ਹਾਕੀ ਇੰਡੀਆ ਲਈ ਪਰਗਟ ਦੀ ਹਮਾਇਤ

ਹਾਕੀ ਇੰਡੀਆ ਦੀ ਚੋਣ ਲੜ ਰਹੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਪੰਜਾਬ ਦੇ ਮੌਜੂਦਾ ਖੇਡ ਡਾਇਰੈਕਟਰ ਪਰਗਟ ਸਿੰਘ ਦੀ ਹਮਾਇਤ ਵਿਚ ਆਏ ਨੌਜਵਾਨ ਓਲੰਪੀਅਨਾਂ ਹਰਪ੍ਰੀਤ ਸਿੰਘ ਮੰਡੇਰ ਤੇ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪਰਗਟ ਸਿੰਘ ਦਾ ਹਾਕੀ ਇੰਡੀਆ ਦੀ ਪ੍ਰਧਾਨਗੀ ਲਈ ਮੈਦਾਨ ਵਿਚ ਆਉਣਾ ਭਾਰਤ ਦੀ ਹਾਕੀ ਦੇ ਭਵਿੱਖ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦੇਸ਼ ਭਰ ਵਿਚੋਂ ਮਿਲੀਆਂ ਸੂਚਨਾਵਾਂ ਅਨੁਸਾਰ ਸਾਰੇ ਹਾਕੀ ਦੇ ਓਲੰਪੀਅਨ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪਰਗਟ ਸਿੰਘ ਦੇ ਹੱਕ ਵਿਚ ਨਿੱਤਰ ਰਹੇ ਹਨ। ਹਾਕੀ ਦੀ ਮੌਜੂਦਾ ਹਾਲਤ ਬਾਰੇ ਗੱਲਬਾਤ ਕਰਦਿਆਂ ਦੋਵਾਂ ਖਿਡਾਰੀਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਭਾਰਤੀਆਂ ਦੀ ਕੌਮੀ ਖੇਡ ਹਾਕੀ ਸਿਆਸਤ ਦੀ ਭੇਟ ਚੜ੍ਹੀ ਹੋਈ ਹੈ, ਜਿਸ ਕਾਰਨ ਹਾਕੀ ਪ੍ਰੇਮੀਆਂ ਵਿਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹਾਕੀ ਦੀ ਖੇਡ ਨੂੰ ਮੁੜ ਪੈਰਾਂ ਸਿਰ ਕਰਨ ਲਈ ਹਾਕੀ ਖਿਡਾਰੀ ਦਾ ਹਾਕੀ ਇੰਡੀਆ ਪ੍ਰਧਾਨ ਹੋਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸਿਆਸਤਦਾਨਾਂ ਨੂੰ ਹਾਕੀ ਬਾਰੇ ਮੁੱਢਲੀ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਹਾਕੀ ਦੇ ਨਾਂ ’ਤੇ ਵੀ ਗੰਦੀ ਸਿਆਸਤ ਕਰਦੇ ਰਹਿੰਦੇ ਹਨ। ਸ੍ਰੀ ਮੰਡੇਰ ਤੇ ਸ੍ਰੀ ਢਿੱਲੋਂ ਨੇ ਹਾਕੀ ਇੰਡੀਆ ਦੀ ਚੋਣ ਵਿਚ ਵਿਰੋਧੀ ਉਮੀਦਵਾਰ ਵਿੱਦਿਆ ਸਟੋਕਸ ਨੂੰ ਉਮਰ ਹੱਦ ਵਿਚ ਛੋਟ ਦੇਣ ਲਈ ਹਾਕੀ ਇੰਡੀਆ ਵਲੋਂ ਦਿੱਤੇ ਗਏ ਹਲਫੀਆ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕਈ ਸਾਲਾਂ ਤੋਂ ਖੇਡ ਫੈਡਰੇਸ਼ਨਾਂ ਉਪਰ ਕਬਜ਼ਾ ਜਮਾਈ ਬੈਠੇ ਸਿਆਸਤਦਾਨ ਕਿਸੇ ਵੀ ਹਾਲਤ ਵਿਚ ਕੁਰਸੀਆਂ ਛੱਡਣ ਲਈ ਤਿਆਰ ਨਹੀਂ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਹਾਕੀ ਖਿਡਾਰੀ ਤੇ ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਸਿੰਘ ਭਾਪਾ ਵੀ ਮੌਜੂਦ ਸਨ।
 
Top