Happy Independence Day 15th aug2013

Gill 22

Elite
Happy Independence Day To All People

16268d1376507520-happy-independence-day-15th-aug2013-image.jpg
 

Miss Alone

Prime VIP
ਸਾਡੀਏ ਅਜ਼ਾਦੀਏ ਨੀ ਦੱਸ ਕਿੱਥੇ ਰਹਿੰਨੀ ਏਂ '
ਅਜ਼ਾਦੀ ਜਿਸ ਨੂੰ ਕਿ ਭਗਤ ਸਿੰਘ,ਰਾਜਗੁਰੂ,ਸੁਖਦੇਵ,ਕਰਤਾਰ ਸਿੰਘ ਸਰਾਭਾ,ਊਧਮ ਸਿੰਘ,ਚੰਦਰ ਸ਼ੇਖਰ ਅਜ਼ਾਦ ਅਤੇ ਸੁਭਾਸ਼ ਚੰਦਰ ਬੋਸ ਵਰਗੇ ਹਜ਼ਾਰਾਂ ਕਾ੍ਤੀਕਾਰੀਆਂ ਨੇ ਆਪਣੀ ਮਹਿਬੂਬਾ ਬਣਾਇਆ ਤੇ ਆਪਣੀਆਂ ਕੀਮਤੀ ਜਾਨਾ ਦੀ ਵਡਮੁੱਲੀ ਕੀਮਤ ਤੇ ਸਾਨੂੰ ਹਾਸਲ ਕਰ ਕੇ ਦਿੱਤੀ|ਦੇਸ਼ ਚੋਂ ਅੰਗਰੇਜ਼ਾਂ ਦੀ ਗ਼ੁਲਾਮੀ ਦੀਆਂ ਜੰਜ਼ੀਰਾਂ ਵੱਢਣ ਲਈ ਲੱਖਾਂ ਅਜਿਹੇ ਦੇਸ਼ ਭਗਤ ਨੇ ਜਿੰਨਾ ਨੇ ਆਪਣੇ ਨਿੱਜੀ ਸਵਾਰਥ ਤਿਆਗ ਕੇ ਤਸੀਹੇ ਝੱਲੇ,ਜੇਲ਼ਾਂ ਕੱਟੀਆਂ ਤੇ ਗੋਲ਼ੀਆਂ-ਫਾਂਸੀਆਂ ਹੱਸ ਕੇ ਪਰਵਾਨ ਕੀਤੀਆਂ| ਕੀ ਉਹ ਇਹੀ ''ਅਜ਼ਾਦੀ'' ਸੀ ਜਿਸ ਨੂੰ ਹਾਸਲ ਕਰਨ ਲਈ ਇਹਨਾ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ??

