Poetry by Shiv Kumar Batalvi

Jaswinder Singh Baidwan

Akhran da mureed
Staff member
ਵਾਸਤਾ ਈ ਮੇਰਾ ;
ਮੇਰੇ ਦਿਲੇ ਦਿਆ ਮਹਿਰਮਾਂ ਵੇ,
ਫੁੱਲੀਆਂ ਕਨੇਰਾਂ ਘਰ ਆ !
ਲਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !

ਕਾਲੇ ਕਾਲੇ ਬਾਗਾਂ ਵਿਚੋਂ
ਚੰਨਣ ਮੰਗਾਨੀਆਂ ਵੇ,
ਦੇਨੀਆਂ ਮੈਂ ਚੌਂਕੀਆਂ ਘੜਾ !
ਸੋਨੇ ਦਾ ਮੈਂ ਗੜਵਾ -
ਤੇ ਗੰਗਾਜਲ ਦੇਨੀਆਂ ਵੇ
ਮਲ ਮਲ ਵਟਣਾ ਨਹਾ !

ਸੂਹਾ ਰੰਗ ਆਥਣਾਂ-
ਲਲਾਰਨਾਂ ਤੋਂ ਮੰਗ ਕੇ ਵੇ,
ਦੇਨੀਆਂ ਮੈਂ ਚੀਰਾ ਵੇ ਰੰਗਾ,
ਸ਼ੀਸ਼ਾ ਬਣ ਬਹਿਨੀ ਆਂ
ਮੈਂ ਤੇਰੇ ਸਾਹਵੇਂ ਢੋਲਣਾਂ ਵੇ,
ਇਕ ਤੰਦ ਸੁਰਮੇ ਦੀ ਪਾ !

ਨਿੱਤ ਤੇਰੇ ਬਿਰਹੇ ਨੂੰ-
ਛਿਛੜੇ ਵੇ ਆਂਦਰਾਂ ਦੇ
ਹੁੰਦੇ ਨਹੀਉਂ ਸਾਡੇ ਤੋਂ ਖੁਆ !
ਟੁੱਕ ਚਲੇ ਬੇਰੀਆਂ ਵੇ,
ਰਾ-ਤੋਤੇ ਰੂਪ ਦੀਆਂ l
ਮਾਲੀਆ ਵੇ ਆਣ ਕੇ ਉਡਾ !

ਰੁੱਖਾਂ ਸੰਗ ਰੁੱਸ ਕੇ-
ਹੈ ਟੁਰ ਗਈ ਪੇਕੜੇ ਵੇ
ਸਾਵੀ ਸਾਵੀ ਪੱਤਿਆਂ ਦੀ ਭਾ !
ਰੁੱਤਾਂ ਦਾ ਸਪੇਰਾ ਅਜ -
ਭੌਂਰੀਆਂ ਦੀ ਜੀਭ ਉੱਤੇ,
ਗਿਆ ਈ ਸਪੋਲੀਆ ਲੜਾ l

ਥੱਕੀ ਥੱਕੀ ਯਾਦ ਤੇਰੀ,
ਆਈ ਸਾਡੇ ਵਿਰਹੜੇ ਵੇ
ਦਿੱਤੇ ਅਸਾਂ ਪਲੰਘ ਵਿੱਛਾ
ਮਿੱਠੀ- ਮਿੱਠੀ ਮਹਿਕ-
ਚੰਬੇਲੀਆਂ ਦੀ ਪਹਿਰਾ ਦੇਂਦੀ,
ਅੱਧੀ ਰਾਤੀਂ ਗਈ ਊ ਜਗਾ !

ਮਾੜੀ ਮਾੜੀ ਹੋਵੇ ਵੇ
ਕਲੇਜੜੇ 'ਚ ਪੀੜ ਜੇਹੀ,
ਠੰਡੀ-ਠੰਡੀ ਵਗਦੀ ਊ ਵਾ !
ਪੈਣ ਪਈਆਂ ਦੰਦਲਾਂ ਵੇ
ਨਦੀ ਦਿਆਂ ਪਾਣੀਆਂ ਨੂੰ ;
ਨਾਉਂਦੀ ਕੋਈ ਵੇਖ ਕੇ ਸ਼ੁਆ !

ਪਿੰਡ ਦੀਆਂ ਢੱਕੀਆਂ ਤੇ
ਲੱਕ ਲੱਕ ਉਗਿਆ ਵੇ,
ਪੀਲਾ ਪੀਲਾ ਕਿਰਨਾਂ ਦਾ ਘਾ !
ਰੁੱਕ ਰੁੱਕ ਹੋਈਆਂ -
ਤਰਕਾਲਾਂ ਸਾਨੂੰ ਚੰਨਣਾ ਵੇ,
ਹੋਰ ਸਾਥੋਂ ਰੁਕਿਆ ਨਾ ਜਾ !

ਖੇਡੇ ਤੇਰਾ ਦੁਖੜਾ-
ਅੰਞਾਣਾ ਸਾਡੇ ਆਂਙਣੇ ਜੇ,
ਦੇਨੀਆਂ ਤੜਾਗੀਆਂ ਬਣਾ !
ਮਾਰ ਮਾਰ ਅੱਡੀਆਂ -
ਜੇ ਨੱਚੇ ਤੇਰੀ ਵੇਦਨਾ ਵੇ,
ਦੇਨੀਆਂ ਮੈਂ ਝਾਂਜਰਾਂ ਘੜਾ !

ਉੱਡੀ ਉੱਡੀ ਰੋਹੀਆਂ ਵੱਲੋਂ
ਆਈ ਡਾਰ ਲਾਲੀਆਂ ਦੀ,
ਦਿਲੇ ਦਾ ਗਈ ਬੂਟੜਾ ਹਿਲਾ !
ਥੱਕ ਗਈ ਚੁਬਾਰੀਆਂ ਤੇ
ਕੰਙਨੀ ਖਿਲਾਰਦੀ ਮੈਂ,
ਬੈਠ ਗਈ ਊ ਝੰਗੀਆਂ 'ਚ ਜਾ

ਸੋਹਣਿਆਂ ਦੁਮੇਲਾਂ ਦੀ-
ਬਲੌਰੀ ਜੇਹੀ ਅੱਖ ਉੱਤੇ,
ਬੱਦਲਾਂ ਦਾ ਮਹਿਲ ਪੁਆ
ਸੂਰਜੇ ਤੇ ਚੰਨ ਦੀਆਂ
ਬਾਰੀਆਂ ਰਖਾ ਦੇ ਵਿਚ,
ਤਾਰੀਆਂ ਦਾ ਮੋਤੀਆ ਲੁਆ !

ਵਾਸਤਾ ਈ ਮੇਰਾ ,
ਮੇਰੇ ਦਿਲੇ ਦਿਆ ਮਹਿਰਮਾਂ ਵੇ,
ਫੁੱਲੀਆਂ ਕਨੇਰਾਂ ਘਰ ਆ !
ਲਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !
 

Jaswinder Singh Baidwan

Akhran da mureed
Staff member
ਆ ਮੌਤ ਨੀ ਲੈ ਜਾ ਮੈਨੂ ,, ਵਾਪਿਸ ਕਿਉ ਮੁੜ ਚੱਲੀ ਏਂ ,,, ਖਾਲੀ ਮੋੜਨ ਨੂ ਜੀ ਨਹੀ ਕਰਦਾ ,


'ਹੁਣ ਦਰ ਤੇ ਆਏਆ ਕੋਈ ਸਵਾਲੀ ,,,!!!
 

Jaswinder Singh Baidwan

Akhran da mureed
Staff member
ਇਹ ਕਿਸ ਦੀ ਅੱਜ ਯਾਦ ਹੈ ਆਈ !
ਚੰਨ ਦਾ ਲੌਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ !
ਪੁਰਤ ਪਲੇਠੀ ਦਾ ਮੇਰਾ ਬਿਰਹਾ,
ਫਿਰੇ ਚਾਨਣੀ ਕੁੱਛੜ ਚਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਉੱਡਦੇ ਬੱਦਲਾਂ ਦਾ ਇਕ ਖੰਡਰ,
ਵਿਚ ਚੰਨੇ ਦੀ ਮੱਕੜੀ ਬੈਠੀ,
ਬਿੱਟ-ਬਿੱਟ ਵੇਖੇ ਭੁੱਖੀ-ਭਾਣੀ
ਤਾਰਿਆਂ ਵੱਲੇ ਨੀਝ ਲਗਾਈ !
ਰਿਸ਼ਮਾਂ ਦਾ ਇਕ ਜਾਲ ਵਿਛਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਉਫਕ ਜਿਵੇਂ ਸੋਨੇ ਦੀ ਮੁੰਦਰੀ
ਚੰਨ ਜਿਵੇਂ ਵਿੱਚ ਸੁੱਚਾ ਥੇਵਾ,
ਧਰਤੀ ਨੂੰ ਅੱਜ ਗਗਨਾਂ ਭੇਜੀ
ਪਰ ਧਰਤੀ ਦੇ ਮੇਚ ਨਾ ਆਈ !
ਵਿਰਥਾ ਸਾਰੀ ਗਈ ਘੜਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਰਾਤ ਜਿਵੇਂ ਕੋਈ ਕੁੜੀ ਝਿਊਰੀ
ਪਾ ਬੱਦਲਾਂ ਦਾ ਪਾਟਾ ਝੱਗਾ
ਚੁੱਕੀ ਚੰਨ ਦੀ ਚਿੱਬੀ ਗਾਗਰ
ਧਰਤੀ ਦੇ ਖੂਹੇ ਤੇ ਆਈ !
ਟੁਰੇ ਵਿਚਾਰੀ ਊਂਧੀ ਪਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਅੰਬਰ ਦੇ ਅੱਜ ਕੱਲਰੀ ਥੇਹ ਤੇ
ਤਾਰੇ ਜੀਕਣ ਰੁਲਦੇ ਠੀਕਰ,
ਚੰਨ ਕਿਸੇ ਫੱਕਰ ਦੀ ਦੇਹਰੀ,
ਵਿਚ ਰਿਸ਼ਮਾਂ ਦਾ ਮੇਲਾ ਲੱਗਾ,
ਪੀੜ ਮੇਰੀ ਅੱਜ ਵੇਖਣ ਆਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਇਹ ਕਿਸ ਦੀ ਅੱਜ ਯਾਦ ਹੈ ਆਈ
ਚੰਨ ਦਾ ਲੌਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ !
ਪੁਰਤ ਪਲੇਠੀ ਦਾ ਮੇਰਾ ਬਿਰਹਾ,
ਫਿਰੇ ਚਾਨਣੀ ਕੁੱਛੜ ਚਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ.
 

