ਬਾਗ਼ੀ

BaBBu

Prime VIP
ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ;
ਮੈਂ ਇਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ ।
ਮੈਂ ਦੁਨੀਆਂ ਦੀ ਹਰ ਇਕ ਬਗ਼ਾਵਤ ਦਾ ਬਾਨੀ,
ਮੈਂ ਹਰਕਤ, ਮੈਂ ਸੱਤਾ, ਮੈਂ ਚੇਤਨ ਜਵਾਨੀ ।
ਮੈਂ ਪਾਰੇ ਦਾ ਦਿਲ ਹਾਂ, ਮੈਂ ਛੱਲਾਂ ਦਾ ਹਿਰਦਾ;
ਪਹਾੜਾਂ ਦਾ ਦਿਲ ਮੇਰੇ ਨਾਹਰੇ ਤੋਂ ਘਿਰਦਾ ।
ਮੇਰੇ ਸਾਹਮਣੇ ਕੀ ਹੈ ਜ਼ਾਲਮ ਦਾ ਟੋਲਾ;
ਮੈਂ ਪਰਚੰਡ ਅਗਨੀ, ਮੈਂ ਬੇਰੋਕ ਸ਼ੁਹਲਾ ।
ਇਹ ਧੁੰਦਲੇ, ਇਹ ਮਿਟਦੇ, ਪੁਰਾਣੇ ਨਜ਼ਾਰੇ,
ਇਹ ਫਿੱਕਾ ਜਿਹਾ ਚੰਨ, ਇਹ ਬੇ-ਚਮਕ ਤਾਰੇ ।
ਮੈਂ ਸੂਰਜ ਦਾ ਬਦਲਾਂਗਾ ਹਰ ਪਹਿਲਾ ਕਾਇਦਾ-
ਨਵਾਂ ਦਿਨ, ਨਵੀਂ ਰਾਤ ਹੋਵੇਗੀ ਪੈਦਾ ।
ਮੈਂ ਅੰਬਰ ਦਾ ਪੋਲਾ ਜਿਹਾ ਚੀਰ ਸੀਨਾ,
ਤੇ ਦੁਨੀਆਂ ਨੂੰ ਦੱਸਾਂਗਾ ਕੀ ਸ਼ੈ ਹੈ ਜੀਣਾ ।
ਮੈਂ ਬਦਲੀ ਦਾ ਅਵਤਾਰ, ਬਦਲੀ ਦਾ ਰਾਗੀ;
ਮੈਂ ਆਕੀ, ਮੈਂ ਆਕੀ, ਮੈਂ ਬਾਗ਼ੀ, ਮੈਂ ਬਾਗ਼ੀ ।

ਮੇਰੀ ਖੇਡ ਨੂੰ ਤੰਗ ਹੈ ਇਹ ਜ਼ਮਾਨਾ,
ਮੇਰੀ ਖੇਡ ਤੋਂ ਦੰਗ ਹੈ ਇਹ ਜ਼ਮਾਨਾ ।
ਮੈਂ ਕਰਦਾ ਰਿਹਾ ਹਾਂ, ਇਹੋ ਮੇਰੀ ਆਦਤ,
ਹਯਾਤੀ ਦੇ ਸਭ ਪਹਿਲੂਆਂ ਵਿਚ ਬਗ਼ਾਵਤ ।
ਤਬਾਹੀ ਦੀ ਬਣ ਕੇ ਤਬਾਹੀ ਮੈਂ ਆਵਾਂ;
ਜੋ ਖ਼ਲਕਤ ਮੁਕਾਵੇ, ਮੈਂ ਉਸ ਨੂੰ ਮੁਕਾਵਾਂ ।
ਮੈਂ ਨੀਰੋ ਦਾ ਦੁਸ਼ਮਣ, ਮੈਂ ਕਾਰੂੰ ਦਾ ਵੈਰੀ,
ਮੈਂ ਇਨ੍ਹਾਂ ਲਈ ਅਯਦਹਾ, ਨਾਗ ਜ਼ਹਿਰੀ ।
ਮੇਰੇ ਡਰ ਤੋਂ ਦੁਨੀਆਂ ਦੇ ਡਰ ਨੱਸਦੇ ਨੇ;
ਮੇਰੀ ਮੁਸਕ੍ਰਾਹਟ 'ਚ ਜਗ ਵਸਦੇ ਨੇ ।
ਮੇਰੀ ਨਜ਼ਰ ਵੈਰਾਂ ਨੂੰ ਕਾਲੀ ਦਾ ਖੰਡਾ;
ਮੈਂ ਪੁਟਦਾ ਹਾਂ ਪਲ ਵਿਚ ਗ਼ਰੂਰਾਂ ਦਾ ਝੰਡਾ ।
ਬਗ਼ਾਵਤ ਦਾ ਜ਼ੱਰਾ ਜਹਾਨਾਂ ਤੇ ਭਾਰੂ;
ਮੇਰਾ ਕਤਰਾ ਕਤਰਾ ਤੁਫ਼ਾਨਾਂ ਤੇ ਭਾਰੂ ।
ਮੇਰਾ ਬੋਲ ਸ਼ਾਹਾਂ ਦੇ ਸੀਨੇ 'ਚ ਨੇਜ਼ਾ;
ਮੇਰੀ ਗਰਜ ਤੋਂ ਕੋਟ ਹਨ ਰੇਜ਼ਾ ਰੇਜ਼ਾ ।
ਮੈਂ ਕੁਤਬਾਂ ਨੂੰ ਜਾ ਜਾ ਕੇ ਗਰਮਾ ਦਿਆਂਗਾ;
ਮੈਂ ਭੋਂ ਨਾਲ ਅੰਬਰ ਨੂੰ ਟਕਰਾ ਦਿਆਂਗਾ !
ਮੇਰਾ ਹੁਕਮ ਸੁਣਕੇ ਮੋਈ ਦੁਨੀਆਂ ਜਾਗੀ;
ਮੈਂ ਆਕੀ, ਮੈਂ ਆਕੀ, ਮੈਂ ਬਾਗ਼ੀ, ਮੈਂ ਬਾਗ਼ੀ ।

