ਸੁਭਾਸ਼ ਚੰਦਰ ਬੋਸ ਦੀ ਧੀ "ਅਨੀਤਾ ਪਫ਼"

Saini Sa'aB

K00l$@!n!
ਮਨੁੱਖ ਚਾਹੇ ਆਮ ਹੋਵੇ ਜਾਂ ਖ਼ਾਸ ਸਾਡੇ ਸਮਾਜ ਵਿਚ ਉਸ ਦੇ ਕਾਰਜਾਂ ਦੀ ਮਹਾਨਤਾ ਨਾਲ ਹੀ ਉਸ ਦੀ ਨਿੱਜੀ ਗੁਣਾਂ ਔਗੁਣਾਂ ਦੀ ਤੁਲਨਾ ਕੀਤੀ ਜਾਂਦੀ ਹੈ। ਕਾਮ, ਕ੍ਰੋਧ, ਲੋਭ ਅਤੇ ਮੋਹ ਇਸ ਨੂੰ ਤਿਆਗਣ ਲਈ ਭਾਵੇਂ ਸਾਡੇ ਪੀਰ ਪੈਗੰਬਰ ਸਦਾ ਉਪਦੇਸ਼ ਦਿੰਦੇ ਰਹੇ, ਪਰ ਉਹ ਖ਼ੁਦ ਵੀ ਇਸ ਤੋਂ ਪਿੱਛਾ ਨਹੀਂ ਛੁਡਾ ਸਕੇ। ਕਦੇ ਉਨ੍ਹਾਂ ਨੇ ਕ੍ਰੋਧ ਵਿਚ ਆ ਕੇ ਕਿਸੇ ਨੂੰ ਸਰਾਪ ਦਿੱਤਾ ਹੈ। ਕਦੇ ਉਹ ਕਿਸੇ ਔਰਤ ਦੇ ਮੋਹ ਵਿਚ ਜਪ ਤਪ ਭੰਗ ਕਰ ਬੈਠੇ। ਸਾਡੀ ਮਾਨਸਿਕਤਾ, ਸਾਡੀ ਸ਼ਰਧਾ ਸਦਾ ਹੀ ਉਨ੍ਹਾਂ ਦੀ ਜ਼ਿੰਦਗੀ ਦੇ ਬਹੁਤੇ ਵਾਕਿਆ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੀ।

ਇਸ ਤਰ੍ਹਾਂ ਸਾਡੇ ਦੇਸ਼ ਭਗਤ ਕੌਮੀ ਸ਼ਹੀਦਾਂ ਦੀ ਜ਼ਿੰਦਗੀ ਦੇ ਕੁਝ ਲੁੱਕਵੇ ਪੱਖ ਸਾਡੇ ਸਾਹਮਣੇ ਆਉਂਦੇ ਹਨ ਤਾਂ ਅਸੀਂ ਵਿਸ਼ਾਲ ਹਿਰਦੇ ਨਾਲ ਉਨ੍ਹਾਂ ਨੂੰ ਕਬੂਲਣ ਦੀ ਥਾਂ ਉਸ ਤੋਂ ਮੁਨਕਰ ਹੋਣ ਜਾਂ ਅੱਖਾਂ ਮੀਟਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਦੇਸ਼ ਦੀ ਅਜ਼ਾਦੀ ਵਿਚ ਪੰਜਾਬੀਆਂ ਵਾਂਗ ਬੰਗਾਲੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਬੰਗਾਲ ਦੇ ਇਕ ਨੇਤਾ ਦੇ ਨਾਂ ਤੋਂ ਭਾਰਤ ਦਾ ਬੱਚਾ-ਬੱਚਾ ਵਾਕਫ਼ ਹੇ। ਇਹ ਨਾਂ ਹੈ "ਨੇਤਾ ਜੀ ਸੁਭਾਸ਼ ਚੰਦਰ ਬੋਸ" ਜਿਸ ਦੀ ਉਡੀਕ ਭਾਰਤ ਵਾਸੀਆਂ ਨੂੰ ਅਜ਼ਾਦੀ ਤੋਂ ਮਗਰੋਂ ਵੀ ਰਹੀ ਕਿ ਉਹ ਆਵੇਗਾ ਤੇ ਆ ਕੇ ਭਾਰਤ ਦੀ ਵਾਗਡੋਰ ਸੰਭਾਲੇਗਾ।

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜ਼ਿੰਦਗੀ ਬਾਰੇ ਇਤਿਹਾਸਕਾਰਾਂ ਕਾਫ਼ੀ ਖੋਜ ਭਰਪੂਰ ਤੇ ਵਿਸਥਾਰ ਵਿਚ ਲਿਖਿਆ ਪਰ ਇਨ੍ਹਾਂ 'ਚ ਬਹੁਤੇ ਇਤਿਹਾਸਕਾਰਾਂ ਦੀ ਸ਼ਰਧਾ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਇਕ ਭਾਗ ਨੂੰ ਵਰਨਣ ਕਰਨ ਤੋਂ ਹਮੇਸ਼ਾਂ ਕੰਨੀ ਕਤਰਾਈ ਹੈ। ਉਹ ਹੈ ਨੇਤਾ ਜੀ ਦਾ ਆਸਟਰੀਅਨ ਔਰਤ ਨਾਲ ਵਿਆਹ ਕਰਵਾਉਣਾ। ਉਨ੍ਹਾਂ ਬਾਰੇ ਦੱਸਿਆ ਗਿਆ ਕਿ 1942 ਵਿਚ ਜਰਮਨ ਆਏ ਤੇ ਹਿਟਲਰ ਨੂੰ ਮਿਲੇ। ਪਰ ਨਹੀਂ। ਇਹ ਉਨ੍ਹਾਂ ਦੀ ਦੂਜੀ ਫੇਰੀ ਸੀ। ਨੇਤਾ ਜੀ ਬੜੇ ਦੂਰ-ਅੰਦੇਸ਼ੀ ਸਨ। ਉਹ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਰਕਾਰੀ ਨੌਕਰੀ ਛੱਡ ਸਭ ਘਰੇਲੂ ਮੋਹ ਤਿਆਗ ਛੱਡ ਅਜ਼ਾਦੀ ਦੀ ਲੜਾਈ ਲਈ ਘਰੋਂ ਨਿਕਲੇ ਸਨ। ਬਚਪਨ ਤੋਂ ਜਵਾਨੀ ਤੱਕ ਉਹ ਧਾਰਮਿਕ ਵਿਚਾਰਾਂ ਦੇ ਸਨ। ਉਨ੍ਹਾਂ ਸਰਕਾਰੀ ਨੌਕਰੀ ਕੀਤੀ ਪਰ ਜਦੋਂ ਦੇਸ਼ ਭਗਤੀ ਦੀ ਲਗਨ ਲੱਗੀ ਤਾਂ ਸਰਕਾਰ ਵਿਰੁੱਧ ਹਰ ਮੋਰਚੇ ਵਿਚ ਹਿੱਸਾ ਲੈਣ ਲੱਗੇ ਤੇ ਨੌਕਰੀ ਨੂੰ ਲੱਤ ਮਾਰ ਦਿੱਤੀ। ਸਰਕਾਰ ਲਈ ਸਾਧਰਨ ਅਨਪੜ੍ਹ ਦੇਸ਼ ਭਗਤ ਓਨਾ ਖ਼ਤਰਨਾਕ ਨਹੀਂ ਸੀ ਜਿੰਨਾ ਕਿ ਪੜ੍ਹਿਆ ਲਿਖਿਆ ਬੁੱਧਜੀਵੀ ਨੇਤਾ ਜੀ ਸੁਭਾਸ਼ ਚੰਦਰ ਬੋਸ ਉਨ੍ਹਾਂ ਲਈ ਖ਼ਤਰਨਾਕ ਸੀ। ਇਸੇ ਕਰਕੇ ਉਹ ਨੇਤਾ ਜੀ ਨੂੰ ਵਾਰ ਵਾਰ ਫੜਕੇ ਜੇਲ੍ਹ ਅੰਦਰ ਕਰਦੇ ਰਹੇ। ਅੰਗ੍ਰੇਜ਼ ਉਨ੍ਹਾਂ ਨੂੰ ਭਾਰਤ ਤੋਂ ਬਾਹਰ ਭੇਜਣਾਂ ਚਾਹੁੰਦੇ ਸਨ। ਜਦੋਂ 1933 ਵਿਚ ਉਨ੍ਹਾਂ ਦੀ ਸਿਹਤ ਖਰਾਬ ਹੋਈ ਤਾਂ ਅੰਗ੍ਰੇਜ਼ਾਂ ਨੇ ਬਹਾਨਾ ਬਣਾ ਕੇ ਨੇਤੀ ਜੀ ਦੀ ਇੱਛਾ ਵਿਰੁੱਧ ਉਨ੍ਹਾਂ ਨੂੰ ਯੂਰਪ ਦੇ ਵਿਆਨਾ (ਜੋ ਅੱਜ ਆਸਟਰੀਆ ਦੀ ਰਾਜਧਾਨੀ ਹੈ) ਸ਼ਹਿਰ ਵਿਚ ਇਲਾਜ ਲਈ ਭੇਜ ਦਿੱਤਾ।

