Bhardwaj Ramesh
Member
ਗਜ਼ਲ
ਗਮਾਂ ਦਾ ਗੀਤ ਜੋ ਲਿਖਆ,ਉਹ ਗਾਇਆ ਨਾ ਗਿਆ ਮੈਥੋਂ l
ਕਿ ਦਿਲ ਦਾ ਦਰਦ ਤੇ ਹਉਕਾ, ਸੁਣਾਇਆ ਨਾ ਗਿਆ ਮੈਥੋਂ l
ਹੈ ਰੂਹ ਪਿਆਸੀ ਤੇ ਤਨ ਥੱਕਿਆ,ਅਤੇ ਮਨ ਭਟਕਦਾ ਮੇਰਾ,
ਕਦੇ ਸੰਤਾਪ ਇਹਨਾ ਦਾ, ਵੰਡਾਇਆ ਨਾ ਗਿਆ ਮੈਥੋਂ l
ਮੈਂ ਲਫ਼ਜਾਂ ਨੂੰ ਪਿਲਾਵਾਂ ਰਤ, ਨਮੀ ਅੱਖੀਆਂ ਦੀ ਵੀ ਦੇਵਾਂ,
ਇਨ੍ਹਾ ਦੀ ਪਿਆਸ ਨੂੰ ਹਰਗਿਜ, ਬੁਝਾਇਆ ਨਾ ਗਿਆ ਮੈਥੋਂ l
ਕਦੇ ਤਲਵਾਰ ਬਣ ਜਾਂਦੇ, ਕਦੇ ਇਹ ਮਲ੍ਹਮ ਬਣਦੇ ਨੇ,
ਕਦੇ ਪਰ ਭੇਦ ਲਫਜਾਂ ਦਾ,ਕਿ ਪਾਇਆ ਨਾ ਗਿਆ ਮੈਥੋਂ l
ਲਿਆਂਵਾਂ ਤੋੜ ਕੇ ਤਾਰੇ ,ਰਿਹਾ ਇਹ ਸ਼ੁਗਲ ਹੈ ਮੇਰਾ,
ਕਿ ਰਾਹਾਂ ‘ਚੋਂ ਕੋਈ ਪੱਥਰ, ਉਠਾਇਆ ਨਾ ਗਿਆ ਮੈਥੋਂ l
ਸਿਵੇ ਆਏ ਘਰਾਂ ਨੇੜੇ ,ਨਾ ਇਹ ਸ਼ਮਸ਼ਾਨ ਤਕ ਸੀਮਤ,
ਇਨ੍ਹਾ ਦਾ ਫਾਸਲਾ ਹੀ ਪਰ, ਘਟਾਇਆ ਨਾ ਗਿਆ ਮੈਥੋਂ l
ਛਬੀਲਾਂ ਲਾ ਰਿਹਾ ਹਾਂ ਮੈਂ, ਜਿਨ੍ਹਾ ਦੀ ਮੌਤ ਦੇ ਮਗਰੋਂ,
ਉਨ੍ਹਾ ਨੂੰ ਜਿਉਂਦਿਆਂ ਪਾਣੀ, ਪਿਲਾਇਆ ਨਾ ਗਿਆ ਮੈਥੋਂ l
ਰਹੇ ਹੁਣ ਖੌਫ਼ ਦਾ ਪਹਿਰਾ, ਸਦਾ ਸੋਚਾਂ ਦੇ ਪੰਛੀ ਤੇ,
ਪਰਾਂ ਵਿਚ ਹੌਸਲਾ ਭਰ ਕੇ, ਉਡਾਇਆ ਨਾ ਗਿਆ ਮੈਥੋਂ l
ਆਰ.ਬੀ.ਸੋਹਲ