ਦਰਦਾਂ ਦੇ ਅਣਮੁੱਲੇ ਮੋਤੀ ਰੱਖਦਾ ਕਿਸ ਤਹਿ-ਖ਼ਾਨੇ ਵ&#26

BaBBu

Prime VIP
ਦਰਦਾਂ ਦੇ ਅਣਮੁੱਲੇ ਮੋਤੀ ਰੱਖਦਾ ਕਿਸ ਤਹਿ-ਖ਼ਾਨੇ ਵਿੱਚ ?
ਜੇ ਮੌਜ਼ੂਦ ਵਜੂਦ ਨਾ ਹੁੰਦਾ ਮੇਰਾ ਏਸ ਜ਼ਮਾਨੇ ਵਿੱਚ ।

ਅਸਾਂ ਤੇ ਦਿਲ ਦਾ ਚਾਨਣ ਜਾਤਾ, ਤੈਨੂੰ ਹੀ ਬੇਦੀਦਾ ਉਏ !
ਪਰ ਤੂੰ ਰੱਤੀ ਫ਼ਰਕ ਨਾ ਕੀਤਾ, ਅਪਣੇ ਤੇ ਬੇਗਾਨੇ ਵਿੱਚ ।

ਐਡੀ ਸ਼ੁਹਰਤ ਕਾਹਨੂੰ ਮਿਲਦੀ ਤੇਰੀ ਰਾਮ-ਕਹਾਣੀ ਨੂੰ,
ਨਾ ਮੁੜ ਮੁੜ ਮੇਰਾ ਨਾਂ ਆਉਂਦਾ, ਜੇ ਕਰ ਉਸ ਅਫ਼ਸਾਨੇ ਵਿੱਚ ।

ਕੰਨੀਂ ਮੇਰੇ ਪੈਣ ਅਵਾਜ਼ਾਂ, ਕਿਸ ਨੇ ਮੈਨੂੰ ਸੱਦਿਆ ਏ ?
ਕੌਣ ਇਹ ਲੋਕ ਗਵਾਚੇ ਹੋਏ, ਲੱਭਦਾ ਫਿਰੇ ਵੀਰਾਨੇ ਵਿੱਚ ?

ਚਾਰੇ ਕੁੰਟਾਂ ਗੂੰਜ ਰਹੀਆਂ ਨੇ, ਰਿੰਦਾਂ ਦੇ ਹੰਗਾਮੇ ਨਾਲ,
ਕੀਤਾ ਫੇਰ ਧਰੋਹ ਹੈ ਕੋਈ, ਸਾਕੀ ਨੇ ਮੈਖ਼ਾਨੇ ਵਿੱਚ ।

ਘੁੱਪ-ਹਨ੍ਹੇਰਾ ਆਲ-ਦੁਆਲੇ, ਰਾਹ ਵੀ ਕੋਈ ਸੁੱਝਦਾ ਨਾ,
ਫ਼ਾਥਾ ਕਿੰਜ ਕੁਚੱਜਾ ਹਾਂ ਮੈਂ, ਜ਼ਾਤ ਦੇ ਬੰਦੀ-ਖ਼ਾਨੇ ਵਿੱਚ ।
 
Top