Poetry by Shiv Kumar Batalvi

Jaswinder Singh Baidwan

Akhran da mureed
Staff member
ਇਹ ਮੇਰਾ ਗੀਤ

ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ !

ਇਹ ਮੇਰਾ ਗੀਤ ਧਰਤ ਤੋਂ ਮੈਲਾ
ਸੂਰਜ ਜੇਡ ਪੁਰਾਣਾ
ਕੋਟ ਜਨਮ ਤੋਂ ਪਿਆ ਅਸਾਨੂੰ
ਇਸ ਦਾ ਬੋਲ ਹੰਢਾਣਾ
ਹੋਰ ਕਿਸੇ ਦੀ ਜਾਹ ਨਾ ਕਾਈ
ਇਸ ਨੂੰ ਹੋਠੀਂ ਲਾਣਾ
ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀਂ ਜਾਣਾ !
ਇਹ ਮੇਰਾ ਗੀਤ,
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ !

ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਞਾਣਾ
ਕੱਤਕ ਮਾਹ ਵਿਚ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ
ਨੂਰ-ਪਾਕ ਦੇ ਵੇਲੇ ਰੱਖ ਵਿਚ
ਚਿੜੀਆਂ ਦਾ ਚਿਚਲਾਣਾ
ਕਾਲੀ ਰਾਤੇ ਸਰਕੜਿਆਂ ਤੋਂ
ਪੌਣਾਂ ਦਾ ਲੰਘ ਜਾਣਾ !
ਇਹ ਮੇਰਾ ਗੀਤ,
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ !

ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆਂ ਸਾਨੂੰ
ਕਬਰੀਂ ਲੱਭਣ ਆਣਾ
ਸਭਨਾਂ ਸਈਆਂ ਇਕ ਆਵਾਜ਼ੇ
ਮੁੱਖੋਂ ਬੋਲ ਅਲਾਣਾ :
ਕਿਸੇ ਕਿਸੇ ਦੇ ਲੇਖੀਂ ਹੁੰਦਾ
ਏਡਾ ਦਰਦ ਕਮਾਣਾ !

ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ !
 

Jaswinder Singh Baidwan

Akhran da mureed
Staff member
ਰਿਸ਼ਮ ਰੁਪਹਿਲੀ

ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !
ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ !

ਅਸੀਂ ਮੁਬਾਰਿਕ ,
ਤੇਰੀ ਅੱਗ ਵਿਚ
ਪਹਿਲੋ ਪਹਿਲ ਨਹਾਤੇ
ਤੇਰੀ ਅੱਗ ਦੇ ਸਾਡੀ ਅੱਗ ਵਿਚ
ਅੱਜ ਤੱਕ ਬਲਣ ਮੁਆਤੇ
ਅੱਜ ਵੀ ਸਾਡੀ ,
ਅੱਗ ਚੋਂ ਆਵੇ --
ਮਹਿਕ ਤੇਰੇ ਚੰਗਿਆੜੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !

ਸੱਜਣ ,
ਫੁੱਲ ਦੀ ਮਹਿਕ ਮਰੇ
ਪਰ ਅੱਗ ਦੀ ਮਹਿਕ ਨਾ ਮਰਦੀ
ਜਿਉਂ ਜਿਉਂ ਰੁੱਖ
ਉਮਰ ਦਾ ਸੁੱਕਦਾ ,
ਦੂਣ ਸਮਾਈ ਵਧਦੀ
ਅੱਗ ਦੀ ਮਹਿਕ ਮਰੇ ,
ਜੇ ਲੱਜਿਆ ,
ਮਰ ਜਾਏ ਦਰਦ ਕੁਆਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !

ਅਸੀਂ ਤਾਂ ਸੱਜਣ ,
ਅੱਗ ਤੁਹਾਡੀ
ਪਰ ਅੰਗ ਕਦੇ ਨਾ ਘੋਲੀ
ਅੱਗ ਪਰਾਈ ,
ਸੰਗ ਸਾਡੀ ਲੱਜਿਆ
ਬੋਲ ਕਦੇ ਨਾ ਬੋਲੀ
ਭਾਵੇਂ ਅੱਗ ਅਮਾਨਤ ਸਾਡੀ
ਅੱਜ ਕਿਸੇ ਹੋਰ ਅੰਗਾਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ
ਮੈਂ ਤੇਲ ਚੋਈ ਦਹਿਲੀਜ
ਸੱਜਣ ਤੇਰੇ ਦੁਆਰੇ ਦੀ !
 

Jaswinder Singh Baidwan

Akhran da mureed
Staff member
ਗ਼ਮਾਂ ਦੀ ਰਾਤ


ਗ਼ਮਾਂ ਦੀ ਰਾਤ ਲੰਮੀ ਏ
ਜਾਂ ਮੇਰੇ ਗੀਤ ਲੰਮੇ ਨੇ |

ਨਾ ਭੈੜੀ ਰਾਤ ਮੁੱਕਦੀ ਏ
ਨਾ ਮੇਰੇ ਗੀਤ ਮੁੱਕਦੇ ਨੇ |

ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸ ਨੇ ਹਾਥ ਨਾ ਪਾਈ ,

ਨਾ ਬਰਸਾਤਾਂ ਚ ਚੜ੍ਹਦੇ ਨੇ
ਤੇ ਨਾ ਔੜਾਂ ਚ ਸੁੱਕਦੇ ਨੇ |

ਮੇਰੇ ਹੱਡ ਹੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀਂ ਸੜਦੇ

ਨੇ ਸੜਦੇ ਹਉਕਿਆਂ ਦੇ ਨਾਲ
ਹਾਵਾਂ ਨਾਲ ਧੁਖਦੇ ਨੇ |

ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀ ਦਵਾ ਹੋਵੇ ,

ਇਹ ਹੱਥ ਲਾਇਆਂ ਵੀ ਦੁਖਦੇ ਨੇ
ਮਲ੍ਹਮ ਲਾਇਆਂ ਵੀ ਦੁਖਦੇ ਨੇ |

ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?

ਨਾ ਲੁਕਦੇ ਤਾਰਿਆਂ ਵਿਚ ਚੰਨ
ਨਾ ਤਾਰੇ ਚੰਨ ਚ ਲੁਕਦੇ ਨੇ |
 

Jaswinder Singh Baidwan

Akhran da mureed
Staff member
ਬਿਰਹਾ

ਮੈਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੌਕਾ
ਇਹਦੀ ਝੋਲ ਅਥਾਹ !

ਬਾਲ -ਵਰੇਸੇ ਇਸ਼ਕ ਗਵਾਚਾ
ਜ਼ਖਮੀ ਹੋ ਗਏ ਸਾਹ
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ !

ਜੋ ਚੁੰਮਣ ਮੇਰੇ ਦਰ ਤੇ ਖੜਿਆ
ਇਕ ਅੱਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ

ਮੈਂ ਉਹਨੂੰ ਨਿੱਤ ਉਡੀਕਣ ਬੈਠਾਂ
ਥੱਕਿਆ ਔਂਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ !

ਉਹ ਚੁੰਮਣ ਮੇਰੇ ਹਾਣ ਦਾ
ਵਿੱਚ ਲੱਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਸ ਚੁੰਮਣ ਦਾ ਚਾ
ਪਰਦੇਸ਼ੀ ਚੁੰਮਣ ਮੈਂਡਿਆ
ਕਦੇ ਵਤਨੀ ਫੇਰਾ ਪਾ
ਕਿਤੇ ਸੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ !

ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉੱਚੀ ਕੂਕ ਰਿਹਾ
 

Jaswinder Singh Baidwan

Akhran da mureed
Staff member
ਤਿੱਥ- ਪੱਤਰ

ਇਹ ਇਕ ਬੜਾ ਪੁਰਾਣਾ
ਮੈਲਾ ਤਿੱਥ- ਪੱਤਰ
ਸਮੇਂ ਦੇ ਰੁੱਖ ਦਾ,
ਪੀਲਾ ਹੋਇਆ ਇਹ ਪੱਤਰ
ਸੂਲੀ ਲੱਗੇ,
ਈਸਾ ਵਾਂਗ ਹੈ ਲਟਕ ਰਿਹਾ
ਜ਼ਿਹਨ ਮੇਰੇ ਦੀ,
ਵਾਦੀ ਵਿਚ ਹੈ ਭਟਕ ਰਿਹਾ !

ਉਹ ਦਿਨ ਬਹੁੰ ਵੱਡ-ਭਾਗਾ
ਜਦ ਕਿਸੇ ਸਾਗਰ ਵਿਚ
ਆਦਮ ਦੇ ਕਿਸੇ ਪਿਤਰ
ਅਮੂਬੇ ਜਨਮ ਲਿਆ
ਪਰ ਉਹ ਦਿਹੁੰ ਨਿਕਰਮਾ
ਜਦ ਇਸ ਆਦਮ ਦੀ
ਝੋਲੀ ਫੁੱਲ ਸਮੇਂ ਦਾ,
ਹੋਸੀ ਖੈਰ ਪਿਆ
ਵੇਖ ਵੇਖ ਤਿੱਥ ਪੱਤਰ
ਮੈਂ ਇਹ ਸੋਚ ਰਿਹਾ :
ਸਮਾਂ ਆਵਾਰਾ ਕੁੱਤਾ
ਦਰ ਦਰ ਭਟਕ ਰਿਹਾ
ਜੂਠੇ ਹੱਡ ਖਾਣ ਲਈ
ਲੋਭੀ ਤਰਸ ਰਿਹਾ !

