ਮੋਹਾਲੀ ‘ਚ ਸ਼ਾਇਦ ਕਾਫੀ ਛੱਕੇ ਨਾ ਮਾਰ ਸਕੇ ਯੁਵਰਾਜ




ਮਾਰਚ(ਭਾਸ਼ਾ)-ਯੁਵਰਾਜ ਸਿੰਘ ਦੇ ਇਕ ਓਵਰ ਵਿਚ ਮਾਰੇ 6 ਛੱਕੇ ਭਾਰਤੀ ਕ੍ਰਿਕਟ ਦੇ ਸਭ ਤੋਂ ਯਾਦਗਾਰ ਲਮਹਿਆਂ ‘ਚੋਂ ਇਕ ਹੈ ਪਰ ਉਸਦੇ ਪਿਤਾ ਯੋਗਰਾਜ ਸਿੰਘ ਨੇ ਕਿਹਾ ਕਿ ਇਸ ਬੱਲੇਬਾਜ਼ ਨੇ ਇਨ੍ਹੀਂ ਦਿਨੀਂ ਹਮਲਾਵਰ ਦੀ ਜਗ੍ਹਾ ਸਾਵਧਾਨੀ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਹੈ, ਇਸ ਲਈ ਅਜਿਹੇ ਦਮਦਾਰ ਸ਼ਾਟ ਦੀ ਗਿਣਤੀ ਕੁਝ ਘੱਟ ਹੋ ਜਾਵੇਗੀ। ਯੁਵਰਾਜ ਨੇ ਦੱਖਣੀ ਅਫਰੀਕਾ ਵਿਚ 2007 ਟਵੰਟੀ-20 ਵਿਸ਼ਵ ਕੱਪ ਦੌਰਾਨ ਇੰਗਲੈਂਡ ਦੇ ਸਟੂਅਰਟ ਬ੍ਰਾਡ ਦ ਇਕ ਓਵਰ ਵਿਚ 6 ਛੱਕੇ ਮਾਰੇ ਸਨ। ਮੌਜੂਦਾ ਵਿਸ਼ਵ ਕੱਪ ਵਿਚ ਯੁਵਰਾਜ ਭਾਰਤ ਲਈ ਹੁਕਮ ਦਾ ਯੱਕਾ ਸਾਬਤ ਹੋਇਆ ਹੈ ਅਤੇ ਉਸਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਉਹ ਪਾਕਿਸਤਾਨ ਖਿਲਾਫ ਇਥੇ ਪੀ. ਸੀ. ਏ. ਮੈਦਾਨ ‘ਤੇ ਬੁੱਧਵਾਰ ਨੂੰ ਹੋਣ ਵਾਲੇ ਸੈਮੀਫਾਈਨਲ ਵਿਚ ਵੀ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ੱਅਹਿਮ ਭੂਮਿਕਾ ਨਿਭਾਅ ਸਕਦਾ ਹੈ। ਇਹ 29 ਸਾਲਾ ਬੱਲੇਬਾਜ਼ ਹਾਲਾਂਕਿ ਟੂਰਨਾਮੈਂਟ ਵਿਚ ਹੁਣ ਤਕ ਸਿਰਫ 3 ਛੱਕੇ ਮਾਰ ਸਕਿਆ ਹੈ। ਯੋਗਰਾਜ ਨੇ ਕਿਹਾ ਕਿ ਉਹ ਕਾਫੀ ਚੰਗੇ ਉਪਯੋਗੀ ਕ੍ਰਿਕਟਰ ਦੇ ਰੂਪ ਵਿਚ ਮਜ਼ਬੂਤ ਹੋ ਚੁੱਕਾ ਹੈ ਅਤੇ ਮੈਂ ਇਸਨੂੰ ਉਸਦੇ ਅੰਦਰ ਵੱਡੇ ਬਦਲਾਅ ਦੇ ਤੌਰ ‘ਤੇ ਦੇਖਦਾ ਹਾਂ। ਯੁਵਰਾਜ ਨੇ ਮੌਜੂਦਾ ਟੂਰਨਾਮੈਂਟ ਵਿਚ ਇਕ ਮੈਚ ਵਿਚ 5 ਵਿਕਟਾਂ ਲੈਣ ਤੋਂ ਇਲਾਵਾ ਅਰਧ ਸੈਂਕੜਾ ਮਾਰ ਕੇ ਵਿਸ਼ਵ ਕੱਪ ਮੈਚ ਵਿਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪਹਿਲਾ ਕ੍ਰਿਕਟਰ ਬਣ ਕੇ ਆਪਣਾ ਨਾਂ ਰਿਕਾਰਡ ਬੁੱਕ ਵਿਚ ਦਰਜ ਕਰਵਾਇਆ ਸੀ। ਸਾਬਕਾ ਟੈਸਟ ਕ੍ਰਿਕਟਰ ਯੋਗਰਾਜ ਨੇ ਆਪਣੇ ਬੇਟੇ ਦੀ ਬੱਲੇਬਾਜ਼ੀ ਵਿਚ ਆ ਰਹੇ ਬਦਲਾਅ ‘ਤੇ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਉਹ ਹੁਣ ਬਹੁਤ ਛੱਕੇ ਮਾਰਨ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਹੁਣ ਮੈਚ ਨੂੰ ਅੰਜਾਮ ਤਕ ਪਹੁੰਚਾ ਰਿਹਾ ਹੈ ਅਤੇ ਇਹ ਜ਼ਿਆਦਾ ਅਹਿਮ ਹੈ।
 
Top