Jaswinder Singh Baidwan

Akhran da mureed
Staff member
ਅੱਜ ਅਮਨਾਂ ਦਾ ਬਾਬਲ ਮਰਿਆ,
ਸਾਰੀ ਧਰਤ ਨਰੋਏ ਆਈ,
ਤੇ ਅੰਬਰ ਨੇ ਹੌਂਕਾ ਭਰਿਆ,
ਇੰਝ ਫੈਲੀ ਦਿਲ ਦੀ ਖੁਸ਼ਬੋਈ,
ਈਕਣ ਰੰਗ ਸੋਗ ਦਾ ਚੜਿਆ,
ਜੀਕਣ ਸੰਘਣੇ ਵਣ ਵਿੱਚ ਕਿਧਰੇ,
ਚੰਦਨ ਦਾ ਇੱਕ ਬੂਟਾ ਸੜਿਆ,
ਤਹਿਜ਼ੀਬਾਂ ਨੇ ਫੂਹੜੀ ਪਾਈ,
ਤਵਾਰੀਖ ਦਾ ਮੱਥਾ ਠਰਿਆ,
ਮਜ਼ਹਬਾਂ ਨੂੰ ਅੱਜ ਆਈ ਤਰੇਲੀ,
ਕੌਮਾਂ ਘੁੱਟ ਕਲੇਜਾ ਫੜਿਆ,
ਰਾਮ ਰਹੀਮ ਗਏ ਪਥਰਾਏ,
ਹਰਮੰਦਰ ਦਾ ਪਾਣੀ ਡਰਿਆ,
ਫੇਰ ਕਿਸੇ ਮਰੀਅਮ ਦਾ ਜਾਇਆ,
ਅੱਜ ਫਰਜ਼ਾਂ ਦੀ ਸੂਲੀ ਚੜਿਆ,
ਅੱਜ ਸੂਰਜ ਦੀ ਅਰਥੀ ਨਿੱਕਲੀ,
ਅੱਜ ਧਰਤੀ ਦਾ ਸੂਰਜ ਮਰਿਆ,
ਕੁੱਲ ਲੋਕਾਈ ਮੋਢਾ ਦਿੱਤਾ,
ਤੇ ਨੈਣਾਂ ਵਿੱਚ ਹੰਝੂ ਭਰਿਆ,
ਪੈਣ ਮਨੁੱਖਤਾ ਤਾਂਈਂ ਦੰਦਲਾਂ,
ਕਾਲਾ ਦੁੱਖ ਨਾ ਜਾਵੇ ਜਰਿਆ,
ਰੋ ਰੋ ਮਾਰੇ ਢਿਡੀਂ ਮੁੱਕੀਆਂ,
ਦਸੇ ਦਿਸ਼ਾਵਾਂ ਸੋਗੀ ਹੋਈਆਂ,
ਈਕਣ ਚੁੱਪ ਦਾ ਨਾਗ ਹੈ ਲੜਿਆ,
ਜਿਉਂ ਧਰਤੀ ਨੇ ਅੱਜ ਸੂਰਜ ਦਾ,
ਰੋ ਰੋ ਕੇ ਮਰਸੀਹਾ ਪੜਿਆ,
ਅੱਜ ਅਮਨਾਂ ਦਾ ਬਾਬਲ ਮਰਿਆ,
ਸਾਰੀ ਧਰਤ ਨਰੋਏ ਆਈ,
ਤੇ ਅੰਬਰ ਨੇ ਹੌਂਕਾ ਭਰਿਆ
 

Jaswinder Singh Baidwan

Akhran da mureed
Staff member
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਹੋਠਾਂ ਦੀ ਸੰਘਣੀ ਛਾਂਵੇ,
ਸੋਹਲ ਮੁਸਕੜੀ ਬਣ ਸੌਂ ਜਾਈਏ !
ਆ ਨੈਣਾਂ ਦੇ ਨੀਲ-ਸਰਾਂ ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !

ਆ ਸੱਜਣਾ ਤੇਰੇ ਸੌਂਫੀ ਸਾਹ ਦਾ,
ਪੱਤਝੜ ਨੂੰ ਇਕ ਜਾਮ ਪਿਆਈਏ !
ਆ ਕਿਸਮਤ ਦੀ ਟਾਹਣੀ ਉੱਤੋਂ,
ਅਕਲਾਂ ਦਾ ਅਜ ਕਾਗ ਉਡਾਈਏ !
ਆ ਅਜ ਖੁਸ਼ੀ-ਮਤੱਈ-ਮਾਂ ਦੇ,
ਪੈਰੀਂ ਆਪਣੇ ਸੀਸ ਨਿਵਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !

ਆ ਸੱਜਣਾ ਅਜ ਮਹਿਕਾਂ ਕੋਲੋਂ,
ਮਾਲੀ ਕੋਈ ਜਿਬਾ ਕਰਾਈਏ !
ਆ ਪੁੰਨਿਆਂ ਦੀ ਰਾਤੇ ਰੋਂਦੀ,
ਚਕਵੀ ਕੋਈ ਮਾਰ ਮੁਕਾਈਏ !
ਆ ਉਮਰਾਂ ਦੀ ਚਾਦਰ ਉੱਤੇ,
ਫੁੱਲ ਫੇਰਵੇਂ ਗਮ ਦੇ ਪਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !

ਆ ਸੱਜਣਾ ਹਰ ਸਾਹ ਦੇ ਮੱਥੇ,
ਪੈੜਾਂ ਦੀ ਅਜ ਦੌਣੀ ਲਾਈਏ !
ਹਰ ਰਾਹੀ ਦੇ ਨੈਣਾਂ ਦੇ ਵਿਚ,
ਚੁਟਕੀ ਚੁਟਕੀ ਚਾਨਣ ਪਾਈਏ !
ਹਰ ਮੰਜ਼ਲ ਦੇ ਪੈਰਾਂ ਦੇ ਵਿਚ
ਸੂਲਾਂ ਦੀ ਪੰਜੇਵ ਪੁਆਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !

ਆ ਸੱਜਣਾ ਅਜ ਦਿਲ ਦੇ ਦਿਲ ਵਿਚ
ਬਿਰਹੋਂ ਦਾ ਇਕ ਬੀਜ ਬਿਜਾਈਏ !
ਛਿੰਦੀਆਂ ਪੀੜਾਂ ਲਾਡਲੀਆਂ ਦੇ,
ਆ ਯਾਦਾਂ ਤੋਂ ਸੀਸ ਗੁੰਦਾਈਏ !
ਆ ਸੱਜਣਾ ਅਜ ਦਿਲ ਦੀ ਸੇਜੇ,
ਮੋਈਆਂ ਕਲੀਆਂ ਭੁੰਜੇ ਲਾਹੀਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !

ਆ ਸੱਜਣਾ ਅੱਜ ਗੀਤਾਂ ਕੋਲੋਂ,
ਪੀੜ -ਕੰਜਕ ਦੇ ਪੈਰ ਧੁਆਈਏ !
ਆ ਅਜ ਕੰਡੀਆਂ ਦੇ ਕੰਨ ਵਿੱਨੀਏ,
ਵਿੱਚ ਫੁੱਲਾਂ ਦੀਆਂ ਨੱਤੀਆਂ ਪਾਈਏ !
ਆ ਨੱਚੀਏ ਕੋਈ ਨਾਚ ਅਲੌਕਿਕ,
ਸਾਹਾਂ ਦੀ ਮਿਰਦੰਗ ਬਜਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !

ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਹੋਠਾਂ ਦੀ ਸੰਘਣੀ ਛਾਂਵੇ,
ਸੋਹਲ ਮੁਸਕੜੀ ਬਣ ਸੌਂ ਜਾਈਏ !
ਆ ਨੈਣਾਂ ਦੇ ਨੀਲ-ਸਰਾਂ ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ
 

Jaswinder Singh Baidwan

Akhran da mureed
Staff member
ਅੱਧੀ ਰਾਤੀਂ ਪੌਣਾਂ ਵਿੱਚ
ਉੱਗੀਆਂ ਨੀ ਮਹਿਕਾਂ ਮਾਏ,
ਮਹਿਕਾਂ ਵਿੱਚ ਉੱਗੀਆਂ ਸ਼ੁਆਵਾਂ !
ਦੇਵੀਂ ਨੀ ਮਾਏ ਮੇਰਾ-
ਚੰਨਣੇ ਦਾ ਗੋਡਨੂੰ,
ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ !

ਦੇਵੀਂ ਨਾ ਮਾਏ ਪਰ-
ਚੰਨਣੇ ਦਾ ਗੋਡਨੂੰ,
ਟੁੱਕੀਆਂ ਨਾ ਜਾਣ ਸ਼ੁਆਵਾਂ !
ਦੇਵੀਂ ਨੀ ਮਾਏ ਮੈਨੂੰ-
ਸੂਈ ਕੋਈ ਮਹੀਨ ਜਹੀ
ਪੋਲੇ ਪੋਲੇ ਕਿਰਨਾਂ ਗੁਡਾਵਾਂ !

ਦੇਵੀਂ ਨੀ ਮਾਏ ਮੇਰੇ -
ਨੈਣਾਂ ਦੀਆਂ ਸਿੱਪੀਆਂ
ਕੋਸਾ ਕੋਸਾ ਨੀਰ ਪਿਆਵਾਂ !
ਕੋਸਾ ਕੋਸਾ ਨੀਰ -
ਨਾ ਪਾਈਂ ਮੁੱਢ ਰਾਤੜੀ ਦੇ,
ਸੁੱਕ ਨਾ ਨੀ ਜਾਣ ਸ਼ੁਆਵਾਂ !

ਦੇਵੀਂ ਨੀ ਚੁਲੀ ਭਰ-
ਗੰਗਾ-ਜਲ ਸੁੱਚੜਾ,
ਇਕ ਬੁੱਕ ਸੰਘਣੀਆਂ ਛਾਵਾਂ !
ਦੇਵੀਂ ਨੀ ਛੱਟਾ ਇਕ-
ਮਿੱਠੀ ਮਿੱਠੀ ਬਾਤੜੀ ਦਾ,
ਇਕ ਘੁੱਟ ਠੰਡੀਆਂ ਹਵਾਵਾਂ !
ਦੇਵੀਂ ਨੀ ਨਿੱਕੇ-ਨਿੱਕੇ -
ਛੱਜ ਫੁਲ-ਪੱਤੀਆਂ ਦੇ,
ਚਾਨਣੀ ਦਾ ਬੋਹਲ ਛਟਾਵਾਂ !
ਦੇਵੀਂ ਨੀ ਖੰਭ ਮੈਨੂੰ -
ਪੀਲੀ ਪੀਲੀ ਤਿਤਲੀ ਦੇ,
ਖੰਭ ਦੀ ਮੈਂ ਛਾਨਣੀ ਬਨਾਵਾਂ !