ਸਮਾਂ ਪਰਾਈ ਨਾਰ
ਤੇ ਜਾਂ ਫਿਰ ਰੰਡੀ ਹੈ
ਪਹਿਲੀ ਰਾਤ ਹੰਢਾਇਆਂ
ਲਗਦੀ ਚੰਗੀ ਹੈ !
ਦੂਜੀ ਰਾਤ ਖਿਤਾਇਆਂ
ਲਗਦੀ ਗੰਦੀ ਹੈ !
ਤੀਜੀ ਰਾਤ ਬਿਤਾਇਆਂ
ਹੁੰਦੀ ਭ੬ਡੀ ਹੈ
ਪਰ ਇਹਦੇ ਸੰਗ
ਦੁਨੀਆਂ ਦੇ ਹਰ ਜ਼ੱਰੇ ਨੂੰ
ਇਕ ਅੱਧ ਘੜੀ,
ਜ਼ਰੂਰ ਬਿਤਾਉਣੀ ਪੈਂਦੀ ਹੈ
ਕਦੇ ਹਰਾਮਣ ਟਿਕ ਕੇ
ਨਾ ਇਹ ਬਹਿੰਦੀ ਹੈ !
ਉਮਰ ਦੀ ਬਾਰੀ,
ਖੋਹਲ ਕੇ ਏਸ ਜਹਾਂ ਵੱਲੋਂ
ਕਾਮਨ ਮੈਲੀ ਨਜ਼ਰੇ-
ਤੱਕਦੀ ਰਹਿੰਦੀ ਹੈ

ਸਮਾਂ ਕਾਲ ਦਾ ਚਿੰਨ
ਇਹ ਨਿੱਤ ਬਦਲਦਾ ਹੈ !
ਝੂਠੇ, ਸੋਹਣੇ ਕਾਮ 'ਚ ਮੱਤੇ
ਆਸ਼ਿਕ ਵਾਂਗ,
ਮਿਠੀਆਂ ਕਰ ਕਰ ਗਲਾਂ
ਸਾਨੂੰ ਛਲਦਾ ਹੈ !
ਮਾਣ ਕੇ ਚੁੰਮਣ
ਇਕ ਦੋ ਏਸ ਹਯਾਤੀ ਦੇ
ਭੁੱਲ ਜਾਂਦਾ ਹੈ -
ਫੇਰ ਨਾ ਵਿਹੜੇ ਵੜਦਾ ਹੈ !
ਸਮਾਂ ਕਾਲ ਦਾ ਚਿੰਨ
ਇਹ ਨਿੱਤ ਬਦਲਦਾ ਹੈ !
ਇਹ ਜੋ ਬੜਾ ਪੁਰਾਣਾ
ਮੈਲਾ ਤਿੱਥ-ਪਤਰ
ਸਮੇਂ ਦੇ ਰੁੱਖ ਦਾ,
ਪੀਲਾ ਹੋਇਆ ਇਕ ਪੱਤਰ
ਸੂਲੀ ਲੱਗੇ
ਈਸਾ ਵਾਕਣ ਲਟਕ ਰਿਹੈ
ਜ਼ਿਹਨ ਮੇਰੇ ਦੀ,
ਸੁੰਞੀ ਉੱਜੜੀ ਵਾਦੀ ਵਿੱਚ
ਸਮੇਂ ਦੀ ਇਕ-
ਠੁੱਕਰਾਈ ਹੋਈ ਸਜਨੀ ਵਾਂਗ
ਪੀੜਾਂ-ਕੁੱਠੀ,
ਬਿਰਹਣ ਵਾਕਣ ਭਟਕ ਰਿਹੈ,
ਇਹ ਇਕ ਬੜਾ ਪੁਰਾਣਾ
ਮੈਲਾ ਤਿੱਥ- ਪੱਤਰ
ਇਹ ਇਕ ਬੜਾ ਪੁਰਾਣਾ
ਮੈਲਾ ਤਿੱਥ ਪੱਤਰ..
 

Jaswinder Singh Baidwan

Akhran da mureed
Staff member
ਵੀਨਸ ਦਾ ਬੁੱਤ

ਇਹ ਸਜਨੀ ਵੀਨਸ ਦਾ ਬੁੱਤ ਹੈ
ਕਾਮ ਦੇਵਤਾ ਇਸ ਦਾ ਪੁੱਤ ਹੈ
ਮਿਸਰੀ ਅਤੇ ਯੂਨਾਨੀ ਧਰਮਾਂ,
ਵਿੱਚ ਇਹ ਦੇਵੀ ਸਭ ਤੋਂ ਮੁੱਖ ਹੈ !
ਇਹ ਸਜਨੀ ਵੀਨਸ ਦਾ ਬੁੱਤ ਹੈ !

ਕਾਮ ਜੋ ਸਭ ਤੋਂ ਮਹਾਬਲੀ ਹੈ
ਉਸ ਦੀ ਮਾਂ ਨੂੰ ਕਹਿਣਾ ਨੰਗੀ
ਉਸ ਦੀ ਗਲ ਉੱਕੀ ਹੀ ਨਾ ਚੰਗੀ !
ਤੇਰੀ ਇਸ ਨਾ-ਸਮਝੀ ਉੱਤੇ
ਸੱਚ ਪੁੱਛੇਂ ਤਾਂ ਮੈਨੂੰ ਦੁੱਖ ਹੈ
ਕਾਮ ਖੁਦਾ ਤੋਂ ਵੀ ਪ੍ਰਮੁੱਖ ਹੈ !
ਏਸੇ ਦੀ ਹੈ ਬਖਸ਼ੀ ਹੋਈ
ਤੁੱਦ ਤੇ ਹੁਸਨਾਂ ਦੀ ਜੋ ਰੁੱਤ ਹੈ
ਏਸੇ ਨੇ ਹੈ ਰੂਪ ਵੰਡਣਾ-
ਖੂਨ ਮੇਰਾ ਜੋ ਤੈਂਡੀ ਕੁੱਖ ਹੈ
ਇਹ ਤਾਂ ਵੀਨਸ ਮਾਂ ਦਾ ਬੁੱਤ ਹੈ

ਖੜੀਆਂ ਮਿੱਟੀ ਦੀ ਇਹ ਬਾਜ਼ੀ
ਚਿੱਟੀ ਦੁੱਧ ਕਲੀ ਜਿਉਂ ਤਾਜ਼ੀ
ਕਾਮ ਹੁਸਨ ਦਾ ਇਕ ਸੰਗਮ ਹੈ
ਕਾਮ ਹੁਸਨ ਦੀ ਕਥਾ ਸੁਣਾਂਦਾ
ਕੋਈ ਅਲਮਸਤ ਜਿਹਾ ਜੰਗਮ ਹੈ
ਤੇਰਾ ਇਸ ਨੂੰ ਟੁੰਡੀ ਕਹਿਣਾ,
ਸੱਚ ਪੁੱਛੇਂ, ਤਾਂ ਮੈਨੂੰ ਗਮ ਹੈ
ਕਾਮ ਬਿਨਾਂ ਹੇ ਮੇਰੀ ਸਜਨੀ l
ਕਾਹਦੇ ਅਰਥ ਜੇ ਚਲਦਾ ਦਮ ਹੈ !
ਕਾਮ ਹੈ ਸ਼ਿਵਜੀ, ਕਾਮ ਬ੍ਰਹੱਮ ਹੈ
ਕਾਮ ਹੀ ਸਭ ਤੋਂ ਮਹਾਂ ਧਰਮ ਹੈ !
ਕਾਮ ਤੋਂ ਵੱਡਾ ਨਾ ਕੋਈ ਸੁੱਖ ਹੈ
ਤੇਰੀ ਇਸ ਨਾ-ਸਮਝੀ ਉਤੇ
ਹੇ ਮੇਰੀ ਸਜਨੀ ! ਮੈਨੂੰ ਦੁੱਖ ਹੈ
ਇਹ ਤਾਂ ਵੀਨਸ ਮਾਂ ਦਾ ਬੁੱਤ ਹੈ !

ਵੇਖ ਕਿ ਬੁੱਤ ਨੂੰ ਕੀਹ ਹੋਇਆ ਹੈ ?
ਇਉਂ ਲਗਦਾ ਹੈ ਜਿਉਂ ਰੋਇਆ ਹੈ !
ਸਾਥੋਂ ਕੋਈ ਪਾਪ ਹੋਇਆ ਹੈ
ਸਾਰੇ ਦੀਵੇ ਝੱਬ ਬੁਝਾ ਦੇ
ਇਸ ਦੇ ਮੁੱਖ ਨੂੰ ਪਰਾਂ ਭੁਆ ਦੇ
ਜਾਂ ਇਸ ਤੇ ਕੋਈ ਪਰਦਾ ਪਾ ਦੇ
ਇਸ ਦੇ ਦਿਲ ਵਿਚ ਵੀ ਕੋਈ ਦੁੱਖ ਹੈ
ਇਸ ਨੂੰ ਹਾਲੇ ਵੀ ਕੋਈ ਭੁੱਖ ਹੈ
ਭਾਵੇਂ ਕਾਮ ਏਸ ਦਾ ਪੁੱਤ ਹੈ
ਮਿਸਰੀ ਅਤੇ ਯੁਨਾਨੀ ਧਰਮਾਂ,
ਵਿਚ ਇਹ ਭਾਵੇਂ ਸਭ ਤੋਂ ਮੁੱਖ ਹੈ
ਭਾਂਵੇ ਵੀਨਸ ਮਾਂ ਦਾ ਬੁੱਤ ਹੈ
ਬੁੱਤ ਨੇ ਆਖਿਰ ਰਹਿਣਾ ਬੁੱਤ ਹੈ
ਕਾਮ ਖੁਦਾ ਤੋਂ ਵੀ ਪ੍ਰਮੁੱਖ ਹੈ !
 

Jaswinder Singh Baidwan

Akhran da mureed
Staff member
ਕਬਰਾਂ ਉਡੀਕਦੀਆਂ

ਸਿਖਰ ਦੁਪਹਿਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂਮੈਨੂੰ
ਜਿਉਂ ਪੁੱਤਰਾਂ ਨੂੰ ਮਾਵਾਂ

ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗਮਾਂ ਵਾਲੀ ਤੇਜ ਹਨੇਰੀ
ਮੈਂ ਵੀ ਕਿਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ ਮੈਂਨੂੰ
ਜਿਉਂ ਪੁੱਤਰਾਂ ਨੂੰ ਮਾਵਾਂ

ਹਿਜਰਾਂ ‘ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ ਮੈਨੂੰ
ਜਿਉਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ ਮੈਂਨੂੰ
ਜਿਉਂ ਪੁੱਤਰਾਂ ਨੁੰ ਮਾਵਾਂ
ਸਿਖਰ ਦੁਪਿਹਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ |
 

Jaswinder Singh Baidwan

Akhran da mureed
Staff member
Ajj Fer Dil Gareeb Da

Aj fer dil gareeb
Ik paaNda hae vaasta,
De ja meri ahj kalam nu
Ik hor haadsa.

Mudat hoi hae darad da
Koi jaam peeteyaaN,
PeeRaaN ‘ch haNju ghol ke,
De ja do aatasha.

Kaagaz di kori reejh hae
Chup chaap vekhdi,
ShabdaaN de thal ‘ch bhaTakda
GeetaaN da kaafila.

TurnaaN maeN chaahuNda
Paer vich kaNDe di lae ke peeR,
Dukh toN kabar tak dosta
Jihna vi faasala.