ਵਿਆਨਾ ਵਿਚ ਪਹੁੰਚ ਨੇਤਾ ਜੀ ਨੂੰ ਇਕਲਤਾ ਮਹਿਸੂਸ ਹੋਣ ਲੱਗੀ। ਹਰ ਵਕਤ ਦੇਸ਼ ਦੀ ਅਜ਼ਾਦੀ ਲਈ ਕਾਰਜ ਕਰਨ ਵਾਲਾ ਦਿਮਾਗ ਇਕ ਦਮ ਵਿਹਲਾ ਹੋ ਗਿਆ। ਉਨ੍ਹਾਂ ਸਾਹਮਣੇ ਸਭ ਤੋ ਵੱਡੀ ਮੁਸ਼ਕਲ ਭਾਸ਼ਾ ਦੀ ਸੀ ਕਿ ਉਹ ਆਪਣੇ ਮਨ ਦੀ ਗੱਲ ਕਿਸ ਤਰ੍ਹਾਂ ਇਥੋਂ ਦੇ ਲੋਕਾਂ ਤੇ ਲੀਡਰਾਂ ਨਾਲ ਸਾਂਝੀ ਕਰਨ। ਇਸ ਲਈ ਉਨ੍ਹਾਂ ਨੂੰ ਇੰਟਰ ਅਪਰੇਟਰ (ਦੋ ਭਾਸ਼ੀਏ) ਦੀ ਲੋੜ ਸੀ। ਇਹ ਇੱਛਾ ਉਨ੍ਹਾਂ ਇਕ ਇੰਗਲਿਸ਼ ਦੇ ਅਧਿਆਪਕ ਕੋਲ ਜ਼ਾਹਿਰ ਕੀਤੀ। ਉਸ ਅਧਿਆਪਕ ਨੇ ਆਪਣੀ ਇਕ ਵਿਦਿਆਰਥਣ 'ਏਮਲੀ ਸ਼ੇਕਲ' ਨਾਲ ਨੇਤਾ ਜੀ ਦਾ ਸੰਪਰਕ ਕਰਵਾਇਆ। ਏਮਲੀ ਸ਼ੈਕਲ ਨੇ ਇੰਗਲਿਸ਼ ਦਾ ਕੋਰਸ ਖ਼ਤਮ ਕਰਕੇ ਇਕ ਡਾਕਖਾਨੇ ਵਿਚ ਕੰਮ ਕਰ ਰਹੀ ਸੀ। ਏਮਲੀ ਬਤੌਰ ਸੈਕਟਰੀ ਉਨ੍ਹਾਂ ਨਾਲ ਕੰਮ ਕਰਨ ਲਈ ਮੰਨ ਗਈ। ਆਸਟਰੀਆ ਰਹਿ ਕੇ ਨੇਤਾ ਜੀ ਨੇ ਇਕ ਸਭਾ ਬਣਾਈ ਜੋ ਭਾਰਤ-ਆਸਟਰੀਆ ਸਭਾ ਦੇ ਨਾਂ ਨਾਲ ਅੱਜ ਵੀ ਚੱਲ ਰਹੀ ਹੈ। ਜਿਸ ਨੂੰ ਇਕ ਆਸਟਰੀਅਨ ਔਰਤ 'ਰਾਧਾ ਅੰਜਲੀ' ਚਲਾ ਰਹੀ ਹੈ। ਇਸ ਸਭਾ ਅਤੇ ਏਮਲੀ ਸ਼ੈਕਲ ਦੇ ਸਹਿਯੋਗ ਨਾਲ ਉਨ੍ਹਾਂ ਪੋਲੈਂਡ, ਚੈਕੋ ਸਲਵਾਕੀਆ ਅਤੇ ਹੋਰ ਯੂਰਪੀਅਨ ਦੇਸ਼ਾਂ ਦਾ ਤਿੰਨ ਸਾਲ ਸਫ਼ਰ ਕੀਤਾ ਅਤੇ ਭਾਰਤ ਦੀ ਅਜ਼ਾਦੀ ਲਈ ਮਦਦ ਮੰਗੀ। ਏਮਲੀ ਸ਼ੈਕਲ ਅਤੇ ਨੇਤਾ ਜੀ ਦੇ ਇੱਕਠੇ ਰਹਿਣ ਕਰਕੇ ਇਕ ਦੂਜੇ ਵਿਚ ਦਿਲਚਸਪੀ ਵਧ ਗਈ ਅਤੇ ਦੋਵੇਂ ਇਕ ਦੂਜੇ ਨੂੰ ਸਮਝਣ ਲਗ ਪਏ ਜਿਸਦੇ ਸਿੱਟੇ ਵਜੋਂ ਏਮਲੀ ਸ਼ੈਕਲ ਅਤੇ ਨੇਤਾ ਜੀ ਨੇ ਆਪਣੇ ਦੋ ਦੋਸਤਾਂ ਦੀ ਹਾਜ਼ਰੀ ਵਿਚ ਭਾਰਤੀ ਰੀਤੀ ਰਿਵਾਜ਼ ਅਨੁਸਾਰ ਵਿਆਹ ਕਰਵਾ ਲਿਆ। ਵਿਆਹ ਤੋਂ ਮਗਰੋਂ ਉਹ ਬਰਲਿਨ ਜਾਕੇ ਰਹਿਣ ਲੱਗ ਪਏ ਸਨ। ਨੇਤਾ ਜੀ ਨੂੰ ਜਦੋਂ ਇੱਥੋਂ ਇਨ੍ਹਾਂ ਮੁਲਕਾਂ ਤੋਂ ਕੋਈ ਬਹੁਤੀ ਮਦਦ ਦੀ ਆਸ ਨਾ ਜਾਪੀ ਤਾਂ ਉਹ 1936 ਵਿਚ ਫਿਰ ਵਾਪਸ ਭਾਰਤ ਚਲੇ ਗਏ।

