ਮੁਕਰਰ ਕਰ ਖਤਾ ਮੇਰੀ, ਤੇ ਬਣਦੀ ਦੇ ਸਜਾ ਮੈਨੂੰ


ਗਜ਼ਲ
ਮੁਕਰਰ ਕਰ ਖਤਾ ਮੇਰੀ, ਤੇ ਬਣਦੀ ਦੇ ਸਜਾ ਮੈਨੂੰ i
ਖਫ਼ਾ ਪਰ ਹੋਣ ਦੀ ਵਾਜਿਬ, ਤਾਂ ਕੋਈ ਦੇ ਵਜ੍ਹਾ ਮੈਨੂੰ i

ਬਿਨਾ ਲਹਿਰਾਂ ਸਮੁੰਦਰ ਦਾ, ਸੁਹੱਪਣ ਹੋ ਨਹੀਂ ਸਕਦਾ,
ਮੈਂ ਵੀ ਇਕ ਲਹਿਰ ਹਾਂ ਤੇਰੀ,ਨਾ ਰੇਤੇ ਵਿਚ ਮਿਲਾ ਮੈਨੂੰ i

ਤੂੰ ਮੇਰੀ ਸੋਚ ਦਾ ਪੰਛੀ, ਹੀ ਜੇਕਰ ਕੈਦ ਕਰਨਾ ਸੀ,
ਤੇ ਅੰਬਰ ਛੂਣ ਦੀ ਝੂਠੀ , ਕਿਓਂ ਦਿੱਤੀ ਦੁਆ ਮੈਨੂੰ i

ਕਿ ਜਿਸਨੇ ਸ਼ਿਅਰ ਬਣਨਾ ਸੀ,ਅਧੂਰਾ ਖਿਆਲ ਹਾਂ ਐਸਾ,
ਬਣਾ ਕੇ ਖੁਦ ਨੂੰ ਤੂੰ ਮਿਸਰਾ, ਮੁਕਮੱਲ ਤਾਂ ਬਣਾ ਮੈਨੂੰ i

ਮੁਹੱਬਤ ਦੇ ਜੋ ਗਗਨਾਂ ਤੇ, ਮੇਰਾ ਹੁਣ ਚਮਕਿਆ ਤਾਰਾ,
ਤੂੰ ਬਣ ਕੇ ਬੇਵਫਾ ਬੱਦਲੀ, ਇਵੇਂ ਨਾ ਹੁਣ ਛੁਪਾ ਮੈਨੂੰ i

ਤੇਰੇ ਹੀ ਚਮਨ ਦਾ ਫੁੱਲ ਹਾਂ, ਰਹਾਂਗਾ ਖੁਸ਼ਬੂਆਂ ਵੰਡਦਾ,
ਤੂੰ ਇਸਨੂੰ ਤੋੜ ਕੇ ਮਹਿਕਾਂ, ਵਿਹੂਣਾ ਨਾ ਬਣਾ ਮੈਨੂੰ i

ਦੀਵਾਨਾ ਹੋ ਗਿਆ ਭਾਵੇਂ,ਮੈਂ ਤੇਰੇ ਪਿਆਰ ਵਿਚ ਦਿਲਬਰ,
ਮੈਂ ਭੁਲ ਜਾਵਾਂ ਇਹ ਦੁਨੀਆਂ ਪਰ, ਨਾ ਦੇਵੀਂ ਮਸ਼ਵਰਾ ਮੈਨੂੰ i

ਨਿਵਾਣਾਂ ਵਿਚ ਕਈ ਹੱਸਦੇ, ਕਈ ਵਿਲਕਣ ਬੁਲੰਦੀ ਤੇ,
ਐ ਜਿੰਦਗੀ ਸਮਝ ਨਾ ਆਇਆ,ਵਿਲਖਣ ਫ਼ਲਸਫ਼ਾ ਮੈਨੂੰ i
ਆਰ.ਬੀ.ਸੋਹਲ


progress-1.gif
 
Top