ਭਾਈ ਦਲਜੀਤ ਸਿੰਘ ਬਿੱਟੂ



ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ : ਭਾਈ ਦਲਜੀਤ ਸਿੰਘ ਬਿੱਟੂ - ਲਵਸ਼ਿੰਦਰ ਸਿੰਘ ਡੱਲੇਵਾਲ
ਗਿਆਰਾਂ ਸਾਲ ਰੂਪੋਸ਼ ਅਤੇ ਨੌਂ ਸਾਲ ਜੇਲ੍ਹ ਵਿੱਚ ਬਤੀਤ ਕਰਨ ਦੇ ਬਾਵਜੂਦ ਕੌਮੀ ਆਜ਼ਾਦੀ ਲਈ ਜੂਝ ਰਿਹਾ

‘ਸੇਵਾ ਜਿੰਦੜੀਏ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਹਨਾਂ ਏਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ’

ਜਦੋਂ ਵੀ ਸਿੱਖ ਕੌਮ ਤੇ ਚਲਦੇ ਪ੍ਰਬੰਧ, ਸਥਾਪਤ ਨਿਜ਼ਾਮ ਨੇ ਜੁਲਮ ਢਾਹਿਆ, ਸਿੱਖਾਂ ਦੇ ਧਾਰਮਕਿ ,ਰਾਜਨੀਤਕ ਅਤੇ ਆਰਥਿਕ ਹੱਕਾਂ ਤੇ ਡਾਕਾ ਮਾਰਿਆ, ਜਾਂ ਸਿੱਖ ਸਿਧਾਂਤਾਂ ਦਾ ਕਤਲੇਆਮ ਕੀਤਾ, ਉਦੋਂ ਕੌਮ ਦੇ ਸਿੱਖ ਯੋਧਿਆਂ ਨੇ ਆਪਣੇ ਸੁਨਹਿਰੀ ਭਵਿੱਖ , ਘਰ ਬਾਰ ਦਾ ਤਿਆਗ ਕਰਦਿਆਂ ਦੂਜੇ ਲਫਜਾਂ ਵਿੱਚ ਫੁੱਲਾਂ ਦੀ ਸੇਜ ਨੂੰ ਛੱਡ ਕੇ ਕੰਢਿਆਂ ਰੂਪੀ ਰਸਤੇ ਨੂੰ ਅਪਣਾਇਆ ਹੈ । ਵੀਹਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਨੂੰ ਖਤਮ ਕਰਨ ਲਈ ਹਰ ਪਾਸਿਉਂ ਯਤਨ ਹੋ ਰਹੇ ਸਨ ਅਤੇ ਸੱਤਰਵਿਆਂ ਦੇ ਅੱਧ ਵਿੱਚਕਾਰ ਇਹ ਹੋਰ ਵੀ ਭਿਆਨਕ ਰੂਪ ਅਖਤਿਆਰ ਕਰਨ ਜਾ ਰਹੇ ਸਨ ਤਾਂ ਕੌਮ ਨੂੰ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਧਾਰਮਿਕ ਅਤੇ ਰਜਨੀਤਕ ਆਗੂ ਵਜੋਂ ਪ੍ਰਾਪਤ ਹੋਏ। ਮਹਾਂ ਨਾਇਕ, ਮਹਾਨ ਤਪੱਸਵੀ ਅਤੇ ਸੂਰਬੀਰ ਯੋਧੇ ਜਰਨੈਲ ਨੇ ਪਤਿਤਪੁਣੇ ਨੂੰ ਠੱਲ੍ਹ ਪਾਉਂਦਿਆਂ, ਸਿੱਖ ਇਨਕਲਾਬ ਦੀ ਲਹਿਰ ਦਾ ਅਗਾਜ਼ ਕਰਦਿਆਂ ਗੁਰਮਿਤ ਅਤੇ ਸਿੱਖ ਇਤਹਿਾਸ ਦੀਆਂ ਪ੍ਰੰਪਰਾਵਾਂ ਅਨੁਸਾਰ ਕੌਮ ਦੇ ਹਰ ਖੇਤਰ ਦੇ ਸਿੱਖ ਵਿਰੋਧੀਆਂ ਨੂੰ ਉਸੇ ਭਾਸ਼ਾ ਵਿੱਚ ਮੋੜਵਾਂ ਉੱਤਰ ਦੇਣਾ ਅਰੰਭ ਕੀਤਾ ਜਿਹੜੀ ਭਾਸ਼ਾ ਉਹ ਸਮਝਦੇ ਸਨ। ਆਪ ਜੀ ਦੀ ਅਤਿ ਨਿਰਮਲ ,ਅਗੰਮੀ ਅਤੇ ਸੱਤਵਾਦੀ ਸਖਸ਼ੀਅਤ ਦੇ ਪ੍ਰਭਾਵ ਨਾਲ ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੀ ਬਹੁਤ ਹੀ ਤੇਜ਼ੀ ਨਾਲ ਬੁਲੰਦੀਆਂ ਵਲ ਵਧਣ ਲੱਗ ਪਈ ।

ਭਾਈ ਦਲਜੀਤ ਸਿੰਘ ਬਿੱਟੂ ਦਾ ਜੱਦੀ ਪਿੰਡ ਤੇਹਿੰਗ ਜਿਲ੍ਹਾ ਜਲੰਧਰ ਹੈ ਪਰ ਕਾਫੀ ਅਰਸੇ ਤੋਂ ਉਹਨਾਂ ਦਾ ਪਰਿਵਾਰ ਲਧਿਆਣੇ ਵਿਖੇ ਰਹਿ ਰਿਹਾ ਹੈ। ਭਾਈ ਦਲਜੀਤ ਸਿੰਘ ਬਿੱਟੂ ਦਾ ਨਾਮ ਸਾਲ 1985 ਦੌਰਾਨ ਉਸ ਵਕਤ ਸਾਹਮਣੇ ਆਇਆ ਜਦੋਂ ਲੁਧਿਆਣੇ ਦੇ ਪੁਲੀਸ ਕਪਤਾਨ ਅਤੇ ਸਿੱਖਾਂ ਤੇ ਬੇਤਹਾਸ਼ਾ ਤਸ਼ੱਦਦ ਕਰਨ ਵਾਲੇ ਪਾਂਡੇ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਆਪ ਰੂਪੋਸ਼ ਹੋ ਗਏ ਅਤੇ ਕੌਮ ਦੀ ਸੇਵਾ ਕਰਦੇ ਰਹੇ । ਮੇਰੀ ਭਾਈ ਦਲਜੀਤ ਸਿੰਘ ਬਿੱਟੂ ਨਾਲ ਪਹਿਲੀ ਮੁਲਾਕਾਤ 9 ਜੂਨ 1987 ਨੂੰ ਗੁਰਾਇਆਂ ਲਾਗੇ ਨਹਿਰ ਤੇ ਹੋਈ ਸੀ। ਉਸ ਦਿਨ ਭਾਈ ਬਿੱਟੂ ਨਾਲ ਸ਼ਹੀਦ ਭਾਈ ਚਰਨਜੀਤ ਸਿੰਘ ਤਲਵੰਡੀ ਅਤੇ ਮੇਰੇ ਨਾਲ ਸ਼ਹੀਦ ਭਾਈ ਗੁਰਨੇਕ ਸਿੰਘ ਨੇਕਾ ਮਹਿਸਮਪੁਰ ਸੀ। ਇਸ ਵਕਤ ਭਾਈ ਚਰਨਜੀਤ ਸਿੰਘ ਤਲਵੰਡੀ ਟਰੱਕ ਡਰਾਈਵਰ ਅਤੇ ਭਾਈ ਦਲਜੀਤ ਸਿੰਘ ਬਿੱਟੂ ਸਹਾਇਕ ਟਰੱਕ ਡਰਾਈਵਰ ਦੇ ਭੇਸ ਵਿੱਚ ਸਨ। ਉਸ ਵਕਤ ਇਹਨਾਂ ਨੂੰ ਬਿੱਟੂ ਦੀ ਬਜਾਏ ਸਤੀਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ । 1988 ਦੇ ਅੱਧ ਵਿਚਕਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਵਾਸੀ ਹਰੀਹਰ ਝੋਕ ਜਿਲ੍ਹਾ ਫਿਰੋਜਪੁਰ ਨੂੰ ਪੁਲੀਸ ਨੇ ਲੁਧਿਆਣੇ ਜਿਲ੍ਹੇ ਦੇ ਪਿੰਡ ਜਾਂਗਪੁਰ ਤੋਂ ਗ੍ਰਿਫਤਾਰ ਕਰ ਲਿਆ ।