Aa bahuR Shiv nu peeR vi
Hae kaND de chali,
Rakhi si jihdi oas ne
Mudat toN daastaaN!
 

Jaswinder Singh Baidwan

Akhran da mureed
Staff member
ਸੀਮਾ

es poem nu ohi banda samjh sakda, jihnu Shiv di zindagi de kujh eham pehluan baare pta hai :pr

ਦੈਨਿਕ ਅਖਬਾਰ ਦੇ
ਅਜ ਪ੍ਰਿਥਮ ਪੰਨੇ ਤੇ
ਮੇਰੀ ਮਹਿਬੂਬਾ ਦੀ-
ਤਸਵੀਰ ਛਪੀ ਹੈ
ਏਸ ਤਸਵੀਰ 'ਚ
ਕੁਝ ਗੋਰੇ ਵਿਦੇਸ਼ੀ ਬੱਚੇ
ਤੇ ਇਕ ਹੋਰ ਉਹਦੇ ਨਾਲ,
ਖੜੀ ਉਸ ਦੀ ਸਖੀ ਹੈ
ਤਸਵੀਰ ਦੇ ਪੈਰੀਂ,
ਇਹ ਅਬਾਰਤ ਦੀ ਹੈ ਝਾਂਜਰ :
ਇਹ ਕੁੜੀ ,
ਪਹਿਲੀ ਪੰਜਾਬਣ ਉਹ ਕੁੜੀ ਹੈ,
ਜਿਹੜੀ ਪਰਦੇਸ਼ ਤੋਂ
ਸੰਗੀਤ ਦੀ ਵਿੱਦਿਆ ਲੈ ਕੇ
ਛੇ ਵਰੇ ਪਿੱਛੋਂ,
ਜੋ ਅੱਜ ਦੇਸ਼ ਮੁੜੀ ਹੈ

ਹਾ ਠੀਕ ਕਿਹਾ, ਠੀਕ ਕਿਹਾ
ਇਹੋ ਉਹ ਕੁੜੀ ਹੈ
ਏਸੇ ਹੀ ਕੁੜੀ ਖਾਤਿਰ
ਮੇਰੀ ਜਿੰਦਗੀ ਥੁੜੀ ਹੈ
ਇਹੋ ਹੈ ਕੁੜੀ,
ਜਿਸ ਨੂੰ ਕੀ ਮੇਰੇ ਗੀਤ ਨੇ ਰੋਂਦੇ
ਮਾਸੂਮ ਮੇਰੇ ਖਾਬ ਵੀ
ਆਵਾਰ ਨੇ ਭੌਂਦੇ
ਇਹੋ ਹੈ ਕੁੜੀ
ਅਕਸਰ ਮੇਰੇ ਸ਼ਹਿਰ ਜਦ ਆਉਂਦੀ,
ਹਰ ਵਾਰ ਜਦੋਂ ਆਉਂਦੀ,
ਤਿੰਨ ਫੁੱਲ ਲਿਆਉਂਦੀ
ਗੁਲਦਾਨ 'ਚ ਤਿੰਨ ਫੁੱਲ ਜਦੋਂ
ਹੱਥੀਂ ਉਹ ਸਜਾਉਂਦੀ
ਮੁਸਕਾ ਕੇ ਤੇ ਅੰਦਾਜ਼ 'ਚ
ਕੁਝ ਏਦਾਂ ਉਹ ਕਹਿੰਦੀ :
ਇੱਕ ਫੁੱਲ ਕੋਈ ਸਾਂਝਾ
ਤੇਰੇ ਨਾਂ ਦਾ, ਮੇਰੇ ਨਾਂ ਦਾ
ਇੱਕ ਫੁੱਲ ਕੋਈ ਸਾਂਝਾ
ਕਿਸੇ ਪਿਉ ਦਾ ਕਿਸੇ ਮਾਂ ਦਾ
ਇੱਕ ਫੁੱਲ ਮੇਰੀ ਕੁੱਖ ਦੀ
ਸੀਮਾ ਦੇ ਹੈ ਨਾਂ ਦਾ
ਹਾਂ ਠੀਕ ਕਿਹਾ, ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ,
ਜਿਹੜੀ ਪਰਦੇਸ਼ ਤੋਂ
ਸੰਗੀਤ ਦੀ ਵਿੱਦਿਆ ਲੈ ਕੇ
ਛੇ ਵਰੇ ਪਿੱਛੋਂ,
ਜੋ ਅੱਜ ਦੇਸ਼ ਮੁੜੀ ਹੈ

ਏਸ ਤਸਵੀਰ 'ਚ
ਇਕ ਗੋਰੀ ਜਿਹੀ ਨਿੱਕੀ ਬੱਚੀ
ਮੇਰੀ ਮਹਿਬੂਬਾ ਦੀ,
ਜਿਸ ਚੀਚੀ ਹੈ ਪਕੜ ਰੱਖੀ
ਓਸ ਦੀ ਸ਼ਕਲ,
ਮੇਰੇ ਜ਼ਿਹਨ 'ਚ ਹੈ ਆ ਲੱਥੀ
ਇਕਣ ਲਗਦਾ ਹੈ :
ਇਹ ਮੇਰੀ ਆਪਣੀ ਧੀ ਹੈ
ਮੇਰਾ ਤੇ ਮੇਰੀ ਬੇਲਣ
ਦੇ ਬੀਮਾਰ ਲਹੂ ਦਾ
ਏਸ ਧਰਤੀ ਤੇ ਬਿਜਾਇਆ
ਕੋਈ ਸਾਂਝਾ ਬੀ ਹੈ
ਮੇਰੀ ਪੀੜਾ ਦੇ ਮਰੀਅਮ ਦੇ
ਖਾਬਾਂ ਦਾ ਮਸੀਹ ਹੈ
ਮੁੱਦਤ ਤੋਂ ਜਿਦੀ ਖਾਤਿਰ
ਬੇ-ਚੈਨ ਮੇਰਾ ਜੀ ਹੈ
ਹਾਂ, ਹਾਂ ਇਹ ਮੇਰੀ
ਓਹੋ ਹੀ ਸੀਮਾ ਧੀ ਹੈ
ਕੋਈ ਹੋਰ ਇਹਦਾ ਪਿਉ ਹੈ,
ਇਹਦਾ ਗਮ ਕੀਹ ਹੈ
ਹਾਂ ਠੀਕ ਕਿਹਾ, ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ,
ਜਿਹੜੀ ਪਰਦੇਸ਼ ਤੋਂ
ਸੰਗੀਤ ਦੀ ਵਿੱਦਿਆ ਲੈ ਕੇ
ਛੇ ਵਰੇ ਪਿੱਛੋਂ,
ਜੋ ਅੱਜ ਦੇਸ਼ ਮੁੜੀ ਹੈ
 

Jaswinder Singh Baidwan

Akhran da mureed
Staff member
ਅਜਨਬੀ

ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !
ਤੇ ਸ਼ਾਇਦ ਅਜਨਬੀ ਹੀ ਰਹਾਂਗੇ
ਇਕ ਸਦੀ ਜਾਂ ਦੋ ਸਦੀ l
ਨਾ ਤੇ ਤੂੰ ਹੀ ਔਲੀਆ ਹੈਂ
ਨਾ ਤੇ ਮੈਂ ਹੀ ਹਾਂ ਨਬੀ
ਇਕ ਆਸ ਹੈ, ਇਹ ਉਮੀਦ ਹੈ,
ਕਿ ਮਿਲ ਪਾਵਾਂਗੇ ਪਰ ਕਦੀ !
ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !

ਮੇਰੇ ਲਈ ਇਹ ਰੱਸ-ਭਰੀ
ਤੇਰੀ ਮਲੂਕ ਮੁਸਕੜੀ l
ਕਿਸੇ ਵਿਮਾਨ-ਸੇਵਕਾ-
ਦੀ ਮੁਸਕੜੀ ਦੇ ਵਾਂਗ ਹੈ !
ਅਜੇ ਵੀ ਜਿਸ 'ਚ ਜਾਣਦਾਂ
ਕੀ ਵਾਸਨਾ ਦੀ ਕਾਂਗ ਹੈ !
ਮੈਂ ਜਾਣਦਾਂ, ਮੈਂ ਜਾਣਦਾਂ
ਮੇਰੇ ਲਈ ਤੇਰੀ ਵਫਾ
ਅਜੇ ਵੀ ਇਕ ਸਵਾਂਗ ਹੈ l
ਅਜੇ ਵੀ ਇਕ ਸਵਾਂਗ ਹੈ l
ਮੇਰੇ ਨਸ਼ੀਲੇ ਜਿਸਮ ਦੀ
ਅਜੇ ਵੀ ਤੈਨੂੰ ਮਾਂਗ ਹੈ
ਜਿਹੜਾ ਕਿ ਤੇਰੀ ਨਜ਼ਰ ਵਿਚ,
ਫਿਲਮੀ ਰਸਾਲੇ ਵਾਂਗ ਹੈ l
ਸਫਾ-ਸਫਾ ਫਰੋਲਣਾ-
ਜਿਦਾ ਹੈ ਤੇਰੀ ਦਿਲ ਲੱਗੀ l
ਮਮੇਂ ਨੂੰ ਸੰਨ ਮਾਰ ਕੇ,
ਜੇ ਮਿਲ ਜਾਏ ਘੜੀ ਕਦੀ l
ਕਾਮ ਦਾ ਹਾਂ ਮੈਂ ਸਗਾ
ਤੇ ਕਾਮ ਦੀ ਹੈਂ ਤੁੰ ਸਗੀ l
ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !

ਅਜੇ ਤਾਂ ਸਾਡਾ ਇਸ਼ਕ,
ਓਸ ਮੱਕੜੀ ਵਾਂਗ ਹੈ
ਕਾਮ ਦੇ ਸੁਆਦ ਪਿਛੋਂ
ਜੋ ਜਾਏ ਜੋ ਹਾਮਿਲਾ
ਤੇ ਮਕੜੇ ਨੂੰ ਮਾਰ ਕੇ
ਬਣਾ ਲਵੇ ਜਿਵੇਂ ਗਜ਼ਾ l
ਤੇ ਖਾ ਜਾਏ ਉਹ ਕਾਮਣੀ
ਕੁਲੱਛਣੀ ਸੁਆਦ ਲਾ l
ਹੇ ਕਾਮਣੀ, ਹੇ ਕਾਮਣੀ !
ਮੈਨੂੰ ਨਾ ਖਾ, ਮੈਨੂੰ ਨਾ ਖਾ
ਹੇ ਕਾਮਣੀ, ਹੇ ਕਾਮਣੀ
ਮੈਨੂੰ ਬਚਾ, ਮੈਨੂੰ ਬਚਾ l
ਵਾਸਤਾ ਈ ਜੀਭ ਨੂੰ
ਇਹ ਖੂਨ ਦਾ ਨਾ ਸੁਆਦ ਪਾ
ਦੂਰ ਹੋ ਕੇ ਬਹਿ ਪਰਾਂ,
ਨਾ ਕੋਲ ਆ, ਨਾ ਕੋਲ ਆ !
ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !

ਤੇਰੇ ਗਲੇ ਥੀਂ ਚਿਮਟ ਕੇ
ਇਹ ਸਉਂ ਰਿਹਾ ਜੋ ਬਾਲ ਹੈ l
ਛੁਰੀ ਹੈ ਸੰਸਕਾਰ ਦੀ
ਜੋ ਕਰ ਰਹੀ ਹਲਾਲ ਹੈ l
ਇਹ ਕਹਿਣ ਨੂੰ ਤਾਂ ਠੀਕ ਕਿ-
ਤੇਰਾ ਮੇਰਾ ਹੀ ਲਾਲ ਹੈ l
ਜੇ ਸੋਚੀਏ ਤਾਂ ਸੋਹਣੀਏ,
ਤੈਨੂੰ ਸਦੀਵੀ ਮਰਦ ਦੀ
ਮੈਂ ਜਾਣਦਾ ਕਿ ਭਾਲ ਹੈ
ਸਾਡੀ ਵਫਾ ਨੂੰ ਗਾਲ ਹੈ l
ਜ਼ਿੰਦਗੀ ਬਿਤੌਣ ਦੀ,
ਚਲੀ ਅਸਾਂ ਨੇ ਚਾਲ ਹੈ l
ਮੈਨੁੰ ਸਦੀਵੀ ਨਾਰ ਦੀ,
ਤੂੰ ਜਾਣਦੀ ਹੈਂ ਭਾਲ ਹੈ l
ਹੈ ਠੀਕ ਫਿਰ ਵੀ ਵਗ ਰਹੀ
ਹੈ ਰਿਸ਼ਤਿਆਂ ਦੀ ਇੱਕ ਨਦੀ l
ਮੁਲੰਮਿਆਂ ਦੀ ਮੈਂ ਉਪਜ
ਮੁਲੰਮਿਆਂ ਦੀ ਤੂੰ ਸ਼ਬੀ l
ਨਾ ਵਫਾ ਦਾ ਮੈਂ ਸਗਾ
ਤੇ ਨਾ ਵਫਾ ਦੀ ਤੂੰ ਸਗੀ
ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !

ਹੈ ਠੀਕ ਕਿ ਤੇਰੀ ਮੇਰੀ,
ਅਜੇ ਕੋਈ ਪਛਾਣ ਨਹੀਂ l
ਅਜੇ ਸਾਨੂੰ ਆਪਣੇ ਹੀ,
ਆਪ ਦੀ ਪਛਾਣ ਨਹੀਂ l
ਅਜੇ ਅੰਜ਼ੀਲ ਵੇਦ ਤੇ-
ਕੁਰਾਨ ਦੀ ਪਛਾਣ ਨਹੀਂ l
ਗੌਰੀਆਂ ਦੀ ਸੋਮ ਦੀ,
ਅਜੇ ਕੋਈ ਪਛਾਣ ਨਹੀਂ l
ਮੰਗੋਲੀਆਂ ਦਰਾਵੜਾਂ ਨੂੰ-
ਆਰੀਆਂ ਤੇ ਮਾਨ ਨਹੀਂ !
ਅਜੇ ਤਾਂ ਦਿਲ ਨੇ ਅਜਨਬੀ !
ਅਜੇ ਦਿਮਾਗ ਅਜਨਬੀ !
ਅਜੇ ਤਾਂ ਕੁਲ ਜਹਾਨ-
ਸਾਡੇ ਵਾਕਣਾ ਹੈ ਅਜਨਬੀ !
ਤੇ ਸ਼ਾਇਦ ਅਜਨਬੀ ਰਹਾਂਗੇ
ਇਕ ਸਦੀ ਜਾਂ ਦੋ ਸਦੀ l
ਇਕ ਆਸ ਹੈ, ਇਹ ਉਮੀਦ ਹੈ,
ਕਿ ਮਿਲ ਪਾਵਾਂਗੇ ਪਰ ਕਦੀ l
ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !
 

Jaswinder Singh Baidwan

Akhran da mureed
Staff member
ਸੰਗਰਾਂਦ.

ਪੋਹ ਮਹੀਨਾ
ਸਰਦ ਇਹ ਬਸਤੀ ਪਹਾੜੀ
ਯੱਖ-ਠੰਡੀ ਰਾਤ ਦੇ ਅੰਤਮ ਸਮੇਂ
ਮੇਰੇ ਲਾਗੇ,
ਮੇਰੀ ਹਮਦਰਦਣ ਦੇ ਵਾਂਗ,
ਸੌਂ ਰਹੀ ਹੈ,
ਚਾਨਣੀ ਦੀ ਝੁੰਭ ਮਾਰੀ
ਹੂ-ਬਹੂ ਚੀਨੇ ਕਬੂਤਰ ਵਾਕਣਾਂ
ਗੁਟਕਦੀ ਤੇ ਸੋਨ-ਖੰਭਾਂ ਨੂੰ ਖਿਲਾਰੀ !
ਪੋਹ ਮਹੀਨਾ, ਸਰਦ ਇਹ-
ਬਸਤੀ ਪਹਾੜੀ l
ਇਹ ਮੇਰੀ ਵਾਕਫ,
ਤੇ ਹਮਦਰਦਣ ਦਾ ਘਰ
ਜਿਸ 'ਚ ਅਜ ਦੀ ਰਾਤ
ਮੇਂ ਇਹ ਹੈ ਗੁਜ਼ਾਰੀ l
ਜਿਸ ਦੀ ਸੂਰਤ,
ਚੇਤ ਦੇ ਸੂਰਜ ਦੇ ਵਾਂਗ
ਨੀਮ-ਨਿੱਘੀ ਦੁਧੀਆ ਹੈ ਗੁਲਾਨਾਰੀ l
ਪੋਹ ਦੀ ਸੰਗਰਾਂਦ ਦੇ ਪਰਭਾਤ ਵੇਲੇ,
ਨਿੱਤਰੀ ਮੰਦਰ ਦੀ ਚਿਰਨਾਮਤ ਦੇ ਵਾਂਗ
ਠੰਡੀ-ਠੰਡੀ,
ਸੁੱਚੀ ਮਿੱਠੀ ਤੇ ਪਿਆਰੀ !
ਸੌਂ ਰਹੀ ਹੈ ਮਹਿਕ ਹੋਠਾਂ ਤੇ ਖਿਲਾਰੀ !
ਉਫ !
ਕਿੰਨੀ ਹੋ ਰਹੀ ਹੈ ਬਰਫ-ਬਾਰੀ
ਏਸ ਬਸਤੀ ਦੀ ਠਰੀ ਹੋਈ ਬੁੱਕਲੇ
ਮਘ ਰਹੀ ਨਾ
ਕਿਤੇ ਵੀ ਕੋਈ ਅੰਗਾਰੀ
ਚੌਹੀਂ ਪਾਸੀਂ,
ਜ਼ਹਿਰ-ਮੌਹਰੀ ਬਰਫ ਦਾ
ਮੋਨ ਸਾਗਰ ਹੈ ਪਰਸਦਾ ਜਾ ਰਿਹਾ
ਮੇਰਾ ਦਿਲ, ਮੇਰਾ ਜਿਸਮ, ਮੇਰਾ ਜ਼ਿਹਨ
ਬਰਫ ਸੰਗ ਹੈ ਬਰਫ ਹੁੰਦਾ ਜਾ ਰਿਹਾ
ਦੂਰ ਕਾਲਾ,
ਰੁੱਖ ਲੰਮਾ ਚੀਲ ਦਾ
ਸ਼ੀਸ਼ੀਆਂ ਤੋਂ ਪਾਰ ਜੋ ਉਂਘਲਾ ਰਿਹਾ
ਮੈਨੂੰ ਬਸਤੀ ਦੀ,
ਬਲੌਰੀ ਪਾਤਲੀ ਵਿਚ
ਸੂਲ ਵੱਤ ਚੁੱਭਿਆ ਹੈ ਨਜ਼ਰੀ ਆ ਰਿਹਾ
ਉਫ !
ਇਹ ਮੈਨੁੰ ਕੀਹ ਹੁੰਦਾ ਜਾ ਰਿਹਾ ?
ਮੇਰੇ ਖਾਬਾਂ ਦੀ ਸਰਦ ਤਾਬੀਰ ਵਿੱਚ
ਮੇਰੀ ਹਮਦਰਦਰਣ ਦਾ ਕੱਚੀ ਗਰੀ ਜੇਹਾ
ਸੁੱਤ-ਉਨੀਂਦਾ ਜਿਸਮ ਬਣਦਾ ਜਾ ਰਿਹਾ
ਹਿੱਮ-ਮਾਨਵ ਵਾਂਗ ਚਲਿਆ ਆ ਰਿਹਾ
ਕੌਣ ਦਰਵਾਜ਼ੇ ਨੂੰ ਹੈ ਖੜਕਾ ਰਿਹਾ ?
ਸ਼ਾਇਦ ਹਿੱਮ-ਮਾਨਵ ਹੈ ਟੁਰਿਆ ਆ ਰਿਹਾ
ਹੇ ਦਿਲਾ !ਬੇ ਹੋਸ਼ਿਆ !