ਭਾਰਤ ਨੂੰ ਅਜ਼ਾਦ ਹੋਇਆਂ 66 ਸਾਲ ਹੋ ਗਏ ਹਰ ਸਾਲ ਲਾਲ ਕਿਲੇ ਤੋਂ ਓਸ ਵੇਲੇ ਦਾ ਪਰਧਾਨ ਮੰਤਰੀ ਵੱਲੋਂ ਵਾਅਦਿਆਂ ਦੀਆਂ ਝੜੀਆਂ, ਗਰੀਬੀ,ਬੇਰੁਜ਼ਗਾਰੀ,ਭਿ੍ਸ਼ਟਾਚਾਰ ਅਤੇ ਅੱਤਵਾਦ ਦੇ ਵਾਧੇ ਉੱਪਰ ਚਿੰਤਾ ਕਰਕੇ ਤਾੜੀਆਂ ਵਜਵਾਉਣ ਤੋਂ ਬਿਨਾਂ ਹੋਰ ਕੁੱਝ ਵੀ ਨਵਾਂ ਨਹੀਂ ਹੁੰਦਾ| ਸ਼ਾਇਦ ਹੁਣ ਤਾਂ ਲਾਲ ਕਿਲੇ ਦੀਆਂ ਕੰਧਾਂ ਤੇ ਬੈਠੇ ਕਬੂਤਰਾਂ ਨੂੰ ਵੀ ਇਹ ਭਾਸ਼ਣ ਯਾਦ ਹੋ ਗਏ ਹੋਣਗੇ| ਦੂਜੇ ਪਾਸੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਸਭ ਤੋਂ ਵੱਡਾ ''ਭਿ੍ਸ਼ਟਤੰਤਰ'' ਬਣ ਚੁੱਕਾ ਹੈ| ਅਮੀਰੀ ਤੇ ਗ਼ਰੀਬੀ ਵਿੱਚ ਪਾੜਾ ਦਿਨ ਦੁੱਗਣੀ ਰਾਤ ਚੌਗਣੀ ਸਪੀਡ ਤੇ ਵਧ ਰਿਹਾ ਹੈ| ਅੱਜ ਇੱਕ ਪਾਸੇ ਜਦੋਂ ਦੇਸ਼ ਦੀ 70 ਤੋਂ ਵੱਧ ਫੀਸਦੀ ਜਨਤਾ ਗਰੀਬੀ ਦੀ ਰੇਖਾ ਤੋਂ ਥੱਲੇ ਦੀ ਜਿੰਦਗੀ ਜਿਉਣ ਤੇ ਮਜਬੂਰ ਹੈ ਤਾਂ ਦੂਜੇ ਪਾਸੇ ਹਰ ਸਾਲ ਦੁਨੀਆਂ ਦੇ ਪਹਿਲੇ 15-20 ਅਰਬ ਪਤੀਆਂ ਦੀ ਲਿਸਟ ਵਿੱਚ ਵੀ ਪੰਜ-ਸੱਤ ਭਾਰਤੀਆਂ ਦਾ ਨਾਂ ਸ਼ਾਮਲ ਹੁੰਦਾ ਹੈ| ਮੰਤਰੀ ਤੋਂ ਸੰਤਰੀ ਤੱਕ ਭਿ੍ਸ਼ਟਾਚਾਰ ਦੀ ਚਾਦਰ ਮੈਲੀ ਹੋ ਚੁੱਕੀ ਹੈ| ਆਮ ਲੋਕਾਂ ਲਈ ਮੁਢਲੀਆਂ ਲੋੜਾਂ ਰੋਟੀ,ਕਪੜਾ ਤੇ ਮਕਾਨ ਅਜੇ ਵੀ ਕੌੜੇ ਅੰਗੂਰਾਂ ਵਾਂਗੂੰ ਪਹੁੰਚ ਤੋਂ ਦੂਰ ਦਿਸਦੇ ਨੇ ਤਾਂ ਇਹਨਾ ਹਾਲਾਤਾਂ 'ਚ ਆਮ ਲੋਕ ਅਜ਼ਾਦੀ ਦਾ ਮਤਲਬ ਤੇ ਐਡਰੈੱਸ ਲਭਦੇ ਨਜ਼ਰ ਆ ਰਹੇ ਨੇ|

