ਚੀਜ਼ਾਂ ਨੂੰ ਸਰਲ ਰੱਖਣਾ ਮੇਰੀ ਸਫਲਤਾ ਦਾ ਰਾਜ਼ : ਧੋਨੀ

ਚੇਨਈ, 6 ਅਪ੍ਰੈਲ (ਯੂ. ਐੱਨ. ਆਈ.)—ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੀ ਸਫਲਤਾ ਦਾ ਰਾਜ਼ ਖੋਲ੍ਹਦੇ ਹੋਏ ਅੱਜ ਕਿਹਾ ਕਿ ਚੀਜ਼ਾਂ ਨੂੰ ਸਰਲ ਰੱਖਣਾ ਹੀ ਉਸ ਦੀ ਸਫਲਤਾ ਦਾ ਮੂਲ ਮੰਤਰ ਹੈ। ਧੋਨੀ ਨੇ 8 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਚੌਥੇ ਸੈਸ਼ਨ ਲਈ ਚੇਨਈ ਸੁਪਰ ਕਿੰਗਜ਼ ਟੀਮ ਦੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕ੍ਰਿਕਟ ਇਕ ਸਰਲ ਖੇਡ ਹੈ ਤੇ ਇਸ ‘ਚ ਚੀਜ਼ਾਂ ਨੂੰ ਸਰਲ ਬਣਾਏ ਰੱਖਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਤੁਸੀਂ ਕ੍ਰਿਕਟ ਬਾਰੇ ਜਿੰਨਾ ਜ਼ਿਆਦਾ ਸੋਚਦੇ ਹੋ, ਓਨਾ ਹੀ ਉਲਝਦੇ ਹੋ। ਕਪਤਾਨ ਧੋਨੀ ਨੇ ਕਿਹਾ ਕਿ ਵਿਸ਼ਵ ਕੱਪ ‘ਚ ਸਾਡੀ ਟੀਮ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਖਿਡਾਰੀਆਂ ਦਾ ਤਰੋਤਾਜ਼ਾ ਤੇ ਦਬਾਅਮੁਕਤ ਹੋਣਾ ਸੀ। ਸਾਡੇ ਖਿਡਾਰੀਆਂ ਨੇ ਦਬਾਅ ਦਾ ਚੰਗੇ ਢੰਗ ਨਾਲ ਸਾਹਮਣਾ ਕੀਤਾ, ਇਸ ਲਈ ਸਾਨੂੰ ਖਿਤਾਬ ਮਿਲਿਆ। ਚੇਨਈ ਟੀਮ ਤੋਂ ਖੁਸ਼ ਧੋਨੀ ਚੇਨਈ ਸੁਪਰ ਕਿੰਗਜ਼ ਟੀਮ ਦੇ ਕਪਤਾਨ ਧੋਨੀ ਨੇ ਕਿਹਾ ਕਿ ਉਹ ਜਨਵਰੀ ‘ਚ ਹੋਈ ਨਿਲਾਮੀ ਤੋਂ ਬਾਅਦ ਆਪਣੀ ਆਈ. ਪੀ. ਐੱਲ. ਟੀਮ ਤੋਂ ਖੁਸ਼ ਹੈ ਕਿਉਂਕਿ ਪਿਛਲੇ ਸਾਲ ਚੈਂਪੀਅਨ ਰਹੀ ਟੀਮ ਦੇ ਜ਼ਿਆਦਾਤਰ ਮੈਂਬਰ ਇਸ ਟੀਮ ‘ਚ ਵੀ ਸ਼ਾਮਲ ਹਨ। ਧੋਨੀ ਨੇ ਕਿਹਾ ਕਿ ਨਵੀਂ ਟੀਮ ਕਾਫੀ ਵਧੀਆ ਹੈ ਪਰ ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਟੀਮ ਕਾਗਜ਼ਾਂ ‘ਤੇ ਕਿਸ ਤਰ੍ਹਾਂ ਦੀ ਹੈ, ਮਹੱਤਵਪੂਰਨ ਇਹ ਹੈ ਕਿ ਉਹ ਮੈਦਾਨ ‘ਤੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ। ਚੇਨਈ ਨੇ ਧੋਨੀ, ਰੈਨਾ, ਸਥਾਨਕ ਖਿਡਾਰੀ ਮੁਰਲੀ ਵਿਜੇ ਤੇ ਦੱ. ਅਫਰੀਕਾ ਦੇ ਐੱਲ ਬੀ ਮੋਰਕਲ ਨੂੰ ਆਪਣੀ ਟੀਮ ‘ਚ ਬਰਕਰਾਰ ਰੱਖਿਆ ਹੈ।
