ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਲੋਕ-ਪ੍ਰਧਾਨ &#26

[JUGRAJ SINGH]

Prime VIP
Staff member
ਨਵੀਂ ਦਿੱਲੀ, 13 ਜਨਵਰੀ (ਏਜੰਸੀ)-ਭਾਜਪਾ ਦੇ ਪ੍ਰਧਾਨਮੰਤਰੀ ਅਹੁਦੇ ਲਈ ਉਮੀਦਵਾਰ ਸ੍ਰੀ ਨਰਿੰਦਰ ਮੋਦੀ 'ਤੇ ਅਸਿੱਧੇ ਤੌਰ 'ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਤਾਕਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਧਰਮ ਨਿਰਪੱਖ ਸਿਧਾਤਾਂ ਦੇ ਖਿਲਾਫ ਕੰਮ ਕਰਦੀਆਂ ਹਨ। ਉਨ੍ਹਾਂ ਯੂ. ਪੀ. ਏ. ਸਰਕਾਰ ਦੇ ਦੌਰਾਨ ਘੱਟ ਗਿਣਤੀ ਵਰਗ ਦੇ ਲੋਕਾਂ ਲਈ ਨੌਕਰੀਆਂ 'ਚ ਵਧੀ ਭਾਗੀਦਾਰੀ, ਕਰਜ਼ਾ ਅਤੇ ਕਲਿਆਣਕਾਰੀ ਯੋਜਨਾਵਾਂ ਅਤੇ ਮੁਸਲਮਾਨਾਂ ਦੇ ਸਮਾਜਿਕ ਤੇ ਆਰਥਿਕ ਪੱਛੜੇਪਨ ਦੇ ਹੱਲ ਦੇ ਲਈ ਆਪਣੀ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਹੋਇਆ ਘੱਟ ਗਿਣਤੀ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਸੂਬਾਈ ਘੱਟ ਗਿਣਤੀ ਕਮਿਸ਼ਨਾਂ ਦੇ ਇਕ ਸੰਮੇਲਨ 'ਚ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦੀ ਸ਼ਕਤੀ ਏਕਤਾ ਵਿਚ ਹੈ। ਉਨ੍ਹਾਂ ਲੋਕਾਂ ਨੂੰ ਫੁੱਟ ਪਾਊ ਤਾਕਤਾਂ ਨੂੰ ਲੈ ਕੇ ਸਾਵਧਾਨ ਕੀਤਾ।
ਉਨ੍ਹਾਂ ਕਿਹਾ ਦੇਸ਼ ਦੇ ਰੂਪ 'ਚ ਭਾਰਤ ਦੇ ਲਈ ਧਰਮਨਿਰਪੱਖਤਾ ਸਦੀਆਂ ਤੋਂ ਇਕ ਜੀਵਨ ਸ਼ੈਲੀ ਰਹੀ ਹੈ, ਸਾਨੂੰ ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਧਰਮ ਨਿਰਪੱਖਤਾ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਦੇ ਜ਼ਰੀਏ ਭਾਰਤ ਦੇ ਧਰਮ ਨਿਰਪੱਖ ਸਿਧਾਂਤ ਦੇ ਖਿਲਾਫ ਕੰਮ ਕਰਦੇ ਹਨ। ਸਾਨੂੰ ਅਜਿਹੀਆਂ ਤਾਕਤਾਂ ਤੋਂ ਵੀ ਚੁਕੰਨੇ ਰਹਿਣਾ ਚਾਹੀਦਾ ਹੈ, ਜੋ ਸਮਾਜ ਨੂੰ ਵੰਡਣ ਦੇ ਲਈ ਸਾਡੀ ਵੰਨ-ਸੁਵੰਨਤਾ ਨੂੰ ਧਰਮ, ਭਾਸ਼ਾ ਤੇ ਸੰਸਕ੍ਰਿਤੀ ਵਿਚ ਵੰਡਣਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਮਨਮੋਹਨ ਸਿੰਘ ਅਤੇ ਮੋਦੀ ਦੇ ਵਿਚਾਲੇ ਕੁਝ ਦਿਨਾਂ ਤੋਂ ਵਾਕ ਯੁੱਧ ਚੱਲ ਰਿਹਾ ਹੈ ਅਤੇ ਦੋਵੇਂ ਹੀ ਵੱਖ-ਵੱਖ ਮੰਚਾਂ ਤੋਂ ਇਕ-ਦੂਸਰੇ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸੱਚਰ ਕਮੇਟੀ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਦੀਆਂ 76 ਸਿਫਾਰਿਸ਼ਾਂ ਵਿਚੋਂ 72 ਨੂੰ ਸਵੀਕਾਰ ਕਰ ਲਿਆ ਹੈ। ਰਿਪੋਰਟ 'ਚ ਮੁਸਲਮਾਨਾਂ ਦੇ ਸਮਾਜਿਕ-ਆਰਥਿਕ ਅਤੇ ਵਿੱਦਿਅਕ ਖੇਤਰ 'ਚ ਪੱਛੜੇਪਨ ਦੀ ਜਾਣਕਾਰੀ ਦਿੱਤੀ ਗਈ ਸੀ। ਕਮੇਟੀ ਦੀਆਂ ਜ਼ਿਆਦਾਤਾਰ ਚਿੰਤਾਵਾਂ ਨੂੰ ਪ੍ਰਧਾਨ ਮੰਤਰੀ ਦੇ ਨਵੇਂ 15 ਸੂਤਰੀ ਪ੍ਰੋਗਰਾਮ ਦੇ ਜ਼ਰੀਏ ਹੱਲ ਕੀਤਾ ਗਿਆ ਹੈ। ਨੌਕਰੀਆਂ 'ਚ ਮੁਸਲਮਾਨਾਂ ਲਈ ਰਾਖਵੇਂਕਰਨ ਦਾ ਮੁੱਦਾ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਅਸੀ ਘੱਟ ਗਿਣਤੀਆਂ ਦੇ ਪੱਖ 'ਚ ਸਕਾਰਾਤਮਕ ਕਾਰਵਾਈ ਕਰਨ ਦੇ ਲਈ ਨਿੱਜੀ ਖੇਤਰ ਨੂੰ ਕੁਝ ਹੱਦ ਤੱਕ ਰਾਜੀ ਕਰ ਚੁੱਕੇ ਹਾਂ।
ਅੱਜ ਇਥੇ ਸੂਬਾਈ ਘੱਟ ਗਿਣਤੀ ਵਰਗ ਕਮਿਸ਼ਨਾਂ ਦੇ ਸੰਮਲੇਨ ਦੌਰਾਨ ਬੋਲਦਿਆਂ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕੇ. ਰਹਿਮਾਨ ਖਾਨ ਨੇ ਕਿਹਾ ਕਿ ਘੱਟ ਗਿਣਤੀ ਵਰਗ ਨੂੰ ਉਨ੍ਹਾਂ ਦੇ ਜਾਇਜ਼ ਅਧਿਕਾਰਾਂ ਤੋਂ ਵਾਂਝਾ ਰੱਖਣ ਲਈ ਸੰਵਿਧਾਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਖਾਨ, ਜੋ ਕਿ ਅਕਸਰ ਹੀ ਘੱਟ ਗਿਣਤੀ ਵਰਗ ਲਈ ਰਾਖਵੇਂਕਰਨ ਦੇ ਉਪਾਸਕ ਹਨ, ਨੇ ਕਿਹਾ ਕਿ ਹੁਣ ਇਕ ਨਵਾਂ ਹੀ ਰੁਝਾਨ ਚੱਲ ਪਿਆ ਹੈ, ਜਿਸ ਵਿਚ ਘੱਟ ਗਿਣਤੀ ਵਰਗ ਨੂੰ ਜਾਇਜ਼ ਅਧਿਕਾਰਾਂ ਤੋਂ ਵਾਂਝਾ ਰੱਖਣ ਲਈ ਧਰਮ ਨੂੰ ਆਧਾਰ ਬਣਾ ਕੇ ਸੰਵਿਧਾਨ ਨੂੰ ਗਲਤ ਅਰਥਾਂ 'ਚ ਪੇਸ਼ ਕੀਤਾ ਜਾਂਦਾ ਹੈ ਜਦਕਿ ਸੰਵਿਧਾਨ ਦੀ ਧਾਰਾ 15 ਅਤੇ 16 ਕਿਸੇ ਵੀ ਧਰਮ 'ਤੇ ਆਧਾਰਿਤ ਨਹੀਂ ਹੈ।
 
Top