ਅਜ਼ਾਦੀ ਤੋਂ ਬਾਅਦ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ,''ਇੰਡੀਆ ਸ਼ਾਈਨਿੰਗ'' ਵਰਗੇ ਫੋਕੇ ਤੇ ਦਿਲ ਖਿੱਚਵੇਂ ਨਾਅਰੇ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕੀਤੇ ਗਏ ਪਰ ਮੇਰੇ ਖਿਆਲ 'ਚ ਜਰਨੈਲੀ ਸੜਕਾਂ,ਓਵਰ ਬਰਿੱਜ ਜਾਂ ਸ਼ੀਸ਼ਿਆਂ ਵਾਲੇ ਸ਼ਾਪਿੰਗ ਮਾਲ ਖੁੱਲਣ ਨੂੰ ਤਰੱਕੀ ਨਹੀਂ ਕਿਹਾ ਜਾ ਸਕਦਾ ਜ਼ਰਾ ਜਰਨੈਲੀ ਸੜਕਾਂ ਤੋਂ ਸੱਜੇ-ਖੱਬੇ 20-50 ਕਿਲੋਮੀਟਰ ਅੰਦਰ ਪਿੰਡਾਂ ਤੇ ਕਸਬਿਆਂ 'ਚ ਵਸਦੇ ਭਾਰਤ ਤੇ ਨਜ਼ਰ ਮਾਰੀਏ ਤਾਂ ਅਸਲੀ ਅਜ਼ਾਦੀ ਤੇ ਤਰੱਕੀ ਦਾ ਪਰਦਾ ਫਾਸ਼ ਹੋ ਜਾਂਦੈ| ਜਿੱਥੇ ਵਸਦੇ ਲੱਖਾਂ ਭਾਰਤੀਆਂ ਨੂੰ ਸਿਰਫ਼ ਇੱਕ ਜਾਂ ਦੋ ਡੰਗ ਦੀ ਰੋਟੀ ਦੀ ਹੀ ਚਿੰਤਾ ਕਿਸੇ ਪੇ੍ਤ ਵਾਂਗੂੰ ਚਿੰਬੜੀ ਹੋਈ ਐ,ਆਪਣਿਆਂ ਬੱਚਿਆਂ ਨੂੰ ਪੜਾਉਣਾਂ ਤੇ ਸਿਹਤ ਸਬੰਧੀ ਸਹੂਲਤਾਂ ਤਾਂ ਅਜੇ ਉਹਨਾ ਲਈ ਮਿ੍ਗ ਤਿ੍ਸ਼ਨਾ ਵਰਗੀਆਂ ਹਨ| ਇੱਕ ਪਾਸੇ ਦੇਸ਼ ਦੇ ਲੱਖਾਂ ਲੋਕ ਪੇਟ ਤੋਂ ਭੁੱਖੇ ਸੌਂਦੇ ਨੇ ਤੇ ਦੂਜੇ ਪਾਸੇ ਲੱਖਾਂ ਟਨ ਅਨਾਜ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਗੁਦਾਮਾਂ ਵਿੱਚ ਪਿਆ ਪਿਆ ਗਲ਼ ਸੜ ਜਾਂਦਾ ਹੈ ਸਮਝ ਨੀ ਆਉਂਦੀ ਅਜ਼ਾਦ ਭਾਰਤ ਦੇ ਸਵਿਧਾਨ ਦੀ ਉਹ ਕਿਹੜੀ ਧਾਰਾ ਹੈ ਜਿਹੜੀ ਲੱਖਾਂ ਭੁੱਖੇ ਪੇਟਾਂ ਤੇ ਰੋਟੀ ਵਿਚਾਲੇ ਕੰਧ ਬਣਕੇ ਖੜ ਜਾਂਦੀ ਹੈ|