ਕੁਝ ਹੋਸ਼ ਕਰ,
ਨਾ ਤੇ ਕੋਈ ਆ ਤੇ ਨਾ ਹੀ ਜਾ ਰਿਹਾ
ਇਹ ਤਾਂ ਤੇਰਾ ਵਹਿਮ ਤੈਨੂੰ ਖਾ ਰਿਹਾ !
ਇਹ ਤਾਂ ਹੈ,
ਇਕ ਤੇਰੀ ਹਮਦਰਦਰਣ ਦਾ ਘਰ
ਸੋਚ ਕਰ, ਕੁਝ ਸੋਚ ਕਰ, ਕੁਝ ਸੋਚ ਕਰ
ਉਹ ਤਾਂ ਪਹਿਲਾਂ ਹੀ
ਅਮਾਨਤ ਹੈ ਕਿਸੇ ਦੀ
ਤੂੰ ਤਾਂ ਐਵੇਂ ਪੀਣ ਗਿੱਲਾ ਪਾ ਰਿਹਾ
ਰੇਸ਼ਮੀ ਜਹੇ ਵਗ ਰਹੇ ਉਹਦੇ ਸਵਾਸ ਤੇ
ਨਜ਼ਰ ਮੈਲੀ ਕਿਸ ਲਈ ਹੈਂ ਪਾਰ ਰਿਹਾ ?
ਉਹ ਤਾਂ ਮੰਦਰ ਦੀ ਹੈ ਸੁੱਚੀ ਪੌਣ ਵਰਗਾ
ਸੁਆਦ ਤੁਲਸੀ ਦਾ
ਜਿਦੇ ਚੋਂ ਆ ਰਿਹਾ !

ਹੇ ਮਨਾਂ
ਕੁਝ ਸ਼ਰਮ ਕਰ, ਕੁਝ ਸ਼ਰਮ ਕਰ
ਤੂੰ ਤਾਂ ਉੱਕਾ ਹੀ,
ਸ਼ਰਮ ਹੈ ਲਾਹ ਮਾਰੀ !
ਹੋਣ ਦੇ ਜੇ ਸੁੰਨ ਹੋ ਜਾਏ ਜਿਸਮ ਤੇਰਾ
ਹੋਣ ਦੇ ਜੇ ਸੁੰਨ ਹੋ ਜਾਏ ਉਮਰ ਸਾਰੀ
ਤੂੰ ਤਾਂ ਧੁਰ ਤੋਂ ਗਮ ਦੀ ਇਕ ਸੰਗਰਾਂਦ ਹੈ
ਕਰ ਨਾ ਐਵੇਂ,
ਮੂਰਖਾ ਤੂੰ ਨਜ਼ਰ ਮਾੜੀ !
ਲੱਭ ਹਮਦਰਦੀ ਚੋਂ ਨਾ
ਕੋਈ ਚਿੰਗਾੜੀ !
ਵੇਖ, ਤੇਰੇ ਤੋਂ ਵੀ ਵਧ ਕੇ ਸਰਦ ਹੈ
ਫਿਰ ਵੀ ਹੈ ਕਿੰਨੀ ਹੁਸੀਂ,
ਬਸਤੀ ਪਹਾੜੀ !
ਯਖ-ਠੰਡੀ ਰਾਤ ਦੇ ਅੰਤਮ ਸਮੇਂ
ਮੇਰੇ ਲਾਗੇ,
ਮੇਰੀ ਹਮਦਰਦਰਣ ਦੇ ਵਾਂਗ,
ਸੌਂ ਰਹੀ ਹੈ ਚਾਨਣੀ ਦੀ ਝੁੰਭ ਮਾਰੀ
ਪੋਹ ਮਹੀਨਾ, ਸਰਦ ਇਹ
ਬਸਤੀ ਪਹਾੜੀ !
 

Jaswinder Singh Baidwan

Akhran da mureed
Staff member
ਬਹੁ-ਰੂਪੀਏ

ਇਹ ਅਜ ਦੀ ਸ਼ਾਮ
ਮੇਰੇ ਘਰ ਵਿਚ ਪਈ ਘੁੰਮਦੀ ਹੈ
ਚੁੱਪ ਚੁੱਪ ਤੇ ਵੀਰਾਨ
ਕਿਸੇ ਨਿਪੱਤਰੇ ਰੁੱਖ ਦੇ ਉੱਤੇ
ਇੱਲ ਦੇ ਆਲਣੇ ਵਾਂਗ
ਗੁੰਮ-ਸੁੰਮ ਤੇ ਸੁੰਨਸਾਨ
ਸ਼ਾਮ
ਇਹ ਅੱਜ ਦੀ ਸ਼ਾਮ !
ਐਸੀ ਬੇ-ਹਿੱਸ ਸ਼ਾਮ ਨੁੰ ਆਖਿਰ
ਮੈਂ ਘਰ ਕਹਿ ਕੇ ਕੀਹ ਲੈਣਾ ਸੀ
ਇਹ ਕੰਮਬਖਤ ਸਵੇਰੇ ਆਉਂਦੀ
ਜੇ ਕਰ ਇਸ ਨੇ ਵੀ ਆਉਣਾ ਸੀ
ਇਹਦੇ ਨਾਲੋਂ ਤਾਂ ਚੰਗਉਾ ਸੀ
ਕਾਹਵਾ-ਖਾਨੇ ਦੀ ਬੁੱਕਲ ਵਿੱਚ
ਕਾਫੀ ਦੇ ਦੋ ਘੁੱਟ ਨਿਗਲ ਕੇ
ਸਿਗਰਟ ਧੁਕਾ ਕੇ ਬਹਿ ਰਹਿਣਾ ਸੀ !
ਮਰਮਿਡ-ਮੱਛੀ ਜਹੀਆਂ ਕੁੜੀਆਂ
ਵੇਖਣ ਖਾਤਿਰ ਸੜਕਾਂ ਉੱਤੇ
ਯਾਰਾਂ ਦੇ ਸੰਗ ਭੌਂ ਲੈਣਾ ਸੀ !
ਥੱਕ ਟੁੱਟ ਕੇ ਤੇ ਸੌਂ ਰਹਿਣਾ ਸੀ !
ਘਰ ਬਹਿ ਕੇ ਮੈਂ ਕੀਹ ਲੈਣਾ ਸੀ ?

ਸਮਾਂ ਵੀ ਕਿੰਨੀ ਚੰਦਰੀ ਸ਼ੈ ਹੈ
ਕਿਸੇ ਪੁਰਾਣੇ ਅਮਲੀ ਵਾਕਣ
ਦਿਨ ਭਰ ਪੀ ਕੇ ਡੋਡੇ ਸੌਹਰਾ
ਗਲੀਆਂ ਤੇ ਬਾਜ਼ਾਰਾਂ ਦੇ ਵਿੱਚ
ਆਪਣੀ ਝੋਕ 'ਚ ਟੁਰਿਆ ਰਹਿੰਦੈ !
ਨਾ ਕੁਝ ਸੁਣਦੈ, ਨਾ ਕੁਝ ਕਹਿੰਦੈ !
ਨਾ ਕਿਤੇ ਖੜਦੈ, ਨਾ ਕਿਤੇ ਬਹਿੰਦੈ !
ਇਸ ਬਦਬੂ ਦੇ ਜਾਣ 'ਚ ਹਾਲੇ
ਯੁੱਗਾਂ ਜੇਡਾ ਇਕ ਪਲ ਰਹਿੰਦੈ !

ਕਾਲੀਆਂ ਕਾਲੀਆਂ ਜੀਭਾਂ ਜੇਹੀਆਂ
ਮੇਰੀ ਹੱਥ ਘੜੀ ਦੀਆਂ ਸੂਈਆਂ
ਮੇਰੀ ਹਿੱਕ ਵਿਚ ਲੰਮੇ ਲੰਮੇ,
ਕੰਡਿਆਂ ਵਾਕਣ ਤੜੀਆਂ ਹੋਈਆਂ
ਹਫੀਆਂ ਹਫੀਆਂ ਭੱਜ ਭੱਜ ਮੋਈਆਂ
ਦਿਨ ਭਰ ਸਮੇਂ ਦੇ ਖੂਹੇ ਉੱਤੇ
ਬੈਲਾਂ ਵਾਕਣ ਜੋਈਆਂ ਹੋਈਆਂ
ਗਮ ਦੇ ਪਾਣੀ ਸੰਗ ਸਿੰਜਣ ਲਈ,
ਮੇਰੇ ਦਿਲ ਦੀਆਂ ਬੰਜਰ ਰੋਹੀਆਂ
ਅੱਜ ਦੀਆਂ ਸ਼ਾਮਾਂ ਐਵੇਂ ਗਈਆਂ !

ਰੱਬ ਕਰੇ ਬਦਬੂ ਦੀ ਢੇਰੀ l
ਛੇਤੀ ਜਾਵੇ, ਛੇਤੀ ਜਾਵੇ
ਜਾਂ ਰੱਬ ਕਰਕੇ ਬਹੁ-ਰੂਪਨੀ
ਚੋਰਾਂ ਦੇ ਸੱਗ ਉਧੱਲ ਜਾਵੇ
ਜਾਂ ਕੋਈ ਐਸਾ ਮੰਤਰ ਚੱਲੇ
ਇਹ ਕੰਮਬਖਤ ਭਸਮ ਹੋ ਜਾਵੇ
ਇਹ ਮਨਹੂਸ ਨੇ ਖੌਰੇ ਕਦ ਤੱਕ
ਮੇਰਾ ਜ਼ਿਹਨ ਹੈ ਚੱਟਦੇ ਰਹਿਣਾ
ਮੈਂ ਤਾਂ ਹੋਰ ਕਿਸੇ ਸੰਗ ਰਾਤੀਂ
ਨੱਚਣ ਬਾਲ-ਰੂਮ ਹੈ ਜਾਣਾ.........ll
 

Jaswinder Singh Baidwan

Akhran da mureed
Staff member
ਬੇਹਾ- ਖੂਨ

ਖੂਨ !
ਬੇਹਾ-ਖੂਨ !
ਮੈਂ ਹਾਂ, ਬੇਹਾ ਖੂਨ !
ਨਿੱਕੀ ਉਮਰੇ ਭੋਗ ਲਈ
ਅਸਾਂ ਸੈਂ ਚੁੰਮਣਾਂ ਦੀ ਜੂਨ !

ਪਹਿਲਾਂ ਚੁੰਮਣ ਬਾਲ - ਵਰੇਸੇ
ਟੁਰ ਸਾਡੇ ਦਰ ਆਇਆ !
ਉਹ ਚੁੰਮਣ ਮਿੱਟੀ ਦੀ ਬਾਜ਼ੀ
ਦੋ ਪਲ ਖੇਡ ਗਵਾਇਆ !
ਦੂਜਾ ਚੁੰਮਣ ਜੋ ਸਾਨੂੰ ਜੁੜਿਆ
ਉਸ ਸਾਡੇ ਮੇਚ ਨਾ ਆਇਆ !
ਉਸ ਮਗਰੋਂ ਸੈਂ ਚੁੰਮਣ ਜੁੜਿਆ
ਪਰ ਹੋਠੀਂ ਨਾ ਲਾਇਆ !
ਮੁੜ ਨਾ ਪਾਪ ਕਮਾਇਆ ! !