ਦੁਬਾਰਾ ਉਹ ਅਫਗਾਨਿਸਤਾਨ ਅਤੇ ਰੂਸ ਤੋਂ ਹੁੰਦੇ ਹੋਏ 1941 ਵਿਚ ਫਿਰ ਯੂਰਪ ਮੁੜ ਆਏ ਅਤੇ ਏਮਲੀ ਸ਼ੈਕਲ ਨਾਲ ਰਹੇ। ਇਸ ਸਮੇਂ ਹੀ ਏਮਲੀ ਸ਼ੈਕਲ ਨੇ ਗਰਭ ਧਾਰਨ ਕੀਤਾ ਪਰ ਉਸ ਨੇ ਨੇਤਾ ਜੀ ਤੋਂ ਬਹੁਤ ਦੇਰ ਇਸ ਗੱਲ ਨੂੰ ਛੁਪਾ ਕੇ ਰਖਿਆ। ਉਹ ਡਰਦੀ ਸੀ ਕਿ ਸੁਭਾਸ਼ ਬੱਚੇ ਨੂੰ ਆਪਣੇ ਨਾਲ ਭਾਰਤ ਲੈ ਜਾਵੇਗਾ ਅਤੇ ਉਥੇ ਉਸ ਨੂੰ ਹਿੰਦੂ ਬਣਾ ਦੇਵੇਗਾ ਜਾਂ ਉਸਦਾ ਪਾਲਣ ਪੋਸ਼ਣ ਭਾਰਤੀ ਸੰਸਕਾਰਾਂ ਅਨੁਸਾਰ ਕਰਨਾ ਚਾਹੇਗਾ। ਪਰ ਨੇਤਾ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਅਜਿਹਾ ਕੋਈ ਪ੍ਰਤੀਕਰਮ ਜਾਹਰ ਨਹੀਂ ਕੀਤਾ। 29 ਨਵੰਬਰ 1942 ਨੂੰ ਜਰਮਨ ਦੇ ਇਕ ਸ਼ਹਿਰ ਔਗਸਬੁਰਗ ਵਿਚ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ ਜਿਸ ਦਾ ਨਾਂ ਉਨ੍ਹਾਂ 'ਅਨੀਤਾ' ਰਖਿਆ।

ਨੇਤਾ ਜੀ ਲਈ ਉਦੋਂ ਇਕੋ ਮੁੱਖ ਮਿਸ਼ਨ ਸੀ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਿਵੇਂ ਕਰਵਾਇਆ ਜਾਵੇ?