ਮੇਰੇ ਜੀ 'ਚ ਜੋ ਕੁਝ ਭੀ ਆਏ ਕਰਾਂਗਾ;
ਮੈਂ ਗ਼ਮ ਤੇ ਖ਼ੁਸ਼ੀ ਦੇ ਸਮੁੰਦਰ ਤਰਾਂਗਾ ।
ਗ਼ੁਲਾਮੀ ਦੀ ਹਰ ਤਾਰ, ਹਰ ਸਾਜ਼ ਮੁਰਦਾ;
ਗ਼ੁਲਾਮੀ ਦਾ ਹਰ ਤਖ਼ਤ, ਹਰ ਤਾਜ ਮੁਰਦਾ ।
ਇਹ ਖ਼ੁਦਗ਼ਰਜ਼ ਮੰਦਰ, ਇਹ ਲੋਭੀ ਦਿਓਤੇ;
ਇਹ ਦੌਲਤ ਦੇ ਪੂਜਕ, ਇਹ ਕਾਰੂੰ ਦੇ ਪੋਤੇ ।
ਇਹ ਮੱਥੇ ਦੇ ਵੱਟਾਂ ਦੇ ਮੂਸਲ, ਇਹ ਸਾੜੇ,
ਇਹ ਚੜ੍ਹਦੇ ਹੋਏ ਨੱਕ ਤਿਖੇ ਕੁਹਾੜੇ ।
ਮਸੰਦਾਂ ਦੀ ਮਜਲਸ ਸ਼ਰਾਰਤ ਦੀ ਮਹਿਫ਼ਲ,
ਮੈਂ ਇਨ੍ਹਾਂ ਦੀ ਦੁਨੀਆਂ 'ਚ ਪਾਵਾਂਗਾ ਹਲਚਲ ।
ਮੈਂ ਇਨ੍ਹਾਂ ਲਈ ਬਣ ਕੇ ਭੂਚਾਲ ਆਵਾਂ;
ਇਹ ਡਿੱਗਣ, ਮੈਂ ਅੰਬਰ ਤੋਂ ਲੱਖ ਬਿਜਲੀ ਪਾਵਾਂ ।
ਮੈਂ ਲਾਸਾ, ਮੈਂ ਭਾਬੜ, ਮੈਂ ਅਣਬੁਝ ਜਵਾਲਾ;
ਮੈਂ ਜ਼ਾਲਮ ਲਈ ਮੌਤ ਵਿਚ ਬੁਝਿਆ ਭਾਲਾ ।
ਮੈਂ ਉਹ ਬਾਣ ਜੈਦਰਥ ਲਈ ਜੋ ਸੀ ਤਣਿਆਂ;
ਮੈਂ ਉਹ ਤੀਰ ਜੋ ਕ੍ਰਿਸ਼ਨ ਦੀ ਮੌਤ ਬਣਿਆਂ ।
ਮੇਰੇ ਸਾਹਮਣੇ ਹੇਚ ਹੈ ਸਭ ਚਲਾਕੀ;
ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ ।

