ਦੇਰ ਤਕ ਕੰਮ ਕਰਨ ਨਾਲ ਵਧ ਸਕਦੈ ਦਿਲ ਦੇ ਦੌਰੇ ਦਾ ਖ਼ਤਰ&

ਲੰਡਨ (ਭਾਸ਼ਾ) : ਦਫ਼ਤਰਾਂ ‘ਚ ਦੇਰ ਤਕ ਕੰਮ ਕਰਨ ਵਾਲੇ ਹੁਣ ਸਾਵਧਾਨ ਹੋ ਜਾਣ। ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਦਫ਼ਤਰਾਂ ‘ਚ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਸਮੇਂ ਤਕ ਕੰਮ ਕਰਨ ਨਾਲ ਕਰਮਚਾਰੀਆਂ ‘ਤੇ ਗੰਭੀਰ ਅਸਰ ਪੈ ਸਕਦਾ ਹੈ ਅਤੇ ਦਿਲ ਦਾ ਦੌਰਾ ਪੈਣ ਦੀ ਨੌਬਤ ਆ ਸਕਦੀ ਹੈ। ਯੂਨੀਵਰਸਿਟੀ ਕਾਲਜ ਲੰਡਨ ‘ਚ ਕੀਤੇ ਗਏ ਇਕ ਨਵੇਂ ਅਧਿਐਨ ਮੁਤਾਬਿਕ 7 ਜਾਂ 8 ਘੰਟੇ ਕੰਮ ਕਰਨ ਵਾਲਿਆਂ ਦੇ ਮੁਕਾਬਲੇ ਜੋ ਵਿਅਕਤੀ 11 ਘੰਟੇ ਤੋਂ ਵੱਧ ਸਮੇਂ ਤਕ ਕੰਮ ਕਰਦੇ ਹਨ, ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਦੋ-ਤਿਹਾਈ ਵਧ ਜਾਂਦੀ ਹੈ। ਆਪਣੇ ਅਧਿਐਨ ‘ਚ ਖੋਜਕਾਰਾਂ ਨੇ ਕਰਮਚਾਰੀਆਂ ਵਲੋਂ ਇਕ ਦਿਨ ‘ਚ ਕੀਤੇ ਗਏ ਔਸਤ ਕੰਮ ਦੇ ਘੰਟਿਆਂ ਬਾਰੇ ਪਤਾ ਲਗਾਉਣ ਲਈ 39 ਤੋਂ 62 ਸਾਲ ਦੀ ਉਮਰ ਦੇ ਵਿਚਾਲੇ ਦੇ 7,095 ਸਰਕਾਰੀ ਕਰਮਚਾਰੀਆਂ ਨੂੰ ਸ਼ਾਮਿਲ ਕੀਤਾ ਅਤੇ 11 ਸਾਲ ਤੋਂ ਜ਼ਿਆਦਾ ਸਮੇਂ ਤਕ ਇਨ੍ਹਾਂ ‘ਤੇ ਖੋਜ ਕੀਤੀ। ਇਸ ਸਮੇਂ ਦੌਰਾਨ 192 ਵਿਅਕਤੀਆਂ ਨੂੰ ਦਿਲ ਦਾ ਦੌਰਾ ਪਿਆ। ਅਧਿਐਨ ‘ਚ ਇਸ ਗੱਲ ਦਾ ਪਤਾ ਲੱਗਾ ਕਿ ਜੋ ਵਿਅਕਤੀ 9 ਤੋਂ 5 ਵਜੇ ਤਕ ਦੀ ਨੌਕਰੀ ਕਰਦੇ ਹਨ, ਉਨ੍ਹਾਂ ਦੇ ਮੁਕਾਬਲੇ ਇਕ ਦਿਨ ‘ਚ 11 ਘੰਟੇ ਤੋਂ ਵੱਧ ਕੰਮ ਕਰਨ ਵਾਲਿਆਂ ‘ਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ 67 ਫੀਸਦੀ ਵੱਧ ਹੁੰਦੀ ਹੈ।
 
Top