ਨਮਸਕਾਰ

BaBBu

Prime VIP
ਉਸਨੂੰ ਤੱਕ ਕੇ
ਉਹ ਜੋ ਤੇਰੇ ਸੀਨੇ ਵਿਚੋਂ
ਫੁੱਲ ਖਿੜਿਆ ਸੀ
ਉਹ ਮੇਰੇ ਤੋਂ ਜਰ ਨਾ ਹੋਇਆ

ਮੈਂ ਉਸ ਫੁੱਲ ਨੂੰ ਵਰਜਣ ਲੱਗਾ
ਮੇਰੇ ਸੀਨੇ ਵਿਚੋਂ ਹੀ ਆਵਾਜ਼ ਇਹ ਆਈ :

ਐ ਮੇਰੇ ਮਨ
ਇਹ ਤਾਂ ਐਵੇਂ ਵਹਿਮ ਹੈ ਤੇਰਾ
ਕਿ ਵਰਜੇ ਹੋਏ ਫੁੱਲ ਮੁਰਝਾ ਕੇ ਮਰ ਜਾਂਦੇ ਨੇ

ਵਰਜੇ ਹੋਏ ਫੁੱਲ ਕਦੀ ਨਾ ਮਰਦੇ
ਵਰਜੇ ਹੋਏ ਫੁੱਲ ਹਮੇਸ਼ਾ ਜੂਨ ਪਲਟਦੇ
ਜੂਨ ਪਲਟ ਕੇ ਸੱਪ ਬਣ ਜਾਂਦੇ
ਅਪਣੇ ਘਰ ਦੀਆਂ ਖੂੰਜਾਂ ਖਰਲਾਂ ਅੰਦਰ
ਕਿਧਰੇ ਲੁਕ ਜਾਂਦੇ ਨੇ

ਵਰਜ ਨਾ ਉਸਨੂੰ
ਨਮਸਕਾਰ ਕਰ ਖਿੜਦੇ ਫੁੱਲ ਨੂੰ
ਨਮਸਕਾਰ ਕਰ
ਛਾਤੀ ਵਿਚਲੀਆਂ ਨੇਕੀਆਂ ਬਦੀਆਂ ਇੱਛਾਵਾਂ ਨੂੰ
ਨਮਸਕਾਰ ਕਰ ਛਾਤੀ ਵਿਚਲੇ ਅੰਧਕਾਰ ਨੂੰ
ਨਮਸਕਾਰ ਕਰ ਇਸ ਅੰਦਰਲੀ ਕਾਇਨਾਤ ਨੂੰ

ਇਸ ਦੇ ਨਾਲ ਝਗੜ ਨਾ
ਪਾਗ਼ਲ ਹੋ ਜਾਵੇਂਗਾ
 
Top