ਪੰਜੋ ਪੁੱਤਰ plz isnu jaroor pado.........

ਪੰਜੋ ਪੁੱਤਰ
ਇਕੋ ਮਾਂ ਦੀ ਵਿਸ਼ਾਲ ਕੁੱਖ ਚੋਂ ਪੈਦਾ ਹੋ,
ਵੱਖਰੇ ਵੱਖਰੇ ਰਸਤਿਆ ਨੂੰ ਮਲਦੇ
ਰੁੜਣਾ ਸਿੱਖਦੇ,
ਕੰਕਰਾਂ ਗੀਟਿਆਂ ਨਾਲ ਖੇਡਦੇ;
ਤੇਲ ਪਾਉਣ ਵਾਲੀ ਟੀਪ ਵਾਂਗ,
ਨਿੱਕੀਆਂ ਨਿੱਕੀਆਂ ਟੌਰਨੈਡੋ ਲਹਿਰਾਂ ਕਲੋਲਾਂ ਕਰਦੀਆਂ,
ਕਦੇ ਕਣੀਆਂ, ਕਦੇ ਕਿਰਨਾਂ,
ਕਦੇ ਕੁਝ ਵੀ ਨਹੀਂ ਕੋਰੀ ਸੁੰਨ-ਸਰੈਂਹ;
ਸਰਕੰਡਿਆਂ ਵਿੱਚ ਵੀਂਡੇ ਬੋਲਦੇ,
ਕੰਢਿਆਂ ਤੇ ਬੈਠੇ ਡੱਡੂ ਟਰਰ-ਟਰਰ ਕਰਦੇ,
ਪੁਚਕਾਰਦੇ,
ਮੱਛੀਆਂ ਨਰਮ ਅੰਗਾਂ ਤੇ ਕੁਤਕੁਤਾੜੀਆਂ ਕਰਦੀਆਂ,
ਲਾਡ ਕਰਦੀਆਂ;
ਛੋਟੇ ਛੋਟੇ ਰੇਤ ਦੇ ਤਿਕੋਣੇ ਡੈਲਟੇ,
ਤੇ ਵਿੱਚ ਖਿੜੇ ਸ਼ਾਨਦਾਰ ਰੰਗ-ਬਿਰੰਗੇ ਫੁੱਲ,
ਕਿਸੇ ਸਮੁੰਦਰੀ ਬੇੜੇ ਦੇ ਅੱਗੇ,
ਬਾਹਾਂ ਖਿਲਾਰ ਕੇ ਖੜੀ ਸੋਹਣੀ ਕੁੜੀ ਵਾਂਗ ਮੁਲਾਇਮ, ਕੋਮਲਤਾ ਨਾਲ ਗੜੁੱਚ;
ਸੱਤ ਸੁਰਾਂ ਵਿੱਚ,
ਠੰਡੀ ਪੌਣ ਕਲੇਜ਼ੇ ਨੂੰ ਚੀਰਦੀ,
ਰੂਹਾਨੀਅਤ ਪੈਦਾ ਕਰਦੀ;
ਆਪਣੀ ਮਰਜ਼ੀ ਨਾਲ ਵਲੇਵੇਂ ਖਾਂਦੇ,
ਨਵੇਂ ਰਾਹ ਬਣਾਉਂਦੇ,
ਠਹਿਰਾਅ ਤੇ ਬਦਲਾਅ ਦੀ ਅਜੀਬ ਡਿਗਰੀ,
ਕੋਈ ਪੈਮਾਨਾ ਨਹੀਂ ਮਿੰਨਣ ਦਾ, ਤੋਲਣ ਦਾ,
ਬਸ ਚਲੋ-ਚਾਲ
ਜਿਵੇਂ ਰਾਤ ਨੂੰ ਕੋਠਿਆਂ ਤੇ ਕਤਾਰ ਵਿੱਚ ਮੰਜੇ ਡਾਹ ਕਿਸੇ ਤੋਂ ਸੁਣੀ ਬਾਤ;
ਸੱਪਾਂ ਦੇ ਫਰਾਟੇ,