ਅੱਧੀ ਅੱਧੀ ਰਾਤੀਂ ਚੁਣਾਂ -
ਤਾਰਿਆਂ ਦੇ ਕੋਰੜੂ ਨੀ
ਛੱਟ ਕੇ ਪਟਾਰੀ ਵਿਚ ਪਾਵਾਂ !
ਦੇਵੀਂ ਨੀ ਮਾਏ ਮੇਰੀ -
ਜਿੰਦੜੀ ਦਾ ਟੋਕਰੂ,
ਚੰਨ ਦੀ ਮੈਂ ਮੰਜਰੀ ਲਿਆਵਾਂ !

ਚੰਨ ਦੀ ਮੰਜਰੀ ਨੂੰ -
ਘੋਲਾਂ ਵਿੱਚ ਪਾਣੀਆਂ ਦੇ,
ਮੱਥੇ ਦੀਆਂ ਕਾਲਖਾਂ ਨੁਹਾਵਾਂ !
ਕਾਲੀ ਕਾਲੀ ਬਦਲੀ ਦੇ-
ਕਾਲੇ ਕਾਲੇ ਕੇਸਾਂ ਵਿਚ
ਚੰਨ ਦਾ ਮੈਂ ਚੌਂਕ ਗੁੰਦਾਵਾਂ !
ਗਗਨਾਂ ਦੀ ਸੂਹੀ ਬਿੰਬ-
ਅਧੋਰਾਣੀ ਚੁੰਨੜੀ ਤੇ,
ਤਾਰਿਆਂ ਦਾ ਬਾਗ ਕਢਾਵਾਂ !

ਅੱਧੀ ਰਾਤੀਂ ਪੌਣਾਂ ਵਿਚ-
ਉੱਗੀਆਂ ਨੀ ਮਹਿਕਾਂ ਮਾਏ,
ਮਹਿਕਾਂ ਵਿਚ ਉੱਗੀਆਂ ਸ਼ੁਆਵਾਂ !
ਚੰਨਣੇ ਦਾ ਗੋਡਨੂੰ,
ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ
 

Jaswinder Singh Baidwan

Akhran da mureed
Staff member
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !
ਹੋਰ ਗੁਹੜੀ ਹੋ ਗਈ ਹੈ,
ਮੇਰਿਆਂ ਬੋਹੜਾਂ ਦੀ ਛਾਂ !
ਖਾ ਰਹੇ ਨੇ ਚੂਰੀਆਂ,
ਅੱਜ ਮੇਰਿਆਂ ਮਹਿਲਾਂ ਦੇ ਕਾਂ !
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ......

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !
ਆਲਣਾ ਮੇਰੇ ਦਿਲ 'ਚ ਖੁਸ਼ੀਆਂ,
ਪਾਣ ਦੀ ਕੀਤੀ ਹੈ ਹਾਂ !
ਤੇਰੇ ਨਾਂ ਤੇ ਪੈ ਗਏ ਨੇ
ਮੇਰਿਆਂ ਰਾਹਾਂ ਦੇ ਨਾਂ !
ਹੈਂ ਤੁੰ ਆਈ ਮੇਰੇ ਗਰਾਂ,
ਹੈਂ ਤੁੰ ਆਈ ਮੇਰੇ ਗਰਾਂ.....

ਹੈਂ ਤੁੰ ਆਈ ਮੇਰੇ ਗਰਾਂ,
ਹੈਂ ਤੁੰ ਆਈ ਮੇਰੇ ਗਰਾਂ !
ਪੌਣ ਦੇ ਹੋਠਾਂ ਤੇ ਅੱਜ ਹੈ,
ਮਹਿਕ ਨੇ ਪਾਣੀ ਸਰਾਂ !
ਟੁਰਦਾ ਟੁਰਦਾ ਰੁੱਕ ਗਿਆ ਹੈ
ਵੇਖ ਕੇ ਤੈਨੂੰ ਸਮਾਂ !
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ....

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ
ਲੈ ਲਈ ਕਲੀਆਂ ਨੇ
ਭੌਂਰਾਂ ਨਾਲ ਅਜ ਚੌਥੀ ਹੈ ਲਾਂ
ਹੈ ਤਿਤਲੀਆਂ ਰੱਖੀ ਜ਼ਬਾਂ
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !
ਆ ਤੇਰੇ ਪੈਰਾਂ 'ਚ ਪੁੱਗੇ-
ਸਫਰ ਦੀ ਮਹਿੰਦੀ ਲਗਾਂ !
ਆ ਤੇਰੇ ਨੈਣਾਂ ਨੂੰ ਮਿੱਠੇ-
ਸੁਪਨਿਆਂ ਦੀ ਪਿਉਂਦ ਲਾਂ !
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ.....

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !
ਵਰਤ ਰੱਖੇਗੀ ਨਿਰਾਹਾਰੀ,
ਮੇਰੀ ਪੀੜਾਂ ਦੀ ਮਾਂ !
ਆਉਣਗੇ ਖੁਸ਼ੀਆਂ ਦੇ ਖੱਤ,
ਅਜ ਮੇਰਿਆਂ ਗੀਤਾਂ ਦੇ ਨਾਂ !
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ......

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !
ਹੋਰ ਗੂਹੜੀ ਹੋ ਗਈ ਹੈ,
ਮੇਰਿਆਂ ਬੋਹੜਾਂ ਦੀ ਛਾਂ !
ਖਾ ਰਹੇ ਨੇ ਚੂਰੀਆਂ,
ਅੱਜ ਮੇਰਿਆਂ ਮਹਿਲਾਂ ਦੇ ਕਾਂ !
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ.
 

Jaswinder Singh Baidwan

Akhran da mureed
Staff member
ਜਿੱਥੇ ਇਤਰਾਂ ਦੇ ਵਗਦੇ ਨੇ ਚੋ,
ਨੀ ਓਥੋਂ ਮੇਰਾ ਯਾਰ ਵੱਸਦਾ
ਜਿਥੋਂ ਲੰਘਦੀ ਹੈ ਪੌਣ ਵੀ ਖਲੋ,
ਨੀ ਓਥੋਂ ਮੇਰਾ ਯਾਰ ਵੱਸਦਾ !

ਜਿੱਥੇ ਹਨ ਮੁੰਗੀਆਂ ਚੰਦਨ ਦੀਆਂ ਝੰਗੀਆਂ,
ਫਿਰਨ ਸ਼ੁਆਵਾਂ ਜਿਥੇ ਹੋ ਹੇ ਨੰਗੀਆਂ,
ਜਿੱਥੇ ਦੀਵੀਆਂ ਨੂੰ ਲੱਭਦੀ ਏ ਲੋ,
ਨੀ ਓਥੋਂ ਮੇਰਾ ਯਾਰ ਵੱਸਦਾ !

ਪਾਣੀਆਂ ਦੇ ਪੱਟਾਂ ਉੱਤੇ ਸਵੇਂ ਜਿੱਥੇ ਆਥਣ,
ਚੁੰਗੀਆਂ ਮਰੀਵੇ ਜਿੱਥੇ ਮਿਰਗਾਂ ਦਾ ਆਤਣ,
ਜਿੱਥੇ ਬਦੋ-ਬਦੀ ਅੱਖ ਪੈਂਦੀ ਰੋ,
ਨੀ ਓਥੋਂ ਮੇਰਾ ਯਾਰ ਵੱਸਦਾ

ਭੁੱਖੇ-ਭਾਣੇ ਸੌਂਣ ਜਿੱਥੇ ਖੇਤਾਂ ਦੇ ਰਾਣੇ,
ਸੱਜਣਾਂ ਦੇ ਰੰਗ ਜੇ ਕਣਕਾਂ ਦੇ ਦਾਣੇ,
ਜਿੱਥੇ ਦੱਮਾਂ ਵਾਲੇ ਲੈਂਦੇ ਨੇ ਲਕੋ,
ਨੀ ਓਥੋਂ ਮੇਰਾ ਯਾਰ ਵੱਸਦਾ !

ਜਿੱਥੇ ਇਤਰਾਂ ਦੇ ਵਗਦੇ ਨੇ ਚੋ,
ਨੀ ਓਥੋਂ ਮੇਰਾ ਯਾਰ ਵੱਸਦਾ
ਜਿਥੋਂ ਲੰਘਦੀ ਹੈ ਪੌਣ ਵੀ ਖਲੋ,
ਨੀ ਓਥੋਂ ਮੇਰਾ ਯਾਰ ਵੱਸਦਾ !
 

Jaswinder Singh Baidwan

Akhran da mureed
Staff member
ਪੂਰਨ

ਓਸ ਕੁੜੀ ਨੂੰ
ਪੂਰਨ ਦਾ ਸਤਿਕਾਰ ਨਹੀਂ ਹੈ ।
ਮਾਂ ਕਹਿਲਾਉਣਾ
ਜੋ ਆਪਣਾ ਅਪਮਾਨ ਸਮਝਦੀ
ਮਹਿਬੂਬਾ ਕਹਿਲਾਉਣ ਦੀ ਵੀ
ਹੱਕਦਾਰ ਨਹੀਂ ਹੈ ।
ਹਰ ਮਹਿਬੂਬਾ ਦੇ ਚਿਹਰੇ ਵਿੱਚ
ਮਾਂ ਹੁੰਦੀ ਹੈ
ਤੇ ਹਰ ਮਾਂ ਦੇ ਚਿਹਰੇ ਵਿੱਚ
ਮਹਿਬੂਬਾ
ਜਿਸ ਨਾਰੀ ਵਿੱਚ ਮਮਤਾ ਦਾ
ਸਤਿਕਾਰ ਨਹੀਂ ਹੈ
ਉਸ ਨਾਰੀ ਵਿੱਚ
ਕਿਸੇ ਰੂਪ ਵਿੱਚ ਨਾਰ ਨਹੀਂ ਹੈ।
ਉਸ ਨਾਰੀ ਵਿੱਚ
ਨਾਰੀ ਹਾਲੇ ਸੀਮਿਤ ਹੈ
ਉਸ ਨਾਰੀ ਵਿੱਚ
ਨਾਰੀ ਦਾ ਵਿਸਥਾਰ ਨਹੀਂ ਹੈ।
ਨਾ ਉਹ ਮਾਂ ਤੇ ਭੈਣ ਤੇ ਨਾ ਹੀ
ਮਹਿਬੂਬਾ ਹੈ
ਉਸ ਨੂੰ ਪਿਆਰ ਕਰਨ ਦਾ
ਕੋਈ ਅਧਿਕਾਰ ਨਹੀਂ ਹੈ।
 

Jaswinder Singh Baidwan

Akhran da mureed
Staff member
ਯਾਦ ਕਰ ਕੇ ਤੈਂਡੜੇ -
ਨੁਕਰਸਈ ਹਾਸੇ ਦੀ ਆਵਾਜ਼,
ਜਿਗਰ ਮੇਰੇ ਹਿਜ਼ਰ ਦੇ-
ਸੱਕਾਂ ਦੀ ਅੱਗ ਵਿਚ ਸੜੇਗਾ !
ਪਰਦੇਸ਼ ਵੱਸਣ ਵਾਲਿਆ !

