ਸਾਈਂ ਜੀ

BaBBu

Prime VIP
ਧੂਣੀ
ਸਾਈਂ ਜੀ ਦੇ ਅੱਗੇ ਨਹੀਂ, ਅੰਦਰ ਧੁਖਦੀ ਹੈ
ਸਾਈਂ ਜੀ ਕਦੀ ਕਦੀ
ਬੜੀ ਹੀ ਉਦਾਸ ਆਵਾਜ਼ ਵਿੱਚ ਗਾਉਂਦੇ ਹਨ
ਜਦ ਸਾਈਂ ਜੀ ਗਾਉਂਦੇ ਹਨ
ਤਾਂ ਆਪਣੀਆਂ ਹੀ ਆਂਦਰਾਂ ਦਾ ਸਾਜ਼ ਵਜਾਉਂਦੇ ਹਨ

ਗਾਉਂਦੇ ਗਾਉਂਦੇ ਸਾਈਂ ਜੀ
ਚੁਪ ਹੋ ਜਾਂਦੇ ਹਨ
ਉਸ ਚੁੱਪ ਵਿੱਚ ਇੱਕ ਸਾਜ਼ ਵੱਜਦਾ ਸੁਣਦਾ ਹੈ
ਉਹ ਸਾਜ਼ ਦਿਸਦਾ ਤਾਂ ਨਹੀਂ
ਪਰ ਸੁਣਦਿਆਂ ਜਾਪਦਾ ਹੈ
ਉਸ ਸਾਜ਼ ਦੀਆਂ
ਕਬਰ ਤੋਂ ਲੈ ਕੇ ਹਨ੍ਹੇਰੇ ਆਸਮਾਨ ਤੱਕ
ਲੰਮੀਆਂ ਕਾਲੀਆਂ ਸਿਆਹ ਤਾਰਾਂ ਹਨ
ਤਾਰਾਂ ਵਿੱਚ ਘੁੰਮਦੇ ਤਾਰੇ ਟਕਰਾਉਂਦੇ ਹਨ
ਚੰਦ ਗੂੰਜਦਾ ਹੈ
ਹਜ਼ਾਰਾਂ ਮਰੇ ਜਿਊਂਦੇ ਮੂੰਹਾਂ ਦਾ ਅਲਾਪ ਜਾਗਦਾ ਹੈ
ਕਦੀ ਕਦੀ ਇਉਂ ਜਾਪਦਾ ਹੈ
ਜਾਮਨੀ ਫੁੱਲਾਂ ਨਾਲ ਦਰਖ਼ਤ ਭਰ ਰਹੇ ਹਨ
ਮਾਵਾਂ ਆਪਣੇ ਬਾਲਾਂ ਨੂੰ ਛਾਤੀ ਨਾਲ ਲਾਈ
ਤੇ ਮਰਦ ਆਪਣੇ ਕੁਹਾੜਿਆਂ ਨਾਲ
ਰਾਤ ਨੂੰ ਕੱਟ ਰਹੇ ਹਨ
ਫਿਰ ਲਗਦਾ ਹੈ
ਕਿਸੇ ਦਾ ਚੰਨ ਧਰਤੀ 'ਤੇ ਪਿਆ ਹੈ
ਉਂਝ ਉੱਪਰ ਕਿਸੇ ਦਾ ਸੋਗੀ ਬਦਨ ਝੁੱਕਿਆ ਹੈ
ਉਦਾਸ ਛਾਤੀਆਂ ਉੱਲਰੀਆਂ
ਉਦਾਸ ਦੁੱਧ ਦੀਆਂ ਬੂੰਦਾਂ ਨਾਲ
ਕੁਰਲਾਂਦੇ ਹੰਝੂਆਂ ਨਾਲ ਭਰੇ
ਜਿਵੇਂ ਲੋਰੀਆਂ ਤੇ ਵੈਣਾਂ ਨਾਲ ਭਰੇ
ਨੇ ਮੁਰਝਾਏ ਫਲ

ਸਾਈਂ ਜੀ ਸਵੇਰ ਹੋ ਗਈ
ਚਲੋ ਮਦਰਸੇ ਚੱਲ ਕੇ ਇਲਮ ਦੇ ਤਾਲਿਬਾਂ ਨੂੰ
ਪੜ੍ਹਾਉਣਾ ਹੈ
ਲਗਦਾ ਹੈ ਅੱਜ ਨਹੀਂ ਜਾਓਗੇ
ਏਹੀ ਸੋਚਦੇ ਹੋ ਨਾ ਜਾ ਕੇ ਕੀ ਪੜ੍ਹਾਓਗੇ