ਨਵੇਂ ਕੋਚ ‘ਤੇ ਹੋਵੇਗਾ ਉਮੀਦਾਂ ਦਾ ਬੋਝ
ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਨੇ ਕਿਹਾ ਕਿ ਗੈਰੀ ਕ੍ਰਿਸਟਨ ਦੀ ਜਗ੍ਹਾ ਟੀਮ ਇੰਡੀਆ ਦੇ ਕੋਚ ਦਾ ਅਹੁਦਾ ਸੰੰੰਭਾਲਣ ਵਾਲੇ ਵਿਅਕਤੀ ‘ਤੇ ਉਮੀਦਾਂ ਦਾ ਭਾਰੀ ਦਬਾਅ ਹੋਵੇਗਾ। ਧੋਨੀ ਤੋਂ ਜਦ ਪੁੱਛਿਆ ਗਿਆ ਕਿ ਆਸਟ੍ਰੇਲੀਆ ਦੇ ਸਾਬਕਾ ਸਪਿਨਰ ਸ਼ੇਨ ਵਾਰਨ ਨੇ ਟੀਮ ਇੰਡੀਆ ਦਾ ਕੋਚ ਬਣਨ ‘ਚ ਦਿਲਚਸਪੀ ਦਿਖਾਈ ਹੈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ, ਜੇ ਅਜਿਹਾ ਹੈ ਤਾਂ ਇਹ ਚੰਗੀ ਗੱਲ ਹੈ। ਭਾਰਤੀ ਕਪਤਾਨ ਨੇ ਕਿਹਾ ਕਿ ਜਿਹੜਾ ਵੀ ਟੀਮ ਇੰਡੀਆ ਦਾ ਕੋਚ ਬਣੇਗਾ ਉਸ ‘ਤੇ ਉਮੀਦਾਂ ਦਾ ਭਾਰੀ ਦਬਾਅ ਹੋਵੇਗਾ। ਕ੍ਰਿਸਟਨ ਨੇ ਟੀਮ ਇੰਡੀਆ ਦੀ ਕਾਇਆ ਕਲਪ ਕਰਦੇ ਹੋਏ ਉਸ ਨੂੰ ਇਕ ਅਜੇਤੂ ਟੀਮ ਬਣਾਇਆ ਹੈ ਅਤੇ ਆਉਣ ਵਾਲੇ ਕੋਚ ਲਈ ਵੱਡੇ ਮਾਪਦੰਡ ਸਥਾਪਿਤ ਕੀਤੇ ਹਨ।
ਰੁਝੇਵਿਆਂ ਭਰਿਆ ਪ੍ਰੋਗਰਾਮ ਖਿਡਾਰੀਆਂ ਨੂੰ ਥਕਾ ਦੇਵੇਗਾ
ਭਾਰਤੀ ਕਪਤਾਨ ਨੇ ਕਿਹਾ ਕਿ ਇਸ ਸਾਲ ਮੈਚਾਂ ਦੀ ਗਿਣਤੀ ਵੱਧ ਹੋਣ ਨਾਲ ਖਿਡਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਥਕਾਨ ਹੋਵੇਗੀ। ਉਨ੍ਹਾਂ ਰੁਝੇਵਿਆਂ ਭਰੇ ਪ੍ਰੋਗਰਾਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਨਾਲ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਅਸਰ ਪੈਂਦਾ ਹੈ। ਸਰੀਰਕ ਥਕਾਵਟ ਨਾਲ ਤੁਸੀਂ ਲੜ ਸਕਦੇ ਹੋ ਪਰ ਕਦੇ-ਕਦੇ ਤੁਸੀਂ ਜਿੰਨੀ ਕ੍ਰਿਕਟ ਖੇਡਦੇ ਹੋ ਉਸ ਕਾਰਨ ਤੁਸੀਂ ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਥੱਕਿਆ ਹੋਇਆ ਮਹਿਸੂਸ ਕਰਦੇ ਹੋ। 