ਸੌਗਾਤ ਦੇ ਤੂੰ ਮੈਨੂੰ

ਸੌਗਾਤ ਦੇ ਤੂੰ ਮੈਨੂੰ
ਗੁਣਗੁਣਾ ਨਾ ਗੀਤ ਭਾਵੇਂ, ਅਲਫ਼ਾਜ਼ ਦੇ ਤੂੰ ਮੈਨੂੰ।
ਕੋਈ ਸਾਜ਼ ਜੇ ਨਹੀਂ ਤਾਂ, ਚੱਲ ਤਾਲ ਦੇ ਤੂੰ ਮੈਨੂੰ।

ਤੇਰੇ ਦਿਲ ਦੇ ਸਾਗਰਾਂ ’ਚਿ, ਗਮ ਦੇ ਹਜ਼ਾਰ ਮੋਤੀ,

ਪਰ ਚਿਹਰੇ ਦੀ ਖੁਸ਼ੀ ਦਾ, ਕੋਈ ਰਾਜ਼ ਦੇ ਤੂੰ ਮੈਨੂੰ।

ਨਾ ਮੰਜਿ਼ਲ ਕੋਈ ਦਿਸਦੀ, ਨਾ ਦਿਸਦਾ ਕੋਈ ਰੁੱਖ ਹੀ,

ਕੁਝ ਹੋਰ ਨਾ ਮੈਂ ਮੰਗਾਂ, ਪਰਵਾਜ਼ ਦੇ ਤੂੰ ਮੈਨੂੰ।

ਭਰੇ ਤੇਲ ਨਾਲ ਦੀਵੇ, ਕੋਲ਼ ਬੱਤੀਆਂ ਵੀ ਪਈਆਂ,

ਬੱਸ ਲੋੜ ਹੈ ਅਗਨ ਦੀ, ਜਰਾ ‘ਸਾਜ਼’ ਦੇ ਤੂੰ ਮੈਨੂੰ।

ਏਸ ਭੀੜ ‘ਚੋਂ ਜੇ ਦਿਸਣਾ, ਤੂੰ ਅੱਡ ਹੀ ਅਹਿ ਮਨੁੱਖ,

ਮੈਂ ‘ਸੱਚ’ ਬੋਲਦਾਂ ਹਾਂ, ਆ ਅਵਾਜ਼ ਦੇ ਤੂੰ ਮੈਨੂੰ।

ਪੈਣੀ ਪਰਖ ਕਰਨੀ ਚਿੜੀਓ, ਕਿ ਕਿਹੜੀਆਂ ਨੇ ਮੇਰੀਆਂ?

ਅੱਜ ‘ਬਾਜ਼ਾਂ ਵਾਲਾ’ ਆਖੇ, ਰੱਬਾ ਬਾਜ਼ ਦੇ ਤੂੰ ਮੈਨੂੰ।

ਫੁੱਟ, ਨਸ਼ਾ ਤੇ ਫਿਰਕੂ ਸੋਚਾਂ, ਲੈ ਜਾ ਦੂਰ ਖਿਆਲਾਂ ਚੋਂ,

ਨਿਰਮਲ, ਸੁੱਚਾ, ਹੱਸਦਾ ਸਾਡਾ, ਪੰਜਾਬ ਦੇ ਤੂੰ ਮੈਨੂੰ।

ਇਹਨਾਂ ਨ੍ਹੇਰਿਆਂ ਦੇ ਵਿੱਚੋਂ, ਜੇ ਰੌਸ਼ਨੀ ਤੈਂ ਤੱਕਣੀ,

ਰੱਖ ਸ਼ਸਤਰਾਂ ਨੂੰ ਦੂਰ, ਤੇ ‘ਰਬਾਬ’ ਦੇ ਤੂੰ ਮੈਨੂੰ।

ਖੜਾ ਨਫ਼ਰਤਾਂ ਦਾ ਜੰਗਲ, ਉੱਗੇ ਜੰਡ ਜਾਂ ਕਰੀਰ,

ਬੋ ਪਿਆਰ ਦਾ ਹੁਣ ਬੀਜ, ਤੇ ਗੁਲਾਬ ਦੇ ਤੂੰ ਮੈਨੂੰ।

ਮੈਂ ਮੁੱਢ ਤੋਂ ਤੇਰੀ ਸਾਥਣ, ਤੂੰ ਮੇਰੇ ਬਿਨਾਂ ਅਧੂਰਾ,

ਮੈਂ ਔਰਤ ਹਾਂ ਅਹਿ ਆਦਮ, ਮੇਰੀ ਆਬ ਦੇ ਤੂੰ ਮੈਨੂੰ।

ਜੋ ਰੌਸ਼ਨੀ ਹੀ ਵੰਡੇ, ਸੁਣ ਹੱਥ ਤੂੰ ਕਲਮ ਵਾਲੇ,

ਸੂਰਜ ਦਾ ਕਾਰਜ ਕਰਦੀ, ਕਿਤਾਬ ਦੇ ਤੂੰ ਮੈਨੂੰ।

ਸਦਾ ਬਾਹਰ ਹੀ ਨਿਗ੍ਹਾਵਾਂ, ਅੰਦਰ ਨਾ ਝਾਤ ਪਾਈਏ,

ਮੇਰਾ ਮਨ ਹੀ ਸ਼ੀਸ਼ਾ ਬਣਜੇ, ਇਹ ਦਾਤ ਦੇ ਤੂੰ ਮੈਨੂੰ।

ਹਨ ਮਨ ਦੇ ਵੈਰੀ ਤਕੜੇ, ਨਹੀਂ ਸੋਚਾਂ ਨਾਲ ਮਰਦੇ,

ਸੱਚ, ਅਮਲ ਦੀ ਕਟਾਰ, ਦੀ ਸੌਗਾਤ ਦੇ ਤੂੰ ਮੈਨੂੰ।

ਸੁਣ ਸ਼ੋਰ ਥੱਕ ਚੁੱਕਾ, ਮੇਰੀ ਰੂਹ ਦਾ ਹੁਣ ਪਰਿੰਦਾ,

ਦਏ ਮਨ ਨੂੰ ਸ਼ਾਂਤੀ ਜੋ, ਉਹ ਨਾਦ ਦੇ ਤੂੰ ਮੈਨੂੰ।

ਤੂੰ ਜਦੋਂ ਵੀ ਹਾਕ ਮਾਰੀ, ਸਿਰ ਤਲ਼ੀ ਤੇ ਲੈ ਕੇ ਆਏ,

ਦੇਸ਼ ਭਗਤੀ ਜਾਂ ਗੱਦਾਰੀ? ਖਿਤਾਬ ਦੇ ਤੂੰ ਮੈਨੂੰ।

ਸਾਡੇ ਲਹੂ ਦੀਆਂ ਸੀ ਨਦੀਆਂ, ਵਗੀਆਂ ਜਦ ਦੇਸ਼ ਅੰਦਰ,

ਕੀ ਰਹਿਬਰ ਨਹੀਂ ਸਨ ਕਾਤਿਲ? ਜਵਾਬ ਦੇ ਤੂੰ ਮੈਨੂੰ।

ਇਹਨਾਂ ਅੱਖਰਾਂ ਦਾ ਤੇਰੇ, ਸਿਰ ਕਰਜ਼ਾ ਦੂਣਾ ਹੋਇਆ,

‘ਲਾਹੇਂਗਾ ਕਦੋਂ ਤੱਕ? ਆ ਹਿਸਾਬ ਦੇ ਤੂੰ ਮੈਨੂੰ।
------------------------------------------------
 
Top