ਇਹਨਾਂ ਲਈ ਮੁਸ਼ਕਰਾਹਟ ਤੇ ਇੱਕ ਕੁੱਭਾ ਸਾਹ;
ਸੰਘਣੀਆਂ ਵਾਦੀਆਂ,
ਖੇਤਾਂ, ਸਪਾਟ ਮੈਦਾਨਾਂ ਵਿੱਚ
ਕਿਤੇ ਕਿਤੇ ਕਿਸੇ ਸੱਚੇ ਆਸ਼ਿਕ ਦੀ ਵੰਝਲੀ ਦੀ ਤਾਨ,
ਕਿਸੇ ਮਨਮੇਲੀ ਦੀ ਖੁੱਰਦੀ ਚਾਹਤ, ਅਰਮਾਨ,
ਤੇ ਵਿਚੋਂ ਹਟਕੋਰੇ ਧਾਹਾਂ,
ਤੇ ਅੱਖਾਂ ਬੰਦ, ਕੰਨਾਂ ਵਿੱਚ ਪਾਣੀ ਪੈ ਜਾਂਦਾ,
ਤੇ ਵਿੱਚ ਵਿੱਚ
ਦੂਜੇ ਭਰਾਵਾਂ ਨਾਲ ਗੱਲ ਕਰਵਾਉਂਦੀਆਂ
ਪਤਲੀਆਂ ਪਤਲੀਆਂ ਸਿੰਚਾਈ ਨਹਿਰਾਂ,
ਮਟਕਦੀਆਂ ਲਚਕਦੀਆਂ ਆਉਂਦੀਆਂ
ਤੇ ਕੋਈ ਸੀਤਲ ਸੁਨੇਹਾ,
ਪੰਜਾਬੀ ਵਿੱਚ ਭਿੱਜੇ ਲੋਕ ਗੀਤਾਂ ,
ਮੁਹਾਵਰਿਆਂ, ਮੇਲਿਆਂ,
ਅੰਗੀਆਂ ਦਾ ਸੰਗੀਆਂ ਦਾ,
ਤੇ ਕੋਈ
ਇੱਕ ਨੱਦਾ ਰੋਸਾ, ਗਿਲਾ,
ਨਜ਼ਰਬੱਟੂ ਦੇ ਤੌਰ ਤੇ;
ਨਿੱਕੇ ਨਿੱਕੇ ਬਰਸਾਤੀ ਚੋਅ ਆ ਮਿਲਦੇ,
ਹੱਥ ਮਿਲਾਉਂਦੇ ਤੇ ਲੀਨ ਹੋ ਜਾਂਦੇ
ਸਿਰਜਨਹਾਰ ਨੂੰ ਵੇਖਣ ਲਈ, ਚੁੰਮਣ ਲਈ;
ਰੇਲਵੇ ਪੁੱਲਾਂ,
ਹੋਰ ਆਵਾਜਾਈ ਦੇ ਵਾਹਨਾਂ ਦੀ ਚੀਕ ਚਿਹਾੜ,
ਖਿੱਚ-ਧੂਹ ਨੂੰ ਬੜੀ ਹਲੀਮੀ,
ਚੁੱਪ ਚਾਂ ਨਾਲ,
ਹਿਰਦੇ ਨੂੰ ਠੰਡਾ ਕਰ, ਕੋਲ ਦੀ ਲੰਘ,
ਜਾ ਉੱਪੜਦੇ
ਓਸ ਠਿਕਾਣੇ ਤੇ
ਜਿੱਥੇ ਪੰਜੇ ਭਾਈ ਗੱਲਵੱਕੜੀਆਂ ਪਾ ਇੱਕ ਦੂਜੇ ਦੇ ਗਲੇ ਮਿਲਦੇ,
ਤੇ ਸਰਵ ਸ਼ਕਤੀਮਾਨ ਵਾਂਗ ਇੱਕ ਰੂਪ ਹੋ,
ਬੈਠ ਜਾਂਦੇ ਕਿਸੇ ਬੁੱਕਲ ਵਿੱਚ,
ਪਾਣੀ ਰੰਗੀ ਖੇਸੀ ਓੜ ਕੇ;
 
Top