ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ

BaBBu

Prime VIP
ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ?
ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ?

ਨਾ ਮੈਂ ਜੀ ਰਹੀਆਂ, ਨਾ ਮੈਂ ਮਰ ਰਹੀਆਂ;
ਹੰਝੂ ਪੀ ਰਹੀਆਂ, ਦੁਖ ਜਰ ਰਹੀਆਂ;
ਦੁਖੀ ਹੋ ਰਹੀਆਂ, ਦੁਖੀ ਕਰ ਰਹੀਆਂ;
ਦੁਖ ਚਾਰ ਚੁਫੇਰੇ ਨੇ ਬਾਬਲੇ ਦੇ,
ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ?

ਸਿੱਧੇ ਬੋਲ ਵੀ ਸੀਨੇ 'ਚਿ ਰੜਕਦੇ ਨੇ;
ਪਲ ਪਲ ਹਾਵਾਂ ਲੰਬੂ ਪਏ ਭੜਕਦੇ ਨੇ;
ਗੱਲ ਕਰਦਿਆਂ ਸਾਹ ਵੀ ਖੜਕਦੇ ਨੇ;
ਹਰ ਦਮ ਦਿਲੇ ਦੇ ਘੇਰੇ ਨੇ ਬਾਬਲੇ ਦੇ,
ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ?

ਆਸੇ ਪਾਸੇ ਹੁਣ ਨਹਿਰਾਂ ਈ ਨਹਿਰਾਂ ਨੇ;
ਛੱਲਾਂ ਮਾਰਦੀਆਂ ਵੈਰੀ ਲਹਿਰਾਂ ਨੇ;
ਇਥੇ ਰਾਤਾਂ ਵੀ ਸਿਖ਼ਰ ਦੁਪਹਿਰਾਂ ਨੇ;
ਓਥੇ ਦਿਨ ਵੀ ਹਨੇਰੇ ਨੇ ਬਾਬਲੇ ਦੇ,
ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ?

ਧੀਆਂ ਮਾਪੇ ਸਦਾ ਹੱਥੀਂ ਟੋਰਦੇ ਨੇ;
ਇਥੇ ਕੰਮ ਕਿਸੇ ਢੱਬ ਹੋਰ ਦੇ;
ਧੱਕੇ-ਸ਼ਾਹੀ ਦੇ ਨੇ ਜ਼ੋਰ ਜ਼ੋਰ ਦੇ ਨੇ;
ਸਾਰੇ ਮਾਣ ਖਲੇਰੇ ਨੇ ਬਾਬਲੇ ਦੇ,
ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ?

ਖ਼ਾਨੇ ਸਭ ਉਮੀਦਾਂ ਦੇ ਢਹਿ ਗਏ;
ਰੋਣੇ ਉਮਰਾਂ ਦੇ ਝੋਲੀ ਪੈ ਗਏ;
ਰੁਖ ਛੱਡ ਗਏ, ਛਾਵਾਂ ਲੈ ਗਏ;
ਕਾਲੇ ਕੋਹਾਂ ਤੇ ਡੇਰੇ ਨੇ ਬਾਬਲੇ ਦੇ,
ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ?
 
Top