ਮੈਂ ਗਲੀਆਂ ਚ ਰੁਲਦਾ ਕਖ ਦਾਤਾ.

ਮੈਨੂੰ ਤੇਰੇ ਜਿਹਾ ਨਾ ਹੋਰ ਕੋਈ,
ਤੈਨੂੰ ਮੇਰੇ ਵਰਗੇ ਲਖ ਦਾਤਾ |
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|

ਮੇਰੀ ਸੋਚ ਤੋਂ ਉੱਚੀ ਹਸਤੀ ਤੇਰੀ,
ਕਿੰਜ ਤੇਰੇ ਮੈਂ ਗੁਣਗਾਣ ਕਰਾਂ|
ਮੇਰੇ ਕੋਲ ਕੁਝ ਵੀ ਆਪਣਾ ਨਹੀਂ,
ਫ਼ਿਰ ਵੀ ਕਿਉਂ ਫ਼ੋਕਾ ਮਾਣ ਕਰਾਂ|
ਤੂੰ ਰਿਧੀਆਂ ਸਿਧੀਆਂ ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|

ਤੇਰੀਆਂ ਰਹਿਮਤਾਂ ਦੀ ਨਾ ਹੱਦ ਕੋਈ,
ਦਿਲ ਕਿੰਨੀਆਂ ਕੁ ਦਾ ਧਨੰਵਾਦ ਕਰੇ|
ਤੂੰ ਦੀਨ ਦੁਖੀਆਂ ਦੀ ਓਟ ਬਣੇਂ,
ਤੇ ਉਜੜਿਆਂ ਨੂੰ ਆਬਾਦ ਕਰੇਂ|
ਤੂੰ ਹਰ ਦਿਲ ਦੇ ਵਿੱਚ ਵਸਦਾਂ ਏ,
ਸਾਡੀ ਨਾ ਵੇਖਣ ਵਾਲੀ ਅਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|

ਜਦ ਤੂੰ ਮਿਲ ਜਾਵੇਂ ਤਾ "ਮੈਂ" ਨਾ ਰਹਿੰਦੀ,
ਦੇਖ ਕੈਸੀ ਖੇਡ ਨਿਆਰੀ ਹੈ|
ਤੂੰ ਜਾ ਵਸਦਾ ਵਿੱਚ ਕੁੱਲੀਆਂ ਦੇ,
ਤੇਰੀ ਨਾਲ ਮਲੰਗਾਂ ਯਾਰੀ ਹੈ|
ਅਸੀਂ ਝੂਠ ਦੇ ਢੋਲ ਵਜਾਉਂਦੇ ਹਾਂ,
ਤੂੰ ਪੂਰੇਂ ਸੱਚ ਦਾ ਪਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|

ਮੁੱਕ ਜਾਵੇ ਹਓਮੇ ਦਿਲ ਵਿਚੋਂ,
ਬਸ ਪਿਆਰ ਮੋਹੱਬਤ ਰਹਿ ਜਾਵੇ|
ਛੱਡ ਕੇ ਫ਼ਰੇਬ ਇਹ ਦੁਨੀਆਂ ਦੇ,
ਦਿਲ ਤੇਰੇ ਦਰ ਤੇ ਬਹਿ ਜਾਵੇ|
ਇਹ ਅਰਦਾਸ ਹਾਂ ਨਿੱਤ ਕਰਦਾ ਮੈਂ,
ਲਾ "ਢੀਡਸੇ" ਨੂੰ ਚਰਨੀਂ ਰਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|

ਮੈਂ ਗਲੀਆਂ ਚ ਰੁਲਦਾ ਕਖ ਦਾਤਾ.
ਮੈਂ ਗਲੀਆਂ ਚ ਰੁਲਦਾ ਕਖ ਦਾਤਾ.


manpreet singh dhindsaa
 
Top