ ਹੈ। ਅੱਜ ਕਲਮ ਵਿਚ ਅਮਨ ਦੀ ਸਿਆਹੀ ਭਰੋ। ਦਸਤਖਤ ਕਰੋ।
ਫਿਰ ਅੰਮ੍ਰਿਤਾ ਨੇ ਬੁਰਜੂਆ ਸ਼੍ਰੇਣੀ ਅਤੇ ਪੂੰਜੀਪਤੀਆਂ ਦੀ ਲੋਟੂ ਬਿਰਤੀ ’ਤੇ ਕਟਾਖਸ਼ ਕਰਕੇ ਜ਼ਿੰਦਗੀ ਦੇ ਯਥਾਰਥ ਨੂੰ ਰੂਪਮਾਨ ਕੀਤਾ ਹੈ।
ਜਿਹੜੀ ਫਸਲ ਤਾਰਿਆਂ ਬੀਜੀ,
ਕਿਸ ਨੇ ਚੋਰ ਗੁਦਾਮੀ ਪਾਈ।

ਨਿਰਸੰਦੇਹ ਅੰਮ੍ਰਿਤਾ ਦੀ ਕਲਾਤਮਿਕ ਸੂਝ, ਦ੍ਰਿੜ ਵਿਸ਼ਵਾਸ ਬਿੰਬਾਵਲੀ, ਸੂਖਮਤਾ ਤੇ ਸਫਲਤਾ ਨਾਲ ਨਕਾਸ਼ੀ ਵਾਂਗ ਸਾਹਿਤਕਾਰੀ ਕਰਨ ਵਿਚ ਅੰਮ੍ਰਿਤਾ ਪੰਜਾਬੀ ਸਾਹਿਤ ਦੀ ਜੇਨ ਆਸਟਨ ਹੈ। ਅੰਮ੍ਰਿਤਾ ਦੀ ਕਵਿਤਾ ਮੁੱਖ ਤੌਰ ’ਤੇ ਇਸਤਰੀ ਭਾਵਾਂ ਦੀ ਪੇਸ਼ਕਾਰੀ ਕਰਦੀ ਹੈ। ਉਸ ਨੇ ਇਸਤਰੀ ਮਨ ਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ। ਇਹ ਕਾਵਿ ਮੋਤੀ ਉਸ ਦੇ ਨਿੱਜੀ ਅਨੁਭਵ ਦਾ ਪ੍ਰਗਟਾਵਾ ਹਨ ਜਿਨ੍ਹਾਂ ਵਿਚੋਂ ਅਸੀਂ ਉਸ ਦੇ ਅਧੂਰੇ ਸੁਪਨਿਆਂ ਦਾ ਅਕਸ ਦੇਖਦੇ ਹਾਂ।
ਅੰਮ੍ਰਿਤਾ ਪ੍ਰੀਤਮ ਇਕ ਸਫਲ ਕਵਿਤਰੀ ਹੀ ਨਹੀਂ ਬਲਕਿ ਇਕ ਸਫਲ ਨਾਵਲਕਾਰ, ਕਹਾਣੀਕਾਰ, ਸਵੈਜੀਵਨੀਕਾਰ, ਨਿਬੰਧਕਾਰ ਅਤੇ ਸਫਰਨਾਮਾ ਲੇਖਿਕਾ, ਲੋਕ ਗੀਤ ਸੰਗ੍ਰਿਹਕਰਤਾ ਵੀ ਸੀ। ਉਸ ਦੇ ਕਾਵਿ ਸੰਗ੍ਰਹਿ ਤੇ ਨਾਵਲ ਅੰਗਰੇਜ਼ੀ, ਹਿੰਦੀ, ਰੂਸੀ, ਅਲਬਾਨੀਅਨ, ਪੋਲਿਸ਼, ਗੁਜਰਾਤੀ, ਬੁਲਗਾਰੀਅਨ, ਉਰਦੂ, ਮਰਾਠੀ, ਸਿੰਧੀ, ਬੰਗਾਲੀ, ਕੰਨੜ ਮਾਲਿਆਲਮ, ਸਰਬੀਅਨ ਆਦਿ ਭਾਸ਼ਾਵਾਂ ਵਿਚ ਵੀ ਅਨੁਵਾਦਿਤ ਰੂਪ ਵਿਚ ਪੜ੍ਹੇ ਜਾਂਦੇ ਹਨ। ਇਸ ਤੋਂ ਸਪਸ਼ਟ ਹੈ ਕਿ ਸੰਸਾਰ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਲੇਖਿਕਾ ਪੰਜਾਬੀ ਸਾਹਿਤ ਵਿਚ ਸਨਮਾਨਯੋਗ ਸਥਾਨ ਦੀ ਹੱਕਦਾਰ ਹੈ।
 
Top