ਤੇਰੇ ਤੇ ਮੇਰੇ ਵਾਕਣਾਂ
ਹੀ ਫੂਕ ਦਿੱਤਾ ਜਾਵੇਗਾ,
ਜੋ ਯਾਰ ਸਾਡੀ ਮੌਤ ਤੇ
ਆ ਮਰਸੀਆ ਵੀ ਪੜੇਗਾ !
ਪਰਦੇਸ਼ ਵੱਸਣ ਵਾਲਿਆ !

ਗਰਮ ਸਾਹਵਾਂ ਦੇ ਸਮੁੰਦਰ
ਵਿਚ ਗਰਕ ਜਾਏਗਾ ਦਿਲ,
ਕੌਣ ਇਹਨੂੰ ਨੂਹ ਦੀ-
ਕਸ਼ਤੀ ਦੇ ਤੀਕਣ ਖੜੇਗਾ !
ਪਰਦੇਸ਼ ਵੱਸਣ ਵਾਲਿਆ !

ਧਰਤ ਦੇ ਮੱਥੇ-
ਤੇ ਟੰਗੀ ਅਰਸ਼ ਦੀ ਕੁੱਨੀ ਸਿਆਹ,
ਪਰ ਕੁਲਹਿਣਾ ਨੈਣ-
ਸਮਿਆਂ ਦਾ ਅਸਰ ਕੁਝ ਤਾਂ ਕਰੇਗਾ !
ਪਰਦੇਸ਼ ਵੱਸਣ ਵਾਲਿਆ !

ਪਾਲਦੇ ਬੇ-ਸ਼ੱਕ ਭਾਵੇਂ
ਕਾਗ ਨੇ ਕੋਇਲਾ ਦੇ ਬੋਟ,
ਪਰ ਨਾ ਤੇਰੇ ਬਾਝ-
ਮੇਰੀ ਜਿੰਦਗੀ ਦਾ ਸਰੇਗਾ
ਪਰਦੇਸ਼ ਵੱਸਣ ਵਾਲਿਆ

ਲੱਖ ਭਾਵੇਂ ਛੁੰਗ ਕੇ
ਚੱਲਾਂ ਮੈਂ ਲਹਿੰਗਾ ਸਬਰ ਦਾ,
ਯਾਦ ਤੇਰੀ ਦੇ ਕਰੀਰਾਂ
ਨਾਲ ਜਾ ਹੀ ਅੜੇਗਾ !
ਪਰਦੇਸ਼ ਵੱਸਣ ਵਾਲਿਆ !

ਬਖਸ਼ ਦਿੱਤੀ ਜਾਏਗੀ
ਤੇਰੇ ਜਿਸਮ ਦੀ ਸਲਤਨਤ
ਚਾਂਦੀ ਦੇ ਬੁਣਕੇ ਜਾਲ
ਤੇਰਾ ਦਿਲ-ਹੁਮਾ ਜੋ ਫੜੇਗਾ !
ਪਰਦੇਸ਼ ਵੱਸਣ ਵਾਲਿਆ !

ਰੋਜ਼ ਜਦ ਆਥਣ ਦਾ ਤਾਰਾ
ਅੰਬਰਾਂ ਤੇ ਚੜੇਗਾ
ਕੋਈ ਯਾਦ ਤੈਨੂੰ ਕਰੇਗਾ !
ਪਰਦੇਸ਼ ਵੱਸਣ ਵਾਲਿਆ !
 

Jaswinder Singh Baidwan

Akhran da mureed
Staff member
ਇੱਕ ਸਾਹ ਸੱਜਣਾਂ ਦਾ,
ਇਕ ਸਾਹ ਮੇਰਾ,
ਕਿਹੜੀ ਤਾਂ ਧਰਤੀ ਉੱਤੇ ਬੀਜੀਏ ਨੀ ਮਾਂ !
ਗਹਿਣੇ ਤਾਂ ਪਈ ਊ ਸਾਡੇ-
ਦਿਲੇ ਦੀ ਧਰਤੀ,
ਹੋਰ ਮਾਏ ਜੱਚਦੀ ਕੋਈ ਨਾ !

ਜੇ ਮੈਂ ਬੀਜਾਂ ਮਾਏ -
ਤਾਰਿਆਂ ਦੇ ਨੇੜੇ ਨੇੜੇ,
ਰੱਬ ਦੀ ਮੈਂ ਜਾਤ ਤੋਂ ਡਰਾਂ !
ਜੇ ਮੈਂ ਬੀਜਾਂ ਮਾਏ-
ਸ਼ਰਾਂ ਦੀਆਂ ਢੱਕੀਆਂ ਤੇ
ਤਾਅਨਾ ਮਾਰੂ ਸਾਰਾ ਨੀ ਗਰਾਂ !

ਜੇ ਮੈਂ ਬੀਜਾਂ ਮਾਏ-
ਮਹਿਲਾਂ ਦੀਆਂ ਟੀਸੀਆਂ ਤੇ
ਅੱਥਰੇ ਤਾਂ ਮਹਿਲਾਂ ਦੇ ਨੀਂ ਕਾਂ !
ਜੇ ਮੈਂ ਬੀਜਾਂ ਮਾਏ-
ਝੁੱਗੀਆਂ ਦੇ ਵਿਹਰੜੇ,
ਮਿੱਧੇ ਨੀ ਮੈਂ ਜਾਣ ਤੋਂ ਡਰਾਂ !

ਮਹਿੰਗੇ ਤਾਂ ਸਾਹ ਸਾਡੇ-
ਸੱਜਣਾਂ ਦੇ ਸਾਡੇ ਕੋਲੋਂ,
ਕਿੱਦਾਂ ਦਿਆਂ ਬੀਜ ਨੀ ਕੁਥਾਂ
ਇਕ ਸਾਡੀ ਲੱਦ ਗਈ ਊ-
ਰੁੱਤ ਨੀ ਜਵਾਨੀਆਂ ਦੀ,
ਹੋਰ ਰੁੱਤ ਜੱਚਦੀ ਕੋਈ ਨਾ

ਜੇ ਮੈਂ ਬੀਜਾਂ ਮਾਏ-
ਰੁੱਤ ਨੀ ਬਹਾਰ ਦੀ 'ਚ,
ਮਹਿਕਾਂ ਵਿਚ ਡੁੱਬ ਕੇ ਮਰਾਂ !
ਚੱਟ ਲੈਣ ਭੌਰ ਜੇ-
ਪਰਾਗ ਮਾਏ ਬੂਥੀਆਂ ਤੋਂ,
ਮੈਂ ਨਾ ਕਿਸੇ ਕੰਮ ਦੀ ਰਵਾਂ !

ਜੇ ਮੈਂ ਬੀਜਾਂ ਮਾਏ-
ਸਾਉਣ ਦੀਆਂ ਭੂਰਾਂ ਵਿੱਚ
ਮੰਦੀ ਲੱਗੇ ਬੱਦਲਾਂ ਦੀ ਛਾਂ !
ਜੇ ਮੈਂ ਬੀਜਾਂ ਮਾਏ-
ਪੋਹ ਦਿਆਂ ਕੱਕਰਾਂ 'ਚ
ਨੇੜੇ ਤਾਂ ਸੁਣੀਂਦੀ ਉ ਖਿਜ਼ਾਂ !

ਮਾਏ ਸਾਡੇ ਨੈਣਾਂ ਦੀਆਂ-
ਕੱਸੀਆਂ ਦੇ ਥੱਲਿਆਂ 'ਚ
ਲੱਭੇ ਕਿਤੇ ਪਾਣੀ ਦਾ ਨਾ ਨਾਂ !
ਤੱਤੀ ਤਾਂ ਸੁਣੀਂਦੀ ਬਹੁੰ-
ਰੁੱਤ ਨੀ ਹੁਨਾਲਿਆਂ ਦੀ,
ਦੁੱਖਾਂ ਵਿਚ ਫਾਥੀ ਉ ਨੀ ਜਾਂ !

ਇਕ ਸਾਹ ਸੱਜਣਾਂ ਦਾ-
ਇਕ ਸਾਹ ਮੇਰਾ
ਕਿਹੜੀ ਤਾਂ ਧਰਤੀ ਉੱਤੇ ਬੀਜੀਏ ਨੀ ਮਾਂ !
ਗਹਿਣੇ ਤਾਂ ਪਈ ਊ ਸਾਡੇ-
ਦਿਲੇ ਦੀ ਧਰਤੀ,
ਹੋਰ ਮਾਏ ਜੱਚਦੀ ਕੋਈ ਨਾ !
 