ਇਥੇ ਉਨ੍ਹਾਂ ਦੇਖਿਆ ਸੀ ਕਿ ਤੁਰਕੀ ਅਤੇ ਆਇਰਲੈਂਡ ਆਪਣੀ ਅਜ਼ਾਦੀ ਲਈ ਜਰਮਨ ਨਾਲ ਜੁੜੇ ਹੋਏ ਹਨ। ਨੇਤਾ ਜੀ ਦੇ ਤੇਜ਼ ਤਰਾਰ ਦਿਮਾਗ 'ਚ ਇਹ ਨਾਅਰਾ ਉਪਜਿਆ "ਮੇਰੇ ਦੁਸ਼ਮਣ ਦਾ ਦੁਸ਼ਮਣ, ਮੇਰਾ ਦੋਸਤ"। ਉਨ੍ਹਾਂ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਬਰਲਿਨ ਵਿਚ ਨਾਜੀਵਾਦੀ ਜਰਮਨਾਂ ਨਾਲ ਮਿਲ ਕੇ ਬਰਤਾਨਵੀ ਸਰਕਾਰ ਵਿਰੁੱਧ 2 ਨਵਬੰਰ 1941 ਨੂੰ ਭਾਰਤੀ ਲੀਜਨ ਬਟਾਲੀਅਨ ਲੈਜਮੈਂਟ ਬਣਾਈ। ਇਸ ਸੈਨਾ ਵਿਚ ਭਰਤੀ ਕੀਤੇ ਗਏ ਸਾਰੇ ਭਾਰਤੀ, ਬਰਤਾਨਵੀ ਫੌਜ ਦੇ ਕੈਦੀ ਸਨ, ਜਿਨ੍ਹਾਂ ਨੂੰ ਉਤਰੀ ਅਫ਼ਰੀਕਾ ਵਿਚੋਂ ਕੈਦ ਕੀਤਾ ਗਿਆ ਸੀ। ਇਸ ਦੀ ਗਿਣਤੀ 3000 ਦੇ ਕਰੀਬ ਸੀ। ਇਸ ਲੀਜਨ ਵਿਚ ਧਰਮ ਜਾਤ-ਪਾਤ ਦੇ ਅਧਾਰ ਉੱਪਰ ਕੋਈ ਵਿਤਕਰਾ ਨਹੀਂ ਸੀ। ਭਾਰਤੀ ਲੀਜਨ ਨੇਤਾ ਜੀ ਲਈ ਇਕ ਨਵੇਂ ਭਾਰਤ ਦੀ ਤਸਵੀਰ ਸੀ। ਭਾਰਤੀ ਲੀਜਨ ਨੂੰ ਜਰਮਨੀ ਫੌਜੀ ਅਫ਼ਸਰਾਂ ਨੇ ਬੜੀ ਵਧੀਆ ਟ੍ਰੇਨਿੰਗ ਦਿੱਤੀ ਸੀ। ਪਰ ਮਗਰੋਂ ਨਾਜੀਵਾਦੀਆਂ ਇਸ ਨੂੰ ਆਪਣੇ ਸਵਾਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ।

25 ਮਈ 1942 ਨੂੰ ਸੁਭਾਸ਼ ਚੰਦਰ ਬੋਸ ਹਿਟਲਰ ਨੂੰ ਮਿਲੇ ਪਰ ਹਿਟਲਰ ਨੇ ਸਾਵਲੇ ਰੰਗ ਦੇ ਸੁਭਾਸ਼ ਵਿਚ ਬਹੁਤੀ ਦਿਲਚਸਪੀ ਨਾ ਲਈ। ਸੁਭਾਸ਼ ਉਦੋਂ ਹੀ ਸਮਝ ਗਏ ਕਿ ਹਿਟਲਰ ਤੋਂ ਉਨ੍ਹਾਂ ਦਾ ਮਦਦ ਵਾਲਾ ਮਕਸਦ ਪੂਰਾ ਨਹੀਂ ਹੋਵੇਗਾ। ਉਦੋਂ ਤਾਂ ਉਹ ਸਾਫ਼ ਹੀ ਸਮਝ ਗਏ ਜਦੋਂ ਨੇਤਾ ਜੀ ਦੇ ਵਿਰੋਧ ਕਰਨ ਦੇ ਬਾਵਜੂਦ ਭਾਰਤੀ ਲੀਜਨ ਨੂੰ ਨਾਜੀਆਂ ਨੇ ਦੱਖਣੀ ਫਰਾਸ ਨਾਲ ਲੜਨ ਲਈ ਭੇਜ ਦਿੱਤਾ।
8 ਫਰਵਰੀ 1943 ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਆਪਣੀ ਡੇਢ ਮਹੀਨੇ ਦੀ ਅਨੀਤਾ ਤੇ ਏਮਲੀ ਸ਼ੈਕਲ ਨੂੰ ਦੂਜੀ ਵਾਰ ਛੱਡ ਕੇ ਚਲੇ ਗਏ। ਇਥੋਂ ਭਾਵੇਂ ਉਹ ਇਕ ਪਨਡੂਬੀ 180 ਰਾਹੀ ਆਪਣੇ ਇਕ ਸਾਥੀ ਅਬਦ ਹੁਸੈਨ ਅਤੇ 56 ਹੋਰ ਜਰਮਨੀ ਫੌਜੀਆਂ ਨਾਲ ਗੁਪਤ ਮਿਸ਼ਨ ਤੇ ਗਏ। ਜਪਾਨ ਵਿਚ ਉਨ੍ਹਾਂ ਨੇ ਅਜ਼ਾਦ ਹਿੰਦ ਫੋਜ ਦਾ ਗਠਨ ਕੀਤਾ। 1945 ਨੂੰ ਨੇਤਾ ਜੀ ਇਕ ਹਵਾਈ ਹਾਦਸੇ ਵਿਚ ਮਾਰੇ ਗਏ।