ਭਾਈ ਸਾਹਿਬ ਸਫਲ ਜਥੇਬੰਦਕ ਆਗੂ, ਸਫਲ ਗੁਰੀਲਾ ਜਰਨੈਲ, ਉੱਚੇ ਇਖਲਾਕ, ਸੱਚ ਦੇ ਧਾਰਨੀ ਵਰਗੇ ਬਹੁਪੱਖੀ ਗੁਣਾਂ ਵਾਲੀ ਸ਼ਸ਼ੀਅਤ ਸਨ। ਦੂਜਾ ਪੰਜਾਬ ਦਾ ਪੁਲੀਸ ਮੁਖੀ ਜੇ ਐਫ ਰਿਬੈਰੋ ਅਕਸਰ ਹੀ ਐਲਾਨ ਕਰ ਰਿਹਾ ਸੀ ਕਿ ਅਗਰ ਪੰਜਾਬ ਮਸਲਾ ਹੱਲ ਕਰਨਾ ਹੈ ਤਾਂ ਗੁਰਜੀਤ ਸਿੰਘ ਸਾਡੇ ਹਵਾਲੇ ਕਰੋ। ਇਹੋ ਜਿਹੀ ਸ਼ਖਸ਼ੀਅਤ ਦੀ ਅਗਵਾਈ ਤੋਂ ਫੈਡਰਸ਼ਨ ਵਾਂਝੀ ਹੋ ਗਈ ਸੀ । ਤਾਂ ਅਜਿਹੇ ਮੌਕੇ ਭਾਈ ਸਾਹਿਬ ਵਰਗਾ ਪ੍ਰਧਾਨ ਲੱਭਣਾ ਫੈਡਰੇਸ਼ਨ ਸਾਹਮਣੇ ਵੱਡੀ ਚੁਣੌਤੀ ਸੀ । ਉਸ ਵਕਤ ਅਸੀਂ ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂ ਨਾਲ ਫੈਡਰੇਸ਼ਨ ਦੀ ਲੀਡਰਸ਼ਿੱਪ ਦਾ ਇੱਕ ਹਿੱਸਾ ਖਾਸ ਕਰਕੇ ਭਾਈ ਗੁਰਜੀਤ ਸਿੰਘ ਗਰੁੱਪ ਦੇ ਬਹੁਤੇ ਸਿੰਘ ਨਾਭਾ ਜੇਹਲ ਵਿੱਚ ਬੰਦ ਸਨ। ਸਭ ਦੀ ਸਲਾਹ ਲਈ ਗਈ ਆਖਰ ਦਲਜੀਤ ਸਿੰਘ ਬਿੱਟੂ ਦੇ ਨਾਮ ਤੇ ਸਹਿਮਤੀ ਹੋਈ । ਖਾਲਿਤਸਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਸ਼ਹੀਦ ਜਨਰਲ ਲਾਭ ਸਿੰਘ ਦੇ ਨਾਮ ਪੱਤਰ ਤੇ ਦਸਖਤ ਕਰਕੇ ਭੇਜੇ ਗਏ । ਦੂਜੇ ਪਾਸੇ ਭਾਈ ਦਲਜੀਤ ਸਿੰਘ ਬਿੱਟੂ ਨਾਲ ਜਦੋਂ ਸਿੰਘਾਂ ਨੇ ਇਸ ਬਾਬਤ ਗੱਲ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਕਿ ਦੇਖੋ ਫੈਡਰੇਸ਼ਨ ਦਾ ਪ੍ਰਧਾਨ ਤਾਂ ਅੰਮ੍ਰਿਤਧਾਰੀ ਹੋਣਾ ਚਾਹੀਦਾ ਜਦ ਕਿ ਮੈਂ ਕਲੀਨਸ਼ੇਵ ਹਾਂ ਇਹ ਨਹੀਂ ਹੋ ਸਕਦਾ ਮੈਨੁੰ ਜਿੱਥੇ ਹਾਂ ਸੇਵਾ ਕਰੀ ਜਾਣ ਦਿਉ ।