Jaswinder Singh Baidwan

Akhran da mureed
Staff member
ਇਲਜ਼ਾਮ


ਮੇਰੇ ਤੇ ਮੇਰੇ ਦੋਸਤ,
ਤੂੰ ਇਲਜ਼ਾਮ ਲਗਾਈਐ
ਤੇਰੇ ਸ਼ਹਿਰ ਦੀ ਇਕ ਤਿਤਲੀ-
ਦਾ ਮੈਂ ਰੰਗ ਚੁਰਾਈਐ
ਪੁੱਟ ਕੇ ਮੈਂ ਕਿਸੇ ਬਾਗ 'ਚੋਂ
ਗੁੱਲਮੋਹਰ ਦਾ ਬੂਟਾ,
ਸੁਨਸਾਨ ਬੀਆਬਾਨ-
ਮੈਂ ਮੜੀਆਂ 'ਚ ਲਗਾਈਐ
ਹੁੰਦੀ ਹੈ ਸੁਆਂਝਣੇ ਦੀ-
ਜਿਵੇਂ ਜੜ 'ਚ ਕੁੜਿੱਤਣ,
ਓਨਾਂ ਹੀ ਮੇਰੇ ਦਿਲ ਦੇ ਜੜੀਂ
ਪਾਪ ਸਮਾਇਐ

ਬਦਕਾਰ ਹਾਂ ਬਦਚਲਣ ਹਾਂ
ਪੁੱਜ ਕੇ ਹਾਂ ਕਮੀਨਾ,
ਹਰ ਗਮ ਦਾ ਅਰਜ਼ ਜਾਣ ਕੇ
ਮੈਂ ਤੁਲ ਬਣਾਈਐ
ਮੈਂ ਸ਼ਿਕਰਾ ਹਾਂ ਮੈਨੂੰ ਚਿੜੀਆਂ ਦੀ
ਸੋਂਹਦੀ ਨਹੀਂ ਯਾਰੀ
ਮੈਂ ਝੂਠਾ ਲਲਾਰੀ
ਸ਼ੁਹਰਤ ਦਾ ਸਿਆਹ ਸੱਪ-
ਮੇਰੇ ਗਲ 'ਚ ਪਲਮਦੈ
ਡੱਸ ਜਾਏਗਾ ਮੇਰੇ ਗੀਤਾਂ ਸਣੇਂ
ਦਿਲ ਦੀ ਪਟਾਰੀ
ਮੇਰੀ ਪੀੜ ਅਸ਼ਵਥਾਮਾ ਦੇ-
ਵਾਕਣ ਹੀ ਅਮਰ ਹੈ,
ਢਹਿ ਜਾਏ ਗੀ ਪਰ ਜਿਸਮ ਦੀ
ਛੇਤੀ ਹੀ ਅਟਾਰੀ
ਗੀਤਾਂ ਦੀ ਮਹਿਕ ਬਦਲੇ-
ਮੈਂ ਕੁੱਖਾਂ ਦਾ ਵਣਜ ਕਰਦਾਂ,
ਤੂੰ ਲਿਖਿਆ ਹੈ ਮੈਂ ਬਹੁਤ ਹੀ
ਅਲੜ ਹਾਂ ਵਪਾਰੀ

ਤੁੰ ਲਿਖਿਐ, ਕਿ ਪੁੱਤ ਕਿਰਨ
ਹੁੰਦੇ ਨੇ ਸਦਾ ਸਾਏ
ਸਾਇਆਂ ਦਾ ਨਹੀਂ ਫਰਜ਼-
ਕਿ ਹੋ ਜਾਣ ਪਰਾਏ
ਸਾਏ ਦਾ ਫਰਜ਼ ਬਣਦ ਹੈ
ਚਾਨਣ ਦੀ ਵਫਾਦਾਰੀ,
ਚਾਨਣ 'ਚ ਸਦਾ ਉੱਗੇ-
ਤੇ ਚਾਨਣ 'ਚ ਹੀ ਮਰ ਜਾਏ

ਦੁੱਖ ਹੁੰਦੇ ਜੇ ਪਿੰਜਰੇ ਦਾ ਵੀ-
ਉੱਡ ਜਾਏ ਪੰਖੇਰੂ
ਪਰ ਮੈਂ ਤੇ ਨਵੇਂ ਰੋਜ਼ ਨੇ
ਡੱਕੇ ਤੇ ਉਡਾਏ
ਕਾਰਨ ਹੈ ਹਵਸ ਇਕੋ
ਮੇਰੇ ਦਿਲ ਦੀ ਉਦਾਸੀ,
ਜੋ ਗੀਤ ਵੀ ਮੈਂ ਗਾਏ ਨੇ
ਮਾਯੂਸ ਨੇ ਗਾਏ

ਤੂੰ ਹੋਰ ਵੀ ਇਕ ਲਿਖਿਐ,
ਕਿਸੇ ਤਿਤਲੀ ਦੇ ਬਾਰੇ
ਜਿਸ ਤਿਤਲੀ ਨੇ ਮੇਰੇ ਬਾਗ 'ਚ
ਕੁੱਝ ਦਿਨ ਸੀ ਗੁਜ਼ਾਰੇ
ਜਿਸ ਤਿਤਲੀ ਨੂੰ ਕੁੱਝ ਚਾਂਦੀ ਦੇ
ਫੁੱਲਾਂ ਦਾ ਠਰਕ ਸੀ,
ਜਿਸ ਤਿਤਲੀ ਨੂੰ ਚਾਹੀਦੇ ਸੀ
ਸੋਨੇ ਦੇ ਸਿਤਾਰੇ
ਪਿਆਰਾ ਸੀ ਉਹਦਾ ਮੁੱਖੜਾ
ਜਿਉਂ ਚੰਨ ਚੜਿਆ ਉਜਾੜੀਂ,
ਮੇਰੇ ਗੀਤ ਜਿਦੀ ਨਜ਼ਰ ਨੂੰ-
ਸਨ ਬਹੁਤ ਪਿਆਰੇ
ਮੰਨਦਾ ਸੈਂ ਤੂੰ ਮੈਨੂੰ ਪੁੱਤ....
ਕਿਸ ਸਰਸਵਤੀ ਦਾ,
ਅਜ ਰਾਏ ਬਦਲ ਗਈ ਤੇਰੀ
ਮੇਰੇ ਹੈ ਬਾਰੇ
ਆਖਿਰ 'ਚ ਤੂੰ ਲਿਖਿਐ,
ਕੁਝ ਸ਼ਰਮ ਕਰਾਂ ਮੈਂ
ਤੇਜ਼ਾਬ ਦੇ ਇਕ ਹੌਜ਼ 'ਚ,
ਅੱਜ ਡੁੱਬ ਕੇ ਮਰਾਂ ਮੈਂ
ਬੀਮਾਰ ਜਿਹੇ ਜਿਸਮ-
ਤੇ ਗੀਤਾਂ ਦੇ ਸਣੇ ਮੈਂ,
ਟੁਰ ਜਾਵਾਂ ਤੇਰੇ ਦੇਸ਼ ਦੀ
ਅੱਜ ਜੂਹ ਚੋਂ ਪਰਾਂ ਮੈਂ
ਮੇਰੀ ਕੌਮ ਨੂੰ ਮੇਰੇ ਥੋਥੇ ਜਿਹੇ-
ਗਮ ਨਹੀਂ ਲੁੜੀਂਦੇ,
ਮੈਨੂੰ ਚਾਹਿਦੈ ਮਜ਼ਦੂਰ ਦੇ-
ਹੱਕਾਂ ਲਈ ਲੜਾਂ ਮੈਂ
ਮਹਿਬੂਬ ਦਾ ਰੰਗ ਵੰਡ ਦਿਆਂ
ਕਣਕਾਂ ਨੁੰ ਸਾਰਾ,
ਕੁੱਲ ਦੁਨੀਆਂ ਦਾ ਗਮ
ਗੀਤਾਂ ਦੀ ਮੁੰਦਰੀ 'ਚ ਜੜਾਂ ਮੈਂ
 

Jaswinder Singh Baidwan

Akhran da mureed
Staff member
ਅੱਜ ਅਸੀਂ
ਤੇਰੇ ਸ਼ਹਿਰ ਆਏ ਹਾਂ
ਤੇਰਾ ਸ਼ਹਿਰ, ਜਿਉਂ ਖੇਤ ਪੋਹਲੀ ਦਾ
ਜਿਸ ਦੇ ਸਿਰ ਤੋਂ ਪੁੰਨਿਆਂ ਦਾ ਚੰਨ
ਸਿੰਮਲ-ਫੁੱਲ ਦੀ ਫੰਭੀ ਵਾਕਣ
ਉਡਦਾ ਟੁਰਿਆ ਜਾਏ !

ਇਹ ਸੜਕਾਂ ਤੇ ਸੁੱਤੇ ਸਾਏ
ਵਿੱਚ ਵਿਚੱਚ ਚਿਤਕਬਰਾ ਜਿਹਾ ਚਾਨਣ
ਜੀਕਣ ਹੋਵੇ ਚੌਂਕ ਪੂਰਿਆ
ਧਰਤੀ ਸੈਂਤ ਨਹਾ ਕੇ ਬੈਠੀ
ਚੰਨ ਦਾ ਚੌਂਕ ਗੁੰਦਾ ਕੇ ਜੀਕਣ
ਹੋਵਣ ਨਾਲ ਵਧਾਏ ?

ਅਜ ਰੁੱਤਾਂ ਨੇ ਵੱਟਣਾ ਮਲਿਆ
ਚਿੱਟਾ ਚੰਨ ਵਿਆਹਿਆ ਚਲਿਆ
ਰੁੱਖਾਂ ਦੇ ਗਲ ਲਗ ਲਗ ਪੌਣਾਂ
ਈਕਰ ਸ਼ਹਿਰ ਤੇਰੇ 'ਚੋਂ ਲੰਘਣ
ਜੀਕਣ ਤੇਰੇ ਧਰਮੀ ਬਾਬਲ
ਤੇਰੇ ਗੌਣ ਬਿਠਾਏ !
ਸੁੱਤਾ ਘੂਕ ਮੋਤੀਏ ਰੰਗਾ
ਚਾਨਣ ਧੋਤਾ ਸ਼ਹਿਰ ਏ ਤੇਰਾ
ਜੀਕਣ ਤੇਰਾ ਹੋਵੇ ਡੋਲਾ
ਅੰਬਰ ਜੀਕਣ ਤੇਰਾ ਵੀਰਾ
ਬੰਨੇ ਬਾਹੀਂ ਚੰਨ-ਕਲੀਰਾਂ
ਤਾਰੇ ਸੋਟ ਕਰਾਏ !

ਅਜ ਦੀ ਰਾਤ ਮੁਬਾਰਿਕ ਤੈਨੂੰ
ਹੋਏ ਮੁਬਾਰਿਕ ਅਜ ਦਾ ਸਾਹਿਆ
ਅਸੀਂ ਤਾਂ ਸ਼ਹਿਰ ਤੇਰੇ ਦੀ ਜੂਹ ਵਿਚ
ਮੁਰਦਾ ਦਿਲ ਇਕ ਦੱਬਣ ਆਏ !
ਸ਼ਹਿਰ ਕਿ ਜਿਸ ਦੇ ਸਿਰ ਤੋ ਪੀਲਾ
ਚੰਨ ਨਿਰਾ ਤੇਰੇ ਮੁੱਖੜੇ ਵਰਗਾ
ਸਿੰਮਲ-ਫੁੱਲ ਦੀ ਫੰਭੀ ਵਾਕਣ
ਉੱਡਦਾ ਟੁਰਿਆ ਜਾਏ !
ਜਿਸ ਨੂੰ ਪੀੜ ਨਿਆਣੀ ਮੇਰੀ
ਮਾਈ -ਬੁੱਢੀ ਵਾਕਣ ਫੜ ਫੜ
ਫੂਕਾਂ ਮਾਰ ਉਡਾਏ
ਭੱਜ ਭੱਜ ਪੋਹਲੀ ਦੇ ਖੇਤਾਂ ਵਿਚ
ਜ਼ਖਮੀ ਹੁੰਦੀ ਜਾਏ !
ਅਜ ਅਸੀਂ
ਤੇਰੇ ਸ਼ਹਿਰ ਹਾਂ ਆਏ !
 

