ਜੰਮੂ-ਕਸ਼ਮੀਰ 'ਚ ਸੜਕੀ ਅਤੇ ਹਵਾਈ ਸੇਵਾਵਾਂ ਠੱਪ

[JUGRAJ SINGH]

Prime VIP
Staff member


ਸ੍ਰੀਨਗਰ, (ਮਨਜੀਤ ਸਿੰਘ)-ਜੰਮੂ ਅਤੇ ਕਸ਼ਮੀਰ 'ਚ ਹੋਈ ਭਾਰੀ ਬਰਫ਼ਬਾਰੀ ਕਾਰਨ ਇਥੇ ਵੀ ਆਮ ਜਨਜੀਵਨ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਅਤੇ ਨਾਲ ਹੀ ਸੂਬਾ ਸੜਕੀ ਅਤੇ ਹਵਾਈ ਸੇਵਾਵਾਂ ਬੰਦ ਹੋ ਜਾਣ ਕਾਰਨ ਬਾਕੀ ਦੇਸ਼ ਨਾਲੋਂ ਕੱਟ ਕੇ ਰਹਿ ਗਿਆ | ਬੀਤੀ ਸ਼ਾਮ ਤੋਂ ਹੋ ਰਹੀ ਬਰਫ਼ਬਾਰੀ ਕਾਰਨ ਪੂਰੀ ਵਾਦੀ 'ਚ ਬਿਜਲੀ ਵੀ ਗੁੱਲ ਰਹੀ | ਜਵਾਹਰ ਸੁਰੰਗ ਅਤੇ ਪਤਨੀਟਾਪ ਇਲਾਕਿਆਂ 'ਚ ਸੜਕਾਂ 'ਤੇ ਤਿਲਕਣ ਹੋਣ ਕਾਰਨ ਜੰਮੂ-ਸ੍ਰੀਨਗਰ ਸ਼ਾਹ ਮਾਰਗ ਬੰਦ ਹੋ ਗਿਆ ਹੈ | ਸ੍ਰੀਨਗਰ ਆਾਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ | ਪੁਲਿਸ ਨੇ ਦੱਸਿਆ ਕਿ ਜੰਮੂ ਦੀਆਂ ਸਿਧਰਾ, ਊਧਮਪੁਰ, ਰਾਮਬਨ, ਕੁਦ ਬੈਲਟਾਂ ਵਿਖੇ 200 ਦੇ ਕਰੀਬ ਗੱਡੀਆਂ ਫਸੀਆਂ ਹੋਈਆਂ ਹਨ | ਜਵਾਹਰ ਸੁਰੰਗ ਵਿਖੇ ਇਕ ਫੁੱਟ ਮੋਟੀ ਬਰਫ਼ ਦੀ ਤਹਿ ਜੰਮੀ ਹੋਈ ਹੈ ਜਦੋਂ ਕਿ ਪਤਨੀਟਾਪ 'ਚ 6 ਇੰਚ ਬਰਫ ਪਈ ਹੈ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੋਡਾ-ਕਿਸ਼ਤਵਾੜ, ਬਟੋਟ-ਡੋਡਾ, ਬਾਸ਼ੋਲੀ, ਮੋਘਾਲ ਸੰਪਰਕ ਸੜਕਾਂ ਤੋਂ ਇਲਾਵਾ ਪੁਣਛ ਅਤੇ ਰਾਜੌਰੀ ਜ਼ਿਲ੍ਹੇ ਦੀਆਂ ਸਾਰੀਆਂ ਸੰਪਰਕ ਸੜਕਾਂ ਬੰਦ ਹੋ ਗਈਆਂ ਹਨ | ਕਿਸ਼ਤਵਾੜ, ਡੋਡਾ, ਪੁਣਛ, ਰਾਜੌਰੀ, ਕਠੂਆ, ਰਿਆਸੀ, ਰਾਮਬਨ ਅਤੇ ਭੱਦਰਵਾਹ 'ਚ ਹੋਈ ਤਾਜ਼ਾ ਭਾਰੀ ਬਰਫ਼ਬਾਰੀ ਕਾਰਨ ਠੰਢ ਦਾ ਜ਼ੋਰ ਹੋਰ ਵਧ ਗਿਆ ਹੈ |
ਮੌਸਮ ਵਿਭਾਗ ਅਨੁਸਾਰ ਸ੍ਰੀਨਗਰ 'ਚ ਅੱਜ ਸਵੇਰੇ 20 ਸੈਂਟੀਮੀਟਰ ਬਰਫ਼ ਰਿਕਾਰਡ ਕੀਤੀ ਗਈ, ਜਦੋਂ ਕਿ ਗੁਲਮਰਗ ਵਿਖੇ 1.5 ਫੁੱਟ, ਪਹਿਲਗਾਮ 'ਚ 45 ਸੈਂਟੀਮੀਟਰ, ਕੋਕਰਨਾਗ 'ਚ 48, ਅਤੇ ਕਾਜ਼ੀਗੁੰਡ 'ਚ 11 ਸੈਂਟੀਮੀਟਰ ਬਰਫ ਪਈ ਹੈ | ਸ੍ਰੀਨਗਰ 'ਚ ਘੱਟ ਤੋਂ ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਕਾਜ਼ੀਗੁੰਡ 'ਚ ਮਨਫੀ 0.2, ਪਹਿਲਗਾਮ ਅਤੇ ਕੋਕਰਨਾਗ 'ਚ 1.0, ਲੇਹ 'ਚ ਮਨਫੀ 5.2, ਗੁਲਮਰਗ 'ਚ ਮਨਫੀ 3.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ |
ਮਕਾਨ ਡਿਗਣ ਨਾਲ ਮਾਂ-ਪੁੱਤ ਦੀ ਮੌਤ


ਜ਼ਿਲਾ ਊਧਮਪੁਰ ਦੇ ਕੁਝ ਇਲਾਕੇ 'ਚ ਭਾਰੀ ਬਾਰਿਸ਼ ਪੈਣ ਕਾਰਨ ਇਕ ਮਿੱਟੀ ਦੇ ਮਕਾਨ ਦੀ ਛੱਤ ਡਿੱਗਣ ਨਾਲ ਹੇਠ ਦੱਬਣ ਨਾਲ ਮਾਂ-ਪੁੱਤ ਮਾਰੇ ਗਏ ਜਿਨ੍ਹਾਂ ਦੀ ਸ਼ਨਾਖਤ ਕਾਲੀ ਪਤਨੀ ਅਲੀ ਅਤੇ ਪੁੱਤਰ ਰਿਆਜ਼ ਵਜੋਂ ਹੋਈ ਹੈ | ਕਸ਼ਮੀਰ ਯੂਨੀਵਰਸਿਟੀ ਨੇ 22 ਅਤੇ 23 ਜਨਵਰੀ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਨਵੀਆਂ ਤਰੀਕਾਂ ਦਾ ਐਲਾਨ ਮੌਸਮ 'ਚ ਸੁਧਾਰ ਹੋਣ ਦੇ ਬਾਅਦ ਕੀਤਾ ਜਾਵੇਗਾ |
 
Top