ਨੌਜਵਾਨਾਂ ਦਾ ਕਸਦ

BaBBu

Prime VIP
ਸਾਨੂੰ ਫਖਰ ਹੈ ਵੀਰ ਪ੍ਰਦੇਸੀਆਂ ਤੇ, ਰੈਹਣ ਤੜਫਦੇ ਵਤਨ ਨੂੰ ਯਾਦ ਕਰਕੇ ।
ਦੇਖ ਬਸਤੀਆਂ ਵਸਦੀਆਂ ਖੂਬ ਗੈਰਾਂ, ਆਖਣ ਛਡਾਂਗੇ ਦੇਸ ਆਜ਼ਾਦ ਕਰਕੇ ।
ਜਿਸਨੇ ਪਿੰਜਰੇ ਪਾ ਜ਼ਲੀਲ ਕੀਤਾ, ਚੈਨ ਲਵਾਂਗੇ ਜ਼ਾਲਮ ਬਰਬਾਦ ਕਰਕੇ ।
ਨਹੀਂ ਭੁਲ ਗਏ ਗ਼ਦਰੀ ਸ਼ਹੀਦ ਸਾਨੂੰ, ਬਦਲੇ ਲਵਾਂਗੇ ਖੂਬ ਜਹਾਦ ਕਰਕੇ ।
ਜਿਨ੍ਹਾਂ ਖ਼ੂਨ ਸ਼ਹੀਦ ਵੰਗਾਰਿਆ ਏ, ਉਨ੍ਹੀਂ ਰੱਖਿਆ ਪੈਰ ਮੈਦਾਨ ਅੰਦਰ ।
ਰੱਖ ਤਲੀ ਤੇ ਸੀਸ ਲਲਕਾਰ ਦਿੱਤਾ, ਨਹੀਂ ਰਹਾਂਗੇ ਏਸ ਜ਼ੰਦਾਨ ਅੰਦਰ ।

ਭਾਰਤ ਬੌਹਤ ਰੁਲਿਆ ਪੈਰਾਂ ਹੇਠ ਹੀਰਾ, ਹੇਠੀ ਹੋਰ ਸਾਥੋਂ ਝੱਲੀ ਜਾਂਵਦੀ ਨਹੀਂ ।
ਜਿਸਦੀ ਮਾਂ ਯਾ ਬਾਪ ਅਸੀਰ ਹੋਵੇ, ਜਿਉਂਦੀ ਫਿਰੇ ਔਲਾਦ ਸੁਹਾਂਵਦੀ ਨਹੀਂ ।
ਤਾਹਨੇ ਤੀਰ ਬਣਕੇ ਸੀਨਾ ਚੀਰਦੇ ਨੇ, ਜਿਗਰ ਚੈਨ ਅੱਖੀਂ ਨੀਂਦ ਆਂਵਦੀ ਨਹੀਂ ।
ਅਸੀਂ ਇਕ ਦੂੰ ਇਕ ਮੁਕਾ ਦੇਣੀ, ਕੰਗ ਰੋਜ਼ ਵਾਲੀ ਰੱਖੀ ਜਾਂਵਦੀ ਨਹੀਂ ।
ਪੈਹਲਾਂ ਕਸਮ ਜਵਾਨੀ ਦੀ ਖਾ ਕੇ ਤੇ, ਪਿਛੋਂ ਨਿਕਲੇ ਹਾਂ ਅਸੀਂ ਘਮਸਾਨ ਅੰਦਰ ।
ਬਿਨਾ ਕੌਮ ਦੇ ਵੈਰੀ ਦਾ ਖ਼ੂਨ ਪੀਤੇ, ਮੁੜਕੇ ਜਾਏ ਨਾ ਤੇਗ ਮਿਆਨ ਅੰਦਰ ।

ਸਾਡਾ ਦੇਸ਼ ਜਿਨ ਲੁਟ ਕੰਗਾਲ ਕੀਤਾ, ਖਾਣ ਪੀਣ ਤਾਈਂ ਕੀਤਾ ਤੰਗ ਸਾਨੂੰ ।
ਸਾਡੀ ਆਬਰੂ ਮਿੱਟੀ ਚਿ ਰੋਲ ਦਿੱਤੀ, ਮੂੰਹ ਦਖੌਂਦਿਆਂ ਨੂੰ ਆਵੇ ਸੰਗ ਸਾਨੂੰ ।
ਹੱਦੋਂ ਵਧ ਜ਼ਲੀਲ ਰੁਸਵਾ ਹੋਏ, ਏਸ ਜੀਉਣ ਦੀ ਕੋਈ ਨਹੀਂ ਮੰਗ ਸਾਨੂੰ ।
ਗੈਰਤ ਟੁੰਬਿਆ ਏ ਖ਼ੂਨ ਜੋਸ਼ ਦਿੱਤਾ, ਖੜੇ ਆਣ ਕੀਤਾ ਖਾਤਰ ਜੰਗ ਸਾਨੂੰ ।
ਭਗਤ, ਰਾਜ, ਸੁਖ, ਦਾਸ, ਸ਼ਹੀਦ ਹੋਏ, ਭਾਂਬੜ ਉਠਿਆ ਨੌਜਵਾਨ ਅੰਦਰ ।
ਸ਼ੋਲਾ ਪੁਰੀਆਂ ਦੇ ਜਾਨਕੋਹ ਸਾਕਿਆਂ ਨੇ, ਦੋਹੀ ਫੇਰ ਦਿੱਤੀ ਹਿੰਦੋਸਤਾਨ ਅੰਦਰ ।

ਬੰਨ੍ਹੇ ਨੌਜਵਾਨਾਂ ਨੇ ਸਿਰੀਂ ਕੱਫ਼ਨ, ਭਾਰਤ ਲਾਲਾਂ ਦੇ ਸਿਰੀਂ ਦਸਤਾਰ ਹੈ ਨਹੀਂ ।
ਨਵੇਂ ਖ਼ੂਨ ਨੇ ਮਤਾ ਏਹ ਸੋਧ ਲੀਤਾ, ਸਾਡੀ ਜਿੰਦ ਯਾ ਜ਼ਾਲਮ ਸਰਕਾਰ ਹੈ ਨਹੀਂ ।
ਨਹੀਂ ਹਿੰਦ ਦੀ ਸੱਚੀ ਔਲਾਦ ਜਿਸਦਾ, ਸੀਨਾ ਅੰਦਰੋਂ ਬੇਕਰਾਰ ਹੈ ਨਹੀਂ ।
ਪੱਥਰ ਦਿਲਾਂ ਦੇ ਥਾਂ, ਬੁਤ ਲੱਕੜੀ ਦੇ, ਅੰਦਰ ਜਿਨ੍ਹਾਂ ਦੇ ਵਤਨ ਪਿਆਰ ਹੈ ਨਹੀਂ ।
ਅਸੀਂ ਨਿਕਲੇ ਹਾਂ ਜਾਨ ਤਲੀ ਧਰਕੇ, ਪਾ ਦਿਆਂਗੇ ਜਾਨ ਬੇਜਾਨ ਅੰਦਰ ।
ਜ਼ੋਰ ਬਾਜ਼ੂ 'ਇਕਬਾਲ' ਅਜ਼ਮੌਣ ਆਏ, ਤਾਹੀਓਂ ਪਿਆ ਤਰਥੱਲ ਜਹਾਨ ਅੰਦਰ ।
 
Top