ਰਾਹਗੀਰ

1.
ਪੈੜ ਯਾਰ ਦੀ ਤੇ ਚੱਲਦਾ ,
ਸੀ ਸ਼ਹਿਰ ਆਪਣਾ ਭੁੱਲ ਗਿਆ,
ਇਸ਼੍ਕ਼ੇ ਦੇ ਵਿਹੜੇ ਦਾ ,
ਬਾਰ ਜਿਵੇਂ ਕੋਈ ਖੁੱਲ ਗਿਆ ,
ਇਸ਼੍ਕ਼ੇ ਦੀ ਗਾਗਰ ਦਾ ,
ਛਲਕਦਾ ਨੀਰ ਹਾਂ ਮੈਂ
ਕਿਓਂਕਿ ,
ਰਾਹਗੀਰ ਹਾਂ ਮੈਂ........
2.
ਸਮੇਂ ਦਾ ਸੀ ਸਾਕ ਹੰਡਾਉਂਦਾ,
ਬਿਰਖਾਂ ਦੇ ਨਾਲ ਮੈਂ ,
ਬੋਹੜ ਬਣ ਸੁਣੇ ਨੇ ,
ਰੁੱਤਾਂ ਦੇ ਦੁੱਖ ਹਾਲ ਮੈਂ ,
ਇਤਿਹਾਸ ਨੂ ਬਿਆਨਦੀ,
ਸਮੇਂ ਦੀ ਤਸਵੀਰ ਹਾਂ ਮੈਂ ,
ਕਿਓਂਕਿ ,
ਰਾਹਗੀਰ ਹਾਂ ਮੈਂ........
3.
ਸਾਉਣ 'ਚ ਮਦਹੋਸ਼ ਹੋਇਆ ,
ਵੈਰਾਗੀ ਮੈਂ ਮੋਰ ਹਾਂ ,
ਦੇਸ਼ ਲਈ ਕੁਰਬਾਨ ਹੋਈਆਂ,
ਅਖੀੱਆਂ ਦੀ ਚਕੋਰ ਹਾਂ,
ਸਮੇਂ ਦੀ ਧਾਰ ਵਾਹੀ ,
ਪੱਥਰ ਤੇ ਲਕੀਰ ਹਾਂ ਮੈਂ ,
ਕਿਓਂਕਿ ,
ਰਾਹਗੀਰ ਹਾਂ ਮੈਂ........
4.
ਹੁਸਨਾ ਦੇ ਵਲ ਵੇਖ ,
ਕਦੇ ਅਖੀਆਂ ਦਾ ਮੁਰੀਦ ਬਣਿਆ,
ਮੋਹਰਾਂ ਦਾ ਮੁੱਲ ਵੇਖ ,
ਕਦੇ ਗੰਗੂ ਮੈਂ ਖ਼ਰੀਦ ਬਣਿਆ,
ਸਿਓਂਕ ਲੱਗੇ ਸਮਾਜ 'ਚ,
ਵਸਦਾ ਪਨਾਹਗੀਰ ਹਾਂ ਮੈਂ,
ਕਿਓਂਕਿ ,
ਰਾਹਗੀਰ ਹਾਂ ਮੈਂ........
5.
ਖੁਸ਼ਿਆ ਚ ਕੱਤ ਹੋਇਆ ,
ਸੱਦਰਾਂ ਦਾ ਤੰਦ ਹਾਂ ,
ਵਿਛੜੇ ਰੰਝੇਟੇ ਲਈ ,
ਪੁੰਨਿਆ ਦਾ ਚੰਦ ਹਾਂ ,
ਬਿਰਹੇ ਦੀ ਸੌਂਕਣ ਹੋਈ ,
ਚੰਦਰੀ ਹੀਰ ਹਾਂ ਮੈਂ ,
ਕਿਓਂਕਿ ,
ਰਾਹਗੀਰ ਹਾਂ ਮੈਂ........
