.ਗਜ਼ਲ

.ਗਜ਼ਲ
ਗਿਲਾ ਮਾਰੂਥਲਾਂ ਦਾ ਕੀ ਬੇਦੋਸ਼ੇ ਪਾਣੀਆਂ ਉੱਤੇ i
ਇਬਾਰਤ ਲਿਖ ਗਿਆ ਇੰਦਰ ਜਿਨਾਂ ਦੀ ਸਾਗਰਾਂ ਉੱਤੇ i

ਉਹ ਪਿੱਪਲ, ਬੋਹੜ ਤੇ ਸੱਥਾਂ ਜੋ ਦੇਂਦੇ ਚੈਨ ਸੀ ਦਿਲ ਨੂੰ,
ਮੈਂ ਅੱਜ ਵੀ ਯਾਦ ਕਰ ਲੈਂਦਾ ਹਾਂ ਵਾਹ ਕੇ ਕਾਗਜਾਂ ਉੱਤੇ i

ਬੁਝਾਉਂਦੇ ਪਿਆਸ ਬਸ ਆਪਣੀ ਨਾ ਕਰਦੇ ਵਿਤਕਰਾ ਕੋਈ,
ਲਹੂ ਇਕ ਦੂਸਰੇ ਹੀ ਦਿਸੇ ਪਰ ਖੰਜ਼ਰਾਂ ਉੱਤੇ i

ਖੁਸ਼ੀ ਦੇ ਮੋਤੀਆਂ ਦੀ ਭਾਲ ਖ਼ਾਤਰ ਮੈਂ ਰਹਾਂ ਤਤਪਰ,
ਗਮਾਂ ਦੇ ਹੰਸ ਦਾ ਜਦ ਆਲ੍ਹਣਾ ਹੈ ਆਂਦਰਾਂ ਉੱਤੇ i

ਉਨ੍ਹਾਂ ਹੁਣ ਪੰਛੀਆਂ ਦੇ ਸਾਹਮਣੇ ਨਾ ਖੜਨਗੇ ਝੱਖੜ,
ਸੁਨਾਮੀ ਨੂੰ ਹੰਡਾਇਆ ਹੈ ਜਿਨ੍ਹਾਂ ਆਪਣੇ ਪਰਾਂ ਉੱਤੇ i

ਮਸੀਹਾ ਬਣਨ ਤੋਂ ਪਹਿਲਾਂ ਤੂੰ ਐਨਾਂ ਯਾਦ ਰੱਖ ਲੈਣਾ,
ਤੇਰਾ ਹਰ ਵਕਤ ਗੁਜਰੇਗਾ ਇਹ ਜ਼ੁਲਮੀ ਸੂਲੀਆਂ ਉੱਤੇ i

ਜੋ ਦਿਲ ਵਿਚ ਬੀਜ ਕੇ ਰਿਸ਼ਮਾਂ ਤੇ ਚਾਨਣ ਵੰਡ ਰਹੇ ਲੋਕੀਂ,
ਹੈ ਰਹਿੰਦਾ ਨੂਰ ਦਾ ਪਹਿਰਾ ਉਨ੍ਹਾਂ ਦੇ ਚਿਹਰਿਆਂ ਉੱਤੇ i

ਗਮਾਂ, ਦਰਦਾਂ ਤੇ ਪੀੜਾਂ ਤੋਂ ਨਾ ਹਾਰਨ ਉਹ ਕਦੇ ਖੁਸ਼ੀਆਂ,
ਜਿਨ੍ਹਾਂ ਨੇ ਦਬਦਬਾ ਰਖਿਆ ਹੈ ਕਾਇਮ ਮੁਸ਼ਕਿਲ ਉੱਤੇ i
ਆਰ.ਬੀ.ਸੋਹਲ
 
Top