ਜਦੋਂ ਸਮਾਜਕ ਨਾਂ-ਬਰਾਬਰੀ ਦਾ ਸ਼ਿਕਾਰ ਇਹੀ ਭੁੱਖੇ ਪੇਟ ਰੋਟੀ ਖਾਤਰ ਹੱਥਾਂ 'ਚ ਬੰਦੂਕਾਂ ਲੈ ਕੇ ਜੰਗਲਾਂ ਵਿੱਚ ਜਾ ਵੜਦੇ ਨੇ ਜਾਂ ਸਮਾਜਕ ਬਗ਼ਾਵਤ ਕਰਦੇ ਨੇ ਤਾਂ ਇਸੇ ਵਿੱਚੋਂ ਅਜ਼ਾਦੀ ਦਾ ਸਭ ਤੋਂ ਵੱਡਾ ਦੁਸ਼ਮਣ ਜਿਸ ਨੂੰ "ਸਰਕਾਰੀ ਭਾਸ਼ਾ" ਵਿੱਚ ''ਅੱਤਵਾਦ'' ਕਹਿੰਦੇ ਨੇ ਉਹ ਪੈਦਾ ਹੁੰਦਾ ਹੈ ਜਿਸ ਦੀ ਰੋਕਥਾਮ ਲਈ ਹਜ਼ਾਰਾਂ ਕਰੋੜਾਂ ਰੁਪਏ ਖਰਚੇ ਜਾਂਦੇ ਨੇ ਜਿਸਦਾ ਕੋਈ ਉਸਾਰੂ ਨਤੀਜਾ ਇਸ ਲਈ ਨਹੀਂ ਨਿੱਕਲ ਸਕਿਆ ਕਿਉਂਕਿ ਸਿਉਂਕ ਜੜਾਂ ਨੂੰ ਲੱਗੀ ਐ ਪਰ ਅਸੀਂ ਦਵਾਈ ਪੱਤਿਆਂ ਤੇ ਛਿੜਕ ਰਹੇਂ ਹਾਂ| ਆਏ ਦਿਨ ਨਵੇਂ-ਨਵੇਂ ਤਰੀਕੇ ਨਾਲ ਕੀਤੇ ਗਏ ਕਰੋੜਾਂ ਦੇ ਘਪਲੇ ਸਾਹਮਣੇ ਆ ਰਹੇ ਨੇ, ਲੀਡਰਾਂ ਤੇ ਅਫਸਰਾਂ ਦੇ ਬੈਂਕ ਲਾਕਰ ਕਰੋੜਾਂ ਦੇ ਕਾਲੇ਼ ਧਨ ਨੂੰ ਅਪਣੀਆਂ ਬੁੱਕਲਾਂ ਵਿੱਚ ਸਾਂਭੀ ਬੈਠੇ ਨੇ,ਹਰ ਰੋਜ਼ ਕਿੰਨੇ ਹੀ ਹਰਸ਼ਦ ਮਹਿਤੇ,ਤੇਲਗੀ ,ਮਧੂ ਕੋਡੇ ,ਕਲਮਾਡੀ ਤੌ ਏ. ਰਾਜੇ ਵਰਗੇ ਕਰੋੜਾਂ ਦੇ ਘਪਲਿ਼ਆਂ 'ਚ ''ਫਸਦੇ'' ਨੇ ਪਰ ਪਤਾ ਨੀ ਇਹਨਾ ਨੂੰ ਕਿਹੜੀ ''ਵਿਸ਼ੇਸ਼ ਅਜ਼ਾਦੀ''ਮਿਲਦੀ ਐ ਕਿ ਦੋ ਕੁ ਮਹੀਨਿਆਂ ਪਿੱਛੋਂ ਇਹ ਵੱਡੇ ''ਖਿਡਾਰੀ'' ਦੋ ਉਂਗਲਾਂ ਨਾਲ ਜਿੱਤ ਦਾ ਨਿਸ਼ਾਨ ਬਣਾ ਕੇ ਬਾਹਰ ਘੁੰਮ ਰਹੇ ਹੁੰਦੇ ਨੇ| ਇੱਥੇ ''ਕਾਨੂੰਨ ਅਮੀਰਾਂ ਲਈ ਤੇ ਸਜ਼ਾ ਗ਼ਰੀਬਾਂ ਲਈ'' ਵਾਲੀ ਗੱਲ ਬਿਲਕੁਲ ਫਿੱਟ ਬੈਠਦੀ ਹੈ|