ਪਰ ਇਹ ਕੇਹਾ ਅਜ ਦਾ ਚੁੰਮਣ
ਗਲ ਸਾਡੇ ਲੱਗ ਰੋਇਆ ?
ਹੋਠਾਂ ਦੀ ਦਹਿਲੀਜ਼ ਸਿਉਂਕੀ -
ਤੇ ਚਾਨਣ ਜਿਸ ਚੋਇਆ !
ਇਹ ਚੁੰਮਣ ਸਾਡਾ ਸੱਜਣ ਦਿਸਦਾ
ਇਹ ਸਾਡਾ ਮਹਿਰਮ ਹੋਇਆ !
ਡੂੰਘੀ ਢਾਬ ਹਿਜ਼ਰ ਦੀ ਸਾਡੀ
ਡੁੱਬ ਮੋਇਆ, ਡੁੱਬ ਮੋਇਆ !
ਸਾਡਾ ਤਨ-ਮਨ ਹਰਿਆ ਹੋਇਆ !!
ਪਰ ਇਹ ਕਿਹਾ ਕੁ ਦਿਲ-ਪਰਚਾਵਾ
ਪਰ ਇਹ ਕਿਹਾ ਸਕੂਨ ?
ਮੈਂ ਹਾਂ, ਬੇਹਾ-ਖੂਨ !
ਖੂਨ !
ਬੇਹਾ-ਖੂਨ !
ਬਾਸ਼ੇ ਨੂੰ ਇਕ ਤਿੱਤਲੀ ਕਹਿਣਾ
ਇਹ ਹੈ ਨਿਰਾ ਜਨੂੰਨ !
ਬਾਲ-ਵਰੇਸੇ ਜਿਹੜਾ ਮਰਿਆ
ਉਸ ਚੁੰਮਣ ਦੀ ਊਣ
ਮਰ-ਮੁੱਕ ਕੇ ਵੀ ਕਰ ਨਾ ਸਕਦਾ
ਪੂਰੀ ਬੇਹਾ-ਖੂਨ !
ਭਾਵੇਂ ਇਹ ਬ੍ਰਹਮੰਡ ਵੀ ਫੋਲੇ
ਜਾਂ ਅਰੂਨ ਵਰੂਨ
ਇਹ ਵੀ ਇਕ ਜਨੂੰਨ
ਮੈਂ ਹਾਲੇ ਤਾਜ਼ੇ ਦਾ ਤਾਜ਼ਾ
ਸਮਝੇ ਮੇਰਾ ਖੂਨ !
ਨਿੱਕੀ ਉਮਰੇ ਮਾਣ ਲਈ
ਜਿਸ ਸੈਂ ਚੁੰਮਣਾਂ ਦੀ ਜੂਨ
ਖੂਨ !
ਬੇਹਾ-ਖੂਨ !
ਮੈਂ ਹਾਂ, ਬੇਹਾ-ਖੂਨ......!!
 

Jaswinder Singh Baidwan

Akhran da mureed
Staff member
ਮੀਲ -ਪੱਥਰ

ਮੈਂ ਮੀਲ ਪੱਥਰ, ਹਾਂ ਮੀਲ ਪੱਥਰ
ਮੇਰੇ ਮੱਥੇ ਤੇ ਹੈਨ ਪੱਕੇ,
ਇਹ ਕਾਲੇ ਬਿਰਹੋਂ ਦੇ ਚਾਰ ਅੱਖਰ !
ਮੇਰਾ ਜੀਵਨ ਕੁਝ ਇਸ ਤਰਾਂ ਹੈ
ਜਿਸ ਤਰਾਂ ਕਿ ਕਿਸੇ ਗਰਾਂ ਵਿਚ
ਥੋਹਰਾਂ ਮੱਲੇ ਉਜਾੜ ਦੈਰੇ 'ਚ -
ਰਹਿੰਦਾ ਹੋਵੇ ਮਲੰਗ ਫੱਕਰ !
ਤੇ ਜੂਠੇ ਟੁਕਾਂ ਦੀ ਆਸ ਲੈ ਕੇ
ਦਿਨ ਢਲੇ ਜੋ ਗਰਾਂ 'ਚ ਆਵੇ
ਤੇ ਬਿਨ ਬੁਲਾਇਆਂ ਹੀ ਪਰਤ ਜਾਵੇ
'ਔ-ਕੱਖ' ਕਹਿ ਕੇ ਤੇ ਮਾਰ ਚੱਕਰ !
ਮੈਂ ਮੀਲ-ਪੱਥਰ, ਹਾਂ ਮੀਲ -ਪੱਥਰ !

ਮੈਂ ਜ਼ਿੰਦਗਾਨੀ ਦੇ ਕਾਲੇ ਰਾਹ ਦੇ
ਐਸੇ ਬੇ-ਹਿੱਸ ਪੜਾ ਤੇ ਖੜਿਆਂ
ਜਿੱਥੇ ਖਾਬਾਂ ਦੇ ਨੀਲੇ ਰੁੱਖਾਂ ਚੋਂ
ਪੌਣ ਪੀਲੀ ਜਿਹੀ ਵਗ ਰਹੀ ਹੈ
ਤੇ ਦੂਰ ਦਿਲ ਦੀ ਮਾਯੂਸ ਵਾਦੀ 'ਚ
ਅੱਗ ਸਿਵਿਆਂ ਦੀ ਮੱਘ ਰਹੀ ਹੈ
ਕਦੇ ਕਦੇ ਕੋਈ ਗਮਾਂ ਦਾ ਪੰਛੀ
ਪਰਾਂ ਨੂੰ ਆਪਣੇ ਹੈ ਫੜਫੜਾਂਦਾ
ਤੇ ਉਮਰ ਮੇਰੀ ਦੇ ਪੀਲੇ ਅਰਸ਼ੋਂ
ਕੋਈ ਸਿਤਾਰਾ ਹੈ ਟੁੱਟ ਜਾਂਦਾ !
ਤੇ ਚਾਂਦੀ ਵੰਨਾਂ ਕੋਈ ਖਾਬ ਮੇਰਾ
ਸਮੇਂ ਦਾ ਹਰੀਅਲ ਹੈ ਟੁੱਕ ਜਾਂਦਾ
ਵਿਹੰਦੇ ਵਿਹੰਦੇ ਹੀ ਨੀਲੇ ਖਾਬਾਂ
ਦਾ ਸਾਰਾ ਜੰਗਲ ਹੈ ਸੁੱਕ ਜਾਂਦਾ !
ਫੇਰ ਦਿਲ ਦੀ ਮਾਯੂਸ ਵਾਦੀ 'ਚ
ਤਲਖ ਘੜੀਆਂ ਦੇ ਜ਼ਰਦ ਪੱਤਰ
ਉੱਚੀ ਉੱਚੀ ਪੁਕਾਰਦੇ ਨੇ :
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ
ਉਹ ਝੂਠ ਥੋਹੜਾ ਹੀ ਮਾਰਦੇ ਨੇ
ਉਹ ਠੀਕ ਹੀ ਤਾਂ ਪੁਕਾਰਦੇ ਨੇ
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ !

ਮੇਰੇ ਪੈਰਾਂ ਦੇ ਨਾਲ ਖਹਿੰਦੀ
ਇਕ ਸੜਕ ਜਾਂਦੀ ਹੈ ਉਸ ਸ਼ਹਿਰ ਨੂਞ
ਜਿਸ ਦੇ ਹੁਸੀਨ ਮਹਿਲਾਂ 'ਚ
ਇਸ਼ਕ ਮੇਰਾ ਗੁਵਾਚਿਆ ਹੈ
ਸ਼ਹਿਰ ਜਿਸ ਨੂੰ ਕਿ ਆਸ਼ਕਾਂ ਨੇ
ਸ਼ਹਿਰ ਪਰੀਆਂ ਦਾ ਆਖਿਆ ਹੈ !
ਸ਼ਹਿਰ ਜਿਸ ਦੀ ਕਿ ਹਰ ਗਲੀ,
ਹਾਏ, ਗੀਤ ਵਰਗੀ ਨੁਹਾਰ ਦੀ ਹੈ
ਸ਼ਹਿਰ ਜਿਸ ਦੇ ਹੁਸੀਨ ਪੱਟਾਂ 'ਚ
ਰਾਤ ਸ਼ਬਨਮ ਗੁਜ਼ਾਰਦੀ ਹੈ !

ਤੇ ਹੋਰ ਦੂਜੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ਚੋਂ ਉਸ ਸ਼ਹਿਰ ਨੂੰ
ਸ਼ਹਿਰ ਜਿਸ ਦੀ ਕਿ ਪਾਕ ਮਿੱਟੀ-
ਦਾ ਖੂਨ ਪੀ ਕੇ ਮੈਂ ਜਨਮ ਲੀਤੈ
ਸ਼ਹਿਰ ਜਿਦੀਆਂ ਕਿ ਦੁਧਨੀਆਂ ਚੋਂ
ਮਾਸੂਮੀਅਤ ਦਾ ਦੁੱਧ ਪੀਤੈ
ਸ਼ਹਿਰ ਜਿਸ ਦੇ ਬੇਰੰਗ ਚਿਹਰੇ ਤੇ,
ਝੁਰੜੀਆਂ ਦੇ ਨੇ ਝਾੜ ਫੈਲੇ
ਸ਼ਹਿਰ ਜਿਸ ਦੇ ਹੁਸੀਨ ਨੈਣਾਂ ਦੇ
ਦੋਵੇਂ ਦੀਵੇ ਹੀ ਹਿੱਸ ਚੁਕੇ ਨੇ
ਸ਼ਹਿਰ ਜਿਸ ਦੇ ਜਨਾਜ਼ਿਆਂ ਲਈ
ਖਰੀਦੇ ਕੱਫਣ ਵੀ ਵਿਕ ਚੁੱਕੇ ਨੇ