40 ਦਿਨਾ ਤੋਂ ਵੱਧ ਸਮੇਂ ਤੱਕ ਚੱਲੇ ਵਿਸ਼ਵ ਕੱਪ ਦੇ ਖਤਮ ਹੋਣ ਤੋਂ ਇਕ ਹਫਤੇ ਤੋਂ ਵੀ ਘੱਟ ਸਮੇਂ ਅੰਦਰ ਸ਼ੁੱਕਰਵਾਰ ਨੂੰ ਆਈ. ਪੀ. ਐੱਲ. ਚਾਰ ਦੀ ਸ਼ੁਰੂਆਤ ਹੋਵੇਗੀ, ਜਿਹੜਾ 50 ਦਿਨ ਚੱਲੇਗਾ। ਭਾਰਤੀ ਟੀਮ ਨੇ ਇਸ ਤੋਂ ਬਾਅਦ ਵੈਸਟਇੰਡੀਜ਼, ਇੰਗਲੈਂਡ ਅਤੇ ਆਸਟ੍ਰੇਲੀਆ ਵਿਰੁੱਧ ਖੇਡਣਾ ਹੈ।
ਵਿਦਿਆਰਥੀ ਪੜ੍ਹਨਗੇ ਧੋਨੀ ਦੀ ਕਹਾਣੀ
ਵਿਸ਼ਵ ਕੱਪ ‘ਚ ਧਮਾਕਾਖੇਜ਼ ਜਿੱਤ ਤੋਂ ਬਾਅਦ ਸਨਮਾਨ ਅਤੇ ਐਵਾਰਡਾਂ ਦੀ ਬਰਸਾਤ ਨਾਲ ਭਿੱਜੇ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸਫਲਤਾ ਦੀ ਸ਼ਾਨਦਾਰ ਕਹਾਣੀ ਨੂੰ ਦੇਸ਼ ਦੇ ਚੋਟੀ ਦੇ ਮੈਨੇਜਮੈਂਟ ਇੰਸਟੀਚਿਊਟ ‘ਚ ਸ਼ਾਮਲ ਜ਼ੇਵੀਅਰਸ ਇੰਸਟੀਚਿਊਟ ਆਫ ਲੇਬਰ ਰਿਲੇਸ਼ਨਸ (ਐਕਸ. ਐੱਲ. ਆਰ. ਆਈ.) ਦੇ ਵਿਦਿਆਰਥੀਆਂ ਨੂੰ ਅਗਲੇ ਸੈਸ਼ਨ ‘ਚ ਪੜ੍ਹਾਇਆ ਜਾਵੇਗਾ। ਸੰਸਥਾਨ ਦੇ ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਭਾਰਤ ਦੇ ਮਹਾਨ ਕਪਤਾਨ ਕਰਾਰ ਦਿੱਤੇ ਜਾ ਰਹੇ ਧੋਨੀ ਦੀ ਸਫਲਤਾ ‘ਚ ਮੈਨੇਜਮੈਂਟ ਦੇ ਕਈ ਗੁਣ ਸ਼ਾਮਲ ਹਨ। ਉਸ ਵਿਚ ਅਗਵਾਈ ਸਮਰੱਥਾ ਦਾ ਸ਼ਾਨਦਾਰ ਨਮੂਨਾ ਦੇਖਣ ਨੂੰ ਮਿਲਦਾ ਹੈ। ਇੰਸਟੀਚਿਊਟ ਅਗਲੇ ਸੈਸ਼ਨ ਤੋਂ ਪਰਸਨਲ ਮੈਨੇਜਮੈਂਟ ਅਤੇ ਬਿਜ਼ਨੈੱਸ ਮੈਨੇਜਮੈਂਟ ਦੋਵਾਂ ਦੇ ਹੀ ਵਿਦਿਆਰਥੀਆਂ ਨੂੰ ਲੀਡਰਸ਼ਿਪ ਦੇ ਮਾਮਲੇ ‘ਚ ਧੋਨੀ ਨੂੰ ਕੇਸ ਸਟੱਡੀ ਦੇ ਤੌਰ ‘ਤੇ ਸ਼ਾਮਲ ਕਰੇਗਾ। ਜ਼ਿਕਰਯੋਗ ਹੈ ਕਿ ਉੜੀਸਾ ਸਥਿਤ ਰੀਜਨਲ ਕਾਲਜ ਆਫ ਮੈਨੇਜਮੈਂਟ ਨੇ ਵੀ ਹੇਠਲੇ ਵਰਗ ਤੋਂ ਉੱਠ ਕੇ ਚੋਟੀ ‘ਤੇ ਪਹੁੰਚੇ 29 ਸਾਲਾ ਧੋਨੀ ਦੀ ਕਹਾਣੀ ਨੂੰ ਆਪਣੇ ਸਿਲੇਬਸ ਦਾ ਹਿੱਸਾ ਬਣਾਉਣ ‘ਚ ਰੁਚੀ ਦਿਖਾਈ ਹੈ, ਜਦਕਿ ਭਾਰਤੀ ਮੈਨੇਜਮੈਂਟ ਇੰਸਟੀਚਿਊਟ ਇੰਦੌਰ ਦੇ ਵਿਦਿਆਰਥੀ ਪਹਿਲਾਂ ਤੋਂ ਹੀ ਉਨ੍ਹਾਂ ਦੀ ਅਗਵਾਈ ਤਕਨੀਕ ਦੀ ਸਟੱਡੀ ਕਰ ਰਹੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਜਿਸ ਧੋਨੀ ‘ਤੇ ਡਿਗਰੀਆਂ ਦੀ ਝੜੀ ਲੱਗ ਰਹੀ ਹੈ ਅਤੇ ਜਿਸ ਦੀ ਕਹਾਣੀ ਨੂੰ ਉੱਚ ਕੋਟੀ ਦੇ ਇੰਸਟੀਚਿਊਟ ਆਪਣੇ ਸਿਲੇਬਸ ਦਾ ਹਿੱਸਾ ਬਣਾਉਣ ‘ਚ ਲੱਗੇ ਹੋਏ ਹਨ ਉਹ ਖੁਦ ਅਜੇ ਤੱਕ ਬੀ. ਏ. ਵੀ ਪਾਸ ਨਹੀਂ ਕਰ ਸਕਿਆ ਹੈ। ਰਾਂਚੀ ਦੇ ਸੇਂਟ ਜ਼ੇਵੀਅਰਸ ਕਾਲਜ ਦਾ ਵਿਦਿਆਰਥੀ ਧੋਨੀ ਕ੍ਰਿਕਟ ਦੇ ਰੁਝੇਵਿਆਂ ਕਾਰਨ ਆਪਣੀ ਬੀ. ਏ. ਦੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ ਹੈ।
ਸਚਿਨ ਨੂੰ ਭਾਰਤ ਰਤਨ ਦਿੱਤਾ ਜਾਵੇ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਐਵਾਰਡ ਭਾਰਤ ਰਤਨ ਨਾਲ ਸਨਮਾਨੇ ਜਾਣ ਦੀ ਮੰਗ ਕਾਫੀ ਲੰਮੇ ਸਮੇਂ ਤੋਂ ਉਠ ਰਹੀ ਹੈ ਤੇ ਹੁਣ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਸ ਮੰਗ ਨੇ ਹੋਰ ਜ਼ੋਰ ਫੜ ਲਿਆ ਹੈ। ਰਿਕਾਰਡਾਂ ਦੇ ਬੇਤਾਜ ਬਾਦਸ਼ਾਹ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਨ ਵਾਲਿਆਂ ‘ਚ ਹੁਣ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਚਿਨ ਨੂੰ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ। ਉਹ ਪਿਛਲੇ 21 ਸਾਲਾਂ ਤੋਂ ਦੇਸ਼ ਲਈ ਖੇਡ ਰਹੇ ਹਨ ਅਤੇ ਅਗਲੇ ਕੁਝ ਹੋਰ ਸਾਲਾਂ ਤੱਕ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦਾ ਸਿਰ ਉੱਚਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੇ ਕਿਸੇ ਵੀ ਖਿਡਾਰੀ ਤੋਂ ਇਲਾਵਾ ਸਚਿਨ ਭਾਰਤ ਰਤਨ ਦਾ ਹੱਕਦਾਰ ਹੈ। ਜੇ ਉਸ ਨੂੰ ਇਹ ਸਨਮਾਨ ਨਹੀਂ ਦਿੱਤਾ ਜਾਂਦਾ ਤਾਂ ਕੋਈ ਵੀ ਕ੍ਰਿਕਟਰ ਇਸ ਸਨਮਾਨ ਦਾ ਕਦੇ ਹੱਕਦਾਰ ਨਹੀਂ ਹੋ ਸਕਦਾ।
 
Top