ਸਾਡੀ ਅਜ਼ਾਦੀ ਦੇ ਮਾਲਕ ਜਦੋਂ ਪਾਰਲੀਮੈਂਟਾਂ ਜਾਂ ਵਿਧਾਨ ਸਭਾਵਾਂ 'ਚ ਚੱਪਲਾਂ,ਜੁੱਤੀਆਂ ਤੇ ਗਮਲੇ ਕੁਰਸੀਆਂ ਚਲਾ ਕੇ ਅਪਣੇ ਦਿਮਾਗੀ ਸੰਤੁਲਨ ਦਾ ਨਜ਼ਾਰਾ ਪੇਸ਼ ਕਰਦੇ ਨੇ ਤਾਂ ਉਦੋਂ ਸੱਚਮੁੱਚ ਹੀ ਅਜ਼ਾਦੀ ਦਾ ਸਿਰ ਸ਼ਰਮ ਨਾਲ ਝੁਕਦਾ ਹੋਵੇਗਾ| ਵੈਸੇ ਤਾਂ ਵਿਦੇਸ਼ੀ ਅੰਬੈਸੀਆਂ ਅੱਗੇ ਲੱਗੀਆਂ ਸਾਡੇ ਨੌਜੁਆਨ ਮੁੰਡੇ ਕੁੜੀਆਂ ਦੀਆਂ ਲੰਬੀਆਂ ਕਤਾਰਾਂ ਹੀ ਸਾਡੀ ਅਜ਼ਾਦੀ ਦੇ ਅਸਲ ਮਤਲਬ ਸਮਝਾਉਣ ਲਈ ਕਾਫੀ ਨੇ ਕਿ ਅਸੀਂ ਭਾਰਤੀ ਪਹਿਲਾਂ ਜਾਨਾਂ ਦਿੰਦੇ ਰਹੇ ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢਣ ਵਾਸਤੇ ਤੇ ਹੁਣ ਤਰਲੋ ਮੱਛੀ ਹੋ ਰਹੇ ਹਾਂ ਅੰਗਰੇਜ਼ਾਂ ਕੋਲ਼ ਪਹੁੰਚਣ ਵਾਸਤੇ| ਉੱਪਰੋਂ ਸਾਡੀਆਂ ਸਰਕਾਰਾਂ ਦੇ ਬਿਆਨ ਦੇਖੋ ਕਿ ਅਸੀਂ ਵਿਦੇਸ਼ੀ ਸਰਕਾਰਾਂ ਨਾਲ ਵੀਜ਼ਾ ਸ਼ਰਤਾਂ ਨਰਮ ਕਰਨ ਵਾਸਤੇ ਗੱਲਬਾਤ ਕਰਾਂਗੇ ਮਤਲਬ ਅਸਿੱਧੇ ਰੂਪ 'ਚ ਸਾਡੇ ਰਾਜਨੇਤਾ ਆਪਣੇ ਨਾਗਰਿਕਾਂ ਨੂੰ ਮਜਬੂਰਨ ਇਹ ਦੇਸ਼ ਛੱਡ ਕੇ ਜਾਣ 'ਚ ਮੱਦਦ ਕਰਨਗੇ| ਕੀ ਇਹੀ ਭਗਤ ਸਿੰਘ ਹੋਰਾਂ ਦੇ ਸੁਪਨਿਆਂ 'ਚ ਆਓਣ ਵਾਲੀ ਅਜ਼ਾਦੀ ਸੀ? ਹਰਗਿਜ਼ ਨਹੀਂ
ਸਿਰਫ਼ ਲਾਲ ਕਿਲੇ ਤੋਂ ਬੁਲਟ ਪਰੂਫ ਸ਼ੀਸ਼ਿਆਂ 'ਚ ਖੜਕੇ ਦਿੱਤੇ ਗਏ ਭਾਸ਼ਣਾਂ,12ਵੀਂ-13ਵੀਂ ਪੰਜ ਸਾਲਾ ਯੋਜਨਾਵਾਂ ਦੇ ਐਲਾਨ ਕਰਨ ਜਾਂ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਕੀਤੇ ਜਾਂਦੇ ਸ਼ੋਰ-ਸ਼ਰਾਬਿਆਂ ਨੂੰ ਅਜ਼ਾਦੀ ਨਹੀਂ ਕਿਹਾ ਜਾ ਸਕਦਾ|