Jaswinder Singh Baidwan

Akhran da mureed
Staff member
ਮੇਰਾ ਕਮਰਾ

ਇਹ ਮੇਰਾ ਨਿੱਕਾ ਜਿੰਨਾ ਕਮਰਾ
ਇਹ ਮੇਰਾ ਨਿੱਕਾ ਜਿੰਨਾ ਕਮਰਾ
ਦਰਿਆਈ ਮੱਛੀ ਦੇ ਵਾਕਣ
ਗੂਹੜਾ ਨੀਲਾ ਜਿਸ ਦਾ ਚਮੜਾ
ਵਿੱਚ ਮਿੱਟੀ ਦਾ ਦੀਵਾ ਊਂਘੇ
ਜੀਕਣ ਅਲਸੀ ਦੇ ਫੁੱਲਾਂ ਤੇ-
ਮੰਡਲਾਂਦਾ ਹੋਏ ਕੋਈ ਭੰਵਰਾ
ਇਹ ਮੇਰਾ ਨਿੱਕਾ ਜਿੰਨਾ ਕਮਰਾ !

ਇਸ ਕਮਰੇ ਦੀ ਦੱਖਣੀ ਕੰਧ ਤੇ
ਕੰਨ ਤੇ ਨਹੀਂ ਕਮਰੇ ਦੇ ਦੰਦ ਤੇ
ਮੇਰੇ ਪਾਟ ਦਿਲ ਦੇ ਵਾਕਣ
ਪਾਟਾ ਇਕ ਕਲੰਡਰ ਲਟਕੇ
ਕਿਸੇ ਮੁਸਾਫਰ ਦੀ ਅੱਖ ਵਿੱਚ ਪਏ
ਗੱਡੀ ਦੇ ਕੋਲੇ ਵੱਤ ਰੜਕੇ
ਫੂਕ ਦਿਆਂ ਜੀ ਕਰਦੈ ਫੜ ਕੇ :
ਕਾਸਾ ਫੜ ਕੇ ਟੁਰਿਆ ਜਾਂਦਾ
ਓਸ ਕਲੰਡਰ ਵਾਲਾ ਲੰਗੜਾ !
ਜਿਸ ਦੇ ਹੱਥ ਵਿਚ ਹੈ ਇਕ ਦਮੜਾ
ਖੌਰੇ ਕਿਉਂ ਫਿਰ ਦਿਲ ਡਰ ਜਾਂਦੈ
ਸਿਗਰਟ ਦੇ ਧੂੰਏਂ ਸੰਗ ਨਿੱਕਾ-
ਇਹ ਮੇਰਾ ਕਮਰਾ ਝੱਟ ਭਰ ਜਾਂਦੈ
ਫਿਰ ਡੂੰਘਾ ਸਾਗਰ ਬਣ ਜਾਂਦੈ
ਵਿਹੰਦਿਆਂ ਵਿਹੰਦਿਆਂ ਨੀਲਾ ਕਮਰਾ
ਫਿਰ ਡੂੰਘਾ ਸਾਗਰ ਬਣ ਜਾਂਦੈ
ਇਸ ਸਾਗਰ ਦੀਆਂ ਲਹਿਰਾਂ ਅੰਦਰ
ਮੇਰਾ ਬਚਪਨ ਤੇ ਜਵਾਨੀ
ਕੋਠਾ-ਕੁੱਲਾ ਸੱਭ ਰੁੜ ਜਾਂਦੈ !
ਸਾਹਵੀਂ ਕੰਧ ਤੇ ਬੈਠਾ ਹੋਇਆ
ਕੋਹੜ ਕਿਰਲੀਆਂ ਦਾ ਇਕ ਜੋੜਾ
ਮਗਰ ਮੱਛ ਦਾ ਰੂਪ ਵਟਾਉਂਦੈ !
ਮੇਰੇ ਵੱਲੇ ਵੱਧਦਾ ਆਉਂਦੈ
ਇਕ ਬਾਂਹ ਤੇ ਇਕ ਲੱਤ ਖਾ ਜਾਂਦੈ
ਓਸ ਕਲੰਡਰ ਦੇ ਲੰਗੜੇ ਵੱਤ-
ਮੈਂ ਵੀ ਹੋ ਜਾਂਦਾਂ ਮੁੜ ਲੰਗੜਾ
ਆਪਣੀ ਗੁਰਬਤ ਦੇ ਨਾਂ ਉੱਤੇ
ਮੰਗਦਾ ਫਿਰਦਾਂ ਦਮੜਾ ਦਮੜਾ
ਫਿਰ ਮੇਰਾ ਸਾਹ ਸੁਕਣ ਲੱਗਦੈ
ਮੋਈਆਂ ਇੱਲਾਂ ਕੰਨ -ਖਜੂਰੇ
ਅੱਕ ਦੇ ਟਿੱਡੇ ਛਪੜੀ ਕੂਰੇ
ਮੋਏ ਉੱਲੂ, ਮੋਏ ਕਤੂਰੇ
ਖੋਪੜੀਆਂ ਚਮਗਾਦੜ ਭੂਰੇ
ਓਸ ਕਲੰਡਰ ਵਾਲਾ ਲੰਗੜਾ
ਮੇਰੇ ਮੂੰਹ ਤੇ ਸੁੱਟਣ ਲਗਦੈ
ਗਲ ਮੇਰਾ ਫਿਰ ਘੁੱਟਣ ਲਗਦੈ !
ਮੇਰਾ ਜੀਵਨ ਮੁੱਕਣ ਲਗਦੈ
ਫੇਰ ਅਜਨਬੀ ਕੋਈ ਚਿਹਰਾ
ਮੇਰੇ ਨਾਂ ਤੇ ਉਸ ਲੰਗੜੇ ਨੂੰ
ਦੇ ਦਿੰਦਾ ਹੈ ਇਕ ਦੋ ਦਮੜਾ
ਫੇਰ ਕਲੰਡਰ ਬਣ ਜਾਂਦਾ ਹੈ
ਓਸ ਕਲੰਡਰ ਵਾਲਾ ਲੰਗੜਾ !
ਇਹ ਮੇਰਾ ਨਿੱਕਾ ਜਿੰਨਾ ਕਮਰਾ
ਦਰਿਆਈ ਮੱਛੀ ਦੇ ਵਾਕਣ
ਗੂਹੜਾ ਨੀਲਾ ਜਿਸ ਦਾ ਚਮੜਾ
ਇਹ ਮੇਰਾ ਨਿੱਕਾ ਜਿੰਨਾ ਕਮਰਾ.
 

Jaswinder Singh Baidwan

Akhran da mureed
Staff member
ਬਨਵਾਸੀ

ਮੈਂ ਬਨਵਾਸੀ, ਮੈਂ ਬਨਵਾਸੀ
ਆਈਆ ਭੋਗਣ ਜੂਨ ਚੂਰਾਸੀ
ਕੋਈ ਲਛਮਣ ਨਹੀਂ ਮੇਰਾ ਸਾਥੀ
ਨਾ ਮੈਂ ਰਾਮ ਅਯੁੱਧਿਆ ਵਾਸੀ
ਮੈਂ ਬਨਵਾਸੀ, ਮੈਂ ਬਨਵਾਸੀ !

ਨਾ ਮੇਰਾ ਪੰਚ-ਵਟੀ ਵਿੱਚ ਡੇਰਾ
ਨਾ ਕੋਈ ਰਾਵਣ ਦੁਸ਼ਮਣ ਮੇਰਾ
ਕਣਕ-ਕਕਈ-ਮਾਂ ਦੀ ਖਾਤਿਰ
ਮੈਥੋਂ ਦੂਰ ਵਤਨ ਹੈ ਮੇਰਾ
ਪੱਕੀ ਸੜਕ ਦੀ ਪਟੜੀ ਉੱਤੇ
ਸੌਦਿਆਂ ਦੂਜਾ ਵਰਾ ਹੈ ਮੇਰਾ
ਮੇਰੇ ਖਾਬਾਂ ਵਿਚ ਰੋਂਦੀ ਏ
ਮੇਰੀ ਦੋ ਵਰਿਆਂ ਦੀ ਕਾਕੀ
ਜੀਕਣ ਪੌਣ ਸਰਕੜੇ ਵਿਚੋਂ
ਲੰਘ ਜਾਂਦੀ ਅੱਧੀ ਰਾਤੀਂ
ਮੈਂ ਬਨਵਾਸੀ, ਮੈਂ ਬਨਵਾਸੀ !

