ਸੁਣੋ

ਸੁਣੋ

ਸਾਡੇ ਚੁੱਲ੍ਹੇ ਦਾ ਸੰਗੀਤ ਸੁਣੋ
ਸਾਡੀ ਦਰਦ-ਮੰਦਾਂ ਦੀ ਪੀੜ-ਵਲ੍ਹੇਟੀ ਚੀਕ ਸੁਣੋ
ਮੇਰੀ ਪਤਨੀ ਦੀ ਫਰਮਾਇਸ਼ ਸੁਣੋ
ਮੇਰੀ ਬੱਚੀ ਦੀ ਹਰ ਮੰਗ ਸੁਣੋ
ਮੇਰੀ ਬੀੜੀ ਵਿਚਲੀ ਜ਼ਹਿਰ ਮਿਣੋ
ਮੇਰੇ ਖੰਘਣ ਦੀ ਮਿਰਦੰਗ ਸੁਣੋ
ਮੇਰੀ ਟਾਕੀਆ ਭਰੀ ਪਤਲੂਣ ਦਾ ਹਾਉਕਾ ਸਰਦ ਸੁਣੋ
ਮੇਰੇ ਪੈਰ ਦੀ ਪਾਟੀ ਜੁੱਤੀ ਚੋਂ
ਮੇਰੇ ਪਾਟੇ ਦਿਲ ਦਾ ਦਰਦ ਸੁਣੋ
ਮੇਰੀ ਬਿਨਾਂ ਸ਼ਬਦ ਅਵਾਜ਼ ਸੁਣੋ
ਮੇਰੇ ਬੋਲਣ ਦਾ ਅੰਦਾਜ਼ ਸੁਣੋ
ਮੇਰੇ ਗਜ਼ਬ ਦਾ ਜ਼ਰਾ ਕਿਆਸ ਕਰੋ
ਮੇਰੇ ਰੋਹ ਦਾ ਜ਼ਰਾ ਹਿਸਾਬ ਸੁਣੋ
ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ
ਮੇਰੀ ਵਹਿਸ਼ਤ ਦਾ ਹੁਣ ਰਾਗ ਸੁਣੋ
ਆਓ ਅੱਜ ਅਨਪੜ੍ਹ ਜਾਂਗਲੀਆਂ ਤੋਂ
ਪੜਿਆ ਲਿਖਿਆ ਗੀਤ ਸੁਣੋ
ਤੁਸੀਂ ਗਲਤ ਸੁਣੋ ਜਾਂ ਠੀਕ ਸੁਣੋ
ਸਾਡੇ ਤੋਂ ਸਾਡੀ ਨੀਤ ਸੁਣੋ

ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜ਼ਜ਼ਬਿਆਂ ਦੀ ਕਸਮ ਖਾ ਕੇ
ਹੱਥਾਂ ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ

 
Top