ਸਾਡੇ ਦੇਸ਼ ਦੇ ਲੀਡਰਾਂ,ਅਫਸਰਾਂ ਤੇ ਨੀਤੀ ਘਾੜਿਆਂ ਨੂੰ ਨਿੱਜੀ ਸਵਾਰਥਾਂ,ਪਾਰਟੀਆਂ,ਰਾਜਨੀਤੀਆਂ ਜਾਂ ਦੁਸ਼ਮਣੀਆਂ ਤੋਂ ਉੱਪਰ ਉੱਠ ਕੇ ਸੂਝਵਾਨ ਲੋਕਾਂ ਦੇ ਸਹਿਯੋਗ ਨਾਲ ਆਮ ਲੋਕਾਂ ਦੀ ਬਦ ਤੋਂ ਬਦਤਰ ਹੁੰਦੀ ਜ਼ਿੰਦਗੀ ਨੂੰ ਉੱਪਰ ਚੁੱਕਣ,ਉਹਨਾ ਨੂੰ ਆਰਥਿਕਤਾ ਤੇ ਅਨਪੜਤਾ ਦੀ ਦਲਦਲ ਚੋਂ ਕੱਢਣ ਦੀ ਜ਼ਰੂਰਤ ਹੈ| ਹੁਣ ਦੇਸ਼ ਦੇ ਸਰਮਾਇਆਂ ਨੂੰ ਸਹੀ ਢੰਗ ਨਾਲ ਵਰਤਣ ਤੇ ਭਿ੍ਸ਼ਟਾਚਾਰ ਅਤੇ ਦੇਸ਼ ਦੀਆਂ ਦੌਲਤਾਂ ਨੂੰ ਅੰਨੇਵਾਹ ਲੁੱਟਣ ਵਾਲੇ ਲੁਟੇਰਿਆਂ ਨੂੰ ਸਖ਼ਤ ਤੋ ਸਖ਼ਤ ਸਜ਼ਾਵਾਂ ਦੇਣ ਦਾ ਵਕਤ ਆ ਗਿਆ ਹੈ ਤਾਂ ਕਿ ਦੇਸ਼ ਦੇ ਆਮ ਲੋਕਾਂ ਨੂੰ ਇਸ ਦਿਮਾਗੀ,ਸਰੀਰਕ ਤੇ ਆਰਥਿਕ ਗੁਲਾਮੀ ਤੋਂ ਛੁਟਕਾਰਾ ਮਿਲੇ ਅਤੇ ਉਹ ਅਜ਼ਾਦੀ ਦੇ ਅਸਲ ਮਤਲਬ ਸਮਝ ਸਕਣ| ਫਿਲਹਾਲ ਤਾਂ ਆਮ ਆਦਮੀ ਦੇ ਦਿਲੋਂ ਬੱਸ ਇਹੋ ਅਵਾਜ਼ ਨਿੱਕਲਦੀ ਐ,,,,
ਹਰ ਵਾਰ ਲੋਕਾਂ ਕੋਲੋਂ ਮੂੰਹ ਫੇਰ ਲੈਨੀ ਐਂ
ਸਾਡੀਏ ਅਜ਼ਾਦੀਏ ਨੀ ਦੱਸ ਕਿੱਥੇ ਰਹਿੰਨੀ ਐਂ,
ਕਿੰਨੀਆਂ 26 ਜਨਵਰੀਆਂ ਲੰਘੀਆਂ ਕਿੰਨੇ 15 ਅਗਸਤ
ਆਮ ਲੋਕਾਂ ਦੀ ਕਿਸਮਤ ਵਾਲਾ ਸੂਰਜ ਕਿਉਂ ਹੈ ਅਸਤ....
 
Top