ਹੈਲੋ ਮੇਰੀ ਜਾਨ

→ ✰ Dead . UnP ✰ ←

→ Pendu ✰ ←
Staff member
ਮੈਂ ਸ਼ਹਿਰ ਦੇ ਬੱਸ ਸਟੈਂਡ ਵਿਚਲੇ ਆਪਣੇ ਵਾਕਫ਼ਕਾਰ ਦੇ ਪੀ ਸੀ ਓ ਤੇ ਬੈਠਾ ਆਪਣੇ ਭਰਾ ਦੀ ਉਡੀਕ ਕਰ ਰਿਹਾ ਸੀ,ਜਿਹੜਾ ਲੁਧਿਆਣੇ ਗਿਆ ਹੋਇਆ ਸੀ । ਅਜੇ ਮੈਂ ਪੀ ਸੀ ਓ ਵਿਚ ਰੱਖੇ ਬਰਾਊਨ ਰੰਗ ਦੇ ਸੋਫ਼ੇ ਤੇ ਬੈਠਾ ਹੀ ਸੀ ਕਿ ਦਰਵਾਜ਼ੇ ਦੇ ਸ਼ੀਸ਼ੇ ਵਿਚ ਦੀ ਬਾਹਰ ਦੇਖਿਆ ਕਿ ਇੱਕ ਮੋਟਰਸਾਈਕਲ ਰੁਕਿਆ। ਮੋਟਰਸਾਇਕਲ ਪਿੱਛੇ ਬੈਠੀ ਕੁੜੀ ਦੇ ਹਾਰ ਸ਼ਿੰਗਾਰ ਤੋਂ ਲੱਗਦਾ ਸੀ ਕਿ ਨਵਾਂ ਵਿਆਹਿਆ ਜੋੜਾ ਹੈ, ਮੁੰਡਾ ਖੜੇ ਮੋਟਰਸਾਈਕਲ ਤੇ ਲੱਤ ਲਗਾ ਕੇ ਖੜ੍ਹ ਗਿਆ। ਕੁੜੀ ਝੱਟ ਦੇਣੀ ਪੀ ਸੀ ਓ ਅੰਦਰ ਆ ਗਈ ਤੇ ਇੰਗਲੈਂਡ ਦੇ ਨੰਬਰ ਤੇ ਫ਼ੋਨ ਮਿਲਾ ਕੇ ਕਹਿਣ ਲੱਗੀ, 'ਯਾਰ ਪਲੀਜ਼ ਮੈਨੂੰ ਘੜੀ ਮੁੜੀ ਫ਼ੋਨ ਨਾ ਕਰੋ, ਮੇਰਾ ਹੁਣ ਵਿਆਹ ਹੋ ਗਿਆ ਹੈ, ਹਾਂ ਮੈਂ ਤੇਰੀ ਜਾਨ ਹਾਂ ਤੇ ਸਦਾ ਰਹਾਂਗੀ,ਪਰ ਪਲੀਜ਼ ਸਮੇਂ ਦੀ ਨਜ਼ਾਕਤ ਵੀ ਸਮਝੋ ਕੋਈ ਪੰਗਾ ਹੀ ਨਾ ਪੈ ਜਾਵੇ, ਤੇਰੀ ਯਾਦ ਮੇਰੇ ਨਾਲ ਹਮੇਸ਼ਾ ਬਣੀ ਰਹੇਗੀ, ਪਰ ਪਲੀਜ਼ ਸੌਰੀ........................... 'ਤੇ ਅਨੇਕਾਂ ਹੋਰ ਗੱਲਾਂ ਕਰਦੀ ਕੁੜੀ ਨੇ ਫ਼ੋਨ ਕੱਟ ਦਿੱਤਾ।