ਨੇਤਾ ਜੀ ਜਪਾਨ ਜਾਣ ਤੋਂ ਪਹਿਲਾਂ ਏਮਲੀ ਸ਼ੈਕਲ ਕੋਲ ਇਕ ਖ਼ਤ ਛੱਡ ਗਏ ਸਨ ਕਿ ਉਹ ਉਸ ਦੇ ਭਰਾ ਨੂੰ ਪੋਸਟ ਕਰ ਦੇਵੇ। ਏਮਲੀ ਨੇ ਉਹ ਖ਼ਤ ਫੋਟੋ ਕਾਪੀ ਕਰਵਾ ਕੇ ਸੁਭਾਸ਼ ਦੇ ਭਰਾ ਨੂੰ ਭੇਜਿਆ ਪਰ ਕੋਈ ਜਵਾਬ ਨਾ ਆਇਆ। ਉਨ੍ਹਾਂ ਨੇ ਦੂਸਰੀ ਵਾਰ ਫੇਰ ਫੋਟੋ ਕਾਪੀ ਕਰਵਾ ਕੇ ਭੇਜਿਆ। ਪਰ ਫਿਰ ਵੀ ਕੋਈ ਜਵਾਬ ਨਾ ਆਇਆ। ਉਸ ਵਕਤ ਡਾਕ ਵੀ ਕੋਈ ਬਹੁਤੀ ਭਰੋਸੇ ਯੋਗ ਨਹੀਂ ਸੀ। ਉਹ ਸੰਸਾਰ ਜੰਗ ਦੇ ਦਿਨ ਸਨ ਜਿਸ ਵਿਚ ਇਧਰੋਂ ਉਧਰੋਂ ਡਾਕ ਆਉਣੀ-ਜਾਣੀ ਬਹੁਤ ਮੁਸ਼ਕਲ ਸੀ। ਪਰ ਏਮਲੀ ਸ਼ੈਕਲ ਇਹ ਸੋਚਦੀ ਰਹੀ ਕਿ ਸ਼ਾਇਦ ਸੁਭਾਸ਼ ਦੇ ਰਿਸ਼ਤੇਦਾਰ ਉਸ ਨੂੰ ਪਸੰਦ ਨਹੀਂ ਕਰਦੇ ਅਤੇ ਉਸ ਨੇ ਮਿਲਣ ਦੀ ਉਮੀਦ ਛੱਡ ਦਿੱਤੀ। ਸੁਭਾਸ਼ ਦੇ ਜਾਣ ਤੋਂ ਬਾਅਦ ਏਮਲੀ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਨਾਜੀਵਾਦੀ ਫੌਜੀਆਂ ਏਮਲੀ ਦੇ ਘਰ ਦੀ ਵਾਰ ਵਾਰ ਤਲਾਸ਼ੀ ਕੀਤੀ। ਸੁਭਾਸ਼ ਚੰਦਰ ਬੋਸ ਦੀਆਂ ਸਭ ਚਿੱਠੀਆਂ ਜਬਤ ਕਰ ਲਈਆਂ। ਇਕ ਭਾਰਤੀ ਨਾਲ ਵਿਆਹ ਕਰਵਾਉਣ ਕਰਕੇ ਉਸ ਦੀ ਆਸਟਰੀਅਨ ਨਾਗਰਿਕਤਾ ਵੀ ਖੋਹ ਲਈ ਗਈ। ਜੇ ਉਹ ਉਸ ਵਕਤ ਭਾਰਤ ਜਾਂਦੀ ਤਾਂ ਹੋ ਸਕਦਾ ਸੀ ਕਿ ਉਹਨਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪੈਂਦਾ। ਸੰਸਾਰ ਜੰਗ ਚ' ਹਿਟਲਰ ਹਾਰ ਗਿਆ ਅਤੇ ਉਸ ਦੀ ਮੌਤ ਮਗਰੋਂ ਏਮਲੀ ਨੂੰ ਕੁਝ ਸੌਖਾ ਸਾਹ ਆਇਆ।

