ਅਧੂਰੀ ਕਹਾਣੀ

ਕਦੇ ਬਿਰਹੋਂ ਦੀ ਹੂਕ ਨਾ ਉਸਦੇ ਦਿਲ'ਨੇ ਪਛਾਣੀ ,
ਕੱਚਿਆਂ ਰਾਹਾਂ ਦੀ ਜੀਹਦੇ ਲਈ ਖਾ਼ਕ ਮੈਂ ਛਾਣੀ ।

ਹਿਜ਼ਰਤ ਨਾ ਕੀਤੀ ਹਿਜ਼ਰ 'ਚ ਦਰਦਾਂ ਦੇ ਪੰਛੀ ਨੇ ,
ਭਾਵੇਂ ਨੈਣਾਂ ਦੀਆਂ ਝੀਲਾਂ ਚੌਂ ਸੁੱਕਦਾ ਰਿਹਾ ਪਾਣੀ ।

ਕਦੇ ਤਾਂ ਕਦੇ ਦਿਲ ਓਹਦਾ ਜਿਕਰ ਕਰੇਗਾ ਜਰੂਰ ,
ਛੱਡ ਗਿਆ ਜੋ ਦੋਸਤ ਲਿਖਦਾ ਅਧੂਰੀ ਏ ਕਹਾਣੀ।

ਬੇਦਰਦੀ ਨਾਲ ਬੇਦਰਦ ਲੋਕ ਵੱਢ ਕਿਉਂ ਸੁੱਟਦੇ ਨੇ,
ਜਿਹੜੇ ਰੱਬ ਵਰਗੇ ਰੁੱਖਾਂ ਦੀ ਓਹਨਾਂ ਛਾਂ ਹੈ ਮਾਣੀ ।

ਚੱਲ ਬੇਵਫਾਈ ਹੀ ਕਰਕੇ ਇੱਕ ਵਾਰ ਦੇਖ ਲੈ,
ਤੇਰੀ ਵਫ਼ਾ ਕੀਤੀ ਦੀ ਤਾਂ ਕਿਸੇ ਇੱਥੇ ਕਦਰ ਨਾ ਜਾਣੀ।

ਖਾਲੀ ਨਾ ਰਿਹਾ ਦਰਦ ਤੋਂ ਮੇਰੇ ਦਿਲ ਦਾ ਕੋਈ ਕੋਨਾ ,
ਮੁੜਦੀ ਰਹੀ ਮੁੱਹਬੱਤ ਤੱਕ ਤੱਕ ਝੀਥਾਂ ਦੇ ਥਾਣੀ ।

ਉੱਡ ਗਿਆ ਪਰਿੰਦਾ ਦੋ ਪਲ ਦੀ ਮੌਜ਼ ਓੱਥੇ ਮਾਣਕੇ ,
ਕੀ ਜਾਣੇ ਉਹ ਕਿੰਨਾ ਚਿਰ ਰਹੀ ਕੰਬਦੀ ਸੀ ਟਾਹਣੀ।

ਲਟਕਦਾ ਰਿਹਾ ਹਾਂ ਸਲ਼ੀਬਾਂ ਤੇ ਜੁਗਾਂ ਤੋਂ ਸੱਚ ਬਣ ਕੇ ,
ਫਿਰ ਵੀ ਨਾ ਕਦੇ ਸੁਲਝੀ ਇਹ ਉਲਝੀ ਹੋਈ ਤਾਣੀ ।
 
Top