ਪਰ ਜਦੋਂ ਸਿੰਘਾਂ ਨੇ ਇਸ ਨੂੰ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਸ਼ਹੀਦ ਜਨਰਲ ਲਾਭ ਸਿੰਘ ਮੁਖੀ ਖਾਲਿਸਤਾਨ ਕਮਾਂਡੋ ਫੋਰਸ ਅਤੇ ਫੈਡਰੇਸ਼ਨ ਦੇ ਸਿੰਘਾਂ ਦਾ ਸਮੁੱਚਾ ਫੈਂਸਲਾ ਦੱਸਿਆ ਤਾਂ ਭਾਈ ਬਿੱਟੂ ਦਾ ਜਵਾਬ ਸੀ ਕਿ ਮੈਨੂੰ ਕੁੱਝ ਵਕਤ ਦਿਉ ਪਹਿਲਾਂ ਮੈਂ ਅੰਮ੍ਰਿਤ ਛਕਾਂਗਾ । ਇਸੇ ਤਰਾਂ ਹੀ ਕੀਤਾ ਗਿਆ ਅੰਮਿਤਪਾਨ ਕਰਵਾ ਕੇ ਭਾਈ ਬਿੱਟੂ ਦੇ ਰੂਪ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਅਜਿਹੇ ਵਿਆਕਤੀ ਨੂੰ ਸੌਂਪ ਦਿੱਤੀ ਗਈ ਜਿਸ ਦੀ ਸੋਚ, ਦ੍ਰਿੜਤਾ, ਦੂਰ ਅੰਦੇਸ਼ੀ, ਗੱਲ ਕਰਨ ਦਾ ਅੰਦਾਜ਼ ਸਤਿਕਾਰਯੋਗ ਸ਼ਹੀਦ ਭਾਈ ਗੁਰਜੀਤ ਸਿੰਘ ਵਰਗਾ ਸੀ। ਭਾਈ ਦਲਜੀਤ ਸਿੰਘ ਬਿੱਟੂ ਨੇ ਫੈਡਰੇਸ਼ਨ ਨੂੰ ਅਜਿਹੀ ਸੇਧ ਦਿੱਤੀ ਕਿ ਜਲਦੀ ਹੀ ਸਿੱਖ ਸੰਘਰਸ਼ ਦੀ ਅਗਵਾਈ ਕਰ ਰਹੀ ਪੰਜ ਮੈਂਬਰੀ ਪੰਥਕ ਕਮੇਟੀ ਦਾ ਮੈਂਬਰ ਨਿਯੁਕਤ ਕਰ ਲਿਆ ਗਿਆ।

ਭਾਈ ਦਲਜੀਤ ਸਿੰਘ ਬਿੱਟੂ ਇੱਕ ਅਜਿਹਾ ਇਨਸਾਨ ਹੋ ਨਿੱਬੜਿਆ ਜਿਸ ਦੇ ਧੀਰਜ ,ਸਹਿਜ , ਠਰੰ੍ਹਮੇ ਦੀ ਹਰ ਕੋਈ ਦਾਦ ਦਿਆ ਕਰਦਾ ਸੀ। ਆਪ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਨਾਲ ਸੱਚ ਦੇ ਧਾਰਨੀ ਭਾਈ ਗੁਰਜੀਤ ਸਿੰਘ ਜੀ ਜਦੋ ਪੁਲੀਸ ਦੇ ਗ੍ਰਿਫਤ ਚੋਂ ਅਜ਼ਾਦ ਹੋਏ ਤਾਂ ਆਪ ਨੇ ਭਾਈ ਸਾਹਿਬ ਨੂੰ ਫੈਡਰੇਸ਼ਨ ਦੀ ਪ੍ਰਧਾਨਗੀ ਵਾਪਸ ਲੈ ਕੇ ਅਗਵਾਈ ਕਰਨ ਦੀ ਬੇਨਤੀ ਕੀਤੀ ਜੋ ਕਿ ਭਾਈ ਗੁਰਜੀਤ ਸਿੰਘ ਜੀ ਨੇ ਨਾ ਮਨਜੂਰ ਕਰਦਿਆਂ ਇੰਨਾ ਹੀ ਆਖਿਆ ਕਿ ਤੇਰੇ ਅਤੇ ਮੇਰੇ ਵਿੱਚ ਕੀ ਅੰਤਰ ਹੈ ਵੈਸੇ ਵੀ ਮੇਰਾ ਹੁਣ ਜੂਝ ਕੇ ਸ਼ਹੀਦ ਹੋਣ ਦਾ ਵਕਤ ਨਜ਼ਦੀਕ ਆ ਰਿਹਾ ਪ੍ਰਤੀਤ ਹੁੰਦਾ ਹੈ ਇਸ ਕਰਕੇ ਬਿਹਤਰ ਇਹੀ ਹੈ ਕਿ ਫੈਡਰੇਸ਼ਨ ਦੀ ਅਗਵਾਈ ਤੂੰ ਹੀ ਕਰੀ ਜਾ। ਇਹ ਇੱਕ ਅਜਿਹਾ ਵਾਰਤਾਪਾਲ ਸੀ, ਜਿਸ ਨਾਲ ਭਾਈ ਦਲਜੀਤ ਸਿੰਘ ਬਿੱਟੂ ਤੇ ਲਗਾਏ ਜਾਂਦੇ ਰਹੇ ਇਹ ਸਾਰੇ ਦੋਸ਼ ਮੁੱਢੋਂ ਰੱਦ ਹੋ ਜਾਂਦੇ ਹਨ ਕਿ ਉਹ ਕਬਜ਼ਾ ਕਰੂ ਨੀਤੀ ਦਾ ਮਾਲਕ ਹੈ, ਵਗੈਰਾ ਵਗੈਰਾ ਆਦਿ । ਮੌਜੂਦਾ ਸਮੇਂ ਵਿੱਚ ਸਿਰਸੇ ਵਾਲੇ ਸਾਧ ਖਿਲਾਫ ਸੰਘਰਸ਼ ਵਿੱਢਣ ਅਤੇ ਅਤੀਤ ਵਿਚ ਜਦੋਂ ਵੀ ਪੰਥਕ ਏਕੇ ਦੀ ਗੱਲ ਚੱਲੀ ਤਾਂ ਭਾਈ ਬਿੱਟੂ ਨੇ ਹਮੇਸ਼ਾਂ ਹੀ ਪਹਿਲ ਕਦਮੀਂ ਦਿਖਾਈ, ਭਾਵੇਂ ਕਿ ਇਸ ਬਦਲੇ ਉਸਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਰ ਜਦੋਂ ਇਰਾਦਾ ਦ੍ਰਿੜ ਹੋਵੇ, ਨੀਅਤ ਨੇਕ ਹੋਵੇ, ਭਾਵਨਾ ਸੁੱ਼ਧ ਹੋਵੇ ਉੱਦੋਂ ਗੁਰੂ ਸਹਿਬਾਨ ਦੀ ਕ੍ਰਿਪਾ ਨਾਲ ਕਾਮਯਾਬੀ ਪ੍ਰਾਪਤ ਹੋ ਹੀ ਜਾਂਦੀ ਹੈ।

ਖਾੜਕੂ ਸੰਘਰਸ਼ ਦੀ ਚੜ੍ਹਤ ਵੇਲੇ ਗੱਲ ਚੱਲੀ ਸੀ ਕਿ ਸਾਰੀਆਂ ਫੈਡਰੇਸ਼ਨਾਂ ਨੂੰ ਭੰਗ ਕਰਕੇ ਇੱਕ ਸਾਂਝੀ ਫੈਡਰੇਸ਼ਨ ਕਾਇਮ ਕੀਤੀ ਜਾਵੇ ਤਾਂ ਭਾਈ ਬਿੱਟੂ ਨੇ ਤੁਰੰਤ ਆਪਣਾ ਗਰੁੱਪ ਭੰਗ ਕਰ ਦਿੱਤਾ, ਜਦਕਿ ਸ਼ੈਤਾਨ ਕਿਸਮ ਦੇ ਲੋਕ ਜਿਹਨਾਂ ਵਿੱਚ ਮਹਿਤਾ, ਚਾਵਲਾ ਵਰਗੇ ਵਿਸ਼ਵਾਸ਼ਘਾਤੀ ਵਿਅਕਤੀ ਸ਼ਾਮਲ ਸਨ ਉਹਨਾਂ ਨੇ ਆਪਣੇ ਅਹੁਦੇਦਾਰਾਂ ਤੋਂ ਅਸਤੀਫੇ ਲੈ ਲਏ ਅਤੇ ਆਪਣੇ ਵਾਅਦੇ ਤੋਂ ਮੁਕੱਰ ਗਏ। ਢਾਈ ਕੁ ਸਾਲ ਭਾਈ ਬਿੱਟੂ ਆਪਣੀ ਰੋਪੜ ਲਾਗੇ ਠਾਹਰ ਤੇ ਰਹਿੰਦੇ ਰਹੇ ਜਿੱਥੋਂ ਉਹਨਾਂ ਨੂੰ ਭਾਈ ਗਾਮੇ ਨਾਲ ਐੱਪਰੈਲ 1996 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਦਰਜਨ ਤੋਂ ਵੱਧ ਕੇਸ ਪਾ ਕੇ ਨਾਭਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਜੇਹਲ ਵਿੱਚ ਜਾ ਕੇ ਉਹਨਾਂ ਪਹਿਲਾ ਕੰਮ ਸਿੱਖ ਸੰਘਰਸ਼ ਦੀਆਂ ਸਫਲਤਾਵਾਂ ਦਰਪੇਸ਼ ਚੁਣੌਤੀਆਂ ਤੇ ਅਧਾਰਿਤ ‘ਭਵਿੱਖ ਫਿਰ ਵੀ ਸਾਡਾ ਹੈ’ ਨਾਮਕ ਸਿਧਾਂਤਕ ਕਿਤਾਬਚਾ ਲਿਖ ਕੇ ਜਾਰੀ ਕੀਤਾ । ਜਿਸ ਵਿੱਚ ਸੰਘਰਸ਼ ਵਿਰੋਧੀਆਂ ਦੀਆਂ ਟਿੱਪਣੀਆਂ ਨੂੰ ਦਲੀਲਾਂ ਸਹਿਤ ਰੱਦ ਕਰਦਿਆਂ ਚੋਣਾਂ ਦੇ ਬਾਈਕਾਟ ਸਬੰਧੀ ਖਾੜਕੂ ਆਗੂਆਂ ਦੇ ਸਟੈਂਡ ਤੋਂ ਲੈ ਕੇ ਸੰਘਰਸ਼ ਨਾਲ ਸਬੰਧਤ ਹਰ ਗੱਲ ਨੂੰ ਸਪੱਸ਼ਟ ਕੀਤਾ ਗਿਆ। ਨੌਂ ਸਾਲ ਦੀ ਕਨੂੰਨੀ ਲੜਾਈ ਲੜਕੇ ਲੁਧਿਆਣਾ ਬੈਂਕ ਡਾਕੇ ਤੋਂ ਬਿਨਾਂ ਬਾਕੀ ਸਾਰੇ ਕੇਸਾਂ ਚੋਂ ਬਰੀ ਹੋਣ ਮਗਰੋਂ ਰਿਹਾਅ ਹੋ ਗਏ।ਪਿਛਲੇ ਦੋ ਸਾਲ ਤੋਂ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦਾ ਗਠਨ ਕਰਕੇ ਸਿੱਖ ਪੰਥ ਦੀ ਸੇਵਾ ਕਰ ਰਹੇ ਹਨ।

ਗਿਆਰਾਂ ਸਾਲ ਰੁਪੋਸ਼ ਅਤੇ ਨੌਂ ਸਾਲ ਜੇਹਲ ਵਿੱਚ ਬਤੀਤ ਕਰਨ ਬਆਦ ਅੱਜ ਵੀ ਭਾਈ ਬਿੱਟੂ ਵਿੱਚ ਉਹੀ ਦ੍ਰਿੜਤਾ ਅਤੇ ਕੌਮੀ ਪਿਆਰ ਦਾ ਜ਼ਜਬਾ ਹੈ ਜਿਹੜਾ 22ਸਾਲ ਪਹਿਲਾਂ ਸੀ। ਇਸ ਦੀ ਪ੍ਰਤੱਖ ਮਿਸਾਲ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਨੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਪੈਰਵਾਈ ਕਰਨੀ ਜਾਰੀ ਰੱਖੀ ਹੈ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦਾ ਦੁੱਖ ਵੰਡਾਉਣ ਦਾ ਕਾਰਜ ਅਰੰਭਿਆ ਹੈ। ਸਿਰਸੇ ਵਾਲੇ ਸਾਧ ਖਿਲਾਫ ਢਾਈ ਸਾਲ ਤੋਂ ਚੱਲ ਰਹੇ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕੀਾ ਜਾ ਰਿਹਾ ਹੈ, ਜਿਸ ਦੀ ਬਾਦਲ ਸਰਕਾਰ ਨੂੰ ਡਾਹਢੀ ਤਕਲੀਫ ਹੈ। ਇਸੇ ਤਕਲੀਫ ਕਰਕੇ ਹੀ ਭਾਈ ਬਿੱਟੂ ਅਤੇ ਉਹਨਾਂ ਦੇ ਪੰਜ ਦਰਜਨ ਤੋਂਂ ਵੱਧ ਸਾਥੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਅੱਜ ਸਮੁੱਚੀ ਕੌਮ ਨੂੰ ਭਾਈ ਦਲਜੀਤ ਸਿੰਘ ਦੇ ਹੱਕ ਵਿੱਚ ਡੱਟ ਕੇ ਖਲੋਣ ਦੀ ਜਰੂਰਤ ਹੈ। ਇਸ ਦੇ ਨਾਲ ਸਿੱਖਾਂ ਅਤੇ ਸਿੱਖੀ ਦੇ ਕਾਤਲਾਂ, ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲਿਆਂ, ਜਿਹੜੇ ਖਾਲਿਸਤਾਨ ਦੇ ਸ਼ਹੀਦਾਂ ਦਾ ਨਾਮ ਵਰਤ ਕੇ ਤੋਰੀ ਫੁਲਕਾ ਚਲਾ ਰਹੇ ਅਤੇ ਉਹਨਾਂ ਸਤਿਕਾਰਯੋਗ ਸ਼ਹੀਦਾਂ ਦਾ ਨਾਲੋ ਨਾਲ ਅਪਮਾਨ ਕਰਨ ਵਾਲੇ ਸਿਆਸੀ ਲੋਕਾਂ ਅਤੇ ਖਾੜਕੂਆਂ ਨੂੰ ਕਾਂਗਰਸ ਦੀ ਪੈਦਾਇਸ਼ , ਪਾਕਿਸਤਾਨ ਦੇ ਏਜੰਟ ਆਖ ਕੇ ਭੰਡਣ ਵਾਲੇ ਅਖੌਤੀ ਖਾਲਿਸਤਾਨੀਆਂ ਅਤੇ ਖਾਲਿਸਤਾਨ ਦੇ ਵਪਾਰੀਆਂ ਨੂੰ ਨਕਾਰਨ ਦੀ ਸਖਤ ਲੋੜ ਹੈ।

ਜਿੱਤ ਹਮੇਸ਼ਾਂ ਸੱਚ ਦੀ ਹੋਵੇਗੀ। ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਪਰ ਇਹ ਕੇਵਲ ਕਹਿਣ ਨਾਲ ਜਾਂ ਨਾਹਰਿਆਂ ਨਾਲ ਪ੍ਰਾਪਤ ਨਹੀਂ ਹੋਣਾ। ਇਸ ਲਈ ਸਾਰਥਕ ਯਤਨਾਂ ਦੀ ਵੀ ਸਖਤ ਲੋੜ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਸੱਦੇ ਤੇ ਦੁਨੀਆਂ ਭਰ ਵਿੱਚ ਪੰਥ ਦਰਦੀਆਂ ਵਲੋਂ 20 ਸਤੰਬਰ ਨੂੰ ਇਹਨਾਂ ਸਿੰਘਾਂ ਦੀ ਚੜਦੀ ਕਲਾ ,ਬੰਦ ਖਲਾਸੀ ਲਈ ਅਰਦਾਸ ਦਿਵਸ ਮਨਾਇਆ ਗਿਆ ਹੈ । ਇਸ ਧਾਰਮਿਕ ਕਾਰਜ ਤੋਂ ਬਾਅਦ ਯੂਰਪ ਭਰ ਦੀਆਂ ਭਾਈ ਦਲਜੀਤ ਸਿੰਘ ਬਿੱਟੂ ਜਥੇਬੰਦੀਆਂ ਵਲੋਂ ਜਨੇਵਾ ਸਥਿਤ ਸੰਯੁਕਤ ਰਾਸ਼ਟਰ ਅੱਗੇ ਮੁਜ਼ਾਹਰਾ ਕੀਤਾ ਜਾਵੇਗਾ ਜਿਸ ਦਾ ਵੇਰਵਾ ਜਲਦੀ ਹੀ ਨਸ਼ਰ ਕਰ ਦਿੱਤਾ ਜਾਵੇਗਾ। ਅਜਿਹੇ ਰੋਸ ਮੁਜ਼ਾਹਰੇ ਦੁਨੀਆਂ ਦੇ ਵੱਖ ਵੱਖ ਮੁਲਕਾਂ, ਜਿੱਥੇ ਸਿੱਖ ਵਸਦੇ ਹਨ, ਕਰਨ ਦੀ ਲੋੜ ਹੈ।
 
Top