1947 ਵਿਚ ਭਾਰਤ ਨੂੰ ਅਜ਼ਾਦੀ ਮਿਲੀ। ਸੁਭਾਸ਼ ਚੰਦਰ ਬੋਸ ਦੇ ਇਕ ਸਾਥੀ ਨੇ ਏਮਲੀ ਸ਼ੈਕਲ ਬਾਰੇ ਪੰਡਤ ਜਵਾਹਰ ਲਾਲ ਨਹਿਰੂ ਨਾਲ ਗੱਲ ਕੀਤੀ ਅਤੇ ਨਹਿਰੂ ਨੇ ਅੱਗੇ ਸੁਭਾਸ਼ ਦਾ ਭਰਾ ਨੂੰ ਏਮਲੀ ਬਾਰੇ ਦੱਸਿਆ। ਫਿਰ ਸੁਭਾਸ਼ ਦਾ ਭਰਾ ਵਿਆਨਾ ਆਇਆ ਅਤੇ ਇਥੇ ਆ ਕੇ ਸੁਭਾਸ਼ ਦੀ ਬੱਚੀ ਅਨੀਤਾ ਅਤੇ ਏਮਲੀ ਨੂੰ ਮਿਲਿਆ। ਉਸ ਸਮੇਂ ਅਨੀਤਾ ਛੇ ਸਾਲਾਂ ਦੀ ਸੀ। ਉਹ ਦੋਹਾਂ ਨੂੰ ਭਾਰਤ ਲੈ ਕੇ ਗਿਆ। ਪਰ ਕੁਝ ਭਾਰਤੀਆਂ ਨੇ ਇਸ ਵਿਆਹ ਨੂੰ ਨਾ ਮਨਜ਼ੂਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਨੇਤਾ ਜੀ ਬਹੁਤ ਮਹਾਨ ਵਿਅਕਤੀ ਸਨ। ਉਨ੍ਹਾਂ ਦਾ ਔਰਤਾਂ ਨਾਲ ਕੋਈ ਸਬੰਧ ਨਹੀਂ ਸੀ। ਪਰ ਉਸ ਸਮੇਂ ਬੇਗਾਨੇ ਦੇਸ਼ ਵਿਚ ਨੇਤਾ ਜੀ ਨੂੰ ਸਮਝਣ ਵਾਲੀ ਸਿਰਫ਼ ਏਮਲੀ ਸ਼ੈਕਲ ਹੀ ਸੀ। ਜਿਵੇਂ ਭਾਰਤੀ ਬਹੁਤ ਦੇਰ ਸੁਭਾਸ਼ ਚੰਦਰ ਨੂੰ ਉਡੀਕਦੇ ਰਹੇ ਸ਼ਾਇਦ ਏਮਲੀ ਨੇ ਵੀ ਉਨ੍ਹਾਂ ਨੂੰ ਉਡੀਕਿਆ ਹੋਵੇਗਾ ਆਖ਼ਿਰ ਏਮਲੀ 1996 ਵਿਚ 86 ਸਾਲਾਂ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਈ।