ਕੋਈ ਸਗਰੀਵ ਨਹੀਂ ਮੇਰਾ ਮਹਿਰਮ
ਨਾ ਕੋਈ ਪਵਨ-ਪੁੱਤ ਮੇਰਾ ਬੇਲੀ
ਨਾ ਕੋਈ ਨਖਾ ਹੀ ਕਾਮ ਦੀ ਖਾਤਿਰ
ਆਈ ਮੇਰੀ ਬਣ ਸਹੇਲੀ !
ਮੇਰੀ ਤਾਂ ਇਕ ਬੁੱਢੀ ਮਾਂ ਹੈ
ਜਿਸ ਨੂੰ ਮੇਰੀ ਹੀ ਬੱਸ ਛਾਂ ਹੈ
ਦਿਨ ਭਰ ਥੁੱਕੇ ਦਿੱਕ ਦੇ ਕੀੜੇ
ਜਿਸ ਦੀ ਬੱਸ ਲਬਾਂ ਤੇ ਜਾਂ ਹੈ
ਜਾਂ ਉਹਦੀ ਇਕ ਮੋਰਨੀ ਧੀ ਹੈ
ਜਿਸ ਦੇ ਵਰ ਲਈ ਲੱਭਣੀ ਥਾਂ ਹੈ
ਜਾਂ ਫਿਰ ਅਨਪੜ ਬੁੱਢਾ ਪਿਉ ਹੈ
ਜੋ ਇਕ ਮਿੱਲ ਵਿਚ ਹੈ ਚਪੜਾਸੀ
ਖਾਕੀ ਜਿਦੇ ਪਜਾਮੇ ਉੱਤੇ
ਲੱਗੀ ਹੋਈ ਹੈ ਚਿੱਟੀ ਟਾਕੀ !
ਕੋਈ ਭੀਲਣੀ ਨਹੀਂ ਮੇਰੀ ਦਾਸੀ !
ਨਾ ਮੇਰੀ ਸੀਤਾ ਕਿਤੇ ਗਵਾਚੀ !
ਮੇਰੀ ਸੀਤਾ ਕਰਮਾਂ ਮਾਰੀ
ਉਹ ਨਹੀ ਜਨਕ-ਦੁਲਾਰੀ
ਉਹ ਹੈ ਧੁਰ ਤੋਂ ਫਾਕਿਆਂ ਮਾਰੀ
ਪੀਲੀ ਪੀਲੀ ਮਾੜੀ ਮਾੜੀ
ਜੀਕਣ ਪੋਹਲੀ ਮਗਰੋਂ ਹਾੜੀ
ਪੋਲੇ ਪੈਰੀਂ ਟੁਰੇ ਵਿਚਾਰੀ
ਜਨਮ ਜਨਮ ਦੀ ਪੈਰੋਂ ਭਾਰੀ !
ਹਾਏ ਗੁਰਬਤ ਦੀ ਉੱਚੀ ਘਾਟੀ
ਕੀਕਣ ਪਾਰ ਕਰੇਗੀ ਸ਼ਾਲਾ-
ਉਹਦੀ ਤਰੀਮਤ-ਪਨ ਦੀ ਡਾਚੀ ?
ਹਿੱਕ ਸੰਗ ਲਾ ਕੇ ਮੇਰੀ ਕਾਕੀ ?
ਇਹ ਮੈਂ ਅੱਜ ਕੀ ਸੋਚ ਰਿਹਾ ਹਾਂ
ਕਿਉਂ ਦੁਖਦੀ ਹੈ ਮੇਰੀ ਛਾਤੀ ?
ਕਿਉਂ ਅੱਕ ਹੋ ਗਈ ਲੋਹੇ-ਲਾਖੀ !
ਮੈਂ ਉਹਦੀ ਅਗਨ ਪਰਿਖਿਆ ਲੈਸਾਂ
ਨਹੀਂ, ਇਹ ਤਾਂ ਹੈ ਗੁਸਤਾਖੀ
ਉਸ ਅੱਗ ਦੇ ਵਿਚ ਉਹ ਸੜ ਜਾਸੀ !
ਮੇਰੇ ਖਾਬਾਂ ਵਿਚ ਰੋਂਦੀ ਹੈ
ਮੇਰੀ ਦੋ ਵਰਿਆਂ ਦੀ ਕਾਕੀ
ਹਰ ਪਲ ਵੱਧਦੀ ਜਾਏ ਉਦਾਸੀ
ਜੀਕਣ ਵਰਦੇ ਬੱਦਲਾਂ ਦੇ ਵਿਚ
ਉੱਡਦੇ ਜਾਂਦੇ ਹੋਵਣ ਪੰਡੀ
ਮੱਠੀ ਮੱਠੀ ਟੋਰ ਨਿਰਾਸੀ !
ਮੈਂ ਬਨਵਾਸੀ, ਮੈਂ ਬਨਵਾਸੀ !
 

Jaswinder Singh Baidwan

Akhran da mureed
Staff member
ਸ਼ਹੀਦਾਂ ਦੀ ਮੌਤ

ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ
ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ
ਜਾਨ ਜਿਹੜੀ ਵੀ
ਦੇਸ਼ ਦੇ ਲੇਖੇ ਲੱਗਦੀ ਹੈ
ਉਹ ਗਗਨਾਂ ਵਿੱਚ
ਸੂਰਜ ਬਣ ਕੇ ਦਘਦੀ ਹੈ
ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ !
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ !

ਧਰਤੀ ਉੱਪਰ ਜਿੰਨੇ ਵੀ ਨੇ
ਫੁੱਲ ਖਿੜਦੇ
ਉਹ ਨੇ ਸਾਰੇ ਖਾਬ
ਸ਼ਹੀਦਾਂ ਦੇ ਦਿਲ ਦੇ
ਫੁੱਲ ਉਹਨਾਂ ਦੇ ਲਹੂਆਂ ਨੂੰ ਹੀ ਲੱਗਦੇ ਨੇ !
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ !

ਕੋਈ ਵੀ ਵੱਡਾ ਸੂਰਾ ਨਹੀਂ
ਸ਼ਹੀਦਾਂ ਤੋਂ
ਕੋਈ ਵੀ ਵੱਡਾ ਵਲੀ ਨਹੀਂ
ਸ਼ਹੀਦਾਂ ਤੋਂ
ਸ਼ਾਹ, ਗੁਣੀ ਵਿਦਵਾਨ ਉਹਨਾਂ ਦੇ ਬਰਦੇ ਨੇ !
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ !
 

Jaswinder Singh Baidwan

Akhran da mureed
Staff member
ਲੂਣਾ

ਧਰਤੀ ਬਾਬਲ ਪਾਪ ਕਮਾਇਆ
ਲੜ ਲਾਈਆਂ ਸਾਡੇ ਫੁਲ ਕੁਮਲਾਈਆ
ਜਿਸ ਦਾ ਇੱਛਰਾਂ ਰੂਪ ਹੰਡਾਈਆ
ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ

ਮੈਂ ਉਸ ਤੋਂ ਇਕ ਚੁੰਮਣ ਵਡੀ
ਪਰ ਮੈਂ ਕੀਕਣ ਮਾਂ ਉਹਦੀ ਲੱਗੀ
ਉਹ ਮੇਰੀ ਗਰਭ ਜੂਨ ਨਾ ਆਇਆ
ਲੋਕਾ ਵੇ ਮੈਂ ਧੀ ਵਰਗੀ ਸਲਵਾਣ ਦੀ

ਪਿਤਾ ਜੇ ਧੀ ਦਾ ਰੂਪ ਹੰਡਾਵੇ
ਲੋਕਾ ਵੇ ਤੈਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤਰ ਹੀਣ ਕਵੇ ਕਿਉਂ ਜੀਭ ਜਹਾਨ ਦੀ
ਚਰਿਤਰ ਹੀਨ ਤੇ ਤਾਂ ਕੋਈ ਆਖੇ
ਜੇ ਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲੱਭਣ ਵਿਚ ਗੱਲ ਕੀ ਹੈ ਅਪਮਾਨ ਦੀ

ਲੂਣਾ ਹੋਵੇ ਤਾਂ ਅਪਰਾਧਣ
ਜੇਕਰ ਅੰਦਰੋਂ ਹੋਏ ਸੁਹਾਗਣ
ਮਹਿਕ ਉਹਦੀ ਜੇ ਹੋਵੇ ਦਾਗਣ
ਮਹਿਕ ਮੇਰੀ ਤਾਮ ਕੰਜਕ ਮੈਂ ਹੀ ਜਾਣਦੀ
ਜੋ ਸਲਵਾਨ ਮੇਰੇ ਲੜ ਲੱਗਾ
ਦਿਨ ਭਰ ਚੁਕ ਫਾਈਲਾਂ ਦਾ ਥੱਬਾ
ਸ਼ਹਿਰੋ ਸ਼ਹਿਰ ਰਵੇ ਨਿੱਤ ਭੱਜਾ
ਮਨ ਵਿਚ ਚੇਟਕ ਚਾਂਦੀ ਦੇ ਫੁੱਲ ਖਾਣ ਦੀ

ਚਿਰ ਹੋਇਆ ਉਹਦੀ ਇੱਛਰਾਂ ਮੋਈ
ਇਕ ਪੂਰਨ ਜੰਮ ਪੂਰਨ ਹੋਈ
ਉਹ ਪੂਰਨ ਨਾ ਜੋਗੀ ਕੋਈ
ਉਸਦੀ ਨਜ਼ਰ ਹੈ ਮੇਰਾ ਹਾਣ ਪਛਾਣਦੀ
ਹੋ ਚਲਿਆ ਹੈ ਆਥਣ ਵੇਲਾ
ਆਇਆ ਨਹੀਂ ਗੋਰਖ ਦਾ ਚੇਲਾ
ਦਫਤਰ ਤੋਂ ਅਜ ਘਰ ਅਲਬੇਲਾ
ਮੈਂ ਪਈ ਕਹਾਂ ਤਿਆਰੀ ਕੈਫੇ ਜਾਣ ਦੀ

ਧਰਮੀ ਬਾਬਲ ਪਾਪ ਕਮਾਇਆ
ਲੜ ਲਾਈਆਂ ਸਾਡੇ ਫੁਲ ਕੁਮਲਾਈਆ
ਜਿਸ ਦਾ ਇੱਛਰਾਂ ਰੂਪ ਹੰਡਾਈਆ
ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ.
 

Jaswinder Singh Baidwan

Akhran da mureed
Staff member
ਸੂਬੇਦਾਰਨੀ

ਲੜ ਲੱਗ ਕੇ ਨੀ ਫੌਜੀ ਦੇ ਸਹੇਲੀਉ
ਬਣ ਗਈ ਮੈਂ ਸੂਬੇਦਾਰਨੀ
ਸਲੂਟ ਰੰਗਰੂਟ ਮਾਰਦੇ
ਜਦੋਂ ਛੌਣੀਆਂ ਚੋਂ ਲੰਘਾਂ ਉਹਦੇ ਨਾਲ ਨੀ !
ਬਣ ਗਈ ਮੈਂ ਸੂਬੇਦਾਰਨੀ !!


ਬੈਰਕਾਂ 'ਚ ਧੁੱਮ ਪੈ ਗਈ
ਸੂਬੇਦਾਰਨੀ ਨੇ ਜੱਟੀ ਕਿਤੋਂ ਆਂਦੀ
ਸਪਨੀ ਦੀ ਟੋਰ ਟੁਰਦੀ
ਪੈਰੀਂ ਕਾਲੇ ਸਲੀਪਰ ਪਾਂਦੀ
ਪਰੇਟ ਵਾਂਗ ਧਮਕ ਪਵੇ
ਜਦੋਂ ਪੁੱਟਦੀ ਪੰਜੇਬਾਂ ਵਾਲੇ ਪੈਰ ਨੀ !
ਬਣ ਗਈ ਮੈਂ ਸੂਬੇਦਾਰਨੀ !!

