ਭੇਤ ਖੁਲ੍ਹੇ ਤੇ ਰੁੱਸ ਗਏ ਪ੍ਰੀਤਮ ਨੂੰ

BaBBu

Prime VIP
ਜੇਕਰ ਵੱਸ ਹੁੰਦਾ ਮੇਰੇ, ਬੱਸ ਕਰਦੀ,
ਐਪਰ ਵੱਸ ਤੋਂ ਗੱਲ ਬੇਵੱਸ ਹੋਈ ।
ਕਮਲੀ ਚਿਣਗ ਨੂੰ ਰੂੰ ਲਪੇਟਦੀ ਸੀ,
ਲੂੰਬਾ ਨਿਕਲਿਆ ਸਾਰੇ ਖੜਖੱਸ ਹੋਈ ।
ਭੇਤ-ਭਾਂਡੇ ਨੂੰ ਮਰਨ ਤੇ ਭੰਨਦੀ ਨਾ,
ਐਪਰ ਹੋਣੀ ਨਿਮਾਣੀ ਦੀ ਸੱਸ ਹੋਈ ।
ਲੇਖ ਲਿਖੇ ਧੁਰ ਦੇ ਅੱਗੇ ਆਣ ਹੋਏ,
ਅੱਲਾਹ ਮਾਰਿਆਂ ਸਿਰ ਐਵੇਂ ਭੱਸ ਹੋਈ ।

ਬੰਦ ਕਲੀ ਵਾਂਗੂੰ ਸਦਾ ਬੰਦ ਰਹਿੰਦੀ,
ਜੇਕਰ ਆਸ-ਬੁਲਬੁਲ ਠੂੰਗਾ ਮਾਰਦੀ ਨਾ ।
ਜੇਕਰ ਜਾਣ ਜਾਂਦੀ ਅਸਰ ਉਲਟ ਹੁੰਦੈ,
ਭੇਤ ਦਿਲੇ ਦਾ ਖੋਲ੍ਹ ਖਿਲਾਰਦੀ ਨਾ ।

ਮੈਂ ਤੇ ਭੁੱਲ ਗਈ ਵੇ, ਡੋਲ ਡੁਲ੍ਹ ਗਈ ਵੇ,
ਧੁਰੋਂ ਭੁੱਲੀ ਨੂੰ ਤੂੰ ਭੁਲਾ ਨਾਹੀਂ ।
ਮੈਂ ਤਾਂ ਰੋੜ੍ਹ ਬੇਕਲੀ ਦੇ ਰੁੜ੍ਹ ਗਈ ਹਾਂ,
ਧੱਕਾ ਦੇ ਕੇ ਹੋਰ ਰੁੜ੍ਹਾ ਨਾਹੀਂ ।
ਦੂਤੀ ਦੁਸ਼ਮਣਾਂ ਦੇ ਆਖੇ ਲੱਗ ਸੱਜਣ,
ਤੱਤੀ ਤਪੀ ਨੂੰ ਹੋਰ ਤਪਾ ਨਾਹੀਂ ।
ਸਤੀ ਸਤੀ ਨੂੰ ਹੋਰ ਸਤਾ ਨਾਹੀਂ,
ਪੁਰ ਪੁਰ ਦੁਖੀ ਨੂੰ ਹੋਰ ਦੁਖਾ ਨਾਹੀਂ ।

ਐਵੇਂ ਚੁੱਪ ਚੁਪੀਤੜਾ ਚੁੱਪ ਨਾ ਹੋ,
ਸਾਡੇ ਨਾਲ ਆ ਕੇ ਲੜ ਰੁੱਸ ਬੀਬਾ ।
ਕਿਹੜੀ ਗੱਲ ਤੇ ਮੂੰਹ ਭਵਾ ਬੈਠੋਂ,
ਘੁੰਡੀ ਦਿਲ ਦੀ ਖੋਲ੍ਹ ਕੇ ਦੱਸ ਬੀਬਾ ।

ਮੈਨੂੰ ਜੱਗ ਦੀ ਕੱਖ ਪਰਵਾਹ ਹੈ ਨਹੀਂ,
ਨਾਲ ਸਾਕ ਤੇਰੇ ਜਦ ਤੋਂ ਜੋੜ ਬੈਠੀ ।
ਦੁਨੀਆਂ ਮੁੱਕ ਗਈ ਏ ਮੈਂਡੀ ਤੁੱਧ ਉੱਤੇ,
ਸਾਰੀ ਖ਼ਲਕ 'ਚੋਂ ਤੁੱਧ ਨੂੰ ਲੋੜ ਬੈਠੀ ।
ਬੇਪਰਵਾਹ ਹੋਈ ਤੇ ਬੇਚਾਰ ਹੋਈ,
ਰੱਸੇ ਰੱਸੀਆਂ ਸਭ ਤਰੋੜ ਬੈਠੀ ।
ਇਕ ਤੂੰ ਰਾਜ਼ੀ ਮੇਰਾ ਰੱਬ ਰਾਜ਼ੀ,
ਹੋਰ ਆਸਰੇ ਤੇ ਆਸਾਂ ਛੋੜ ਬੈਠੀ ।

ਮੇਰ ਤੇਰ ਦੇ ਵਿਚ ਵਿਛੋੜ ਪਾਇਆ,
ਇਹਨਾਂ ਕਾਜ਼ੀਆਂ : ਕੁੱਤਿਆਂ-ਕੰਮੀਆਂ ਨੇ ।
ਸੁਣੇਂ ਬੈਠ ਨਵੇਕਲਾ ਰੋ ਦੱਸਾਂ,
ਮਿਰੀਆਂ ਦਰਦ ਕਹਾਣੀਆਂ ਲੰਮੀਆਂ ਨੇ ।