6.
ਯਾਰੀਆਂ ਦਾ ਮੁੱਲ ਪੁਆਉਂਦੀ, ਅਣਮਿੱਥੀ ਕਿਆਸ ਹਾਂ ,
ਉਮਰ ਦੇ ਤੁਫਾਨਾਂ ਲਿਆਈ ,
ਲਾਲਚੀ ਪਿਆਸ ਹਾਂ,
ਹਰ ਇਕ ਦੇ ਜਹਿਨੀ ਉਤਰਦੀ,
ਸੁਲਗਦੀ ਤਹਿਸੀਰ ਹਾਂ ਮੈਂ ,
ਕਿਓਂਕਿ ,
ਰਾਹਗੀਰ ਹਾਂ ਮੈਂ........
7.
ਭੁੱਖ ਦਾ ਮੁੱਲ ਪਾ ,
ਫਾਇਦਾ ਮੈਂ ਚੁੱਕ ਲਾਂ ,
ਹਾਅ ਦੇ ਡਰ ਤੋਂ ,
ਕਿਵੇਂ ਮੈਂ ਰੁਕ ਲਾਂ ,
ਹਾਕਮਾਂ ਦਾ ਥਾਪਿਆ,
ਸਿਆਣਾ ਵਜੀਰ ਹਾਂ ਮੈਂ ,
ਕਿਓਂਕਿ ,
ਰਾਹਗੀਰ ਹਾਂ ਮੈਂ........
8. ਜਹਿਨਾ ਨੂ ਜ਼ਖਮੀ ਕਰ,
ਸਮਾਜ ਦੀ ਪੂਜਾ ਕਰਾਂ ,
ਸੁਬਹ ਦਰਬਾਰ ਜਾ ਕੇ ,
ਸ਼ਾਮ ਨੂੰ ਪਾਪ ਮੌਜਾਂ ਕਰਾਂ ,
ਧੀਆਂ ਵੀ ਕੁੱਖ ਚ ਮਾਰਾਂ,
ਵਹਿਸ਼ੀ ਸਰੀਰ ਹਾਂ ਮੈਂ ,
ਕਿਓਂਕਿ ,
ਰਾਹਗੀਰ ਹਾਂ ਮੈਂ........
9.
ਚੌਂਹ ਕੁ ਧੋਖੇਬਾਜਾਂ ਕਾਰਣ,
ਮੈਂ ਵੀ ਕਾਫ਼ਿਰ ਬਣਿਆ,
ਲਖ ਸਮਝਾਇਆਂ ਵੀ ,
ਇਨਸਾਨ ਕੋਈ ਨਾ-ਫਿਰ ਬਣਿਆ,
ਅੱਕ ਦੇ ਹੇਠ ਉੱਗੀ ,
ਨਿੱਕੀ ਜਿਹੀ ਤਵਾਸੀਰ ਹਾਂ ਮੈਂ ,
ਕਿਓਂਕਿ ,ਰਾਹਗੀਰ ਹਾਂ ਮੈਂ........
10.ਕਲਮ ਦੀ ਮਾਰ ਕਰਦਾ ,
ਮੁੱਢ ਤੋਂ ਹੀ ਆਇਆਂ ਹਾਂ,
ਕਦੇ ਖੂਨੀ ਪਿਆਸ ਮਿਟਾਉਂਦਾ ,
ਤਲਵਾਰ ਦਾ ਮੈਂ ਜਾਇਆ ਹਾਂ ,
ਜ਼ੁਲਮਾ ਨੂੰ ਲਤਾੜਦਾ,
ਬਾਗੀ ਵੀਰ ਹਾਂ ਮੈਂ ,
ਕਿਓਂਕਿ ,
ਰਾਹਗੀਰ ਹਾਂ ਮੈਂ........



ਮਨਦੀਪ ਸੋਹਲ
 
Top