ਹਾਏ ਨੀ ਮੈਂ ਕਿੰਜ ਨੀ ਦੱਸਾਂ
ਉਹਦੀ ਦਿੱਖ ਨੀ ਸੂਰਜਾਂ ਵਾਲੀ
ਗਸ਼ ਪਵੇ ਮੋਰਾਕੀਨ ਨੂੰ
ਤੱਕ ਵਰਦੀ ਫੀਤੀਆਂ ਵਾਲੀ
ਹੱਕ ਉਤੇ ਵੇਖ ਤਮਗੇ
ਮੇਰਾ ਕੰਬ ਜਾਏ ਮੋਹਰਾਂ ਵਾਲਾ ਹਾਰ ਨੀ !
ਬਣ ਗਈ ਮੈਂ ਸੂਬੇਦਾਰਨੀ !!

ਨੀ ਰੱਬ ਕੋਲੋਂ ਖੈਰ ਮੰਗਦੀ
ਨਿੱਤ ਉਹਦੀਆਂ ਮੈਂ ਸੁੱਖਾਂ ਮਨਾਵਾਂ
ਮੇਰੇ ਜਹੀਆਂ ਸੱਤ ਜਨੀਆਂ
ਉਹਦੇ ਰੂਪ ਤੋਂ ਮੈਂ ਘੋਲ ਘੁਮਾਵਾਂ
ਨੀ ਮੇਰੀ ਉਹਨੂੰ ਉਮਰ ਲੱਗੇ
ਰਾਖਾ ਦੇਸ਼ ਦਾ ਉਹ ਪਹਿਰੇਦਾਰ ਨੀ !
ਬਣ ਗਈ ਮੈਂ ਸੂਬੇਦਾਰਨੀ !!
 

Jaswinder Singh Baidwan

Akhran da mureed
Staff member
ਹਮਦਰਦ

ਮੇਰੇ ਹਮਦਰਦ !
ਤੇਰਾ ਖਤ ਮਿਲਿਆ !
ਤੇਰੇ ਜਜ਼ਬਾਤ ਦੀ ਇਕ ਮਹਿਕ,
ਦਾ ਇਹ ਗੁੰਚਾ
ਮੇਰੇ ਅਹਿਸਾਸ ਦੇ ਹੋਠਾਂ ਤੇ
ਇਵੇਂ ਖਿੜਿਆ
ਬਾਜ਼ਾਰੀ ਜਿਵੇਂ,
ਸੋਹਣੀ ਕਿਸੇ ਨਾਰ ਦਾ ਚੁੰਮਣ
ਪਿ੍ਥਮ ਵਾਰ,
ਕਿਸੇ ਕਾਮੀ ਨੂੰ ਹੈ ਜੁੜਿਆ
ਮੇਰੇ ਹਮਦਰਦ !
ਤੇਰਾ ਖਤ ਮਿਲਿਆ !
ਮੇਰੇ ਹਮਦਰਦ !
ਹਮਦਰਦੀ ਤੇਰੀ ਸਿਰ-ਮੱਥੇ
ਫਿਰ ਵੀ,
ਹਮਦਰਦੀ ਤੋਂ ਮੈਨੂੰ ਡਰ ਲਗਦੈ
'ਹਮਦਰਦੀ'
ਪੌਸ਼ਾਕ ਹੈ ਕਿਸੇ ਹੀਣੇ ਦੀ
'ਹੀਣਾ'
ਸਭ ਤੋਂ ਤੋਂ ਬੜਾ ਮੇਹੜਾ ਜੱਗ ਦੇ
ਜਿਹੜੇ ਹੱਥਾਂ ਥੀਂ ਉਲੀਕੇ
ਨੇ ਤੂੰ ਇਹ ਅੱਖਰ
ਉਹਨਾਂ ਹੱਥਾਂ ਨੂੰ, ਮੇਰਾ ਸੌ ਸੌ ਚੁੰਮਣ
ਮੈਂ ਨਹੀਂ ਚਾਹੁੰਦਾ
ਤੇਰੇ ਹੋਠਾਂ ਦੇ ਗੁਲਾਬ
ਆਤਸ਼ੀ-ਸੂਹੇ
ਬੜੇ ਸ਼ੋਖ ਤੇ ਤੇਜ਼ਾਬੀ ਨੇ ਜੋ
ਮੇਰੇ ਸਾਹਾਂ ਦੀ ਬਦਬੂ 'ਚ
ਸਦਾ ਲਈ ਗੁੰਮਣ !
ਮੈਂ ਜਾਣਦਾ :
ਤੇਰੇ ਖਤ 'ਚ
ਤੇਰੇ ਜਿਸਮ ਦੀ ਖੁਸ਼ਬੋ ਹੈ
ਇਕ ਸੇਕ ਹੈ, ਇਕ ਰੰਗ ਹੈ
ਹਮਦਰਦੀ ਦੀ ਛੋਹ ਹੈ
ਹਮਦਰਦੀ ਮੇਰੀ ਨਜ਼ਰ 'ਚ
ਪਰ ਕੀਹ ਆਖਾਂ ?
ਬੇ-ਹਿੱਸ ਜਹੇ ਕਾਮ ਦੇ
ਪੈਂਡੇ ਦਾ ਹੀ ਕੋਹ ਹੈ ?
ਮੈਂ ਜਾਣਦਾਂ,
ਮੈਂ ਜਾਣਦਾਂ, ਹਮਦਰਦ ਮੇਰੇ
ਜ਼ਿੰਦਗੀ ਮੇਰੀ
ਮੇਰੀ ਤਾਂ ਮਤਈ ਮਾਂ ਹੈ
ਫਿਰ ਵੀ ਹੈ ਪਿਆਰੀ ਬੜੀ
ਇਹਦੀ ਮਿੱਠੀ ਛਾਂ ਹੈ !
ਕੀਹ ਗਮ ਜੇ ਭਲਾ
ਲੰਮੇ ਤੇ ਇਸ ਚੌੜੇ ਜਹਾਂ ਵਿਚ
ਇਕ ਜ਼ੱਰਾ ਵੀ ਨਾ ਐਸਾ
ਕਿ ਜਿਨੂੰ ਆਪਣਾ ਹੀ ਕਹਿ ਲਾਂ
ਕੀਹ ਗਮ
ਜੇ ਨਸੀਬੇ ਨਾ
ਪੰਛੀ ਦਾ ਵੀ ਪਰਛਾਵਾਂ
ਇਸ ਉਮਰ ਦੇ ਸਹਿਰਾਂ 'ਚ
ਜਿਦੀ ਛਾਵੇਂ ਹੀ ਬਹਿ ਲਾਂ !
ਤੇਰੇ ਕਹਿਣ ਮੁਤਾਬਿਕ
ਜੇ ਤੇਰਾ ਸਾਥ ਮਿਲੇ ਮੈਨੂੰ
ਕੀਹ ਪਤਾ ਫਿਰ ਵੀ ਨਾ
ਦੁਨੀਆਂ 'ਚ ਮੁਬਾਰਿਕ ਥੀਵਾਂ !
ਮੇਰੇ ਹਮਦਰਦ !
ਹਮਦਰਦੀ ਤੇਰੀ ਸਿਰ ਮੱਥੇ
ਮੈਂ ਤਾਂ ਚਾਹੁੰਦੇ ਹਾਂ -
ਜ਼ਿੰਦਗੀ ਦੀ ਜ਼ਹਿਰ
ਕੱਲਾ ਹੀ ਪੀਵਾਂ !
ਮੇਰੇ ਹਮਦਰਦ !
ਤੇਰਾ ਖਤ ਮਿਲਿਆ !
ਮੇਰੇ ਹਮਦਰਦ !
ਤੇਰਾ ਖਤ ਮਿਲਿਆ.
 

Jaswinder Singh Baidwan

Akhran da mureed
Staff member
ਅਜ ਦੀ ਸ਼ਾਮ

ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ,
ਮਾਯੂਸ ਨਜ਼ਰ ਆਈ ਹੈ,
ਦਿਲ ਤੇ ਲੈ, ਘਟੀਆ ਜਹੇ
ਹੋਣ ਦਾ ਅਹਿਸਾਸ
ਕਾਹਵਾ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ
ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ,
ਮਾਯੂਸ ਨਜ਼ਰ ਆਈ ਹੈ
ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਇਕ ਡੈਣ,
ਨਜ਼ਰ ਆਈ ਹੈ
ਜੋ ਮੇਰੀ ਸੋਚ ਦੇ-
ਸਿਵਿਆਂ 'ਚ ਕਈ ਵਾਰ
ਮੈਨੂੰ ਨੰਗੀ-ਅਲਫ
ਘੁੰਮਦੀ ਨਜ਼ਰ ਆਈ ਹੈ
ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵਾ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ
ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਪਾਲਤੂ ਸੱਪ ਕੋਈ
ਮੈਨੂੰ ਨਜ਼ਰ ਆਈ ਹੈ
ਜੋ ਇਸ ਸ਼ਹਿਰ -ਸਪੇਰੇ ਦੀ
ਹੁਸੀਂ ਕੈਦ ਤੋਂ ਛੁੱਟ ਕੇ
ਮਾਰ ਕੇ ਡੰਗ, ਕਲੇਜੇ ਤੇ
ਹੁਣੇ ਆਈ ਹੈ
ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵੇ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ

ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਲੰਮੂਬੇ ਦੀ,
ਨਾਰ ਨਜ਼ਰ ਆਈ ਹੈ
ਜਿਦੀ ਮਾਂਗ ਚੋਂ ਜ਼ਰਦਾਰੀ ਨੇ
ਹਾਏ, ਪੂੰਝ ਕੇ ਸੰਧੂਰ
ਅਫਰੀਕਾ ਦੀ ਦਹਿਲੀਜ਼ ਤੇ
ਕਰ ਵਿਧਵਾ ਬਿਠਾਈ ਹੈ
ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵੇ ਖਾਨੇ -ਚ
ਮੇਰੇ ਨਾਲ ਚਲੀ ਆਈ ਹੈ
ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਐਸੇ ਮਨਹੂਸ,
ਤੇ ਬਦਸ਼ਕਲ ਸ਼ਹਿਰ ਆਈ ਹੈ
ਜਿਹੜੇ ਸ਼ਹਿਰ 'ਚ
ਇਸ ਦੁੱਧ ਮਿਲ ਕਾਹਵੇ ਦੇ ਰੰਗ ਦੀ
ਮਾਸੂਮ ਗੁਨਾਹ ਵਰਗੀ
ਮੁਹੱਬਤ ਮੈਂ ਗਵਾਈ ਹੈ
ਅਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ
ਮਾਯੂਸ ਨਜ਼ਰ ਆਈ ਹੈ
ਦਿਲ ਤੇ ਲੈ ਘਟੀਆ ਜਹੇ
ਹੋਣ ਦਾ ਅਹਿਸਾਸ
ਕਾਹਵਾ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ..
 
Top