ਉਨ੍ਹਾਂ ਦੀ ਧੀ ਅਨੀਤਾ ਦਾ ਕਹਿਣਾ ਹੈ ਕਿ ਭਾਵੇਂ ਮੈਨੂੰ ਆਪਣੇ ਪਿਤਾ ਨੂੰ ਜਾਨਣ ਦਾ ਮੌਕਾ ਨਹੀ ਮਿਲਿਆ ਪਰ ਮੈਨੂੰ ਮੇਰੇ ਪਿਤਾ ਦੀ ਦੁੱਖਾਂ ਭਰੀ ਜ਼ਿੰਦਗੀ, ਕੰਮਾਂ, ਕੁਰਬਾਨੀਆਂ ਅਤੇ ਉਸ ਦੀ ਮੌਤ ਬਾਰੇ ਪੂਰੀ ਜਾਣਕਾਰੀ ਹੈ। ਮੈਨੂੰ ਆਪਣੇ ਪਿਤਾ ਤੇ ਮਾਣ ਹੈ। ਅਨੀਤਾ ਨੇ ਖ਼ੁਦ ਭਾਰਤ ਅਤੇ ਆਪਣੇ ਪਿਤਾ ਸੁਭਾਸ਼ ਚੰਦਰ ਬੋਸ ਬਾਰੇ ਖੋਜ ਕੀਤੀ। ਉਹ ਅੱਜ-ਕਲ੍ਹ ਔਗਸਬੁਰਗ ਵਿਚ ਰਹਿ ਰਹੇ ਹਨ।

ਅਨੀਤਾ ਦੇ ਨਾਮ ਨਾਲ ਲੱਗਾ 'ਪਫ਼' ਉਸ ਦੇ ਪਤੀ ਦਾ ਗੋਤ ਹੈ ਜਿਸ ਨਾਲ ਉਸ ਦੀ ਮੁਲਕਾਤ ਇਕ ਭਾਰਤ ਫੇਰੀ ਦੌਰਾਨ ਹੀ ਹੋਈ ਸੀ। ਉਸ ਦੇ ਪਤੀ ਦਾ ਪੂਰਾ ਨਾਮ 'ਮਾਰਟਨ ਪਫ਼' ਹੈ ਉਹ ਵੀ ਰਾਜਨੀਤਿਕ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਹਨ ਅਤੇ ਜਰਮਨ ਦੇ ਔਗਸਬੁਰਗ ਸ਼ਹਿਰ ਦੇ ਮੰਤਰੀ ਵੀ ਰਹੇ ਹਨ। ਮਾਰਟਨ ਨੇ 1958 ਤੋਂ 1962 ਤਕ ਬੰਗਲੌਰ ਦੇ ਲਾਗੇ ਸਮਾਜ ਸੇਵਕ ਦੇ ਰੂਪ ਵਿਚ ਕੰਮ ਕੀਤਾ ਹੈ। ਉਨ੍ਹਾਂ ਉਥੇ ਇਕ ਅੰਨਿਆਂ ਦਾ ਸਕੂਲ ਬਣਾਇਆਂ। ਇਨ੍ਹਾਂ ਦੀ ਇਕ ਧੀ ਹੈ 'ਮਾਇਆ ਪਫ਼' ਜੋ ਰਿਸ਼ਤੇ ਵਜੋਂ ਸੁਭਾਸ਼ ਦੀ ਦੋਹਤੀ ਲਗਦੀ ਹੈ। ਮਾਇਆ ਦਾ ਕਹਿਣਾਂ ਹੈ ਕਿ ਪਤਾ ਨਹੀ ਕੀ ਸੋਚ ਕੇ ਉਸ ਦੀ ਨਾਨੀ ਨੇ ਸੁਭਾਸ਼ ਨਾਲ ਵਿਆਹ ਕਰਵਾਇਆ ਹੋਵੇਗਾ ਕਿਉਂਕਿ ਉਨ੍ਹਾਂ ਹਾਲਤਾਂ ਵਿਚ ਦੇਸ਼ ਦੇ ਦੁਸ਼ਮਣ ਨਾਲ ਵਿਆਹ ਕਰਵਾਉਣਾ ਬਹੁਤ ਖ਼ਤਰਨਾਕ ਗੱਲ ਸੀ। ਮਾਇਆ ਨੇ ਵੀ ਉਚ-ਪੜ੍ਹਾਈ ਵਿਆਨਾ ਵਿਚ ਹੀ ਕੀਤੀ। ਉਹ ਹੁਣ ਦੱਖਣੀ ਅਫ਼ਰੀਕਾ ਵਿਚ ਹਨ।

ਅੱਜ ਸਾਡੇ ਦੇਸ਼ ਭਗਤ ਦੀ ਔਲਾਦ ਵਿਦੇਸ਼ ਵਿਚ ਕਿਉਂ ਰੁਲ ਰਹੀ ਹੈ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
 
Top