ਉੱਗਦੇ ਬੂਟਿਆਂ ਨੂੰ ਉਦਾਸ ਪਾਣੀ ਪਾਓਗੇ
ਫੁੱਲਾਂ ਨੂੰ ਮੁਰਝਾਉਣ ਦੇ ਕਰਤਾ-ਵਾਚਕ
ਤੇ ਕਰਮ-ਵਾਚਕ ਤਰੀਕੇ ਸਿਖਾਓਗੇ
ਹਨ੍ਹੇਰੇ ਦੀ ਕਿਤਾਬ ਨੂੰ
ਜਿਹੜੇ ਵੀ ਸਫ਼ੇ ਤੋਂ ਖੋਲ੍ਹੋਗੇ
ਉਸ ਵਿੱਚ ਦਿਲ ਦੀ ਕਾਲਖ਼ ਰਲਾਓਗੇ
ਸੱਚ ਦੱਸੋ, ਸਾਈਂ ਜੀ, ਇਹੋ ਸੋਚਦੇ ਹੋ ਨਾ
ਲੱਗਦਾ ਹੈ ਅੱਜ ਮੇਰੇ ਨਾਲ ਵੀ ਨਹੀਂ ਬੋਲੋਗੇ
ਉਂਝ ਬੋਲਣ ਨੂੰ ਰਿਹਾ ਵੀ ਕੀ ਹੈ
ਸਾਨੂੰ ਤਾਂ ਉਡੀਕ ਹੀ ਰਹੀ
ਕਿ ਤੁਸੀਂ ਧੁਖਦੇ ਹੋ ਤਾਂ ਇੱਕ ਦਿਨ ਲਟ ਲਟ ਬਲੋਗੇ
ਮਸ਼ਾਲ ਉਠਾ ਕੇ ਚਲੋਗੇ
ਰਸਤਾ ਦਿਖਾਓਗੇ
ਉਦਾਸੀ ਦੀ ਕੈਦ 'ਚੋਂ ਰਿਹਾਈ ਪਾਓਗੇ
ਹੋਰ ਲੱਖਾਂ ਨੂੰ ਰਿਹਾ ਕਰਾਓਗੇ

ਪਰ ਲੱਗਦਾ ਹੈ
ਤੁਸੀਂ ਸਣੇ ਬੇੜੀਆਂ ਸਣੇ ਹੱਥਕੜੀਆਂ ਹੀ
ਤੁਰ ਜਾਓਗੇ
ਪਿੱਛੇ ਰਹਿ ਜਾਣਗੀਆਂ
ਤਹਾਡੇ ਖ਼ੂਨ ਨਾਲ ਲਿਖੀਆਂ ਤੁਕਾਂ
ਮਾਫ਼ ਕਰਨਾ, ਖ਼ੂਨ ਨਾਲ ਲਿਖਣ ਤੋਂ ਚੰਗਾ ਸੀ
ਤੁਸੀਂ ਸਿਆਹੀ ਨਾਲ ਲਿਖਦੇ
ਪਰ ਮੱਥੇ ਦੀ ਲੋਏ ਲਿਖਦੇ
ਉਲਝੇ ਖ਼ਿਆਲਾਂ ਨੂੰ ਕੁੱਝ ਸੁਲਝਾਉਂਦੇ
ਦੁੱਖ ਦੀ ਕੁੱਖ 'ਚੋਂ ਬਾਹਰ ਆਉਂਦੇ

ਇਸ ਤਰ੍ਹਾਂ ਸਾਈਂ ਜੀ ਬੜੀ ਦੇਰ
ਆਪਣੇ ਆਪ ਨੂੰ ਕੋਸਦੇ ਰਹੇ
ਫਿਰ ਮਦਰਸੇ ਵੱਲ ਤੁਰ ਪਏ
ਓਥੇ ਤਾਲਿਬ ਇਲਮਾਂ ਦੇ ਕੋਰੇ ਕਾਗਜ਼ ਸਨ
ਭੋਲੀਆਂ ਜਗਿਆਸੂ ਅੱਖਾਂ ਸਨ
ਤੇ ਸਾਈਂ ਜੀ ਨੇ ਕਿਹਾ
ਪਿਆਰੇ ਬੱਚਿਓ, ਲਿਖੋ
ਆਪਣੀ ਜਾਨ ਦਾ ਖ਼ੌਫ਼
ਆਪਣੇ ਬਾਲਾਂ ਦੇ ਚਿਹਰੇ
ਆਪਣੇ ਨਾਮ ਦਾ ਮੋਹ
ਤੇ ਨਫ਼ਸਾਨੀ ਖ਼ਾਹਿਸ਼ਾਂ
ਇਹ ਚਾਰ-ਦੀਵਾਰੀ ਬੰਦੇ ਨੂੰ ਉਮਰ ਭਰ
ਕੈਦ ਕਰੀ ਰੱਖਦੀ ਹੈ
ਨਹੀਂ! ਇਹ ਕੱਟ ਦਿਓ
ਲਿਖੋ! ਸਾਡਾ ਨਿਜ਼ਾਮ ਐਸਾ ਹੈ
ਕਿ ਇਸ ਵਿੱਚ ਬੰਦੇ ਨੂੰ
ਆਪਣੀਆਂ ਹਜ਼ਾਰਾਂ ਖ਼ਾਹਿਸ਼ਾਂ ਦਾ
ਦਮਨ ਕਰਨਾ ਪੈਂਦਾ ਹੈ
ਇਹ ਦਮਨ ਹੀ ਉਦਾਸੀ ਹੈ
ਇਹੀ ਦਹਿਸ਼ਤ ਹੈ ਲਿਖੋ

ਨਹੀਂ ਇਹ ਵੀ ਨਹੀਂ, ਤੁਸੀਂ ਲਿਖੋ
ਫਿਰ ਸਾਈਂ ਜੀ ਬੜੀ ਦੇਰ ਕੁੱਝ ਨਾ ਬੋਲੇ
ਸ਼ਾਇਦ ਉਹ ਆਪਣੇ ਮਨ ਦੀ ਬਉਲੀ ਦੀਆਂ
ਪੌੜੀਆਂ ਉਤਰਨ ਲੱਗ ਪਏ ਸਨ
ਜਿਥੇ ਉਦਾਸ ਮਾਵਾਂ ਦੇ ਹੰਝੂਆਂ ਦਾ ਪਾਣੀ ਸੀ
ਉਹ ਸਾਈਂ ਜੀ ਦਾ ਤੀਰਥ ਸੀ
ਉਨ੍ਹਾਂ ਦੀ ਦਰਗ਼ਾਹ!
ਜਦੋਂ ਸਾਈਂ ਜੀ ਉਸ ਦਰਗ਼ਾਹ ਤੋਂ ਆਉਣਗੇ
ਤਾਂ ਉਦਾਸ ਗੀਤ ਗਾਉਣਗੇ
ਫਿਰ ਗਾਉਂਦੇ ਗਾਉਂਦੇ ਚੁੱਪ ਕਰ ਜਾਣਗੇ

ਉਨ੍ਹਾਂ ਦੀ ਚੁੱਪ ਵਿੱਚ
ਉਹ ਸਾਜ਼ ਵੱਜਦਾ ਸੁਣੇਗਾ
ਜੋ ਦਿਸਦਾ ਤਾਂ ਨਹੀਂ
ਪਰ ਸੁਣਦਿਆਂ ਜਾਪਦਾ ਹੈ
ਉਸ ਸਾਜ਼ ਦੀਆਂ
ਕਬਰ ਤੋਂ ਲੈ ਕੇ ਹਨ੍ਹੇਰੇ ਆਸਮਾਨ ਤਕ
ਲੰਮੀਆਂ ਕਾਲੀਆਂ ਸਿਆਹ ਤਾਰਾਂ ਹਨ
ਤਾਰਾਂ ਵਿੱਚ ਘੁੰਮਦੇ ਤਾਰੇ ਟਕਰਾਉਂਦੇ ਹਨ
ਚੰਦ ਗੂੰਜਦਾ ਹੈ
ਹਜ਼ਾਰਾਂ ਮਰੇ ਜਿਊਂਦੇ ਮੂੰਹਾਂ ਦਾ ਅਲਾਪ ਜਾਗਦਾ ਹੈ।
 
Top