ਤੇ ਹੋਰ ਤੀਜੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ਚੋਂ ਉਸ ਸ਼ਹਿਰ ਨੂੰ,
ਸ਼ਹਿਰ ਜਿਦੀਆਂ ਮੁਲੈਮ ਸੜਕਾਂ ਤੇ,
ਜਾ ਕੇ ਕੋਈ ਕਦੇ ਨਹੀਂ ਮੁੜਦਾ
ਮਸਝ ਲੀਤਾ ਹੈ ਜਾਂਦਾ
ਤੇ ਹੋਰ ਚੌਥੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ਚੋਂ ਉਸ ਸ਼ਹਿਰ ਨੂੰ
ਸ਼ਹਿਰ ਜਿਸ ਦੇ ਕਿ ਕਾਲੇ ਬਾਗਾਂ 'ਚ
ਸਿਰਫ ਆਸਾਂ ਦੀ ਪੌਣ ਜਾਵੇ
ਕਦੇ ਕਦੇ ਹਾਂ ਓਸ ਸੂ ਚੋਂ -
ਕੁਝ ਇਸ ਤਰਾਂ ਦੀ ਆਵਾਜ਼ ਆਵੇ
ਓ ਮੀਲ-ਪੱਥਰ ! ਓ ਮੀਲ-ਪੱਥਰ
ਆਬਾਦ ਕਰਨੇ ਨੇ ਤੂੰ ਹੀ ਰੱਕੜ
ਤੂੰ ਹੀ ਕਰਨੀ ਫਜ਼ਾ ਮੁਅੱਤਰ
ਤੂੰ ਹੀ ਸੇਜ਼ਾਂ ਨੂੰ ਮਾਨਣਾ ਹੈ
ਸੌਂ ਕੇ ਪਹਿਲਾਂ ਤੁੰ ਵੇਖ ਸੱਥਰ !
ਪਰ ਮੈਂ ਛੇਤੀ ਹੀ ਸਮਝ ਜਾਂਦਾ
ਇਹ ਮੇਰੇ ਖਾਬਾਂ ਦਾ ਸ਼ੋਰ ਹੀ ਹੈ
ਜੋ ਲਾ ਰਿਹਾ ਹੈ ਜ਼ਿਹਨ 'ਚ ਚੱਕਰ !
ਮੈਂ ਸਮਝਦਾ ਹਾਂ
ਮੈ ਮੀਲ ਪੱਥਰ, ਹਾਂ ਮੀਲ ਪੱਥਰ !

ਮੇਰੇ ਮੱਥੇ ਤੇ ਆਉਣ ਵਾਲੇ,
ਇਹ ਲੋਕ ਪੜ ਕੇ ਕਿਹਾ ਕਰਨਗੇ l
ਇਹ ਉਹ ਵਿਚਾਰੀ ਬਦਬਖਤ ਰੂਹ ਹੈ,
ਜਿਹੜੀ ਕਿ ਹਿਰਨਾਂ ਦੇ ਸਿੰਘਾਂ ਉਤੇ
ਉਦਾਸ ਲੰਮਿਆਂ ਨੂੰ ਫੜਨ ਖਾਤਿਰ
ਉਮਰ ਸਾਰੀ ਚੜੀ ਰਹੀ ਏ !
ਇਹ ਉਹ ਹੈ ਜਿਸ ਨੁੰ-
ਕਿ ਹੱਠ ਦੇ ਫੁੱਲਾਂ ਦੀ
ਮਹਿਕ ਪਿਆਰੀ ਬੜੀ ਰਹੀ ਏ
ਇਹ ਉਹ ਹੈ ਜਿਸ ਨੁੰ ਨਿੱਕੀ ਉਮਰੇ
ਉਡਾ ਕੇ ਲੈ ਗਏ ਗਮਾਂ ਦੇ ਝੱਖੜ
ਵਫਾ ਦੇ ਸੂਹੇ ਦੁਮੇਲ ਉੱਤੇ
ਇਹ ਮੀਲ ਪੱਥਰ, ਹੈ ਮੀਲ ਪੱਥਰ !
ਉਹ ਠੀਕ ਹੀ ਤਾਂ ਕਿਹਾ ਕਰਨਗੇ !
ਮੈ ਮੀਲ ਪੱਥਰ, ਹਾਂ ਮੀਲ ਪੱਥਰ !

ਮੈਂ ਲੋਚਦਾ ਹਾਂ, ਕਿ ਇਸ ਚੁਰਾਹੇ ਤੋਂ
ਮੈਨੂੰ ਕੋਈ ਉਖਾੜ ਦੇਵੇ
ਤੇ ਮੇਰੇ ਮੱਥੇ ਦੇ ਕਾਲੇ ਅੱਖਰਾਂ ਤੇ
ਕੋਟ ਚੂਨੇ ਦਾ ਚਾੜ ਦੇਵੇ
ਜਾਂ ਅੱਗ ਫੁਰਕਤ ਦੀ ਦਿਨੇਂ ਦੀਵੀ,
ਵਿਚ ਚੁਰਾਹੇ ਦੇ ਸਾੜ ਦੇਵੇ
ਮੈਂ ਸੋਚਦਾ ਹਾਂ ਜੇ ਪਿਘਲ ਜਾਵਣ
ਇਹ ਬਦਨਸੀਬੀ ਦੇ ਕਾਲੇ ਕੱਕਰ !
ਮੈਂ ਸੋਚਦਾ ਹਾਂ ਜੇ ਬਦਲ ਜਾਵਣ
ਮੇਰੀ ਕਿਸਮਤ ਦੇ ਸਭ ਨਿਛੱਤਰ !
ਮੈਂ ਮਨੁੱਖਤਾ ਦੇ ਨਾਮ ਸੁੱਖਾਂਗਾ
ਆਪਣੇ ਗੀਤਾਂ ਦੇ ਸੋਨ-ਛੱਤਰ
ਮੈ ਮੀਲ ਪੱਥਰ, ਹਾਂ ਮੀਲ ਪੱਥਰ !
ਇਹ ਕਾਲੇ ਬਿਰਹੋਂ ਦੇ ਚਾਰ ਅੱਖਰ
ਮੈ ਮੀਲ ਪੱਥਰ, ਹਾਂ ਮੀਲ ਪੱਥਰ .
 

Jaswinder Singh Baidwan

Akhran da mureed
Staff member
ਉਧਾਰਾ ਗੀਤ

ਸਾਨੂੰ ਪ੍ਰਭ ਜੀ,
ਇਕ ਅੱਧ ਗੀਤ ਉਧਾਰਾ ਹੋਰ ਦਿਉ
ਸਾਡੀ ਬੁੱਝਦੀ ਜਾਂਦੀ ਅੱਗ
ਅੰਗਾਰਾ ਹੋਰ ਦਿਉ

ਮੈਂ ਨਿੱਕੀ ਉਮਰੇ,
ਸਾਰਾ ਦਰਦ ਹੰਢਾ ਬੈਠਾ
ਸਾਡੀ ਜੋਬਨ-ਰੁੱਤ ਲਈ
ਦਰਦ ਕੁਆਰਾ ਹੋਰ ਦਿਉ

ਗੀਤ ਦਿਉ ਮੇਰੇ ਜੋਬਨ ਵਰਗਾ
ਸੌਲਾ ਟੁਣੇ-ਹਾਰਾ
ਦਿਨ ਚੜਦੇ ਦੀ ਲਾਲੀ ਦਾ ਜਿਉਂ
ਭਰ ਸਰਵਰ ਲਿਸ਼ਕਾਰਾ
ਰੁੱਖ-ਵਿਹੂਣੇ ਥਲ ਵਿਚ ਜੀਕਣ
ਪਹਿਲਾ ਸੰਝ ਦਾ ਤਾਰਾ
ਸੰਝ ਹੋਈ ਸਾਡੇ ਵੀ ਥਲ ਥੀਂ
ਇਕ ਅੱਧ ਤਾਰਾ ਹੋਰ ਦਿਉ
ਜਾਂ ਸਾਨੂੰ ਵੀ ਲਾਲੀ ਵਾਕਣ
ਭਰ ਸਰਵਰ ਵਿਚ ਖੋਰ ਦਿਉ
ਪ੍ਰਭ ਜੀ ਦਿਹੁੰ, ਬਿਨ ਮੀਤ ਤਾਂ ਬੀਤੇ
ਗੀਤ ਬਿਨਾਂ ਨਾ ਬੀਤੇ
ਅਉਧ ਹੰਢਾਣੀ ਹਰ ਕੋਈ ਜਾਣੇ
ਦਰਦ ਨਸੀਬੇ ਸੀਤੇ
ਹਰ ਪੱਤਨ ਦੇ ਪਾਣੀ ਪ੍ਰਭ ਜੀ
ਕਿਹੜੇ ਮਿਰਗਾਂ ਪੀਤੇ
ਸਾਡੇ ਵੀ ਪੱਤਨਾਂ ਦੇ ਪਾਣੀ
ਅਣਪੀਤੇ ਹੀ ਰੋੜ ਦਿਉ
ਜਾਂ ਜੋ ਗੀਤ ਲਿਖਾਏ ਸਾਥੋਂ
ਉਹ ਵੀ ਪ੍ਰਭ ਜੀ ਮੋੜ ਦਿਉ
ਪ੍ਰਭ ਜੀ ਰੂਪ ਨਾ ਕਦੇ ਸਲਾਹੀਏ
ਜਿਹੜਾ ਅੱਗ ਤੋਂ ਊਣਾ
ਓਸ ਅੱਖ ਦੀ ਸਿਫਤ ਨਾ ਕਰੀਏ
ਜਿਸ ਦਾ ਹੰਝ ਅਲੂਣਾ
ਦਰਦ-ਵਿਛੁੰਨਾ ਗੀਤ ਨਾ ਕਹੀਏ
ਬੋਲ ਨਾ ਮਹਿਕ ਵਿਹੂਣਾ
ਬੋਲ ਜੇ ਸਾਡੇ ਮਹਿਕ-ਵਿਹੂਣਾ
ਤਾਂ ਡਾਲੀ ਤੋਂ ਤੋੜ ਦਿਉ
ਜਾਂ ਸਾਨੂੰ ਸਾਡੇ ਜੋਬਨ ਵਰਗਾ
ਗੀਤ ਉਧਾਰਾ ਹੋਰ ਦਿਉ

ਮੈਂ ਨਿੱਕੀ ਉਮਰੇ,
ਸਾਰਾ ਦਰਦ ਹੰਢਾ ਬੈਠਾ
ਸਾਡੀ ਜੋਬਨ-ਰੁੱਤ ਲਈ
ਦਰਦ ਕੁਆਰਾ ਹੋਰ ਦਿਉ ll
 

Jaswinder Singh Baidwan

Akhran da mureed
Staff member
ਚੀਰ ਹਰਨ

ਮੈਂ ਸਾਰਾ ਦਿਨ ਕੀਹ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ
ਆਪਣੀ ਧੁੱਪ ਵਿਚ ਹੀ ਸੜਦਾ ਹਾਂ