ਤੈਨੂੰ ਭੁੱਲ ਗਏ ਨੇ, ਮੈਨੂੰ ਯਾਦ ਉਹ ਦਿਨ,
ਜਦੋਂ ਪ੍ਰੇਮ ਦੀ ਪੀਂਘ ਚੜ੍ਹਾਂਵਦੇ ਸਾਂ ।
ਦੋ ਦਿਸਦੇ ਸਾਂ, ਵਿਚੋਂ ਇਕ ਹੈ ਸਾਂ,
'ਕੱਠਾ ਹੱਸਦੇ ਰੋਂਵਦੇ ਗਾਂਵਦੇ ਸਾਂ ।
ਵਿੱਥ ਵਿਤਕਰਾ ਵਿਚ ਨਾ ਕੋਈ ਸਾਡੇ,
ਇਕ ਦੂਜੇ ਦਾ ਨਾਮ ਧਿਆਵੰਦੇ ਸਾਂ ।
ਮਤੇ ਨਜ਼ਰ ਜਹਾਨ ਦੀ ਲੱਗ ਜਾਏ,
ਡਰਦੇ ਕਦੀ ਅੰਦਰ ਛਿਪ ਜਾਂਵਦੇ ਸਾਂ ।

ਤਾਪ ਚੜ੍ਹੇ ਨੂੰ ਠੰਡ ਜਿਉਂ ਬੁਰੀ ਲੱਗੇ,
ਤਿਵੇਂ ਇਸ਼ਕ ਗੱਲਾਂ ਨਾ ਸੁਖਾਈਆਂ ਨੇ ।
ਵਿਥਾਂ ਵਾਲੇ ਜਹਾਨ ਨੇ ਵਿਚ ਸਾਡੇ,
ਮੇਖਾਂ ਮਾਰ ਕੇ ਤੇ ਵਿੱਥਾਂ ਪਾਈਆਂ ਨੇ ।

'ਪਹਿਲੋਂ ਅੱਗ ਲਾ ਕੇ ਹੁਣ ਅਲੱਗ ਹੋਇਉਂ,
ਬੀਬਾ ਇਹ ਨਹੀਂ ਚੰਗੜੀ ਗੱਲੜੀ ਵੇ ।
ਮੇਰਾ ਕੋਈ ਨਹੀਂ ਮੈਂ ਤੇ ਹੋਈ ਤੇਰੀ,
ਖੇਡ ਖੇਡਨੈਂ ਕਾਹਨੂੰ ਅਵੱਲੜੀ ਵੇ ।
ਚਿੱਟੇ ਚਾਨਣੇ ਤੋਂ ਕਦੀ ਚੌਂਕਦੀ ਸਾਂ,
ਰਾਤਾਂ ਕਾਲੀਆਂ ਮੈਂ ਇਕੱਲੜੀ ਵੇ ।
ਉਹਨਾਂ ਦਿਨਾਂ ਦੀ ਯਾਦ ਤੇ ਜੀਉਂਦੀ ਹਾਂ,
ਜਦੋਂ ਆਖਦਾ ਸੈਂ ਬੱਲੀ ਬੱਲੜੀ ਵੇ ।

ਮੰਨਤਾਂ ਮੰਨ ਬੈਠੀ, ਰੋਣੇ ਰੋ ਬੈਠੀ,
ਐਪਰ ਮਨ ਨਾ ਤੇਰਾ ਪਸੀਜਿਆ ਏ ।
ਸੁਣ ਕੇ ਮੌਤ ਮੇਰੀ ਖਬਰੇ ਆ ਜਾਵੇਂ,
ਹੁਣ ਤੇ ਮਰਨ ਉਤੇ ਚਿੱਤ ਰੀਝੀਆ ਏ ।

ਜੇ ਨਾ ਆਏਂਗਾ ਮੁਖ ਨਾ ਵੇਖਸੇਂਗਾ,
ਆਖੀਂ ਫੇਰ ਨਾ, ਸਾਨੂੰ ਕਿਸ ਦੱਸਿਆ ਈ ।
ਮੈਨੂੰ ਅੰਦਰੋ ਅੰਦਰੀ ਡੋਬ ਪੈਂਦੇ,
ਬ੍ਰਿਹੋਂ ਡੈਣ ਨੇ ਕਾਲਜਾ ਖੱਸਿਆ ਈ ।
ਸਾਥੋਂ ਜਦੋਂ ਦਾ ਮੁੱਖੜਾ ਮੋੜ ਗਇਉਂ,
ਮੁੱਕੀ ਰੈਣ ਨਾ ਤਦੋਂ ਦੀ ਮੱਸਿਆ ਈ ।
ਕੱਚੀ ਆਸ ਦੀ ਤੰਦ ਤੇ ਪਲਮਦੀ ਏ,
ਸਾਡੀ ਜ਼ਿੰਦਗੀ ਕਠਨ ਸਮੱਸਿਆ ਈ ।

ਅਸਾਂ ਆਪਣਾ ਹਾਲ ਬਿਆਨ ਕੀਤਾ,
ਅੱਗੋਂ ਗੱਲ ਸਾਰੀ ਤੇਰੇ ਵੱਸ ਬੀਬਾ ।
ਦੁਹੁੰ ਚਹੁੰ ਦਿਨਾਂ ਦੇ ਅਸੀਂ ਪ੍ਰਾਹੁਣੇ ਹਾਂ,
ਸੱਚੋ ਸੱਚ ਦਿੱਤਾ ਤੈਨੂੰ ਦੱਸ ਬੀਬਾ ।
 
Top