ਮੈਂ ਇਕ ਇਨਕਲਾਬੀ ਖ਼ੁਦਾ ਹਾਂ, ਖ਼ੁਦਾ ਹਾਂ;
ਮੈਂ ਹਰ ਗ਼ਦਰ ਦੇ ਭੁੜਕਵੇਂ ਦਿਲ ਦਾ ਚਾ ਹਾਂ ।
ਮੈਂ ਨਚਦਾ ਹਾਂ ਪਰ ਅਪਣੇ ਤਾਲਾਂ ਤੇ ਹਰਦਮ;
ਮੈਂ ਨਿਰਭੈ, ਮੈਂ ਬੇ-ਖ਼ੌਫ਼, ਨਿਸਚਿੰਤ, ਬੇ-ਗ਼ਮ ।
ਮੇਰਾ ਕੰਮ ਹਰ ਦਿਲ ਨੂੰ ਆਜ਼ਾਦ ਕਰਨਾ,
ਤੇ ਹਰ ਆਸ ਦਾ ਬਾਗ਼ ਆਬਾਦ ਕਰਨਾ ।
ਮੇਰਾ ਇਕ ਇਸ਼ਾਰਾ ਜ਼ਮੀਨਾਂ ਉਥੱਲੇ;
ਮੇਰੀ ਨਜ਼ਰ ਅੰਬਰ ਦੇ ਵਰਕੇ ਪਥੱਲੇ ।
ਮੇਰਾ ਹੁਕਮ ਸੁਣ ਕੇ ਸਮਾਂ ਚੱਲਦਾ ਏ,
ਮੇਰਾ ਰਾਗ ਸਾਰੀ ਫ਼ਜ਼ਾ ਮੱਲਦਾ ਏ ।
ਸ਼ਤਾਨਾਂ ਲਈ ਕਾਲ ਆਇਆ ਹਾਂ ਬਣ ਕੇ;
ਮਸੂਮਾਂ ਲਈ ਢਾਲ ਆਇਆ ਹਾਂ ਬਣ ਕੇ ।
ਮੈਂ ਹਰ ਥਾਂ ਨਵਾਂ ਯੁਗ ਵਰਤਾ ਦਿਆਂਗਾ;
ਮੈਂ ਇੱਟ ਨਾਲ ਇੱਟ 'ਹੁਣ' ਦੀ ਖੜਕਾ ਦਿਆਂਗਾ ।
ਮੇਰੇ ਸਾਹਮਣੇ ਕਲਗ਼ੀਆਂ, ਕਲਸ ਕੰਬਣ;
ਮੇਰੇ ਸਾਹਮਣੇ ਥੰਮ ਤਾਕਤ ਦੇ ਲਰਜ਼ਨ ।
ਮੈਂ ਸੀਨਾ ਹਾਂ ਇਕ ਖੋਜ ਭਰਿਆ ਕਪਲ ਦਾ;
ਮੈਂ ਇਕ ਮਰਦ ਕਾਮਲ ਹਾਂ ਦੁਨੀਆਂ ਦੇ ਵੱਲ ਦਾ ।
ਮੈਂ ਗੌਤਮ, ਮੈਂ ਰੂਸੋ, ਮੈਂ ਲੈਨਿਨ ਦੀ ਚਾਹਤ,
ਮੈਂ ਹਾਂ ਮਾਰਕਸ ਦੀ ਖ਼ੁਦਾਈ ਦੀ ਦੌਲਤ ।
ਮੇਰੇ ਨਾਂ ਤੋਂ ਕੰਬਣ ਪੈਗ਼ੰਬਰ, ਤਿਆਗੀ;
ਮੈਂ ਆਕੀ, ਮੈਂ ਆਕੀ, ਮੈਂ ਬਾਗ਼ੀ, ਮੈਂ ਬਾਗ਼ੀ ।

ਮੈਂ ਇਨਸਾਫ਼ ਦਾ ਦੇਵਤਾ ਸਭ ਦਾ ਸਾਂਝਾ;
ਮੈਂ ਅਣਥੱਕ ਪ੍ਰੇਮੀ, ਮੈਂ ਕੁਦਰਤ ਦਾ ਰਾਂਝਾ ।
ਮੈਂ ਫੁੱਲਾਂ ਤੇ ਕਲੀਆਂ ਨੂੰ ਦੇਂਦਾ ਹਾਂ ਖੇੜਾ;
ਜ਼ਮਾਨੇ ਦੀ ਰਗ ਰਗ 'ਚ ਹੈ ਮੇਰਾ ਗੇੜਾ ।
ਮੈਂ ਮੋਰਾਂ ਦੇ ਸੀਨੇ 'ਚ ਹਾਂ ਨਾਚ ਦਾ ਚਾਅ;
ਮੈਂ ਸ਼ਾਗਿਰਦ ਦੇ ਦਿਲ 'ਚ ਹਾਂ ਜਾਚ ਦਾ ਚਾਅ ।
ਮੈਂ ਹਰ ਕਾਢ ਦੇ ਰਾਹ 'ਚ ਰੋਸ਼ਨ ਸਤਾਰਾ,
ਮੇਰੀ ਰੋਸ਼ਨੀ ਦਾ ਦਿਲਾਂ ਵਿਚ ਖਿਲਾਰਾ ।
ਮੈਂ ਉਠਦੇ ਅਸਾਰਾਂ 'ਚ ਜਿੰਦ ਪਾਉਣ ਵਾਲਾ;
ਮੈਂ ਬਦਲੀ ਦੇ ਸੋਹਲੇ ਸਦਾ ਗਾਉਣ ਵਾਲਾ ।
ਕਦੀ ਭੀ ਕਿਸੇ ਤੋਂ ਨਹੀਂ ਹਾਰਿਆ ਮੈਂ;
"ਕਦੀ ਭੀ ਨਾ ਹਾਰਾਂਗਾ !" ਲਲਕਾਰਿਆ ਮੈਂ ।
ਮੈਂ ਇਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ ।
ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ ।
 
Top