ਹਰ ਦਿਹੁੰ ਦੇ ਦਰਯੋਧਨ ਅੱਗੇ
ਬੇਚੈਨੀ ਦੀ ਚੌਪੜ ਧਰ ਕੇ
ਮਾਯੂਸੀ ਨੂੰ ਦਾਅ 'ਤੇ ਲਾ ਕੇ
ਸ਼ਰਮਾਂ ਦੀ ਦਰੋਪਦ ਹਰਦਾ ਹਾਂ
ਤੇ ਮੈਂ ਪਾਂਡਵ ਏਸ ਸਦੀ ਦਾ
ਆਪਣਾ ਆਪ ਦੁਸ਼ਾਸਨ ਬਣ ਕੇ
ਆਪਣਾ ਚੀਰ ਹਰਨ ਕਰਦਾ ਹਾਂ
ਵੇਖ ਨਗਨ ਆਪਣੀ ਕਾਇਆਂ ਨੂੰ
ਆਪੇ ਤੋਂ ਨਫਰਤ ਕਰਦਾ ਹਾਂ
ਨੰਗੇ ਹੋਣੋਂ ਬਹੁੰ ਡਰਦਾ ਹਾਂ
ਝੂਠ ਕਪਟ ਦੇ ਕੱਜਣ ਤਾਈਂ
ਲੱਖ ਉਸ ਤੇ ਪਰਦੇ ਕਰਨਾ ਹਾਂ
ਦਿਨ ਭਰ ਭਟਕਣ ਦੇ ਜੰਗਲ ਵਿਚ
ਪੀਲੇ ਜਿਸਮਾਂ ਦੇ ਫੁੱਲ ਸੁੰਘਦਾ
ਸ਼ੁਹਰਤ ਤੇ ਸਰਵਰ ਤੇ ਘੁੰਮਦਾ
ਬੇਸ਼ਰਮੀ ਦੇ ਘੁੱਟ ਭਰਦਾ ਹਾਂ
ਯਾਰਾਂ ਦੇ ਸੁਣ ਬੋਲ ਕੁਸੈਲੇ
ਫਿਟਕਾਰਾਂ ਸੰਗ ਹੋਏ ਮੈਲੇ
ਬੁਝੇ ਦਿਲ 'ਤੇ ਨਿਤ ਜਰਦਾ ਹਾਂ
ਮੈਂ ਜ਼ਿੰਦਗੀ ਦੇ ਮਹਾਂ ਭਾਰਤ ਦਾ
ਆਪ ਇੱਕਲਾ ਯੁੱਧ ਲੜਦਾ ਹਾਂ
ਕਿਸਮਤ ਵਾਲੇ ਵਿਉਹ-ਚੱਕਰ ਵਿਚ
ਆਪਣੇ ਖਾਬਾਂ ਦਾ ਅਭਿਮਨਿਉ
ਜੈਦਰਥ ਸਮਿਆਂ ਦੇ ਹੱਥੋਂ
ਵੇਖ ਕੇ ਮਰਿਆ ਨਿਤ ਸੜਦਾ ਹਾਂ
ਤੇ ਪਰਤਿੱਗਿਆ ਨਿਤ ਕਰਦਾ ਹਾਂ
ਕੱਲ ਦਾ ਸੂਰਜ ਡੁੱਬਣ ਤੀਕਣ
ਸਾਰੇ ਕੌਰਵ ਮਾਰ ਦਿਆਂਗਾ
ਜਾਂ ਮਰ ਜਾਣ ਦਾ ਪ੍ਰਣ ਕਰਦਾ ਹਾਂ
ਪਰ ਨਾ ਮਾਰਾਂ ਦਾ ਮਰਦਾ ਹਾਂ
ਤੇ ਬੱਸ ਏਸ ਨਮੋਸ਼ੀ ਵਿਚ ਹੀ
ਦਰਦਾਂ ਦਾ ਰੱਥ ਹਿੱਕਦੇ ਹਿੱਕਦੇ
ਜ਼ਿੱਲਤ ਦੇ ਵਿਚ ਪਿਸਦੇ ਪਿਸਦੇ
ਤਾਰ ਦੇ ਕਾਲੇ ਤੰਬੂਆਂ ਅੰਦਰ
ਹਾਰ ਹੁਟ ਕੇ ਆ ਵੜਦਾ ਹਾਂ
ਨੀਂਦਰ ਦਾ ਇਕ ਸੱਪ ਪਾਲਤੂ
ਆਪਣੀ ਜੀਭੇ ਆਪ ਲੜਾ ਕੇ
ਬੇਹੋਸ਼ੀ ਨੂੰ ਜਾ ਫੜਦਾ ਹਾਂ
ਮੈਂ ਸਾਰਾ ਦਿਨ ਕੀਹ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ
ਆਪਣਾ ਆਪ ਦੁਸ਼ਾਸਨ ਬਣ ਕੇ
ਆਪਣਾ ਚੀਰ ਹਰਨ ਕਰਦਾ ਹਾਂ ll
 

Jaswinder Singh Baidwan

Akhran da mureed
Staff member
ਲੋਹੇ ਦਾ ਸ਼ਹਿਰ

ਲੋਹੇ ਦੇ ਇਸ ਸ਼ਹਿਰ ਵਿਚ
ਪਿੱਤਲ ਦੇ ਲੋਕ ਰਹਿੰਦੇ
ਸਿੱਕੇ ਦਾ ਬੋਲ ਬੋਲਣ
ਸ਼ੀਸ਼ੇ ਦਾ ਵੇਸ ਪਾਉਂਦੇ

ਜਿਸਤੀ ਇਹਦੇ ਗਗਨ ਤੇ
ਪਿੱਤਲ ਦਾ ਚੜਦਾ ਸੂਰਜ
ਤਾਂਬੇ ਦੇ ਰੁੱਖਾਂ ਉੱਪਰ
ਸੋਨੇ ਦੇ ਗਿਰਝ ਬਹਿੰਦੇ

ਇਸ ਸ਼ਹਿਰ ਦੇ ਇਹ ਲੋਕੀਂ
ਜ਼ਿੰਦਗੀ ਦੀ ਹਾੜੀ ਸਾਉਣੀ
ਧੂਏਂ ਦੇ ਵੱਢ ਵਾਹ ਕੇ
ਸ਼ਰਮਾਂ ਨੇ ਬੀਜ ਆਉਂਦੇ

ਚਾਂਦੀ ਦੀ ਫਸਲ ਨਿੱਸਰੇ
ਲੋਹੇ ਦੇ ਹੱਡ ਖਾ ਕੇ
ਇਹ ਰੋਜ਼ ਚੁਗਣ ਸਿੱਟੇ
ਜਿਸਮਾਂ ਦੇ ਖੇਤ ਜਾਂਦੇ
ਇਸ ਸ਼ਹਿਰ ਦੇ ਇਹ ਵਾਸੀ
ਬਿਰਹਾ ਦੀ ਜੂਨ ਆਉਂਦੇ
ਬਿਰਹਾ ਹੰਢਾ ਕੇ ਸੱਭੇ
ਸੱਖਣੇ ਦੀ ਪਰਤ ਜਾਂਦੇ

ਲੋਹੇ ਦੇ ਇਸ ਸ਼ਹਿਰ ਵਿਚ
ਅੱਜ ਢਾਰਿਆਂ ਦੇ ਉਹਲੇ
ਸੂਰਜ ਕਲੀ ਕਰਾਇਆ
ਲੋਕਾਂ ਦੇ ਨਵਾਂ ਕਹਿੰਦੇ
ਲੋਹੇ ਦੇ ਇਸ ਸ਼ਹਿਰ ਵਿਚ
ਲੋਹੇ ਦੇ ਲੋਕ ਰਹਿਸਣ
ਲੋਹੇ ਦੇ ਗੀਤ ਸੁਣਦੇ
ਲੋਹੇ ਦੇ ਗੀਤ ਗਾਉਂਦੇ
ਲੋਹੇ ਦੇ ਇਸ ਸ਼ਹਿਰ ਵਿਚ
ਪਿੱਤਲ ਦੇ ਲੋਕ ਰਹਿੰਦੇ
ਸਿੱਕੇ ਦੇ ਬੋਲ ਬੋਲਣ
ਸ਼ੀਸ਼ੇ ਦਾ ਵੇਸ਼ ਪਾਉਂਦੇ ll
 

Jaswinder Singh Baidwan

Akhran da mureed
Staff member
ਅਸਾਂ ਤਾਂ ਜੋਬਨ ਰੁੱਤੇ ਮਰਨਾ

ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਸਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

ਸੱਜਣ ਜੀ,
ਭਲਾ ਕਿਸ ਲਈ ਜੀਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆਂ ਦੀਆਂ ਜੰਮਣ-ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿੱਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

ਸੱਜਣ ਜੀ,
ਪਏ ਸਭ ਜਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ,
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ?

ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
 

Jaswinder Singh Baidwan

Akhran da mureed
Staff member
ਦੀਦਾਰ

ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ

ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ

ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਜ ਲੱਗਦਾ ਹੈ ‘ਸਿ਼ਵ’ ਦੇ ਸਿ਼ਅਰਾਂ ‘ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ
 

Jaswinder Singh Baidwan

Akhran da mureed
Staff member
ਰਾਤ ਗਈ ਕਰ ਤਾਰਾ ਤਾਰਾ


ਰਾਤ ਗਈ ਕਰ ਤਾਰਾ ਤਾਰਾ
ਹੋਇਆ ਦਿਲ ਦਾ ਦਰਦ ਅਧਾਰਾ

ਰਾਤੀਂ ਈਕਣ ਸੜਿਆ ਸੀਨਾ
ਅੰਬਰ ਟਪ ਗਿਆ ਚੰਗਿਆੜਾ

ਅੱਖਾਂ ਹੋਈਆਂ ਹੰਝੂ ਹੰਝੂ
ਦਿਲ ਦਾ ਸ਼ੀਸ਼ਾ ਪਾਰਾ ਪਾਰਾ

ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾ ਇਕ ਹੰਝੂ ਖਾਰਾ

ਮੈਂ ਬੁਝੇ ਦੀਵੇ ਦਾ ਧੂੰਆਂ
ਕਿੰਝ ਕਰਾਂ ਤੇਰਾ ਰੋਸ਼ਨ ਦੁਆਰਾ

ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ

ਨਾ ਛਡ ਮੇਰੀ ਨਬਜ਼ ਮਸੀਹਾ
ਗ਼ਮ ਦਾ ਮਗਰੋਂ ਕੌਣ ਸਹਾਰਾ।
 
Top