ਕੁੜੀ ਨੇ ਦੁਬਾਰਾ ਫਿਰ ਫ਼ੋਨ ਲਗਾਇਆ ਇਹ ਸ਼ਾਇਦ ਉਸ ਨੇ ਆਪਣੀ ਕਿਸੇ ਸਹੇਲੀ ਨੂੰ ਲਗਾਇਆ ਸੀ,'ਹਾਂ ਪ੍ਰੀਤੀ ਮੈਂ ਬਹੁਤ ਪ੍ਰੇਸ਼ਾਨ ਹਾਂ, ਇੰਗਲੈਂਡ ਵਾਲਾ ਦੀਪ ਮੈਨੂੰ ਵਾਰ ਵਾਰ ਫ਼ੋਨ ਕਰ ਰਿਹਾ ਹੈ,ਤੈਨੂੰ ਪਤਾ ਇਸ ਕੋਲੋਂ ਮੈਂ ਦੋ ਲੱਖ ਕੀ ਬਟੋਰ ਲਿਆ,ਉਹ ਮੈਨੂੰ ਜਾਨ ਜਾਨ ਕਹਿਣੋਂ ਨਹੀਂ ਹਟਦਾ,ਜਿਸ ਨੇ ਇਸ ਨੂੰ ਇੱਥੋਂ ਇੰਗਲੈਂਡ ਮੰਗਵਾ ਕੇ ਪੱਕਾ ਕਰਵਾ ਕੇ ਰੋਜ਼ੀ ਰੋਟੀ ਜੋਗਾ ਕੀਤਾ ਉਹ ਵਿਚਾਰੀ ਹੁਣ ਇਸ ਦੀ ਜਾਨ ਨਹੀਂ ਰਹੀ, ਛੇ ਮਹੀਨੇ ਫੇਸ ਬੁੱਕ ਤੇ ਚੈਟਿੰਗ ਕਰਕੇ ਮੈਨੂੰ ਜਾਨ ਬਣਾਈ ਫਿਰਦਾ ਹੈ। ਅੱਜ ਸਵੇਰੇ ਵੀ ਇਸ ਦਾ ਫ਼ੋਨ ਆ ਗਿਆ, ਹੁਣ ਤਾਂ ਇਸ ਤਰ੍ਹਾਂ ਕਰਦਾ ਸੀ, ਜਿਵੇਂ ਮੈਨੂੰ ਖ਼ਰੀਦ ਹੀ ਲਿਆ ਹੁੰਦੇ। ਮੈਂ ਆਪਣੇ ਘਰ ਵਾਲੇ ਨੂੰ ਤੇਰੇ ਨਾਲ ਗੱਲ ਕਰਨ ਦੇ ਬਹਾਨੇ ਕਹਿਕੇ ਪੀ ਸੀ ਓ ਵਿਚ ਆਈ ਹਾਂ। ਹੁਣੇ ਦੀਪ ਨਾਲ ਵੀ ਗੱਲ ਕੀਤੀ ਹੈ ਤੇ ਤੇਰੇ ਨਾਲ ਵੀ ਕਰ ਰਹੀ ਹਾਂ, ਮੇਰਾ ਘਰਵਾਲਾ ਆਪਣੇ ਆਪ ਨੂੰ ਸ਼ਰੀਫ਼ ਅਖਵਾਉਂਦਾ ਹੈ, ਪਰ ਦੇਖ ਝੁੱਡੂ ਜਿਹਾ,ਬਾਹਰ ਖੜਕੇ ਸੇਬ ਖ਼ਰੀਦ ਰਹੀ ਔਰਤ ਵਲ ਕਿਵੇਂ ਝਾਕਦਾ ਰਿਹਾ ਹੈ। ਚੰਗਾ ਪ੍ਰੀਤੀ ਮੈਂ ਫ਼ੋਨ ਕੱਟਦੀ ਹਾਂ,ਹਨੇਰਾ ਹੋ ਰਿਹਾ ਹੈ ਇਲਾਕੇ ਵਿਚ ਲੁੱਟਾਂ ਖੋਹਾਂ ਦਾ ਮਾਹੌਲ ਹੈ,ਮੋਟਰਸਾਈਕਲ ਤੇ ਪਿੰਡ ਨੂੰ ਜਾਣਾ ਹੈ।' ਤੇ ਉਹ ਕੁੜੀ ਪੀ ਸੀ ਓ ਵਾਲੇ ਨੂੰ ਪੈਸੇ ਦੇ ਕੇ ਮੋਟਰਸਾਈਕਲ ਤੇ ਬੈਠ ਚਲੀ ਗਈ। ਪੀ ਸੀ ਓ ਵਾਲਾ ਕਦੇ ਮੇਰੇ ਵਲ ਅਤੇ ਕਦੇ ਜਾਂਦੇ ਮੋਟਰਸਾਈਕਲ ਦੇ ਸਾਇਲੈਂਸਰ ਵਿਚੋਂ ਨਿਕਲਦੇ ਧੂੰਏਂ ਵਲ ਦੇਖਦਾ ਹੀ ਰਹਿ ਗਿਆ।


ਬਲਵਿੰਦਰ ਸਿੰਘ ਗੁਰਾਇਆ​
 
Top